ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਰਾਜ ਦੇ ਟੀਮ 'ਚੋਂ 'ਆਊਟ' ਹੋਣ ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਆਦੇਸ਼ ਗੁਪਤਾ
- ਰੋਲ, ਬੀਬੀਸੀ ਲਈ
ਸਾਲ 2004 ਵਿੱਚ 28 ਅਪ੍ਰੈਲ ਦਾ ਇੱਕ ਬੇਹੱਦ ਗਰਮ ਦਿਨ ਸੀ। ਦਿੱਲੀ ਦੇ ਓਮਨਾਥ ਸੂਦ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਇੰਡੀਅਨ ਏਅਰਲਾਈਂਸ ਅਤੇ ਓਨਐਨਜੀਸੀ ਵਿਚਾਲੇ ਖੇਡਿਆ ਜਾ ਰਿਹਾ ਸੀ।
ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਫਾਈਨਲ ਵਿੱਚ ਰਮੇਸ਼ ਪੋਵਾਰ ਤੇ ਮੁਨਫ ਪਟੇਲ ਖੇਡ ਰਹੇ ਹਨ।
ਇਸ ਤੋਂ ਪਹਿਲਾਂ ਰਮੇਸ਼ ਪੋਵਾਰ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ ਪਾਕਿਸਤਾਨ ਵਿੱਚ ਇੱਕ ਰੋਜ਼ਾ ਸੀਰੀਜ਼ ਖੇਡ ਚੁੱਕੇ ਸਨ। ਫਾਈਨਲ ਮੈਚ ਜਾਰੀ ਸੀ, ਓਐੱਨਜੀਸੀ ਦੀ ਟੀਮ ਬੱਲੇਬਾਜ਼ ਕਰ ਰਹੀ ਸੀ।
ਉਸੇ ਵੇਲੇ ਰਮੇਸ਼ ਪੋਵਾਰ ਦਿਖੇ। ਉਹ ਇੰਨੇ ਰਿਲੈਕਸ ਸਨ ਕਿ ਇਹ ਲੱਗਿਆ ਹੀ ਨਹੀਂ ਕਿ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਬੱਲੇਬਾਜ਼ੀ ਆਉਣ ਵਾਲੀ ਸੀ।
ਇੰਟਰਵਿਊ ਲਈ ਮੇਰੀ ਬੇਨਤੀ ਨੂੰ ਵੀ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਦੇ ਵਤੀਰੇ ਤੋਂ ਲੱਗਿਆ ਕਿ ਇਹ ਤਾਂ ਕਾਫੀ ਅਜੀਬ ਖਿਡਾਰੀ ਹਨ।
ਪਰ ਪਿਛਲੇ ਦਿਨਾਂ ਵਿੱਚ ਜਦੋਂ ਮਿਤਾਲੀ ਰਾਜ ਅਤੇ ਉਨ੍ਹਾਂ ਦੇ ਵਿਚਾਲੇ ਦੀਆਂ ਗੱਲਾਂ ਮੀਡੀਆ ਵਿੱਚ ਆਈਆਂ ਤਾਂ ਜਿਵੇਂ ਸਭ ਕੁਝ ਅੱਖਾਂ ਦੇ ਸਾਹਮਣੇ ਘੁੰਮ ਗਿਆ।
ਬੀਸੀਸੀਆਈ ਨੂੰ ਮਿਤਾਲੀ ਦੀ ਚਿੱਠੀ
