ਵਿਰਾਟ ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆ

    • ਲੇਖਕ, ਸੂਰਿਆਂਸ਼ੀ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਇੱਕ ਰੈਸਟੋਰੈਂਟ ਵਿੱਚ ਪ੍ਰਸਿੱਧ ਅਮਰੀਕੀ ਟੈਨਿਸ ਖਿਡਾਰਨ ਸਰੀਨਾ ਵੀਲੀਅਮਜ਼ ਜੇਕਰ 'ਵੀਗਨ' ਥਾਲੀ ਆਰਡਰ ਕਰਦੀ ਨਜ਼ਰ ਆਵੇ ਤਾਂ...

ਸ਼ਾਇਦ ਹੈਰਾਨੀ ਦੀ ਗੱਲ ਨਾ ਹੋਵੇ ਕਿਉਂਕਿ ਇਹ ਖ਼ਬਰ ਹੁਣ ਪੁਰਾਣੀ ਹੋ ਗਈ ਹੈ।

ਸਰੀਨਾ ਵਿਲੀਅਮਜ਼ ਨੇ ਗਰਭਵਤੀ ਹੋਣ ਤੋਂ ਬਾਅਦ ਆਪਣੀ ਡਾਈਟ ਵਿੱਚ ਬਦਲਾਅ ਕਰਦਿਆਂ ਵੀਗਨ ਖਾਣਾ ਚੁਣਿਆ ਸੀ।

ਵੀਗਨ ਖਾਣੇ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸ਼ਾਕਾਹਾਰੀ ਤਾਂ ਹੋ ਹੀ ਗਏ ਹੋ, ਇੱਥੋਂ ਤੱਕ ਕੇ ਦੁੱਧ-ਦਹੀਂ, ਘਿਉ, ਮੱਖਣ, ਲੱਸੀ, ਮਲਾਈ ਅਤੇ ਪਨੀਰ ਵੀ ਖਾਣਾ ਛੱਡ ਗਏ ਹੋ। ਇਸ ਵਿੱਚ ਸ਼ਹਿਦ ਤੱਕ ਛੱਡਣਾ ਪੈਂਦਾ ਹੈ।

ਇਹ ਵੀ ਪੜ੍ਹੋ:

ਵਿਸ਼ਵ ਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਦਾ ਖੇਡ ਸੀਜ਼ਨ ਦੌਰਾਨ ਵੀਗਨ ਖਾਣੇ 'ਤੇ ਰਹਿਣਾ ਥੋੜ੍ਹਾ ਹੈਰਾਨ ਜ਼ਰੂਰ ਕਰ ਸਕਦਾ ਹੈ ਕਿਉਂਕਿ ਉਹ ਅਰਜਨਟੀਨਾ ਤੋਂ ਹਨ ਅਤੇ ਦੱਖਣੀ ਅਮਰੀਕਾ ਵਿੱਚ ਸ਼ਾਕਾਹਾਰੀ ਭੋਜਨ ਮਿਲਣਾ ਮੁਸ਼ਕਿਲ ਹੈ। ਅਜਿਹੇ 'ਚ ਵੀਗਨ ਰਹਿਣਾ ਆਪਣੇ ਆਪ ਵਿੱਚ ਚੁਣੌਤੀ ਹੈ।

ਇਸ ਲੜੀ ਵਿੱਚ ਇੱਕ ਹੋਰ ਨਵਾਂ ਨਾਮ ਜੁੜ ਗਿਆ ਹੈ ਅਤੇ ਉਹ ਹੈ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ।

ਸਵਾਲ ਇਹ ਉਠਦਾ ਹੈ ਕਿ ਆਖ਼ਰ ਇਹ ਹੋ ਕੀ ਰਿਹਾ ਹੈ, ਖਿਡਾਰੀ ਵੀਗਨ ਖਾਣਾ ਕਿਉਂ ਅਪਣਾ ਰਹੇ ਹਨ?

