'ਜ਼ਹਿਰੀਲੀ' ਹਵਾ ਤੋਂ ਇੰਝ ਬਚਾਓ ਆਪਣੀ ਜਾਨ

ਤਸਵੀਰ ਸਰੋਤ, Getty Images
- ਲੇਖਕ, ਟੀਮ ਬੀਬੀਸੀ
- ਰੋਲ, ਨਵੀਂ ਦਿੱਲੀ
ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੋਂ ਬਹੁਤ ਅੱਗੇ ਨਿਕਲ ਚੁੱਕਾ ਹੈ। ਕਈ ਇਲਾਕਿਆਂ ਵਿੱਚ ਸਵੇਰੇ ਏਅਰ ਕੁਆਲਿਟੀ ਇੰਡੈਕਸ 500 ਤੋਂ ਪਾਰ ਸੀ ਜਿਸ ਦਾ ਮਤਲਬ ਇਹ ਕਿ ਹਵਾ ਸਾਹ ਲੈਣ ਲਾਇਕ ਬਿਲਕੁੱਲ ਨਹੀਂ ਹੈ।
ਪ੍ਰਿਥਵੀ ਵਿਗਿਆਨ ਮੰਤਰਾਲੇ ਦੀ SAFAR ਵੈਬਸਾਈਟ ਅਨੁਸਾਰ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਸ਼੍ਰੇਣੀ ਵਿੱਚ ਹੈ।
ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਜ਼ਿੰਮੇਵਾਰ ਪੰਜਾਬ ਤੇ ਹਰਿਆਣਾ ਵਿੱਚ ਸਾੜੇ ਜਾਣ ਵਾਲੀ ਪਰਾਲੀ ਵੀ ਹੈ। SAFAR ਦੇ ਵਿਗਿਆਨਿਕ ਡਾਕਟਰ ਉਰਫਾਨ ਬੇਗ ਅਨੁਸਾਰ ਪਿਛਲੇ ਪੰਜ ਦਿਨਾਂ ਵਿੱਚ ਐਤਵਾਰ ਨੂੰ ਸਭ ਤੋਂ ਵੱਧ ਪਰਾਲੀ ਪੰਜਾਬ ਹਰਿਆਣਾ ਵਿੱਚ ਜਲਾਈ ਗਈ ਹੈ।
ਇਹ ਵੀ ਪੜ੍ਹੋ:
ਡਾਕਟਰ ਬੇਗ ਅਨੁਸਾਰ, ਬਾਇਓਮਾਸ ਸ਼ੇਅਰ, ਜਿਸ ਦਾ ਸਿੱਧਾ ਸਬੰਧ ਪਰਾਲੀ ਜਲਣ ਤੋਂ ਹੈ, ਉਹ 5 ਨਵੰਬਰ ਨੂੰ 24 ਫੀਸਦੀ ਦੇ ਆਲੇ-ਦੁਆਲੇ ਸੀ। ਪਿਛਲੇ 10 ਦਿਨਾਂ ਵਿੱਚ ਇਹ ਕਦੇ ਵੀ 10 ਫੀਸਦ ਤੋਂ ਪਾਰ ਨਹੀਂ ਗਿਆ ਸੀ।
ਉੱਪਰ ਤੋਂ ਐਤਵਾਰ ਤੋਂ ਹਵਾ ਦਾ ਰੁਖ ਵੀ ਪੰਜਾਬ-ਹਰਿਆਣਾ ਤੋਂ ਦਿੱਲੀ ਵੱਲ ਹੀ ਹੈ ਇਸ ਲਈ ਰਾਤ ਵਿੱਚ ਹਾਲਾਤ ਹੋਰ ਵਿਗੜੇ ਹਨ।
ਜੇ ਇਹੀ ਹਾਲਤ ਰਹੀ ਅਤੇ ਅਗਲੇ ਦੋ ਦਿਨਾਂ ਵਿੱਚ ਪਟਾਕੇ ਵੀ ਜਲੇ ਤਾਂ ਦਿਵਾਲੀ ਦੇ ਬਾਅਦ ਤੱਕ ਪ੍ਰਦੂਸ਼ਣ ਦਾ ਇਹੀ ਪੱਧਰ ਰਹਿਣ ਦਾ ਖਦਸ਼ਾ ਹੈ।

ਤਸਵੀਰ ਸਰੋਤ, EPA
ਡਾਕਟਰ ਬੇਗ ਕਹਿੰਦੇ ਹਨ ਕਿ ਦਿਵਾਲੀ 'ਤੇ ਪ੍ਰਦੂਸ਼ਣ ਦਾ ਪੱਧਰ ਕਿਵੇਂ ਰਹੇਗਾ ਇਸ ਦਾ ਸਿੱਧਾ ਰਿਸ਼ਤਾ ਪਟਾਕੇ ਜਲਾਉਣ ਨਾਲ ਹੋਵੇਗਾ।
ਇਸ ਪ੍ਰਦੂਸ਼ਣ ਤੋਂ ਕਿਵੇਂ ਬਚੀਏ?
