ਬ੍ਰਿਟੇਨ ਤੋਂ ਕਦੇ ਕਿਸੇ ਮੁਲਜ਼ਮ ਦੀ ਕੀ ਭਾਰਤ ਹਵਾਲਗੀ ਹੋਈ ਹੈ

ਬਰਤਾਨੀਆ ਦੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ 4 ਫਰਵਰੀ ਨੂੰ ਭਾਰਤੀ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਜੇ ਮਾਲਿਆ 'ਤੇ ਭਾਰਤੀ ਬੈਂਕਾਂ ਨਾਲ ਧੋਖਾਧੜੀ ਦੇ ਇਲਜ਼ਾਮ ਹਨ।

ਇਸ ਵਿਚਾਲੇ ਬੀਬੀਸੀ ਦੇ ਕਮਿਊਨਿਟੀ ਅਫੇਅਰਜ਼ ਦੇ ਮਾਹਿਰ ਸਾਜਿਦ ਇਕਬਾਲ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਵਿਜੇ ਮਾਲਿਆ ਦਾ ਕੇਸ ਆਪਣੇ ਆਪ ਵਿੱਚ ਵਿਲੱਖਣ ਹੈ।

ਮਾਲਿਆ ਨੂੰ ਭਾਰਤ ਦੇ ਹਵਾਲੇ ਕਰਨ ਦਾ ਬਰਤਾਨੀਆ ਦੇ ਗ੍ਰਹਿ ਸਕੱਤਰ ਦਾ ਇਹ ਫ਼ੈਸਲਾ ਲੰਡਨ ਦੇ ਮੁੱਖ ਮੈਜਿਸਟਰੇਟ ਐਮਾ ਅਰਬੂਥਨੋਟ ਦੇ ਉਸ ਫ਼ੈਸਲੇ ਤੋਂ 2 ਮਹੀਨੇ ਬਾਅਦ ਲਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮਾਲਿਆ ਨੂੰ ਟ੍ਰਾਇਲ ਲਈ ਭਾਰਤ ਵਾਪਿਸ ਭੇਜਿਆ ਜਾਣਾ ਚਾਹੀਦਾ ਹੈ।

ਮਾਲਿਆ ਕੋਲ ਹੁਣ ਵੀ 14 ਦਿਨਾਂ ਦਾ ਸਮਾਂ ਹੈ ਜਿਸ ਦੌਰਾਨ ਉਹ ਫ਼ੈਸਲੇ ਖ਼ਿਲਾਫ਼ ਅਪੀਲ ਕਰ ਸਕਦੇ ਹਨ, ਜੋ ਉਹ ਕਰਨਾ ਵੀ ਚਾਹੁੰਦੇ ਹਨ।

ਇਹ ਵੀ ਪੜ੍ਹੋ:

4 ਫਰਵਰੀ ਨੂੰ ਗ੍ਰਹਿ ਸਕੱਤਰ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਮਾਲਿਆ ਨੇ ਟਵੀਟ ਕੀਤਾ, "10 ਦਸੰਬਰ 2012 ਨੂੰ ਵੈਸਟਮਿਨਸਰ ਮੈਜਿਸਟਰੇਟ ਕੋਰਟ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ, ਮੈਂ ਅਪੀਲ ਕਰਨ ਦਾ ਮੰਨ ਬਣਾਇਆ। ਮੈਂ ਗ੍ਰਹਿ ਸਕੱਤਰ ਦੇ ਫ਼ੈਸਲੇ ਤੋਂ ਪਹਿਲਾਂ ਅਪੀਲ ਦੀ ਪ੍ਰਕਿਰਿਆ ਸ਼ੁਰੂ ਨਹੀਂ ਕਰ ਸਕਿਆ, ਹੁਣ ਮੈਂ ਅਪੀਲ ਕਰਾਂਗਾ।"