ਮਿਤਾਲੀ ਰਾਜ ਨੇ ਵੈਸਟ ਇੰਡੀਜ਼ ਵਿੱਚ ਹੋਏ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੇ ਗਰੁੱਪ ਮੁਕਾਬਲਿਆਂ ਵਿੱਚ ਪਾਕਿਸਤਾਨ ਦੇ ਖਿਲਾਫ 56 ਅਤੇ ਆਇਰਲੈਂਡ ਵਿੱਚ 51 ਦੌੜਾਂ ਬਣਾਈਆਂ ਸਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਤਾਂ ਅਗਲੇ ਮੁਕਾਬਲੇ ਵਿੱਚ ਆਸਟਰੇਲੀਆ ਦੇ ਖਿਲਾਫ ਅਤੇ ਫਿਰ ਸੈਮੀਫਾਈਨਲ ਵਿੱਚ ਇੰਗਲੈਂਡ ਖਿਲਾਫ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਭਾਰਤ ਸੈਮੀਫਾਈਨਲ ਅੱਠ ਵਿਕਟਾਂ ਨਾਲ ਹਾਰ ਗਿਆ।
ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸੈਮੀਫਾਈਨਲ ਲਈ ਫਿਟ ਅਤੇ ਫਾਰਮ ਵਿੱਚ ਰਹਿਣ ਵਾਲੀ ਮਿਤਾਲੀ ਰਾਜ ਨੂੰ ਕੋਚ ਰਮੇਸ਼ ਪੋਵਾਰ ਨੇ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦੱਸਿਆ ਕਿ ਉਹ ਟੀਮ ਵਿੱਚ ਨਹੀਂ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਇੰਨਾ ਹੀ ਨਹੀਂ ਉਨ੍ਹਾਂ ਨੂੰ ਮੈਦਾਨ 'ਤੇ ਰਹਿਣ ਲਈ ਵੀ ਮਨਾ ਕਰ ਦਿੱਤਾ ਗਿਆ। ਅਜਿਹੇ ਵਿੱਚ ਮਿਤਾਲੀ ਦੀ ਹਾਲਤ ਰੋਣ ਵਰਗੀ ਹੋ ਗਈ। ਇਨ੍ਹਾਂ ਤਮਾਮ ਗੱਲਾਂ ਦਾ ਜ਼ਿਕਰ ਮਿਤਾਲੀ ਰਾਜ ਨੇ ਬੀਸੀਸੀਆਈ ਨੂੰ ਲਿਖੀ ਚਿੱਠੀ ਵਿੱਚ ਵੀ ਕੀਤਾ ਹੈ।
ਇਸ ਵਿੱਚ ਸਭ ਤੋਂ ਗੰਭੀਰ ਗੱਲ ਤਾਂ ਇਹ ਹੈ ਕਿ ਮਿਤਾਲੀ ਰਾਜ ਨੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਕ੍ਰਿਕਟ ਪ੍ਰਸ਼ਾਸਕਾਂ ਦੀ ਕਮੇਟੀ ਦੀ ਮੈਂਬਰ ਡਾਇਨਾ ਐਡੁਲਜੀ 'ਤੇ ਵੀ ਪੱਖਪਾਤ ਦੇ ਇਲਜ਼ਾਮ ਲਾਏ ਹਨ।
ਸ਼ਾਨਦਾਰ ਔਸਤ
ਅਗਲੇ ਮਹੀਨੇ ਤਿੰਨ ਦਸੰਬਰ ਨੂੰ ਮਿਤਾਲੀ ਰਾਜ 36 ਸਾਲ ਦੀ ਹੋ ਜਾਵੇਗੀ। ਇੰਨੀ ਉਮਰ ਦੇ ਪੁਰਸ਼ ਖਿਡਾਰੀ ਭਾਰਤੀ ਕ੍ਰਿਕਟ ਟੀਮ ਵਿੱਚ ਵੀ ਖਟਕਣ ਲਗਦੇ ਹਨ।
ਪਰ ਮਿਤਾਲੀ ਤਾਂ ਫਿੱਟ ਹਨ ਅਤੇ ਉਨ੍ਹਾਂ ਦੇ ਬੱਲੇ ਤੋਂ ਰਨ ਨਿਕਲ ਰਹੇ ਹਨ ਤਾਂ ਫਿਰ ਉਨ੍ਹਾਂ ਦੀ ਉਮਰ 'ਤੇ ਧਿਆਨ ਕਿਉਂ ਦਿੱਤਾ ਜਾ ਰਿਹਾ ਹੈ।