- ਅਜਿਹੇ ਪ੍ਰਦੂਸ਼ਣ ਵਿੱਚ ਖੇਡਣਾ, ਜੌਗਿੰਗ ਤੇ ਸੈਰ ਬੰਦ ਕਰ ਦੇਣੀ ਚਾਹੀਦੀ ਹੈ
- ਕਿਸੇ ਵੀ ਤਰ੍ਹਾਂ ਦੇ ਸਾਹ ਨਾਲ ਜੁੜੀ ਦਿੱਕਤ ਤੁਹਾਨੂੰ ਹੋ ਰਹੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਲਓ
- ਘਰ ਦੇ ਅੰਦਰ ਜੇ ਖਿੜਕੀ ਖੁੱਲ੍ਹੀ ਰੱਖਦੇ ਹੋ ਤਾਂ ਫੌਰਨ ਹੀ ਉਸ ਨੂੰ ਬੰਦ ਕਰ ਲਓ
- ਜੇ ਤੁਹਾਡੇ ਕੋਲ ਏਸੀ ਹੈ ਜੋ ਬਾਹਰ ਦੀ ਹਵਾ ਖਿੱਚਦਾ ਹੈ ਤਾਂ ਉਸ ਏਸੀ ਦਾ ਇਸਤੇਮਾਲ ਬੰਦ ਕਰ ਦਿਓ
- ਅਗਰਬੱਤੀ, ਮੋਮਬੱਤੀ ਜਾਂ ਕਿਸੇ ਵੀ ਤਰੀਕੇ ਦੀ ਲੱਕੜ ਨਾ ਜਲਾਓ ਇਸ ਨਾਲ ਪ੍ਰਦੂਸ਼ਣ ਵਧੇਗਾ
- ਘਰ ਵਿੱਚ ਵੈਕਿਊਮ ਕਲੀਨਿੰਗ ਦਾ ਇਸਤੇਮਾਲ ਨਾ ਕਰੋ। ਧੂੜ ਸਾਫ ਕਰਨ ਲਈ ਪੋਚੇ ਦਾ ਇਸਤੇਮਾਲ ਕਰੋ
- ਧੂੜ ਤੋਂ ਬਚਣ ਲਈ ਕੋਈ ਵੀ ਮਾਸਕ ਤੁਹਾਡੀ ਮਦਦ ਨਹੀਂ ਕਰੇਗਾ। ਮਾਸਕ N-95 ਜਾਂ P-100 ਹੀ ਇਸਤੇਮਾਲ ਕਰੋ। ਇਸ ਤਰੀਕੇ ਦੇ ਮਾਸਕ ਵਿੱਚ ਸਭ ਤੋਂ ਸੂਖਮ ਕਣ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ।
ਮਾਸਕ ਜਾਂ ਏਅਰ ਫਿਲਟਰ ਕਿੰਨੇ ਕਾਰਗਰ ਹਨ?