ਕਿੰਗਫਿਸ਼ਰ ਬੀਅਰ ਅਤੇ ਹੋਰ ਕਾਰੋਬਾਰ ਕਰਨ ਵਾਲੇ ਮਾਲਿਆ ਨੇ ਮਾਰਚ 2016 ਨੂੰ ਭਾਰਤ ਛੱਡ ਦਿੱਤਾ ਸੀ, ਉਸ ਵੇਲੇ ਉਨ੍ਹਾਂ 'ਤੇ ਇੱਕ ਬਿਲੀਅਨ ਤੋਂ ਵੱਧ ਦਾ ਕਰਜ਼ਾ ਸੀ।

ਉਨ੍ਹਾਂ ਨੇ "ਭਗੌੜੇ" ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੀ ਜੁਲਾਈ ਪੂਰੀ ਰਕਮ ਵਾਪਿਸ ਕਰਨ ਲਈ "ਬਿਨਾ ਸ਼ਰਤ" ਪੇਸ਼ਕਸ਼ ਕੀਤੀ ਸੀ।

ਲੰਬਾ ਇਤਿਹਾਸ

ਬਰਤਾਨੀਆਂ ਅਦਾਲਤ ਵਿੱਚ ਹਵਾਲਗੀ ਨੂੰ ਲੈ ਕੇ ਸਿਰਫ਼ ਵਿਜੇ ਮਾਲਿਆ ਦਾ ਹੀ ਹਾਈ ਪ੍ਰੋਫਾਈਲ ਕੇਸ ਨਹੀਂ ਹੈ ਬਲਕਿ ਭਾਰਤ ਦੇ ਕਈ ਅਜਿਹੇ ਪ੍ਰਸਿੱਧ ਨਾਮ ਹਨ ਜੋ ਅਜਿਹੇ ਕੇਸਾਂ ਦਾ ਬਰਤਾਨੀਆਂ ਵਿੱਚ ਸਾਹਮਣਾ ਕਰ ਰਹੇ ਹਨ।

1992 ਵਿੱਚ ਭਾਰਤ ਅਤੇ ਬਰਤਾਨੀਆਂ ਵਿਚਾਲੇ ਹਵਾਲਗੀ ਬਾਰੇ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਬਾਅਦ ਇਕਬਾਲ ਮੇਮਨ ਅਜਿਹੇ ਪਹਿਲੇ ਸਖ਼ਸ ਹਨ ਜਿਨ੍ਹਾਂ ਨੇ ਇਸ ਦਾ ਸਾਹਮਣਾ ਕੀਤਾ। ਇਕਬਾਲ ਮੇਮਨ ਨੂੰ ਇਕਬਾਲ ਮਿਰਚੀ ਵਜੋਂ ਵੀ ਜਾਣਿਆ ਜਾਂਦਾ ਹੈ।

ਅਪ੍ਰੈਲ 1995 ਵਿੱਚ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਇਕਬਾਲ ਮਿਰਚੀ ਦੇ ਘਰ ਛਾਪਾ ਮਾਰਿਆ ਅਤੇ 1993 ਦੇ ਧਮਾਕਿਆਂ ਨਾਲ ਸਬੰਧਾਂ 'ਚ ਡਰੱਗ ਅਤੇ ਅੱਤਵਾਦ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ।

ਜਦੋਂ ਮਾਮਲਾ ਅਦਾਲਤ ਵਿੱਚ ਆਇਆ ਤਾਂ ਉਦੋਂ ਉਨ੍ਹਾਂ ਦੇ ਇਲਜ਼ਾਮ ਹਟ ਗਏ ਅਤੇ ਉਨ੍ਹਾਂ ਦੀ ਥਾਂ ਮਿਰਚੀ ਦੀ ਲੰਡਨ 'ਚ ਚਾਵਲਾਂ ਦੀ ਮਿੱਲ ਦੇ ਮੈਨੇਜਰ ਦੇ ਕਤਲ ਦੇ ਇਲਜ਼ਾਮ ਲੱਗ ਗਏ ਜਿਸ ਨੂੰ ਨੌਕਰੀ ਛੱਡਣ ਤੋਂ ਤੁਰੰਤ ਬਾਅਦ ਮੁੰਬਈ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ।