ਮਿਤਾਲੀ ਰਾਜ ਨੇ ਹੁਣ ਤੱਕ 85 ਟੀ-20 ਕੌਮਾਂਤਰੀ ਮੈਚਾਂ ਵਿੱਚ 37.42 ਦੀ ਔਸਤ ਨਾਲ 2283 ਦੌੜਾਂ ਬਣਾਈਆਂ ਹਨ। ਇਸ ਵਿੱਚ 18 ਅਰਧ ਸੈਂਕੜੇ ਸ਼ਾਮਿਲ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਇਹ ਔਸਤ ਕਿਸੇ ਵੀ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਤੋਂ ਵੱਧ ਹੈ।
ਕਮਾਲ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਟੀ-20 ਵਿੱਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਵੀ ਵੱਧ ਦੌੜਾਂ ਬਣਾਈਆਂ ਹਨ।
ਮਿਤਾਲੀ ਦਾ ਕੌਮਾਂਤਰੀ ਕ੍ਰਿਕਟ ਜੀਵਨ
ਰੋਹਿਤ ਸ਼ਰਮਾ ਨੇ 90 ਮੈਚਾਂ ਵਿੱਚ 2237 ਅਤੇ ਵਿਰਾਟ ਕੋਹਲੀ ਨੇ 65 ਮੈਚਾਂ ਵਿੱਚ 2167 ਦੌੜਾਂ ਬਣਾਈਆਂ ਹਨ।
ਮਿਤਾਲੀ ਰਾਜ ਨੇ ਵੈਸਟ ਇੰਡੀਜ਼ ਵਿੱਚ ਆਪਣੇ ਨਾਲ ਹੋਏ ਵਤੀਰੇ ਨਾਲ ਖੁਦ ਨੂੰ ਅਪਮਾਨਿਤ ਮਹਿਸੂਸ ਕੀਤਾ ਹੈ।
ਪਰ ਜਦੋਂ ਤੱਕ ਟੂਰਨਾਮੈਂਟ ਚੱਲਿਆ ਉਨ੍ਹਾਂ ਨੇ ਕੁਝ ਨਹੀਂ ਕਿਹਾ। ਉਨ੍ਹਾਂ ਅਨੁਸਾਰ ਕੋਚ ਰਮੇਸ਼ ਪੋਵਾਰ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਮਿਤਾਲੀ ਰਾਜ ਨੇ ਆਪਣੇ ਕੌਮਾਂਤਰੀ ਕ੍ਰਿਕਟ ਜੀਵਨ ਵਿੱਚ ਟੀ-20 ਤੋਂ ਇਲਾਵਾ 10 ਟੈਸਟ ਮੈਚਾਂ ਵਿੱਚ ਇੱਕ ਸੈਂਕੜਾ ਅਤੇ ਅਰਧ ਸੈਂਕੜਿਆਂ ਦੀ ਮਦਦ ਨਾਲ 663 ਦੌੜਾਂ ਬਣਾਈਆਂ ਹਨ।
ਟੈਸਟ ਮੈਚਾਂ ਵਿੱਚ ਉਨ੍ਹਾਂ ਦਾ ਔਸਤ 51 ਹੈ। ਉਨ੍ਹਾਂ ਦਾ ਇਹ ਔਸਤ ਮਹਿਲਾ ਟੈਸਟ ਕ੍ਰਿਕਟ ਵਿੱਚ ਕਿਸੇ ਵੀ ਖਿਡਾਰੀ ਤੋਂ ਜ਼ਿਆਦਾ ਹੈ।
ਉਨ੍ਹਾਂ ਨੇ 197 ਇੱਕ ਰੋਜ਼ਾ ਮੈਚਾਂ ਵਿੱਚ 51.17 ਦੀ ਔਸਤ ਨਾਲ ਸੱਤ ਸੈਂਕੜੇ ਅਤੇ 51 ਅਰਧ ਸੈਂਕੜਿਆਂ ਦੀ ਮਦਦ ਨਾਲ 6650 ਦੌੜਾਂ ਬਣਾਈਆਂ ਹਨ।
ਮਹਿਲਾ ਵਿਸ਼ਵ ਕੱਪ ਟੂਰਨਾਮੈਂਟ
ਇੱਕ ਰੋਜ਼ਾ ਮੈਚ ਵਿੱਚ ਵੀ ਬਤੌਰ ਭਾਰਤੀ ਬੱਲੇਬਾਜ਼ ਮਿਤਾਲੀ ਦਾ ਔਸਤ ਪਹਿਲੇ ਸਥਾਨ 'ਤੇ ਹੈ। ਕ੍ਰਿਕਟ ਦੇ ਤਿੰਨਾਂ ਸਰੂਪਾਂ ਵਿੱਚ ਉਨ੍ਹਾਂ ਦਾ ਸਰਬਉੱਚ ਔਸਤ ਦੱਸਦਾ ਹੈ ਕਿ ਉਹ ਕਿੰਨੀ ਸ਼ਾਨਦਾਰਾ ਫਾਰਮ ਵਿੱਚ ਹਨ।