ਪ੍ਰਦੂਸ਼ਣ ਤੋਂ ਬਚਣ ਲਈ ਹੁਣ ਬਾਜ਼ਾਰ ਵਿੱਚ ਏਅਰ ਫਿਲਟਰ ਤੇ ਮਾਸਕ ਕਾਫੀ ਵੇਚੇ ਜਾਂਦੇ ਹਨ। ਪਰ ਕੀ ਇਹ ਕਾਰਗਰ ਹਨ?
ਸੀਐੱਸਈ ਦੇ ਮਾਹਿਰ ਚੰਦਰਭੂਸ਼ਣ ਕਹਿੰਦੇ ਹਨ, "ਮਾਸਕ ਜਾਂ ਏਅਰ ਫਿਲਟਰ ਦਾ ਬਹੁਤ ਵੱਡਾ ਬਾਜ਼ਾਰ ਹੋ ਚੁੱਕਾ ਹੈ। ਲੰਬੇ ਵਕਤ ਵਿੱਚ ਇਹ ਤਰੀਕੇ ਅਸਰਦਾਰ ਨਹੀਂ ਹਨ। ਹੁਣ ਜਿੰਨੇ ਵੀ ਅੰਕੜੇ ਆ ਰਹੇ ਹਨ ਉਹ ਦੱਸਦੇ ਹਨ ਕਿ ਘਰਾਂ ਵਿੱਚ ਵੀ ਪ੍ਰਦੂਸ਼ਣ ਹੁੰਦਾ ਹੈ।"
ਇਹ ਵੀ ਪੜ੍ਹੋ:
ਫਿਰ ਭਾਵੇਂ ਏਅਰ ਫਿਲਟਰ ਲਗਵਾ ਲਓ ਜਾਂ ਮਾਸਕ ਪਾ ਲਓ। ਅਸੀਂ ਪ੍ਰਦੂਸ਼ਣ ਤੋਂ ਨਹੀਂ ਬਚ ਸਕਦੇ। ਇਨ੍ਹਾਂ ਤੋਂ ਤੁਸੀਂ ਥੋੜ੍ਹਾ ਬਚ ਸਕਦੇ ਹੋ ਪਰ ਪੂਰੇ ਤਰੀਕੇ ਨਾਲ ਨਹੀਂ।
ਕਿਹਾ ਜਾਂਦਾ ਹੈ ਕਿ ਕਾਫੀ ਔਰਤਾਂ ਚੁੱਲ੍ਹੇ ਦੇ ਪ੍ਰਦੂਸ਼ਣ ਕਾਰਨ ਮਰਦੀਆਂ ਹਨ। ਰਸੋਈ ਵਿੱਚ ਬੱਚਿਆਂ ਦੇ ਬੈਠਣ ਨਾਲ ਵੀ ਅਸਰ ਹੁੰਦਾ ਹੈ।
ਫਿਰ ਭਾਵੇਂ ਅਸੀਂ ਏਅਰ ਫਿਲਟਰ ਲਾ ਲਈਏ ਤੇ ਭਾਵੇਂ ਮਾਸਕ ਪਾ ਲਈਏ ਅਸੀਂ ਪ੍ਰਦੂਸ਼ਣ ਤੋਂ ਨਹੀਂ ਬਚ ਸਕਦੇ। ਇਸ ਤੋਂ ਕੁਝ ਹੱਦ ਤੱਕ ਹੀ ਬਚਾਅ ਹੋ ਸਕਦਾ ਹੈ ਪੂਰੀ ਤਰ੍ਹਾਂ ਨਹੀਂ ਬਚਿਆ ਜਾ ਸਕਦਾ।

ਤਸਵੀਰ ਸਰੋਤ, Getty Images
ਡਾ਼ ਮੋਹਸਿਨ ਵਲੀ ਭਾਰਤ ਦੇ ਕਈ ਸਾਬਕਾ ਰਾਸ਼ਟਰਪਤੀਆਂ ਦੇ ਡਾਕਟਰ ਰਹਿ ਚੁੱਕੇ ਹਨ। ਫਿਲਹਾਲ ਉਹ ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ ਵਿੱਚ ਪ੍ਰੈਕਟਿਸ ਕਰ ਰਹੇ ਹਨ।