ਖਿਡਾਰੀਆਂ ਦੇ ਖਾਣੇ ਦੀ ਮਾਹਿਰ ਦੀਕਸ਼ਾ ਛਾਬੜਾ ਦਾ ਕਹਿਣਾ ਹੈ ਕਿ ਵੀਗਨ ਖਾਣਾ ਦੋ ਤਰੀਕਿਆਂ ਨਾਲ ਅਪਣਾਇਆ ਜਾ ਸਕਦਾ ਹੈ।

  • ਫਲ ਅਤੇ ਘੱਟ ਅੱਗ 'ਤੇ ਪੱਕੀਆਂ ਹੋਈਆਂ ਸਬਜ਼ੀਆਂ ਖਾਣਾ
  • ਜਵਾਰ, ਬਾਜਰਾ, ਕਣਕ, ਮੱਕਾ ਅਤੇ ਦਾਲ 'ਤੇ ਰਹਿਣਾ ਅਤੇ ਨਾਲ ਹੀ ਹਾਈ-ਫੈਟ ਫਲ ਐਵੋਕਾਡੋ ਨੂੰ ਲੈਣਾ

ਇਨ੍ਹਾਂ ਦੋਵਾਂ ਤਰੀਕਿਆਂ ਦਾ ਮਿਸ਼ਰਣ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਸੱਟਾਂ ਤੋਂ ਉਭਰਨ ਲਈ ਵੀਗਨ ਖਾਣਾ ਮਦਦਗਾਰ

ਉਨ੍ਹਾਂ ਨੇ ਦੱਸਿਆ ਕਿ ਖਿਡਾਰੀਆਂ ਵਿੱਚ ਵੀਗਨ ਖਾਣੇ ਦਾ ਰੁਝਾਨ ਇਸ ਲਈ ਵੀ ਵਧੇਰੇ ਹੋ ਸਕਦਾ ਹੈ ਕਿਉਂਕਿ ਇਹ ਖਾਣਾ ਖਾਣ ਨਾਲ ਸਰੀਰ 'ਤੇ ਲੱਗੀ ਸੱਟ ਛੇਤੀ ਭਰਦੀ ਹੈ।

ਸੱਟ ਲਗਦੀ ਹੈ ਤਾਂ ਸਾਡਾ ਸਰੀਰ ਸੋਜਸ਼ ਰਾਹੀਂ ਰੋਗਾਣੂਆਂ ਲਈ ਰੁਕਾਵਟ ਪੈਦਾ ਕਰਦਾ ਹੈ ਤਾਂ ਜੋ ਸਾਡੇ ਸਰੀਰ ਨੂੰ ਨੁਕਸਾਨ ਨਾ ਪਹੁੰਚੇ।

ਪਰ ਅਜਿਹੀ ਸੋਜਸ਼ ਮਾੜੀ-ਮੋਟੀ ਸੱਟ ਲਈ ਤਾਂ ਠੀਕ ਹੈ ਪਰ ਜੇਕਰ ਸੱਟ ਖ਼ਤਰਨਾਕ ਹੈ ਤਾਂ ਸੋਜਿਸ਼ ਨੁਕਸਾਨਦੇਹ ਵੀ ਹੈ।

ਅਜਿਹੇ ਵਿੱਚ ਜਖ਼ਮੀ ਖਿਡਾਰੀ ਨੂੰ ਚਾਹੀਦਾ ਹੈ ਕਿ ਅਜਿਹਾ ਭੋਜਨ ਕਰਨ ਜਿਸ ਨਾਲ ਐਂਟੀ-ਆਕਸੀਡੈਂਟ, ਵਿਟਾਮਿਨ ਮਿਲਣ, ਜਿਵੇਂ ਕਿ ਬੇਰ, ਹਰੀ ਸਬਜ਼ੀਆਂ, ਘੱਟ ਸ਼ੂਗਰ ਵਾਲੇ ਫਲ। ਇਨ੍ਹਾਂ ਨੂੰ ਐਂਟੀ-ਇਨਫਲੈਮੇਟਰੀ ਫੂਡ ਵੀ ਕਹਿੰਦੇ ਹਨ।

