ਭਾਰਤ ਵਿੱਚ ਖ਼ਤਨਾ ਰਵਾਇਤ ਕਾਰਨ ਕਿੰਨਾ ਦਰਦ ਭੋਗਦੀਆਂ ਹਨ ਔਰਤਾਂ

ਤਸਵੀਰ ਸਰੋਤ, Getty Images
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
ਜੇਕਰ ਕੋਈ ਤੁਹਾਡੇ ਸਰੀਰ ਦਾ ਇੱਕ ਹਿੱਸਾ ਜ਼ਬਰਨ ਕੱਟ ਦੇਵੇ ਤਾਂ ਕੀ ਇਸ ਨੂੰ ਕਿਸੇ ਵੀ ਤਰੀਕੇ ਨਾਲ ਸਹੀ ਠਹਿਰਾਇਆ ਜਾ ਸਕਦਾ ਹੈ? ਨਹੀਂ ਨਾ..?
ਭਾਰਤ ਸਣੇ ਦੁਨੀਆਂ ਦੇ ਕਈ ਦੇਸਾਂ 'ਚ ਅਜਿਹਾ ਹੋ ਰਿਹਾ ਹੈ। ਪੁਣੇ 'ਚ ਰਹਿਣ ਵਾਲੀ ਨਿਸ਼ਰੀਨ ਸੈਫ਼ ਨਾਲ ਵੀ ਅਜਿਹਾ ਹੀ ਹੋਇਆ ਸੀ।
ਉਹ ਯਾਦ ਕਰਕੇ ਦੱਸਦੀ ਹੈ, "ਉਦੋਂ ਮੈਂ ਸਿਰਫ਼ 7 ਸਾਲਾਂ ਦੀ ਹੋਵਾਂਗੀ। ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ ਪਰ ਉਸ ਘਟਨਾ ਦਾ ਧੁੰਦਲਾ ਜਿਹਾ ਅਕਸ ਮੇਰੇ ਜ਼ਿਹਨ ਵਿੱਚ ਅਜੇ ਵੀ ਮੌਜੂਦ ਹੈ।''
ਭਾਰਤ 'ਚ ਖ਼ਤਨਾ ਦੀ ਪ੍ਰਥਾ
ਨਿਸ਼ਰੀਨ ਨੇ ਬੀਬੀਸੀ ਨੂੰ ਦੱਸਿਆ, "ਮਾਂ ਮੈਨੂੰ ਆਪਣੇ ਨਾਲ ਲੈ ਕੇ ਘਰੋਂ ਨਿਕਲੀ ਅਤੇ ਅਸੀਂ ਇੱਕ ਛੋਟੇ ਜਿਹੇ ਕਮਰੇ ਵਿੱਚ ਪਹੁੰਚੇ, ਜਿੱਥੇ ਪਹਿਲਾਂ ਹੀ ਔਰਤਾਂ ਬੈਠੀਆਂ ਹੋਈਆਂ ਸਨ। ਉਸ ਨੇ ਮੈਨੂੰ ਲਿਟਾਇਆ ਅਤੇ ਮੇਰੀ ਪੈਂਟੀ ਉਤਾਰ ਦਿੱਤੀ।"