ਡਾ. ਵਲੀ ਨੇ ਕਿਹਾ, "ਹੁਣ N5 ਮਾਸਕ ਕਾਫੀ ਵਿਕ ਰਿਹਾ ਹੈ। ਇਸ ਦੀ ਕੀਮਤ 200 ਤੋਂ 800 ਰੁਪਏ ਤੱਕ ਹੁੰਦੀ ਹੈ। ਇਹ ਕੋਈ ਬਹੁਤਾ ਕਾਰਗਰ ਨਹੀਂ ਹੈ। ਜੋ ਲੋਕ ਮਾਸਕ ਨਹੀਂ ਖ਼ਰੀਦ ਸਕਦੇ ਉਹ ਰੁਮਾਲ ਬੰਨ੍ਹ ਕੇ ਪ੍ਰਦੂਸ਼ਣ ਤੋਂ ਕੁਝ ਹੱਦ ਤੱਕ ਬਚਾਅ ਕਰ ਸਕਦੇ ਹਨ।"
ਏਅਰ ਫਿਲਟਰ ਕਿਵੇਂ ਨੁਕਸਾਨਦੇਹ ਹਨ?
ਚੰਦਰਭੂਸ਼ਣ ਦਸਦੇ ਹਨ, "ਕੁਝ ਲੋਕਾਂ ਦਾ ਕਹਿਣਾ ਹੈ ਕਿ ਏਅਰ ਫਿਲਟਰ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ ਪਰ ਇਸ ਬਾਰੇ ਕੁਝ ਸਪਸ਼ਟਤਾ ਨਾਲ ਨਹੀਂ ਕਿਹਾ ਜਾ ਸਕਦਾ।"
"ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਨੂੰ ਇਸ ਦੀ ਲੋੜ ਨਾ ਹੀ ਪਵੇ। ਇਹ ਮੁਸ਼ਕਿਲ ਨਹੀਂ ਹੈ। ਦੁਨੀਆਂ ਦੇ ਕਈ ਦੇਸਾਂ ਨੇ ਪ੍ਰਦੂਸ਼ਣ ਤੋਂ ਪਿੱਛਾ ਛੁਡਾਇਆ ਹੈ।''
ਪ੍ਰਦੂਸ਼ਣ ਮਾਪਣ ਦਾ ਪੈਮਾਨਾ
ਏਅਰ ਕੁਆਲਿਟੀ ਇੰਡੈਕਸ ਨੂੰ ਮਾਪਣ ਦੇ ਕਈ ਪੈਮਾਨੇ ਹਨ। ਇਨ੍ਹਾਂ ਵਿੱਚੋਂ PM 2.5 ਅਤੇ PM 10 ਦਾ ਪਤਾ ਕਰਨ ਵਾਲੇ ਪ੍ਰਸਿੱਧ ਹਨ।
PM ਦਾ ਮਤਲਬ ਬੈ ਪਾਰਟੀਕੁਲੇਟ ਮੈਟਰ ਭਾਵ ਹਵਾ ਵਿੱਚ ਤੈਰਦੇ ਸੂਖਮ ਕਣ।
PM 2.5 ਜਾਂ PM 10 ਇਨ੍ਹਾਂ ਕਣਾਂ ਦੇ ਆਕਾਰ ਨੂੰ ਦਰਸਾਉਂਦੇ ਹਨ।
ਸਾਡੇ ਵਾਲਾਂ ਦਾ ਆਕਾਰਾ PM 50 ਦੇ ਕਰੀਬ ਹੁੰਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ PM 2.5 ਕਿੰਨੇ ਸੂਖਮ ਹੁੰਦੇ ਹਨ।
24 ਘੰਟਿਆਂ ਵਿੱਚ ਹਵਾ ਵਿੱਚ PM 2.5 ਦੀ ਮਾਤਰਾ 60 ਮਾਈਕ੍ਰੋਗਰਾਮ ਪ੍ਰਤੀ ਘਣ ਮੀਟਰ ਹੋਣੀ ਚਾਹੀਦੀ ਹੈ ਅਤੇ PM 10 ਦੀ ਮਾਤਰਾ 100 ਮਾਈਕ੍ਰੋਗਰਾਮ ਪ੍ਰਤੀ ਘਣ ਮੀਟਰ।