ਦਰਅਸਲ, ਉਹ ਕਦੇ ਵੀ ਫਲੌਪ ਨਹੀਂ ਹੋਏ ਹਨ। ਇੰਨੇ ਬਿਹਤਰੀਨ ਰਿਕਾਰਡ ਦੇ ਬਾਵਜੂਦ ਕਿਸੇ ਖਿਡਾਰੀ ਨਾਲ ਜੇ ਅਜਿਹਾ ਹੋਵੇ ਤਾਂ ਉਸ ਦਾ ਨਾਰਾਜ਼ ਹੋਣਾ ਸੁਭਾਵਿਕ ਹੈ।

ਤਸਵੀਰ ਸਰੋਤ, Getty Images
ਮਿਤਾਲੀ ਰਾਜ ਭਾਰਤ ਦੀ ਕਪਤਾਨ ਵੀ ਰਹੀ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਪਿਛਲੇ ਸਾਲ ਭਾਰਤੀ ਮਹਿਲਾ ਟੀਮ ਆਈਸੀਸੀ ਮਹਿਲਾ ਵਿਸ਼ਵ ਕੱਪ ਮੁਕਾਬਲੇ ਵਿੱਚ ਫਾਈਨਲ ਵਿੱਚ ਪਹੁੰਚੀ ਸਨ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਸਾਲ 2005 ਵਿੱਚ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸਨ।
ਮਿਤਾਲੀ ਰਾਜ ਦੀ ਕਪਤਾਨੀ ਵਿੱਚ ਹੀ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਵੇਦਾ ਕ੍ਰਿਸ਼ਣਾਮੂਰਤੀ, ਦੀਪਤੀ ਸ਼ਰਮਾ, ਏਕਤਾ ਬਿਸ਼ਟ ਅਤੇ ਦੂਜੀਆਂ ਖਿਡਾਰਨਾਂ ਨੂੰ ਖੇਡਣ ਅਤੇ ਨਿਖਰਨ ਦਾ ਮੌਕ ਮਿਲਿਆ।
ਸੀਨੀਅਰ ਖਿਡਾਰਨ
ਇਸ ਤੋਂ ਪਹਿਲਾਂ ਸ਼ਾਇਦ ਹੀ ਕੋਈ ਇੰਨਾ ਵੱਡਾ ਵਿਵਾਦ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਆਇਆ ਹੋਵੇ। ਤਾਂ ਅਜਿਹੇ ਵਿੱਚ ਇੱਕ ਹੀ ਸਿੱਧਾ ਜਿਹਾ ਸਵਾਲ ਕਿ ਆਖਿਰਕਾਰ ਮਿਤਾਲੀ ਰਾਜ ਦੇ ਨਾਲ ਅਜਿਹਾ ਕਿਉਂ ਕੀਤਾ ਗਿਆ।
ਇਸ ਨੂੰ ਜਾਣਨ ਲਈ ਅਸੀ ਡਾਇਨਾ ਐਡੁਲਜੀ ਅਤੇ ਮਿਤਾਲੀ ਰਾਜ ਦੋਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ।

ਤਸਵੀਰ ਸਰੋਤ, Getty Images
ਇਸ ਪੂਰੇ ਮਾਮਲੇ ਨੂੰ ਲੈ ਕੇ ਕ੍ਰਿਕਟ ਦੀ ਸਮੀਖਿਆ ਕਰਨ ਵਾਲੇ ਵਿਜੇ ਲੋਕਪੱਲੀ ਦਾ ਮੰਨਣਾ ਹੈ, "ਜੋ ਕੁਝ ਵੀ ਹੋਇਆ ਉਸ ਦਾ ਪੂਰਾ ਸੱਚ ਕਿਸੇ ਨੂੰ ਵੀ ਪਤਾ ਨਹੀਂ ਹੈ। ਕੋਚ ਰਮੇਸ਼ ਪੋਵਾਰ ਨੇ ਹੁਣ ਤੱਕ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਤਰ੍ਹਾਂ ਦਾ ਪੱਤਰ ਜਦੋਂ ਜਨਤਕ ਹੁੰਦਾ ਹੈ ਤਾਂ ਉਸ ਵਿੱਚ ਕਿਸੇ ਨੂੰ ਫਾਇਦਾ ਹੁੰਦਾ ਹੈ ਕਿਸੇ ਨੂੰ ਨੁਕਸਾਨ।''