ਉਹ ਅੱਗੇ ਦੱਸਦੀ ਹੈ, "ਉਸ ਵੇਲੇ ਤਾਂ ਜ਼ਿਆਦਾ ਦਰਦ ਨਹੀਂ ਹੋਇਆ ਬਸ ਇੱਦਾਂ ਲੱਗਾ ਜਿਵੇਂ ਕੋਈ ਸੂਈ ਚੁਭੋ ਰਿਹਾ ਹੋਵੇ। ਅਸਲੀ ਦਰਦ ਤਾਂ ਸਭ ਕੁਝ ਹੋਣ ਤੋਂ ਬਾਅਦ ਹੋਇਆ। ਬੜੇ ਦਿਨਾਂ ਤੱਕ ਪੇਸ਼ਾਬ ਕਰਨ 'ਚ ਤਕਲੀਫ਼ ਹੁੰਦੀ ਰਹੀ ਸੀ। ਮੈਂ ਦਰਦ ਨਾਲ ਰੋ ਪੈਂਦੀ ਸੀ।"
ਨਿਸ਼ਰੀਨ ਜਦੋਂ ਵੱਡੀ ਹੋਈ ਤਾਂ ਪਤਾ ਲੱਗਾ ਕਿ ਉਸ ਦਾ ਖ਼ਤਨਾ ਹੋਇਆ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਆਮ ਤੌਰ 'ਤੇ ਮਰਦਾਂ ਦਾ ਖ਼ਤਨਾ ਕੀਤਾ ਜਾਂਦਾ ਹੈ ਪਰ ਦੁਨੀਆਂ ਦੇ ਕਈ ਦੇਸਾਂ ਵਿੱਚ ਔਰਤਾਂ ਨੂੰ ਵੀ ਇਸ ਦਰਦਨਾਕ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ।
ਭਾਰਤ ਵੀ ਇਨ੍ਹਾਂ 'ਚੋਂ ਇੱਕ ਹੈ। ਇੱਥੇ ਇਸ ਪ੍ਰਥਾ ਦੀ ਰੀਤ ਬੋਹਰਾ ਮੁਸਲਿਮ ਭਾਈਚਾਰੇ (ਦਾਊਦੀ ਬੋਹਰਾ ਅਤੇ ਸੁਲੇਮਾਨੀ ਬੋਹਰਾ) 'ਚ ਹੈ।
ਭਾਰਤ ਵਿੱਚ ਬੋਹਰਾ ਆਬਾਦੀ ਆਮ ਤੌਰ 'ਤੇ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਰਹਿੰਦੀ ਹੈ।
10 ਲੱਖ ਤੋਂ ਵੱਧ ਆਬਾਦੀ ਵਾਲਾ ਇਹ ਸਮਾਜ ਕਾਫੀ ਖੁਸ਼ਹਾਲ ਹੈ ਅਤੇ ਦਾਊਦੀ ਬੋਹਰਾ ਭਾਈਚਾਰਾ ਭਾਰਤ ਦੇ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਭਾਈਚਾਰਿਆਂ ਵਿੱਚੋਂ ਇੱਕ ਹੈ।
ਨਿਸ਼ਰੀਨ ਸੈਫ਼ ਵੀ ਬੋਹਰਾ ਮੁਸਲਮਾਨ ਭਾਈਚਾਰੇ 'ਚੋਂ ਹੈ ਅਤੇ ਇਹੀ ਕਾਰਨ ਹੈ ਕਿ ਬਚਪਨ 'ਚ ਉਸ ਦਾ ਖ਼ਤਨਾ ਕੀਤਾ ਗਿਆ।
ਕੀ ਹੈ ਔਰਤਾਂ ਦਾ ਖ਼ਤਨਾ?
