ਸੁਖਬੀਰ ਬਾਦਲ : ਮੇਰੀ ਲੀਡਰਸ਼ਿਪ 'ਤੇ ਸਵਾਲ ਕਰਨ ਵਾਲੇ ਸਾਰੇ ਗੱਦਾਰ - 5 ਖ਼ਾਸ ਖ਼ਬਰਾਂ

ਸਿੱਖ ਗਰਮਦਲੀਆਂ ਦੇ ਇੱਕ ਸਮੂਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਉੱਪਰ ਪਟਿਆਲਾ 'ਚ ਕਾਲੇ ਝੰਡਿਆਂ ਤੇ ਡਾਂਗਾਂ ਨਾਲ ਘੇਰ ਲਿਆ

ਇਸ ਹਿੰਸਕ ਮੁਜ਼ਾਹਰੇ ਵਿਚ ਕੋਈ ਫੱਟੜ ਤਾਂ ਨਹੀਂ ਹੋਇਆ ਪਰ, ਦਿ ਟ੍ਰਿਬਿਊਨ ਮੁਤਾਬਕ, ਨਾਅਰੇ ਲਾਉਂਦਿਆਂ ਉਨ੍ਹਾਂ ਨੇ ਸੁਖਬੀਰ ਉੱਤੇ ਫਰੀਦਕੋਟ ਦੇ ਬਰਗਾੜੀ ਪਿੰਡ 'ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ 'ਚ ਹੋਈ ਪੁਲਿਸ ਫਾਇਰਿੰਗ ਦੇ ਦੋਸ਼ ਲਾਏ।

ਅਕਾਲੀ ਦਲ ਨੇ ਇਸ ਨੂੰ ਕਾਂਗਰਸ ਦੀ ਚਾਲ ਦੱਸਿਆ ਅਤੇ ਕਿਹਾ ਕਿ ਸੱਤਾਧਾਰੀ ਪਾਰਟੀ ਉਨ੍ਹਾਂ ਦੀ 7 ਅਕਤੂਬਰ ਨੂੰ ਪਟਿਆਲਾ 'ਚ ਹੋਣ ਵਾਲੀ ਰੈਲੀ ਤੋਂ ਘਬਰਾਈ ਹੋਈ ਹੈ।

ਇਹ ਵੀ ਪੜ੍ਹੋ

ਸੁਖਬੀਰ ਦੇ ਨਾਲ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਅਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਸਨ। ਫਿਰ ਵੀ ਸੁਖਬੀਰ ਇਸ ਤੋਂ ਪਹਿਲਾਂ ਸੁਖਦੇਵ ਢੀਂਡਸਾ ਨੂੰ ਨਹੀਂ ਮਿਲ ਸਕੇ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਦੂਜੇ ਪਾਸੇ, ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਮਾਝੇ 'ਚ ਪਾਰਟੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਉਹ ਪਟਿਆਲਾ ਰੈਲੀ 'ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਪਾਰਟੀ ਦੇ ਅੰਦਰਲੇ ਮਸਲਿਆਂ ਦਾ ਹੱਲ ਨਹੀਂ ਹੋਇਆ ਹੈ। ਇਸੇ ਦੌਰਾਨ ਸੁਖਬੀਰ ਨੇ ਆਪਣੀ ਅਗਵਾਈ ਉੱਪਰ ਸਵਾਲ ਚੁੱਕਣ ਵਾਲਿਆਂ ਨੂੰ ਗੱਦਾਰ ਦੱਸਿਆ ਹੈ।

ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਤਾਂ ਹੀ ਖੋਲ੍ਹਿਆ ਜਾ ਸਕਦਾ ਹੈ ਜੇ ਭਾਰਤ ਗੱਲਬਾਤ ਲਈ ਤਿਆਰ ਹੋਵੇ।

ਦਿ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਸਲਾਮਾਬਾਦ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਾਕਿਸਤਾਨ ਤਾਂ ਸ਼ਾਂਤੀ ਲਈ "ਬਸ ਕੋਸ਼ਿਸ਼ ਹੀ ਕਰ ਸਕਦਾ ਹੈ"।

