ਹਰਿਆਣਾ ਪੁਲਿਸ ਦੀ ਭਰਤੀ : ਨਾ ਬੱਸਾਂ ਪੂਰੀਆਂ ਪਈਆਂ ਨਾ ਰੇਲ ਗੱਡੀਆਂ

    • ਲੇਖਕ, ਪ੍ਰਭੂ ਦਿਆਲ ਤੇ ਸੱਤ ਸਿੰਘ
    • ਰੋਲ, ਹਰਿਆਣਾ ਤੋਂ ਬੀਬੀਸੀ ਪੰਜਾਬੀ ਲਈ

ਹਰਿਆਣਾ ਪੁਲਿਸ ਵਿਚ 5000 ਜਵਾਨਾਂ ਦੀ ਭਰਤੀ ਪ੍ਰੀਖਿਆ ਐਤਵਾਰ ਨੂੰ ਸੀ। ਇਹ ਪ੍ਰੀਖਿਆ ਦੇਣ ਸੂਬੇ ਦੇ ਜ਼ਿਲ੍ਹਾ ਹੈੱਡਕੁਆਟਰਾਂ ਉੱਤੇ ਲੱਖਾਂ ਨੌਜਵਾਨਾਂ ਦੀ ਭੀੜ ਕਰੀਬ 15 ਘੰਟੇ ਪਹਿਲਾਂ ਹੀ ਬੱਸ ਅੱਡਿਆ ਅਤੇ ਰੇਲਵੇ ਸਟੇਸ਼ਨਾਂ ਉੱਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜੱਦੋ-ਜਹਿਦ ਕਰਦੀ ਨਜ਼ਰ ਆਈ।

ਦੋ ਸ਼ਿਫਟਾਂ ਵਿਚ ਹੋਈ ਇਸ ਪ੍ਰੀਖਿਆ ਵਿਚ ਬੈਠਣ ਲਈ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਪਹੁੰਚਣ ਲਈ ਸੂਬੇ ਦਾ ਟਰਾਂਸਪੋਰਟ ਢਾਂਚਾ ਨਾਕਾਫ਼ੀ ਦਿਖਿਆ।

ਬੀਬੀਸੀ ਪੰਜਾਬੀ ਦੇ ਰੋਹਤਕ ਤੋਂ ਸਹਿਯੋਗੀ ਸਤ ਸਿੰਘ ਤੇ ਪ੍ਰਭੂ ਦਿਆਲ ਨੇ ਸਿਰਸਾ ਜ਼ਿਲ੍ਹਿਆਂ ਵਿਚ ਹਾਲਾਤ ਜਾ ਜਾਇਜ਼ਾ ਲਿਆ।

ਸਿਰਸਾ ਵਿੱਚ 79 ਪ੍ਰੀਖਿਆ ਕੇਂਦਰ ਬਣਾਏ ਗਏ, ਜਿਨ੍ਹਾਂ ਵਿੱਚ ਹਜ਼ਾਰਾਂ ਪ੍ਰੀਖਿਆਰਥੀ ਪਹੁੰਚੇ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਸਵੇਰ ਦੀ ਸ਼ਿਫਟ ਲਈ ਹਰਿਆਣਾ ਦੇ ਦੂਰ ਦੁਰਾਡੇ ਜ਼ਿਲ੍ਹਿਆਂ ਤੋਂ ਪ੍ਰੀਖਿਆਰਥੀ ਰਾਤ ਨੂੰ ਹੀ ਪਹੁੰਚਣੇ ਸ਼ੁਰੂ ਹੋ ਗਏ ਹਨ।