ਇਸ ਨੂੰ 'ਖਫ਼ਦ' ਜਾਂ ਫਿਮੇਲ ਜੈਨਾਈਟਲ ਮਿਊਟਿਲੇਸ਼' (ਐੱਫਜ਼ੀਐੱਮ) ਵੀ ਕਹਿੰਦੇ ਹਨ।
ਸੰਯੁਕਤ ਰਾਸ਼ਟਰ ਦੀ ਭਾਸ਼ਾ ਮੁਤਾਬਕ, "ਐੱਫਜ਼ੀਐੱਮ ਦੀ ਪ੍ਰਕਿਰਿਆ 'ਚ ਕੁੜੀਆਂ ਦੇ ਜਣਨ ਅੰਗ ਦੇ ਬਾਹਰੀ ਹਿੱਸੇ ਨੂੰ ਕੱਟ ਦਿੱਤਾ ਜਾਂਦਾ ਹੈ ਜਾਂ ਉਸ ਦੀ ਬਾਹਰੀ ਚਪੜੀ ਕੱਢ ਦਿੱਤੀ ਜਾਂਦੀ ਹੈ।"

ਤਸਵੀਰ ਸਰੋਤ, Getty Images
ਯੂਐੱਨ ਇਸ ਨੂੰ "ਮਾਨਵ ਅਧਿਕਾਰਾਂ ਦੀ ਉਲੰਘਣਾ" ਮੰਨਦਾ ਹੈ।
ਦਸੰਬਰ 2012 'ਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਐੱਫਜ਼ੀਐੱਮ ਨੂੰ ਦੁਨੀਆਂ ਭਰ 'ਚੋਂ ਖ਼ਤਮ ਕਰਨ ਦਾ ਸੰਕਲਪ ਲਿਆ ਗਿਆ ਸੀ।
ਔਰਤਾਂ ਦੇ ਖ਼ਤਨਾ ਬਾਰੇ ਜਾਗਰੂਕਤਾ ਨੂੰ ਵਧਾਉਣ ਲਈ ਅਤੇ ਇਸ ਨੂੰ ਰੋਕਣ ਦੇ ਮਕਸਦ ਨਾਲ ਯੂਐੱਨ ਨੇ 6 ਫਰਵਰੀ ਨੂੰ 'ਇੰਟਰਨੈਸ਼ਨਲ ਡੇਅ ਆਫ ਜ਼ੀਰੋ ਟੋਲਰੈਂਸ ਐੱਫਜ਼ੀਐੱਮ' ਐਲਾਨ ਦਿੱਤਾ ਹੈ।
ਬੋਹਰਾ ਮੁਸਲਮਾਨ ਭਾਈਚਾਰਾ
ਕੁੜੀਆਂ ਦਾ ਖ਼ਤਨਾ ਅੱਲੜ੍ਹ ਉਮਰ ਤੋਂ ਪਹਿਲਾਂ ਯਾਨਿ 6-7 ਸਾਲ ਦੀ ਛੋਟੀ ਉਮਰ ਵਿੱਚ ਕਰਾ ਦਿੱਤਾ ਜਾਂਦਾ ਹੈ। ਇਸ ਦੇ ਕਈ ਤਰੀਕੇ ਹਨ।
ਇਹ ਵੀ ਪੜ੍ਹੋ:
ਜਿਵੇਂ ਕਿਲਟਰਿਸ ਦੇ ਬਾਹਰੀ ਹਿੱਸੇ 'ਚ ਕੱਟ ਲਾਉਣਾ ਜਾਂ ਉਸ ਦੇ ਬਾਹਰੀ ਹਿੱਸੇ ਦੀ ਚਮੜੀ ਲਾਹ ਦੇਣਾ।
ਖਤਨੇ ਤੋਂ ਪਹਿਲਾਂ ਐਨਿਸਥੀਸੀਆ ਵੀ ਨਹੀਂ ਦਿੱਤਾ ਜਾਂਦਾ। ਕੁੜੀਆਂ ਪੂਰੇ ਹੋਸ਼ ਵਿੱਚ ਰਹਿੰਦੀਆਂ ਹਨ ਅਤੇ ਦਰਦ ਨਾਲ ਚੀਕਦੀਆਂ ਹਨ।

ਤਸਵੀਰ ਸਰੋਤ, Getty Images