"ਪਰ ਕਿਹਾ ਜਾ ਸਕਦਾ ਹੈ ਕਿ ਇਹ ਸਭ ਨਹੀਂ ਹੋਣਾ ਚਾਹੀਦਾ ਸੀ। ਇਹ ਇੱਕ ਹਾਦਸਾ ਸੀ ਜਿਸ ਵਿੱਚ ਮਿਤਾਲੀ ਰਾਜ ਵਰਗੀਆਂ ਸੀਨੀਅਰ ਖਿਡਾਰਨਾਂ ਨੂੰ ਬੇਇੱਜ਼ਤ ਹੋਣਾ ਪਿਆ। ਉਨ੍ਹਾਂ ਨੂੰ ਮੈਚ ਤੋਂ ਬਾਹਰ ਬਿਠਾਉਣਾ ਪਿਆ ਪਰ ਸੱਚਾਈ ਜਾਣਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।''
ਕ੍ਰਿਕਟ ਦੇ ਕਿੱਸੇ
ਉਂਝ ਇਹ ਭਾਰਤੀ ਕ੍ਰਿਕਟ ਵਿੱਚ ਨਵੀਂ ਗੱਲ ਨਹੀਂ ਹੈ। ਭਾਵੇਂ ਮਹਿਲਾ ਕ੍ਰਿਕਟ ਟੀਮ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੋਵੇ ਪਰ ਲਾਲਾ ਅਮਰਨਾਥ ਤੋਂ ਲੈ ਕੇ ਸੌਰਵ ਗਾਂਗੁਲੀ ਅਤੇ ਤਾਜ਼ਾ ਉਦਾਹਰਨ ਮਹਿੰਦਰ ਸਿੰਘ ਧੋਨੀ ਤੱਕ ਮਰਦਾਂ ਦੇ ਕ੍ਰਿਕਟ ਵਿੱਚ ਇਹ ਆਮ ਗੱਲ ਹੈ।
ਸੌਰਵ ਨੇ ਤਾਂ ਮਿਤਾਲੀ ਰਾਜ ਦੀ ਤੁਲਨਾ ਆਪਣੇ ਨਾਲ ਹੀ ਕਰ ਦਿੱਤੀ। ਗਾਂਗੁਲੀ ਨੇ ਕਿਹਾ, "ਮੈਨੂੰ ਵੀ ਟੈਸਟ ਟੀਮ ਤੋਂ ਇਸੇ ਤਰੀਕੇ ਨਾਲ ਹੀ ਬਾਹਰ ਕੀਤਾ ਗਿਆ। ਮੇਰੇ ਕਲੱਬ ਵਿੱਚ ਤੁਹਾਡਾ ਸਵਾਗਤ ਹੈ।''
ਅਤੇ ਮੋਹਿੰਦਰ ਅਮਰਨਾਥ ਦਾ ਕਿੱਸਾ ਤਾਂ ਸਭ ਤੋਂ ਵੱਖਰਾ ਹੈ। ਉਨ੍ਹਾਂ ਦੇ ਮਾਮਲੇ ਵਿੱਚ ਸਿਲੈਕਟਰਜ਼ ਨੇ ਉਨ੍ਹਾਂ ਨੂੰ ਟੈਸਟ ਟੀਮ ਤੋਂ ਬਾਹਰ ਕੀਤਾ ਤਾਂ ਉਨ੍ਹਾਂ ਨੇ ਸਿਲੈਕਟਰਜ਼ ਨੂੰ ਜੋਕਰਾਂ ਦਾ ਗਰੁੱਪ ਤੱਕ ਕਹਿ ਦਿੱਤਾ।

ਤਸਵੀਰ ਸਰੋਤ, Getty Images
ਨਵਜੋਤ ਸਿੰਘ ਸਿੱਧੂ ਤਾਂ ਇੰਗਲੈਂਡ ਵਿੱਚ ਟੀਮ ਤੋਂ ਬਾਹਰ ਕੀਤੇ ਜਾਣ ਦੇ ਤਰੀਕੇ ਨੂੰ ਲੈ ਕੇ ਇੰਨਾ ਨਾਰਾਜ਼ ਹੋਏ ਕਿ ਉਹ ਦੌਰਾ ਛੱਡ ਕੇ ਸਿੱਧਾ ਭਾਰਤ ਵਾਪਸ ਆ ਗਏ।
ਇਨ੍ਹਾਂ ਦਿਨੀਂ ਧੋਨੀ ਨੂੰ ਭਾਰਤ ਦੀ ਟੀ-20 ਟੀਮ ਤੋਂ ਇਹ ਕਹਿ ਕੇ ਬਾਹਰ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਰਿਸ਼ਭ ਪੰਤ ਨੂੰ ਮੌਕਾ ਦੇਣਾ ਹੈ।
ਗੇਂਦ ਬੀਸੀਸੀਆਈ ਦੇ ਪਾਲੇ ਵਿੱਚ...