ਇਕੱਲੇ ਹਿਸਾਰ 'ਚੋਂ ਹੀ 40 ਹਜ਼ਾਰ ਤੋਂ ਵੱਧ ਪ੍ਰੀਖਿਆਰਥੀ ਸਿਰਸਾ ਵਿੱਚ ਪ੍ਰੀਖਿਆ ਦੇਣ ਲਈ ਪਹੁੰਚੇ ਸਨ। ਜਿਸ ਕਾਰਨ ਉੱਥੋਂ ਦੇ ਬੱਸ ਅਤੇ ਰੇਲਵੇ ਸਟੇਸ਼ਨਾਂ 'ਤੇ ਕਾਫੀ ਭੀੜ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ-

ਇਸ ਦੌਰਾਨ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਦੇਰ ਰਾਤ ਤੱਕ ਸੰਘਰਸ਼ ਕਰਨਾ ਪਿਆ।

ਜੀਆਰਪੀਐਫ ਤੇ ਆਰਪੀਐਫ ਦੀ ਮਦਦ

ਪੰਚਕੂਲਾ ਵੱਲ ਪ੍ਰੀਖਿਆ ਦੇਣ ਜਾਣ ਵਾਲਿਆਂ ਨੂੰ ਚੰਡੀਗੜ੍ਹ ਜਾਣ ਵਾਲੀ ਇਕਲੌਤੀ ਰੇਲਗੱਡੀ ਦਾ ਸਹਾਰਾ ਲੈਣਾ ਪਿਆ, ਜਿਸ ਜਨਰਲ 4 ਡੱਬੇ ਹੁੰਦੇ ਹਨ, ਦੋ ਅੱਗੇ ਤੇ ਦੋ ਪਿੱਛੇ।

ਜਦੋਂ ਇਹ ਡੱਬੇ ਵੀ ਭਰ ਗਏ ਤਾਂ ਇਨ੍ਹਾਂ ਨੇ ਰਿਜ਼ਰਵ ਡੱਬਿਆਂ ਵੱਲ ਰੁਖ਼ ਕੀਤਾ, ਹਾਲਾਂਕਿ ਕਈ ਰਿਜ਼ਰਵ ਡੱਬਿਆਂ ਦੀਆਂ ਸਵਾਰੀਆਂ ਨੇ ਗੇਟ ਹੀ ਨਹੀਂ ਖੋਲ੍ਹੇ।

ਭਿਵਾਨੀ ਦੀ ਸਟੇਸ਼ਨ ਮਾਸਟਰ ਕਾਮਿਨੀ ਚੌਹਾਨ ਨੇ ਦੱਸਿਆ ਕਿ ਰੇਵਾੜੀ ਤੋਂ ਭਿਵਾਨੀ ਪੈਸੇਂਜਰ 'ਚ ਪਹਿਲਾਂ ਤੋਂ ਹੀ ਭੀੜ ਸੀ। ਜਿਸ ਤੋਂ ਬਾਅਦ ਜੀਆਰਪੀਐਫ ਤੇ ਆਰਪੀਐਫ ਦੀ ਮਦਦ ਨਾਲ ਨੌਜਵਾਨਾਂ ਨੂੰ ਸਟੇਸ਼ਨ 'ਤੇ ਉਤਾਰ ਦਿੱਤਾ।

ਇਹ ਵੀ ਪੜ੍ਹੋ-

ਰੇਲਗੱਡੀ ਦੇ ਡਰਾਈਵਰ ਨੇ ਕਿਹਾ, "ਭਿਵਾਨੀ 'ਚ ਕੱਟੇ ਜਾਣ ਵਾਲੇ ਦੋ ਕੋਟ ਵੀ ਇਨ੍ਹਾਂ ਪ੍ਰੀਖਿਆਰਥੀਆਂ ਕਾਰਨ ਨਹੀਂ ਕੱਟੇ ਗਏ ਅਤੇ ਏਕਤਾ ਐਕਸਪ੍ਰੈਸ ਨੂੰ ਚੰਡੀਗੜ੍ਹ ਲਈ ਭੀੜ ਸਣੇ ਰਵਾਨਾ ਕਰਨਾ ਪਿਆ।"