ਰਵਾਇਤੀ ਤੌਰ 'ਤੇ ਇਸ ਲਈ ਬਲੇਡ ਜਾਂ ਚਾਕੂ ਵਰਤਿਆ ਜਾਂਦਾ ਹੈ ਅਤੇ ਖ਼ਤਨਾ ਕਰਨ ਤੋਂ ਬਾਅਦ ਹਲਦੀ, ਗਰਮ ਪਾਣੀ ਅਤੇ ਛੋਟੀ-ਮੋਟੀ ਮਰਹਮ ਲਾ ਕੇ ਦਰਦ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਬੋਹਰਾ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਇੰਸੀਆ ਦਰੀਵਾਲਾ ਮੁਤਾਬਕ 'ਕਿਲਟਰਿਸ' ਨੂੰ ਬੋਹਰਾ ਸਮਾਜ ਵਿੱਚ 'ਹਰਾਮ ਦੀ ਬੋਟੀ' ਕਿਹਾ ਜਾਂਦਾ ਹੈ।
ਬੋਹਰਾ ਮੁਸਲਮਾਨ ਮੰਨਦੇ ਹਨ ਕਿ ਇਸ ਦੀ ਮੌਜੂਦਗੀ ਕੁੜੀ ਦੀ ਜਿਣਸੀ ਇੱਛਾ ਵਧਾਉਂਦੀ ਹੈ।
ਇਹ ਵੀ ਪੜ੍ਹੋ:
ਇੰਸੀਆ ਦਰੀਵਾਲਾ ਨੇ ਦੱਸਿਆ, "ਮੰਨਿਆ ਜਾਂਦਾ ਹੈ ਕਿ ਕਿਲਟਰਿਸ ਹਟਾ ਦੇਣ ਨਾਲ ਕੁੜੀ ਦੀ ਜਿਣਸੀ ਲੋੜ ਘੱਟ ਜਾਵੇਗੀ ਅਤੇ ਉਹ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਨਹੀਂ ਬਣਾਏਗੀ।"
ਧੋਖੇ ਨਾਲ ਖ਼ਤਨਾ
ਇੰਸੀਆ ਖੁਸ਼ਕਿਸਮਤ ਹੈ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਇਹ ਦਰਦ ਝੱਲਣ ਤੋਂ ਬਚਾ ਲਿਆ।
ਉਹ ਦੱਸਦੀ ਹੈ, "ਮੇਰੀ ਮਾਂ ਨੇ ਮੈਨੂੰ ਬਚਾ ਲਿਆ ਪਰ ਉਹ ਮੇਰੀ ਵੱਡੀ ਭੈਣ ਨੂੰ ਨਹੀਂ ਬਚਾ ਸਕੀ। ਪਰਿਵਾਰ ਦੀ ਇੱਕ ਔਰਤ ਨੇ ਉਸ ਨੂੰ ਫਿਲਮ ਦਿਖਾਉਣ ਦੇ ਬਹਾਨੇ ਉਸ ਦਾ ਖ਼ਤਨਾ ਕਰਵਾ ਦਿੱਤਾ।"

ਤਸਵੀਰ ਸਰੋਤ, Insia dariwala/facebook
ਇੰਸੀਆ ਦੀ ਮਾਂ ਇਸਾਈ ਭਾਈਚਾਰੇ ਤੋਂ ਹੈ, ਇਸ ਲਈ ਉਸ ਨੂੰ ਖ਼ਤਨਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਉਨ੍ਹਾਂ ਦੀ ਵੱਡੀ ਬੇਟੀ ਦਾ ਖ਼ਤਨਾ ਧੋਖੇ ਨਾਲ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਰਦ ਨਾਲ ਤੜਫ਼ਦੇ ਦੇਖਿਆ ਤਾਂ ਤੈਅ ਕਰ ਲਿਆ ਕਿ ਆਪਣੀ ਛੋਟੀ ਬੇਟੀ ਦੇ ਨਾਲ ਅਜਿਹਾ ਨਹੀਂ ਹੋਣ ਦੇਵੇਗੀ।