ਇਹ ਵੀ ਪੜ੍ਹੋ

ਸਿੱਖਾਂ ਲਈ ਆਸਥਾ ਦੇ ਵੱਡੇ ਸਥਾਨ, ਸਰਹੱਦ ਨਾਲ ਲੱਗਦੇ ਕਰਤਾਰਪੁਰ ਗੁਰਦੁਆਰੇ ਤੱਕ ਇੱਕ ਲਾਂਘਾ ਬਣਾਉਣ ਦੀ ਚਰਚਾ ਨੇ ਪਿਛਲੇ ਕੁਝ ਹਫ਼ਤਿਆਂ ਤੇਜ਼ੀ ਫੜੀ ਸੀ ਪਰ ਮੋਦੀ ਸਰਕਾਰ ਵੱਲੋਂ ਪਾਕਿਸਤਾਨ ਦੀ ਗੱਲਬਾਤ ਦੀ ਪੇਸ਼ਕਸ਼ ਠੁਕਰਾਉਣ ਤੋਂ ਬਾਦ ਇਹ ਫਿਰ ਠੰਡੇ ਬਸਤੇ ਪੈ ਗਿਆ ਲੱਗਦਾ ਹੈ।

ਆਮ ਆਦਮੀ ਪਾਰਟੀ 7 ਅਕਤੂਬਰ ਨੂੰ ਬਰਗਾੜੀ

ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਨਿਵਾਸ ਸਾਹਮਣੇ ਭੁੱਕ ਹੜਤਾਲ ਦਾ ਪ੍ਰੋਗਰਾਮ ਇੱਕ ਦਿਨ ਪਹਿਲਾਂ ਕਰਨ ਦਾ ਫੈਸਲਾ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪਾਰਟੀ ਦੀ ਕੋਰ ਕਮੇਟੀ ਦਾ ਇਹ ਫੈਸਲਾ ਇਸ ਲਈ ਹੈ ਤਾਂ ਜੋ ਪਾਰਟੀ ਦੇ ਵਿਧਾਇਕ ਤੇ ਲੋਕ ਸਭਾ ਮੈਂਬਰ 7 ਅਕਤੂਬਰ ਨੂੰ ਬਰਗਾੜੀ 'ਚ ਬੇਅਦਬੀ ਮਾਮਲੇ 'ਚ ਕਾਰਵਾਈ ਦੀ ਮੰਗ ਕਰ ਰਹੇ ਸਿੱਖ ਆਗੂਆਂ ਨੂੰ ਜਾ ਕੇ ਮਿਲ ਸਕਣ।

ਇਹ ਵੀ ਪੜ੍ਹੋ

7 ਅਕਤੂਬਰ ਨੂੰ ਹੀ ਪਾਰਟੀ ਦੇ ਬਾਗੀ ਧਿਰ ਨੇ ਵੀ ਕੋਟਕਪੂਰਾ ਤੋਂ ਬਰਗਾੜੀ ਮਾਰਚ ਦਾ ਪ੍ਰੋਗਰਾਮ ਰੱਖਿਆ ਸੀ ਅਤੇ ਇਲਜ਼ਾਮ ਸੀ ਕਿ ਚੰਡੀਗੜ੍ਹ ਵਾਲਾ ਪ੍ਰੋਗਰਾਮ ਇਸ ਮਾਰਚ ਉੱਤੇ ਪਰਦਾ ਪਾਉਣ ਦੀ ਚਾਲ ਸੀ।

'ਅੱਤਵਾਦ ਨੂੰ ਮਾਰਨਾ ਪਵੇਗਾ, ਅੱਤਵਾਦੀਆਂ ਨੂੰ ਨਹੀਂ'