ਰੇਲ ਗੱਡੀਆਂ ਤੋਂ ਇਲਾਵਾ ਕਈ ਪ੍ਰੀਖਿਆਰਥੀ ਬੱਸਾਂ ਕਿਰਾਏ 'ਤੇ ਕਰ ਕੇ ਲਿਆਏ ਤੇ ਕਈ ਆਪਣੀਆਂ ਕਾਰਾਂ ਆਦਿ ਦੇ ਰਾਹੀਂ ਪ੍ਰੀਖਿਆ ਦੇਣ ਲਈ ਪਹੁੰਚੇ।

ਸਮਾਜ ਸੇਵੀ ਸੰਸਥਾਵਾਂ ਨੇ ਲਾਏ ਹੈਲਪ ਡੈਕਸ

ਪ੍ਰੀਖਿਆਰਥੀਆਂ ਨੂੰ ਕੇਂਦਰਾਂ ਦਾ ਰਾਹ ਦੱਸਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੈਲਪ ਡੈਕਸ ਲਾਈ ਗਏ ਪਰ ਇਸ ਦੇ ਬਾਵਜੂਦ ਪ੍ਰੀਖਿਆਰਥੀ ਆਪਣੇ ਕੇਂਦਰਾਂ ਨੂੰ ਲਭਣ ਲਈ ਕਾਫੀ ਖੱਜਲ ਖੁਆਰ ਹੋਏ।

ਨਾਰਨੌਲ ਤੋਂ ਆਏ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਉਹ ਆਪਣੀ ਗੱਡੀ ਕਰਕੇ ਰਾਤ ਨੂੰ ਹੀ ਸਿਰਸਾ ਆ ਗਏ ਸਨ ਪਰ ਜ਼ਿਆਦਾ ਠੰਡ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਵਾਧੂ ਬੱਸਾਂ ਚਲਾਈਆਂ ਗਈਆਂ

ਪੁਲਿਸ ਪ੍ਰੀਖਿਆ ਦੇ ਨੋਡਲ ਅਧਿਕਾਰੀ ਡੀਡੀਪੀਓ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪ੍ਰੀਖਿਆਰਥੀਆਂ ਦੀ ਸੁਵਿਧਾ ਲਈ ਕਈ ਵਾਧੂ ਬੱਸਾਂ ਚਲਾਈਆਂ ਗਈਆਂ ਹਨ ਅਤੇ ਕਈ ਬੱਸਾਂ ਦੇ ਰੂਟ ਵਧਾਏ ਗਏ ਹਨ।

ਉਨ੍ਹਾਂ ਨੇ ਦਾਆਵਾ ਕੀਤਾ ਹੈ ਕਿ ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਹੈ।

ਰੋਹਤਕ ਤੋਂ ਸਾਹਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਚਕੂਲਾ ਲਈ ਸ਼ਨਿੱਚਰਵਾਰ ਰਾਤ ਨੂੰ 3 ਘੰਟੇ ਬੱਸ ਲਈ ਇੰਤਜ਼ਾਰ ਕਰਨਾ ਪਿਆ ਪਰ ਬੱਸ ਨਹੀਂ ਮਿਲੀ। ਫਿਰ ਉਨ੍ਹਾਂ ਨੂੰ ਪ੍ਰਾਈਵੇਟ ਬੱਸ 'ਚ ਵੀ ਪ੍ਰੀਖਿਆਰਥੀਆਂ ਦੀ ਭੀੜ ਕਾਰਨ ਵਾਧੂ ਕਿਰਾਇਆ ਦੇਣਾ ਪਿਆ।

ਵਰਿੰਦਰ ਨੇ ਦੱਸਿਆ, "ਮੈਂ ਠੰਢ 'ਚ ਬੱਸ ਦੀ ਛੱਤ 'ਤੇ ਲਟਕ ਕੇ ਅੰਬਾਲਾ ਪ੍ਰੀਖਿਆ ਦੇਣ ਪਹੁੰਚਿਆ ਹਾਂ।"

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)