ਇੰਸੀਆ ਨੇ ਦੱਸਿਆ, "ਪਹਿਲਾਂ ਪਰਿਵਾਰ ਦੇ ਵੱਡੇ ਬਜ਼ੁਰਗ ਬੇਹੱਦ ਨਾਰਾਜ਼ ਹੋਏ ਪਰ ਹੌਲੀ-ਹੌਲੀ ਇਹ ਗੱਲ ਭੁਲਾ ਦਿੱਤੀ ਗਈ। ਮੈਂ ਆਪਣਾ ਦਰਦ ਨੇੜਿਓਂ ਦੇਖਿਆ ਹੈ, ਇਸ ਲਈ ਅੱਜ ਇਸ ਨਾ ਬਰਦਾਸ਼ਤ ਕਰਨ ਵਾਲੀ ਰਵਾਇਤ ਦੇ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਚੁੱਕ ਰਹੀ ਹਾਂ।"
40 ਸਾਲਾ ਨਿਸ਼ਰੀਨ ਵੀ ਦੋ ਕੁੜੀਆਂ ਦੀ ਮਾਂ ਹੈ ਅਤੇ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਉਹ ਉਨ੍ਹਾਂ ਦਾ ਖ਼ਤਨਾ ਨਹੀਂ ਕਰਵਾਏਗੀ।
ਉਨ੍ਹਾਂ ਨੇ ਦੱਸਿਆ, "ਇਹ ਚਾਇਲਡ ਅਬਿਊਜ਼ ਵਰਗਾ ਹੈ। ਮੇਰਾ ਖ਼ਤਨਾ ਹੋਇਆ ਪਰ ਮੈਂ ਆਪਣੀਆਂ ਧੀਆਂ ਦਾ ਖ਼ਤਨਾ ਨਹੀਂ ਹੋਣ ਦਵਾਂਗੀ।"
ਸਾਫ਼-ਸਫ਼ਾਈ ਲਈ ਜ਼ਰੂਰੀ ਦੱਸਿਆ
ਨਿਸ਼ਰੀਨ ਨੂੰ ਦੱਸਿਆ ਗਿਆ ਸੀ ਕਿ ਖ਼ਤਨਾ 'ਹਾਈਜ਼ੀਨ' ਯਾਨਿ ਸਾਫ਼ ਸਫ਼ਾਈ ਦੇ ਮਕਸਦ ਨਾਲ ਕਰਾਇਆ ਜਾਂਦਾ ਹੈ ਪਰ ਹੁਣ ਉਹ ਜਾਣਦੀ ਹੈ ਕਿ ਇਸ ਦਾ ਸਾਫ਼ ਸਫ਼ਾਈ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।

ਤਸਵੀਰ ਸਰੋਤ, Masooma ranalavi/facebook
ਇੰਸੀਆ ਮੁਤਾਬਕ, "ਸਾਡੇ ਭਾਈਚਾਰੇ ਦੇ ਲੋਕ ਖ਼ਤਨਾ ਦੇ ਕਾਰਨ ਬਦਲ-ਬਦਲ ਕੇ ਦੱਸਦੇ ਰਹੇ ਹਨ।''
''ਪਹਿਲਾਂ ਉਹ ਕਹਿੰਦੇ ਸਨ ਇਹ ਸਫਾਈ ਲਈ ਹੈ, ਫਿਰ ਕਿਹਾ ਕਿ ਕੁੜੀਆਂ ਦੀਆਂ ਜਿਣਸੀ ਲੋੜਾਂ ਨੂੰ ਕਾਬੂ ਕਰਨ ਲਈ ਹੁੰਦਾ ਹੈ ਅਤੇ ਇਸ ਦਾ ਵਿਰੋਧ ਹੋ ਰਿਹਾ ਹੈ ਤਾਂ ਹੁਣ ਕਹਿੰਦੇ ਹਨ ਜਿਣਸੀ ਲੋੜਾਂ ਵਧਾਉਣ ਲਈ ਹੈ।''
ਉਹ ਪੁੱਛਦੀ ਹੈ, "ਜੇ ਸੱਚੀਂ ਇਹ ਜਿਣਸੀ ਲੋੜਾਂ ਵਧਾਉਣ ਲਈ ਹੈ ਤਾਂ 7 ਸਾਲ ਦੀ ਕੁੜੀ ਦਾ ਖ਼ਤਨਾ ਕਰਵਾ ਕੇ ਉਹ ਕੀ ਹਾਸਲ ਕਰਨਾ ਚਾਹੁੰਦੇ ਹਨ? ਛੋਟੀ ਬੱਚੀ ਨੂੰ ਸੈਕਸ ਅਤੇ ਜਿਣਸੀ ਲੋੜ ਨਾਲ ਕੀ ਮਤਲਬ?"