ਰਾਜਪਾਲ ਸੱਤਿਆ ਪਾਲ ਮਲਿਕ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਕਸ਼ਮੀਰ 'ਚ ਅੱਤਵਾਦ ਦੇ ਕਾਰਨਾਂ ਨੂੰ ਪੜਚੋਲਣ ਦੀ ਲੋੜ ਹੈ।

ਇਹ ਵੀ ਪੜ੍ਹੋ

ਮਲਿਕ ਕੁਝ ਮਹੀਨੇ ਪਹਿਲਾਂ ਹੀ ਉਦੋਂ ਰਾਜਪਾਲ ਲਾਏ ਗਏ ਸੀ ਜਦੋਂ ਭਾਜਪਾ ਨੇ ਪੀਡੀਪੀ ਨਾਲ ਬਣੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ ਅਤੇ ਸੂਬੇ 'ਚ ਕੇਂਦਰੀ ਸ਼ਾਸਨ ਲਾਗੂ ਹੋ ਗਿਆ ਸੀ।

ਉਨ੍ਹਾਂ ਕਿਹਾ, "ਕਸ਼ਮੀਰ ਇਕ ਕਮਾਲ ਦਾ ਸੂਬਾ ਹੈ ਅਤੇ ਮੇਰੇ ਇੱਥੇ ਕਈ ਦੋਸਤ ਬਣ ਗਏ ਹਨ। ਇਹ (ਅੱਤਵਾਦੀ) ਕੁਝ 250 ਕੁ ਮੁੰਡੇ ਹਨ ਜਿਨ੍ਹਾਂ ਦੀਆਂ ਆਪਣੀਆਂ ਸ਼ਿਕਾਇਤਾਂ ਹੋਣੀਆਂ ਹਨ ਤਾਈਂ ਹੀ ਉਹ ਮਰਨ ਲਈ ਘਰੋਂ ਨਿਕਲਦੇ ਹਨ। ਸਾਰੇ ਕਸ਼ਮੀਰ ਨੂੰ ਮਾੜਾ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ... ਮੈਂ ਪ੍ਰਧਾਨ ਮੰਤਰੀ ਨੂੰ ਵੀ ਇਹੀ ਆਖਾਂਗਾ ਪਰ ਮੇਰਾ ਸੰਦੇਸ਼ ਮੁਖ ਤੌਰ 'ਤੇ ਟੀਵੀ ਚੈਨਲਾਂ ਲਈ ਹੈ।"

ਇਹ ਵੀ ਪੜ੍ਹੋ

ਅਮਰੀਕਾ 'ਚ ਜੱਜ ਖ਼ਿਲਾਫ਼ ਵੱਡਾ ਮੁਜ਼ਾਹਰਾ

ਜਿਨਸੀ ਸ਼ੋਸ਼ਣ ਦੇ ਪੀੜਤਾਂ ਸਮੇਤ ਲੋਕਾਂ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ 'ਚ ਬਰੈੱਟ ਕੈਵਨੋ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਖ਼ਿਲਾਫ਼ ਰੋਸ਼ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਕੈਵਨੋ ਉੱਪਰ ਇਲਜ਼ਾਮ ਕਿ ਉਨ੍ਹਾਂ ਨੇ ਸਕੂਲ ਪੜ੍ਹਦਿਆਂ ਵੇਲੇ ਆਪਣੀ ਇੱਕ ਸਾਥੀ ਨਾਲ ਜ਼ਬਰਦਸਤੀ ਕੀਤੀ ਸੀ।

ਮੁਜ਼ਾਹਰਾ ਵੀਰਵਾਰ ਸਵੇਰੇ ਸ਼ੁਰੂ ਹੋਇਆ; ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਅਮਰੀਕੀ ਸੰਸਦ ਨੇ ਕੈਵਨੋ ਦੀ ਸੁਪਰੀਮ ਕੋਰਟ ਲਈ ਨਾਮਜ਼ਦਗੀ ਉੱਪਰ ਫੈਸਲਾ ਕਰਨਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਤੇ YouTube 'ਤੇ ਜੁੜੋ।)