ਇਹ ਸੋਜਿਸ਼ ਨੂੰ ਰੋਕਦੇ ਹਨ ਅਤੇ ਸਰੀਰ ਨੂੰ ਡਿਟਾਕਸ ਕਰਨ ਵਿੱਚ ਮਦਦ ਕਰਦੇ ਹਨ। ਉੱਥੇ ਹੀ ਪ੍ਰੋ-ਇਨਫਲੈਮੇਟਰੀ ਫੂਡ ਜਿਵੇਂ ਹਾਈ-ਸ਼ੂਗਰ ਪੂਡ, ਰੈੱਡ ਮੀਟ ਸੱਟ ਦੌਰਾਨ ਸਰੀਰ ਨੂੰ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ।

ਭਾਰ ਘਟਾਉਣ ਵਿੱਚ ਸਹਾਇਕ

ਵੀਗਨ ਖਾਣੇ 'ਚ ਵਿਟਾਮਿਨ ਦੇ ਨਾਲ-ਨਾਲ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਤਾਂ ਇਹ ਮੋਟਾਪਾ ਘਟਾਉਣ ਵਿੱਚ ਕਾਰਗਰ ਮੰਨੀ ਜਾਂਦੀ ਹੈ।

ਫਾਈਬਰ ਖਾਣਾ ਤੁਹਾਨੂੰ ਘੱਟ ਖਾਣ ਦੇ ਬਾਵਜੂਦ ਤੁਹਾਨੂੰ ਰੱਜਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਤੁਸੀਂ ਲੋੜ ਤੋਂ ਵੱਧ ਖਾਣਾ ਨਹੀਂ ਖਾਂਦੇ।

ਪ੍ਰੋਟੀਨ ਦੀ ਘਾਟ ਕਿਵੇਂ ਪੂਰੀ ਹੋਵੇਗੀ?

ਨਿਊਟ੍ਰੀਸ਼ਨਿਸਟ ਅਤੇ ਵੈਲਨੈੱਸ ਕੋਚ ਅਵਨੀ ਕੌਲ ਦਾ ਕਹਿਣਾ ਹੈ ਕਿ ਹਰ ਖਿਡਾਰੀ ਨੂੰ ਆਪਣੀ ਖੇਡ ਮੁਤਾਬਕ ਤੇ ਆਪਣੇ ਸਰੀਰ ਮੁਤਾਬਕ ਖ਼ੁਰਾਕ ਦੀ ਲੋੜ ਪੈਂਦੀ ਹੈ।

ਇੱਕ ਵੇਟ ਲਿਫਟਰ ਜਾਂ ਬਾਡੀ-ਬਿਲਡਰ ਲਈ ਪ੍ਰੋਟੀਨ ਦੀ ਪੂਰਤੀ ਹੋਣਾ ਸਭ ਤੋਂ ਜ਼ਰੂਰੀ ਹੈ ਤਾਂ ਉੱਥੇ ਦੌੜ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਤਾਕਤ ਦੇ ਨਾਲ-ਨਾਲ ਊਰਜਾ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਉਹ ਕਾਰਬੋਹਾਈਡ੍ਰੇਟ-ਵੱਧ ਖਾਣ ਨਾਲ ਪੂਰੀ ਹੁੰਦੀ ਹੈ।

ਮਤਲਬ ਸਟ੍ਰੈਂਥ ਅਤੇ ਪਾਵਰ ਐਥਲੀਟ ਦੀਆਂ ਵੱਖ-ਵੱਖ ਜ਼ਰੂਰਤਾਂ ਹੁੰਦੀਆਂ ਹਨ।

ਇਸ ਦੀ ਪੂਰਤੀ ਲਈ ਅਵਨੀ ਕੌਲ ਕਹਿੰਦੀ ਹੈ ਕਿ ਸਹੀ ਮਾਤਰਾ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ ਦਾ ਖਾਣੇ ਵਿੱਚ ਹੋਣਾ ਜ਼ਰੂਰੀ ਹੈ।