ਭਾਰਤ ਵਿੱਚ ਐੱਫਜ਼ੀਐੱਮ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਵਾਲੀ ਮਾਸੂਮਾ ਰਾਣਾਵਲੀ ਕਹਿੰਦੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਦਾਅਵੇ ਵਿੱਚ ਸੱਚਾਈ ਨਹੀਂ ਹੈ ਅਤੇ ਖ਼ਤਨਾ ਦਾ ਔਰਤਾਂ ਦੀ ਜਿੰਦਗੀ 'ਤੇ ਬੁਰਾ ਅਸਰ ਹੀ ਪੈਂਦਾ ਹੈ।
ਔਰਤਾਂ ਦੀ ਜ਼ਿੰਦਗੀਆਂ
ਉਨ੍ਹਾਂ ਕਿਹਾ, "ਖ਼ਤਨਾ ਕਰਨ ਨਾਲ ਔਰਤਾਂ ਨੂੰ ਸਰੀਰਕ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ ਨਾਲ ਹੀ ਵੱਖ-ਵੱਖ ਤਰੀਕੇ ਦੀਆਂ ਮਾਨਸਿਕ ਪਰੇਸ਼ਾਨੀਆਂ ਵੀ ਹੁੰਦੀਆਂ ਹਨ। ਉਨ੍ਹਾਂ ਦੀ ਸੈਕਸ ਲਾਈਫ 'ਤੇ ਵੀ ਅਸਰ ਪੈਂਦਾ ਹੈ ਅਤੇ ਉਹ ਸੈਕਸ ਦਾ ਆਨੰਦ ਨਹੀਂ ਲੈ ਸਕਦੀਆਂ।''

ਤਸਵੀਰ ਸਰੋਤ, Getty Images
ਨਿਸ਼ਰੀਨ ਮੰਨਦੀ ਹੈ ਕਿ ਬਚਪਨ ਵਿੱਚ ਖ਼ਤਨਾ ਹੋਣ ਤੋਂ ਬਾਅਦ ਕੁੜੀਆਂ ਲਈ ਕਿਸੇ 'ਤੇ ਵੀ ਭਰੋਸਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਅਕਸਰ ਘਰ ਦੇ ਲੋਕ ਹੀ ਉਨ੍ਹਾਂ ਨੂੰ ਭਰਮਾ ਕੇ ਖ਼ਤਨਾ ਕਰਾਵਾਉਣ ਲੈ ਜਾਂਦੇ ਹਨ।
ਉਨ੍ਹਾਂ ਕਿਹਾ, "ਬਚਪਨ ਤੋਂ ਪੈਦਾ ਹੋਈ ਇਹ ਗੈਰ-ਭਰੋਸਗੀ ਲੰਬੇ ਸਮੇਂ ਲਈ ਬਣੀ ਰਹਿੰਦੀ ਹੈ ਅਤੇ ਕਿਸੇ ਨਾ ਕਿਸੇ ਤਰ੍ਹਾਂ ਔਰਤਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ।''
ਆਸਟ੍ਰੇਲੀਆ, ਕੈਨੇਡਾ, ਬੈਲਜੀਅਮ, ਯੂਕੇ, ਅਮਰੀਕਾ, ਸਵੀਡਨ, ਡੈਨਮਾਰਕ ਅਤੇ ਸਪੇਨ ਵਰਗੇ ਕਈ ਦੇਸ ਇਸ ਨੂੰ ਪਹਿਲਾਂ ਹੀ ਅਪਰਾਧ ਐਲਾਨ ਚੁੱਕੇ ਹਨ।
ਭਾਰਤ ਵਿੱਚ ਰੋਕ ਕਿਉਂ ਨਹੀਂ?
ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਇੱਕ ਐੱਫਜੀਐੱਮ (ਫੀਮੇਲ ਜੈਨੀਟੀਅਲ ਮਿਊਟੀਲੇਸ਼ਨ) 'ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ 'ਤੇ ਨੋਟਿਸ ਲੈਂਦੇ ਹੋਏ ਮਹਿਲਾ ਤੇ ਬਾਲ ਕਲਿਆਣ ਮੰਤਰਾਲੇ ਤੋਂ ਜਵਾਬ ਮੰਗਿਆ ਸੀ।
ਮੰਤਰਾਲੇ ਨੇ ਜਵਾਬ ਦਿੱਤਾ ਸੀ ਕਿ ਭਾਰਤ ਵਿੱਚ ਐੱਨਸੀਆਰਬੀ (ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ) ਵਿੱਚ ਐੱਫਜੀਐੱਮ ਨਾਲ ਜੁੜਿਆ ਕੋਈ ਅੰਕੜਾ ਨਹੀਂ ਹੈ, ਇਸ ਲਈ ਸਰਕਾਰ ਇਸ ਬਾਰੇ ਕੋਈ ਫੈਸਲਾ ਨਹੀਂ ਲੈ ਸਕਦੀ।

ਤਸਵੀਰ ਸਰੋਤ, Getty Images
'ਵੀ ਸਪੀਕ ਆਊਟ' ਦੀ ਸੰਸਥਾਪਕ ਮਾਸੂਮਾ ਰਾਨਾਲਵੀ ਕਹਿੰਦੀ ਹੈ, "ਸਰਕਾਰ ਇਹ ਕਿਉਂ ਨਹੀਂ ਸਮਝਦੀ ਕਿ ਜਦੋਂ ਐੱਫਜੀਐੱਮ ਨੂੰ ਦੇਸ ਵਿੱਚ ਅਪਰਾਧ ਨਹੀਂ ਮੰਨਿਆ ਜਾਂਦਾ ਤਾਂ ਐੱਨਸੀਆਰਬੀ ਵਿੱਚ ਇਸਦੇ ਅੰਕੜੇ ਕਿੱਥੋਂ ਆਉਣਗੇ?
ਮਾਸੂਮਾ ਅੱਗੇ ਦੱਸਦੀ ਹੈ, "ਦੂਜੀ ਗੱਲ ਇਹ ਕਿ ਬੱਚੀਆਂ ਦਾ ਖ਼ਤਨਾ ਬਹੁਤ ਛੋਟੀ ਉਮਰ ਵਿੱਚ ਕਰਵਾਇਆ ਜਾਂਦਾ ਹੈ। ਉਸ ਵਕਤ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ ਫਿਰ ਉਹ ਪੁਲਿਸ ਨੂੰ ਕਿਵੇਂ ਦੱਸਣਗੀਆਂ ਅਤੇ ਖ਼ਤਨਾ ਕਰਵਾਉਂਦੇ ਹੀ ਘਰਵਾਲੇ ਹਨ ਤਾਂ ਗੱਲ ਬਾਹਰ ਕਿਵੇਂ ਜਾਵੇਗੀ?''