ਇਸ ਤੋਂ ਉੱਪਰ ਇਹ ਖ਼ਤਰਨਾਕ ਮੰਨੀ ਜਾਂਦੀ ਹੈ।

ਤਸਵੀਰ ਸਰੋਤ, Getty Images
ਇਹ ਕਣ ਹਵਾ ਵਿੱਚੋਂ ਸਾਡੇ ਖੂਨ ਵਿੱਚ ਘੁਲ ਜਾਂਦੇ ਹਨ ਜਿਸ ਕਾਰਨ ਦਮੇ ਸਹਿਤ ਕਈ ਕਿਸਮ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਇਹ ਹਾਲਾਤ ਬਹੁਤ ਖ਼ਤਰਨਾਕ ਹੋ ਸਕਦੇ ਹਨ।
ਮਾਹਿਰਾਂ ਦੀ ਰਾਇ
ਇਸ ਐਮਰਜੈਂਸੀ ਨਾਲ ਆਖਰ ਕਿਵੇਂ ਨਜਿੱਠੀਏ? ਸੈਂਟਰ ਫਾਰ ਸਾਈਂਸ ਨਾਲ ਜੁੜੇ ਅਨੁਮਿਤਾ ਰਾਏ ਚੌਧਰੀ ਦਾ ਮੰਨਣਾ ਹੈ ਕਿ ਸਰਕਾਰ ਨੂੰ ਦੋ ਪ੍ਰਕਾਰ ਦੇ ਕਦਮ ਚੁੱਕਣੇ ਚਾਹੀਦੇ ਹਨ।
ਪਹਿਲੇ ਐਮਰਜੈਂਸੀ ਕਦਮ, ਜਿਨ੍ਹਾਂ ਨੂੰ ਫੌਰੀ ਅਮਲ ਵਿੱਚ ਲਿਆਂਦਾ ਜਾਵੇ। ਜਿਵੇਂ ਪਾਵਰ ਪਲਾਂਟ ਬੰਦ ਕਰਨਾ, ਸਕੂਲ ਬੰਦ ਕਰਨਾ, ਡੀਜ਼ਲ ਜਨਰੇਟਰਾਂ 'ਤੇ ਰੋਕ ਲਾਉਣੀ, ਪਾਰਕਿੰਗ ਫੀਸ ਵਧਾਉਣੀ ਅਤੇ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਜਿਸ ਨੂੰ ਸਰਕਾਰ ਨੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ:
ਇਸ ਦੇ ਨਾਲ ਹੀ ਸਰਕਾਰ ਨੂੰ ਇੱਕ ਵੱਡੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਤਾਂਕਿ ਇਹ ਐਮਰਜੈਂਸੀ ਮੁੜ ਖੜ੍ਹੀ ਨਾ ਹੋਵੇ।
ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਹੁਣ ਵਾਤਾਵਰਣ ਨਾਲ ਜੁੜੀ ਸਮੱਸਿਆ ਨਹੀਂ ਹੈ। ਇਹ ਇੱਕ ਗੰਭੀਰ ਬੀਮਾਰੀ ਬਣ ਗਿਆ ਹੈ।