ਉਸ ਵੇਲੇ ਬੌਅ ਸਟਰੀਟ ਵਿੱਚ ਮੈਜਿਸਟਰੇਟਾਂ ਨੇ ਫ਼ੈਸਲਾ ਕਰਨ ਲਈ ਕੋਈ ਮਾਮਲਾ ਨਾ ਹੋਣ ਕਰਕੇ ਹਵਾਲਗੀ ਦੀ ਬੇਨਤੀ ਨੂੰ ਠੁਕਰਾ ਦਿੱਤਾ। ਭਾਰਤ ਨੇ ਅਪੀਲ ਨਹੀਂ ਕੀਤੀ ਅਤੇ ਮਿਰਚੀ ਨੂੰ ਕਾਨੂੰਨੀ ਲਾਗਤ ਦਾ ਭੁਗਤਾਨ ਕੀਤਾ।

ਇਹ ਵੀ ਪੜ੍ਹੋ:

ਬ੍ਰਿਟਿਸ਼ ਅਦਾਲਤ ਵਿੱਚ ਮੁਹੰਮਦ ਉਮਰਜੀ ਪਟੇਲ ਉਰਫ਼ ਹਨੀਫ਼ ਟਾਈਗਰ ਦੀ ਹਵਾਲਗੀ ਦਾ ਸੁਣਿਆ ਗਿਆ ਮਾਮਲਾ ਇੱਕ ਹੋਰ ਹਾਈ ਪ੍ਰੋਫ਼ਾਈਲ ਮਾਮਲਾ ਸੀ।

ਹਨੀਫ਼ ਸੂਰਤ ਦੇ ਇੱਕ ਭਰੇ ਬਾਜ਼ਾਰ ਵਿੱਚ 1993 'ਚ ਗ੍ਰਨੇਡ ਹਮਲੇ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਭਾਰਤ ਵਿੱਚ ਵਾਂਟੇਡ ਹੈ, ਉਸ ਹਮਲੇ ਵਿੱਚ ਇੱਕ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਸੀ।

ਉਨ੍ਹਾਂ 'ਤੇ ਇੱਕ ਭੀੜ ਭਰੇ ਰੇਲਵੇ ਸਟੇਸ਼ਨ 'ਤੇ ਦੂਜੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਵੀ ਹੈ, ਅਪ੍ਰੈਲ 1993 ਵਿੱਚ ਹੋਏ ਉਸ ਹਮਲੇ 'ਚ 12 ਰੇਲ ਯਾਤਰੀ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ ਸਨ।

2017 ਵਿੱਚ ਮੀਡੀਆ 'ਚ ਰਿਪੋਰਟ ਆਈ ਕਿ ਹਵਾਲਗੀ ਤੋਂ ਬਚਣ ਲਈ ਬ੍ਰਿਟਿਸ਼ ਗ੍ਰਹਿ ਮੰਤਰਾਲੇ ਕੋਲ ਟਾਈਗਰ ਹਨੀਫ਼ ਦੀ ਪੇਸ਼ੀ ਦਾ ਮਾਮਲਾ 2013 ਤੋਂ 'ਹੁਣ ਤੱਕ ਵਿਚਾਰ ਅਧੀਨ ਹੈ' ਅਤੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇਸਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ।

ਬ੍ਰਿਟੇਨ ਤੋਂ ਹੁਣ ਤੱਕ ਸਿਰਫ਼ ਇੱਕ ਹਵਾਲਗੀ

2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਸਮੀਰ ਭਾਈ ਵੀਨੂ ਭਾਈ ਪਟੇਲ ਨੂੰ 18 ਅਕਤੂਬਰ 2016 ਨੂੰ ਬ੍ਰਿਟੇਨ ਤੋਂ ਭਾਰਤ ਲਿਆਂਦਾ ਗਿਆ ਸੀ ਜੋ ਬ੍ਰਿਟੇਨ ਤੋਂ ਹਵਾਲਗੀ ਦੇ ਮਾਮਲੇ ਵਿੱਚ ਮਿਲੀ ਇਕਲੌਤੀ ਸਫ਼ਲਤਾ ਹੈ।

