ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ - ਮਨੀਸ਼ ਸਿਸੋਦੀਆ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਇਹ ਨਹੀਂ ਚਾਹੁੰਦੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ।

ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਮਤਾ ਪਾਸ ਕੀਤਾ ਕਿ ਕੇਂਦਰ 1984 ਕਤਲੇਆਮ ਨੂੰ ਹੁਣ ਤੱਕ ਦੀ ਸਭ ਤੋਂ ਬੇਰਹਿਮੀ ਨਾਲ ਕੀਤੀ ਗਈ ਨਸਲਕੁਸ਼ੀ ਐਲਾਨੇ। ਮਤਾ ਪਾਰਟੀ ਦੇ ਵਿਧਾਨ ਸਭਾ ਮੈਂਬਰ ਜਰਨੈਲ ਸਿੰਘ ਨੇ ਰੱਖਿਆ।

ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਕਤਲੇਆਮ ਤੋਂ ਬਾਅਦ ਜਿਸ ਤਰ੍ਹਾਂ ਤਤਕਾਲੀ ਪੀਐੱਮ ਰਾਜੀਵ ਗਾਂਧੀ ਨੇ ਇਸ ਦਾ ਸਪੱਸ਼ਟੀਕਰਨ ਦਿੱਤਾ ਸੀ ਉਸ ਨੂੰ ਲੈ ਕੇ ਉਨ੍ਹਾਂ ਤੋਂ ਭਾਰਤ ਰਤਨ ਐਵਾਰਡ ਵਾਪਸ ਲਿਆ ਜਾਵੇ।

ਬੀਬੀਸੀ ਦੇ ਸੂਤਰਾਂ ਦੇ ਮੁਤਾਬਕ, ਇਸ ਮਤੇ ਵਿੱਚ ਰਾਜੀਵ ਗਾਂਧੀ ਵਾਲੀ ਗੱਲ ਪਹਿਲਾਂ ਨਹੀਂ ਸੀ, ਪਰ ਆਖਰੀ ਮੌਕੇ ਮਤਾ ਪੜ੍ਹੇ ਜਾਣ ਤੋਂ ਕੁਝ ਮਿੰਟ ਪਹਿਲਾਂ ਹੀ ਇਹ ਗੱਲ ਜੋੜੀ ਗਈ ਜਿਸ ਨੂੰ ਜਰਨੈਲ ਸਿੰਘ ਨੇ ਸਦਨ ਵਿੱਚ ਪੜ੍ਹਿਆ ਵੀ।

ਦੁਪਹਿਰ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਤਸਦੀਕ ਕੀਤੀ ਹੈ ਕਿ ਰਾਜੀਵ ਗਾਂਧੀ ਦਾ ਨਾਂ ਅਸਲ ਮਤੇ ਵਿੱਚ ਨਹੀਂ ਸੀ।

ਰਾਜੀਵ ਗਾਂਧੀ ਤੋਂ ਐਵਾਰਡ ਵਾਪਸ ਲੈਣ ਵਾਲੀ ਗੱਲ 'ਤੇ ਪਾਰਟੀ ਦੀ ਹੀ ਵਿਧਾਨ ਸਭਾ ਮੈਂਬਰ ਅਲਕਾ ਲਾਂਬਾ ਨੇ ਇਸ ਮਤੇ ਦਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਸ ਕਾਰਨ ਇਹ ਪੁਰਸਕਾਰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾਣਾ ਚਾਹੀਦਾ। ਇਸ ਮਗਰੋਂ ਉਨ੍ਹਾਂ ਨੇ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ।

ਇਹ ਵੀ ਪੜ੍ਹੋ:

ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਪਾਰਟੀ ਆਗੂਆਂ ਨੇ ਅਲਕਾ ਲਾਂਬਾ ਨੂੰ ਵਿਧਾਨ ਸਭਾ ਦੀ ਮੈਂਬਰੀ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇਣ ਨੂੰ ਕਿਹਾ ਗਿਆ ਹੈ।

ਅਲਕਾ ਲਾਂਬਾ ਨੇ ਆਪਣਾ ਪੱਖ ਸਾਫ਼ ਕਰਦਿਆਂ ਟਵੀਟ ਵੀ ਕੀਤਾ। ਜਿਸ ਵਿੱਚ ਉਨ੍ਹਾਂ ਜਰਨੈਲ ਸਿੰਘ ਵੱਲੋਂ ਲਿਆਂਦੇ ਮਤੇ ਦੀ ਤਸਵੀਰ ਵੀ ਸਾਂਝੀ ਕੀਤੀ।

ਉਨ੍ਹਾਂ ਲਿਖਿਆ, ''ਮੈਂ ਰਾਜੀਵ ਗਾਂਧੀ ਖਿਲਾਫ ਲਿਆਂਦੇ ਮਤੇ ਨਾਲ ਸਹਿਮਤ ਨਹੀਂ ਹਾਂ। ਹੁਣ ਇਸਦੀ ਜੋ ਸਜ਼ਾ ਮਿਲੇਗੀ ਮੈਂ ਭੁਗਤਣ ਲ਼ਈ ਤਿਆਰ ਹਾਂ।''

ਜੇ ਅਲਕਾ ਅਸਤੀਫ਼ਾ ਦੇ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 70 ਮੈਂਬਰੀ ਵਿਧਾਨ ਸਭਾ ਵਿੱਚ ਘੱਟ ਕੇ 65 ਰਹਿ ਜਾਵੇਗੀ।

ਇਸ ਮਤੇ ਵਿੱਚ ਕਿਹਾ ਗਿਆ ਸੀ, "1984 ਦੇ ਕਤਲੇਆਮ ਨੂੰ ਸਹੀ ਸਾਬਤ ਕਰਨ ਵਾਲੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਜਿਨ੍ਹਾਂ ਨੂੰ ਭਾਰਤ ਰਤਨ ਦੇ ਕੇ ਨਵਾਜ਼ਿਆ ਗਿਆ, ਕੇਂਦਰ ਸਰਕਾਰ ਨੂੰ ਇਹ ਐਵਾਰਡ ਵਾਪਿਸ ਲੈਣਾ ਚਾਹੀਦਾ ਹੈ।"

ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ?

ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਤੋਂ ਬਾਅਦ ਇੱਕ ਦੋ ਟਵੀਟ ਕਰਕੇ ਇਸ ਮਤੇ 'ਤੇ ਅਲਾਕ ਲਾਂਬਾ ਤੇ ਦਿੱਲੀ ਸਰਕਾਰ ਨੂੰ ਘੇਰਿਆ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)