ਇਹ ਵੀ ਪੜ੍ਹੋ:
ਇੰਸੀਆ ਦੀ ਸਲਾਹ ਹੈ ਕਿ ਸਰਕਾਰ ਬੋਹਰਾ ਭਾਈਚਾਰੇ ਅਤੇ ਐੱਫਜੀਐੱਮ 'ਤੇ ਹੋਈ ਰਿਸਰਚ ਸਟੱਡੀ ਪੜ੍ਹੇ। ਇਸ ਬਾਰੇ ਵਿੱਚ ਕੰਮ ਕਰਨ ਵਾਲਿਆਂ ਨਾਲ ਗੱਲਬਾਤ ਕਰੇ ਅਤੇ ਫ਼ਿਰ ਕੋਈ ਫੈਸਲਾ ਲਏ।
ਡਾਕਟਰ ਵੀ ਸ਼ਾਮਲ ਹਨ
ਉਨ੍ਹਾਂ ਕਿਹਾ, "ਇਸ ਦੇ ਨਾਲ ਹੀ ਸਰਕਾਰ ਨੂੰ ਬੋਹਰਾ ਭਾਈਚਾਰੇ ਦੇ ਧਾਰਮਿਕ ਆਗੂਆਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਦਖਲ ਦੇ ਬਿਨਾਂ ਇਸ ਗੈਰ-ਮਨੁੱਖੀ ਰਵਾਇਤ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੈ।''

ਤਸਵੀਰ ਸਰੋਤ, Getty Images
ਮਾਸੂਮਾ ਦੱਸਦੀ ਹੈ, "ਅੱਜ ਕੱਲ੍ਹ ਇੱਕ ਨਵਾਂ ਤਰੀਕਾ ਸਾਹਮਣੇ ਆ ਰਿਹਾ ਹੈ। ਪੜ੍ਹੇ-ਲਿਖੇ ਅਤੇ ਹਾਈ-ਪ੍ਰੋਫਾਈਲ ਬੋਹਰਾ ਪਰਿਵਾਰ ਆਪਣੀ ਬੱਚੀਆਂ ਦਾ ਖ਼ਤਨਾ ਕਰਵਾਉਣ ਲਈ ਡਾਕਟਰਾਂ ਕੋਲ ਲੈ ਜਾਂਦੇ ਹਨ।''
ਉਨ੍ਹਾਂ ਕਿਹਾ, "ਖ਼ਤਨਾ ਮੈਡੀਕਲ ਪ੍ਰੈਕਟਿਸ ਹੈ ਹੀ ਨਹੀਂ ਇਸ ਲਈ ਡਾਕਟਰਾਂ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ ਫ਼ਿਰ ਵੀ ਪੈਸਿਆਂ ਦੇ ਲਈ ਉਹ ਵੀ ਇਸ ਵਿੱਚ ਸ਼ਾਮਲ ਹੋ ਜਾਂਦੇ ਹਨ।''
ਇਹ ਸਭ ਗੁਪਤ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਦਾ।

ਤਸਵੀਰ ਸਰੋਤ, AFP
ਮਾਸੂਮਾ ਨੇ ਇਸ ਬਾਰੇ ਵਿੱਚ ਮੈਡੀਕਲ ਕਾਊਂਸਲ ਆਫ਼ ਇੰਡੀਆ ਨੂੰ ਚਿੱਠੀ ਵੀ ਲਿਖੀ ਹੈ ਪਰ ਉਨ੍ਹਾਂ ਨੂੰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਉਹ ਕਹਿੰਦੀ ਹੈ, "ਐੱਫਜੀਐੱਮ ਰੋਕਣ ਦੇ ਲਈ ਸਾਨੂੰ ਡਾਕਟਰਾਂ ਦੀ ਮਦਦ ਲੈਣੀ ਹੋਵੇਗੀ। ਜਿਵੇਂ ਜਨਮ ਤੋਂ ਪਹਿਲਾਂ ਲਿੰਗ ਦੀ ਜਾਂਚ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ, ਉਂਝ ਖ਼ਤਨਾ ਨੂੰ ਵੀ ਗੈਰ-ਕਾਨੂੰਨੀ ਕਰਾਰ ਦੇਣਾ ਚਾਹੀਦਾ ਹੈ।''
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