ਵੀਗਨ ਖਾਣੇ ਨਾਲ ਤੁਹਾਡਾ ਬਲੱਡ-ਸ਼ੂਗਰ ਲੈਵਲ, ਕੌਲੈਸਟਰੋਲ ਲੈਵਲ ਘੱਟ ਹੁੰਦਾ ਹੈ, ਜਿਸ ਨਾਲ ਤੁਹਾਨੂੰ ਡਾਇਬਟੀਜ਼ ਦੀ ਬਿਮਾਰੀ ਹੋਣ ਦਾ ਖ਼ਤਰਾ ਇਕਦਮ ਘਟ ਹੋ ਜਾਵੇਗਾ।

ਪਰ ਜੋ ਪ੍ਰੋਟੀਨ ਤੁਹਾਨੂੰ ਜਾਨਵਰਾਂ ਤੋਂ ਪੈਦਾ ਹੋਣ ਵਾਲੇ ਪਦਾਰਥਾਂ ਤੋਂ ਮਿਲਦਾ ਸੀ ਉਸ ਦੀ ਭਰਪਾਈ ਕਿਵੇਂ ਹੋਵੇਗੀ? ਕਿਉਂਕਿ ਮਾਸ, ਦੁੱਧ-ਦਹੀਂ, ਆਂਡੇ ਅਤੇ ਮੱਛੀ ਨਾਲ ਪਾਜ਼ਿਟਿਵ ਨਾਈਟ੍ਰੋਜਨ ਦੀ ਘਾਟ ਨਹੀਂ ਹੁੰਦੀ ਅਤੇ ਨਾਲ ਹੀ ਇਨ੍ਹਾਂ ਤੋਂ ਨੌਂ ਅਮੀਨੋ ਐਸਿਡ ਮਿਲਦੇ ਹਨ।

ਇਸ ਘਾਟ ਨੂੰ ਪੂਰਾ ਕਰਨ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਵੀਗਨ ਖਾਣੇ ਵਿੱਚ ਪ੍ਰੋਟੀਨ ਦੀ ਮਾਤਰਾ ਹੈ ਅਤੇ ਕਿਵੇਂ ਇਸ ਨੂੰ ਵੀਗਨ ਖਾਣੇ ਵਿੱਚ ਪਾਇਆ ਜਾ ਸਕਦਾ ਹੈ।

ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀਆਂ ਦੇ ਕੋਲ ਇਸ ਕੰਮ ਲਈ ਖਾਣੇ ਦੇ ਮਾਹਿਰਾਂ ਦੀ ਟੀਮ ਹੁੰਦੀ ਹੈ ਪਰ ਆਮ ਆਦਮੀ ਲਈ ਇੱਕ ਸੰਤੁਲਤ ਵੀਗਨ ਖਾਣਾ ਤਿਆਰ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਵਾਤਾਵਰਣ ਲਈ ਖਿਡਾਰੀ ਬਣ ਰਹੇ ਹਨ ਵੀਗਨ?

ਯੂਥ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੀ ਵਰਕਸ਼ਾਪ ਲੈ ਚੁੱਕੀ ਅਵਨੀ ਕੌਲ ਦਾ ਇਹ ਵੀ ਕਹਿਣਾ ਹੈ ਕਿ ਅੱਜ ਕੱਲ ਲੋਕ ਇਸ ਲਈ ਵੀ ਵੀਗਨ ਖਾਣੇ ਨੂੰ ਆਪਣਾ ਰਹੇ ਹਨ ਕਿਉਂਕਿ ਇਹ ਵਾਤਾਵਰਣ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਉਂਦਾ।

ਸੰਯੁਕਤ ਰਾਸ਼ਟਰ ਦੀ ਫੂਡ ਅਤੇ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਮੁਤਾਬਕ ਵਾਤਾਵਰਣ ਵਿੱਚ ਮਾਸ ਪਕਾਉਣ ਕਾਰਨ ਕਾਰਬਨ ਫੁਟਪ੍ਰਿੰਟ ਵਧ ਰਿਹਾ ਹੈ।