ਇੰਨੇ ਉਦਾਹਰਨਾਂ ਦੀ ਗੱਲ ਹੋਣ ਤੋਂ ਬਾਅਦ ਵਿਜੇ ਲੋਕਪੱਲੀ ਕਹਿੰਦੇ ਹਨ, "ਜੇ ਇੰਨਾ ਹੀ ਸਭ ਕੁਝ ਸੀ ਤਾਂ ਮਿਤਾਲੀ ਨੂੰ ਵੈਸਟ ਇੰਡੀਜ਼ ਲੈ ਕੇ ਕਿਉਂ ਗਏ।''
"ਪੁਰਾਣੇ ਕਿੱਸਿਆਂ ਦੀ ਤੁਲਨਾ ਮਿਤਾਲੀ ਰਾਜ ਨਾਲ ਨਹੀਂ ਕੀਤੀ ਜਾ ਸਕਦੀ ਹੈ। ਇੱਕ ਮੈਚ ਫਿੱਟ ਖਿਡਾਰਨ ਨੂੰ ਬਾਹਰ ਬਿਠਾਇਆ ਗਿਆ, ਭਾਰਤ ਮੈਚ ਹਾਰ ਗਿਆ। ਹੁਣ ਕੁਝ ਵੀ ਕਿਹਾ ਜਾ ਸਕਦਾ ਹੈ।''

ਤਸਵੀਰ ਸਰੋਤ, Getty Images
ਹੁਣ ਇਹ ਪੂਰਾ ਮਾਮਲਾ ਬੀਸੀਸੀਆਈ ਦੇ ਸੀਏਓ ਰਾਹੁਲ ਚੌਧਰੀ ਅਤੇ ਮਹਾਪ੍ਰਬੰਧਕ (ਕ੍ਰਿਕਟ ਸੰਚਾਲਕ) ਸਬਾ ਕਰੀਮ ਦੇ ਸਾਹਮਣੇ ਹੈ। ਉਨ੍ਹਾਂ ਨੇ ਹੁਣ ਤੱਕ ਇਸ 'ਤੇ ਵਿਸਥਾਰ ਨਾਲ ਕੁਝ ਨਹੀਂ ਦੱਸਿਆ ਹੈ।
ਰਮੇਸ਼ ਪੋਵਾਰ ਦਾ ਮਹਿਲਾ ਕ੍ਰਿਕਟ ਟੀਮ ਨਾਲ ਕਰਾਰ 30 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਇਹ ਮਾਮਲਾ ਵੱਧ ਚੁੱਕਾ ਹੈ।
ਇਸ ਦਾ ਅਸਰ ਉਨ੍ਹਾਂ 'ਤੇ ਪੈ ਸਕਦਾ ਹੈ। ਦੂਜੇ ਪਾਸੇ ਕੀ ਮਿਤਾਲੀ ਰਾਜ ਹੁਣ ਸਿਰਫ ਟੈਸਟ ਤੇ ਵਨਡੇ ਮੈਚ ਹੀ ਖੇਡੇਗੀ। ਇਸ ਦੇ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਹੁਣ ਗੇਂਦ ਬੀਸੀਸੀਆਈ ਦੇ ਪਾਲੇ ਵਿੱਚ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