ਪਟੇਲ ਨੇ ਹਵਾਲਗੀ ਦਾ ਵਿਰੋਧ ਨਹੀਂ ਕੀਤਾ ਸਗੋਂ ਇਸਦੇ ਲਈ ਆਪਣੀ ਸਹਿਮਤੀ ਜਤਾਈ ਸੀ, ਇਸ ਨਾਲ ਇਹ ਮਾਮਲਾ ਲੰਬੀ ਪ੍ਰਕਿਰਿਆ ਤੋਂ ਬਚ ਗਿਆ।

ਇਹ ਵੀ ਪੜ੍ਹੋ:

ਉਨ੍ਹਾਂ ਨੂੰ 9 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 22 ਦਸੰਬਰ ਨੂੰ ਬ੍ਰਿਟਿਸ਼ ਗ੍ਰਹਿ ਮੰਤਰੀ ਅੰਬਰ ਰਡ ਨੇ ਹਵਾਲਗੀ ਦੇ ਹੁਕਮ 'ਤੇ ਆਪਣੇ ਦਸਤਖ਼ਤ ਕਰ ਦਿੱਤੇ।

ਇਸਦੀ ਕੋਈ ਜਾਣਕਾਰੀ ਨਹੀਂ ਹੈ ਕਿ ਹਵਾਲਗੀ ਤੋਂ ਬਾਅਦ ਤੋਣ ਪਟੇਲ ਨੂੰ ਭਾਰਤ ਵਿੱਚ ਕਿਸੇ ਜੁਰਮ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਾਂ ਨਹੀਂ।

ਭਾਰਤ ਤੋਂ ਤਿੰਨ ਹਵਾਲਗੀਆਂ

  • 15 ਨਵੰਬਰ 1993 ਨੂੰ ਲਾਗੂ ਹੋਏ ਭਾਰਤ-ਬ੍ਰਿਟੇਨ ਸਮਝੌਤੇ ਤਹਿਤ, ਭਾਰਤ ਤੋਂ ਬ੍ਰਿਟੇਨ ਲਿਜਾਏ ਗਏ ਲੋਕਾਂ ਦੀ ਸੰਖਿਆ ਤਿੰਨ ਹੈ।
  • ਮਨਿੰਦਰ ਪਾਲ ਸਿੰਘ (ਭਾਰਤੀ ਨਾਗਰਿਕ): ਇਨ੍ਹਾਂ ਨੂੰ ਹਾਨਾ ਪੋਸਟਰ ਦੇ ਕਤਲ ਮਾਮਲੇ ਵਿੱਚ 29 ਜੁਲਾਈ 2017 ਨੂੰ ਭਾਰਤ ਤੋਂ ਬ੍ਰਿਟੇਨ ਦੇ ਹਵਾਲੇ ਕੀਤਾ ਗਿਆ
  • ਸੋਮਈਆ ਕੇਤਨ ਸੁਰਿੰਦਰ (ਕੀਨੀਅਨ ਦਾ ਨਾਗਰਿਕ): 8 ਜੁਲਾਈ 2009 ਨੂੰ, ਧੋਖਾਧੜੀ ਦੇ ਮਾਮਲੇ ਵਿੱਚ
  • ਕੁਲਵਿੰਦਰ ਸਿੰਘ ਉੱਪਲ (ਭਾਰਤੀ ਨਾਗਰਿਕ): 14 ਨਵੰਬਰ 2013 ਨੂੰ ਇਨ੍ਹਾਂ ਨੂੰ ਅਗਵਾ ਅਤੇ ਬੰਧੀ ਬਣਾ ਕੇ ਰੱਖਣ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਹਵਾਲੇ ਕੀਤਾ ਗਿਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)