ਇਹ ਉਸ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ ਅਤੇ ਇਸ ਨਾਲ ਖੇਤੀਬਾੜੀ ਅਤੇ ਕਿਸਾਨ ਨੂੰ ਵੀ ਲਾਭ ਹੈ।

ਕੀ ਵੀਗਨ ਖਾਣਾ ਹੀ ਹੈ ਇਕੋ-ਇੱਕ ਉਪਾਅ

ਇੰਡੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਿਨ ਦੇ ਪ੍ਰਧਾਨ ਡਾ. ਪੀਐਸਐਮ ਚੰਦਰਨ ਅਤੇ ਨਿਊਟ੍ਰੀਸ਼ਨਿਸਟ ਅਤੇ ਮੈਟਾਬੋਲਿਕ ਬੈਲੇਂਸ ਕੋਚ ਹਰਸ਼ਿਤਾ ਦਿਲਾਵਰੀ ਦਾ ਕਹਿਣਾ ਹੈ ਕਿ ਕਿਸੇ ਖਿਡਾਰੀ ਵੱਲੋਂ ਵੀਗਨ ਖਾਣਾ ਅਪਣਾਉਣਾ ਉਸ ਦਾ ਨਿੱਜੀ ਫ਼ੈਸਲਾ ਹੈ।

ਜੋ ਲਾਭ ਵੀਗਨ ਖਾਣੇ ਦੇ ਹਨ ਉਹ ਆਮ ਖਾਣੇ ਦੇ ਵੀ ਹੋ ਸਕਦੇ ਹਨ। ਇਸ ਲਈ ਖਾਣੇ ਵਿੱਚ ਪੌਸ਼ਟਿਕ ਭੋਜਨ ਅਤੇ ਸੰਤੁਲਿਤ ਭੋਜਨ ਨੂੰ ਥਾਂ ਦਿਓ।

ਨਿਊਟ੍ਰੀਸ਼ਨਿਸਟ ਅਤੇ ਮੈਟਾਬੋਲਿਕ ਬੈਲੇਂਸ ਕੋਚ ਹਰਸ਼ਿਤਾ ਦਿਲਾਵਰੀ ਕਹਿੰਦੀ ਹੈ ਕਿ ਵੀਗਨ ਖਾਣੇ ਵਿੱਚ ਤੁਹਾਨੂੰ ਕੁਝ ਮਾਈਕ੍ਰੋ-ਨਿਊਟ੍ਰੀਸ਼ਨਿਸਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਧੇਰੇ ਵਿਟਾਮਿਨ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ।

ਉਨ੍ਹਾਂ ਮੁਤਾਬਕ ਵੈਸੇ ਤਾਂ ਵੀਗਨ ਖਾਣੇ ਵਿੱਚ ਫਾਈਟੋਕੇਮਿਕਲਸ ਲਈ ਹੁੰਦੇ ਹਨ ਜੋ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਤੋਂ ਰੋਕਦੇ ਹਨ।

ਇਸ ਲਈ ਉਹ ਦੱਸਦੀ ਹੈ ਕਿ ਵੀਗਨ ਖਾਣੇ ਵਿੱਚ ਦਲੀਆ, ਅਨਾਜ ਅਤੇ ਸੋਇਆਬੀਨ ਖਾਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਖਿਡਾਰੀ ਲਈ ਪ੍ਰੋਟੀਨਜ਼ਕਾਰਬੋਹਾਈਡ੍ਰੇਟ, ਕੈਲਸ਼ੀਅਮ, ਵਿਚਾਮਿਨ ਡੀ ਅਤੇ ਫੈਟੀ ਐਸਿਡ ਸਭ ਤੋਂ ਵੱਧ ਜ਼ਰੂਰੀ ਹੁੰਦੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)