ਮੇਰੇ ਪਿਤਾ ਤੇ ਮੈਂ ਪਾਰਟੀ ਨਾਲ ਹਾਂ-ਪਰਮਿੰਦਰ ਢੀਂਡਸਾ

ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਮੇਰੇ ਪਿਤਾ ਦੇ ਅਸਤੀਫੇ ਦੇ ਗਲਤ ਅਰਥ ਕੱਢੇ ਜਾ ਰਹੇ ਹਨ। ਮੇਰੇ ਪਿਤਾ ਪਾਰਟੀ ਦੇ ਨਾਲ ਹਨ ਅਤੇ ਰਾਜ ਸਭਾ ਮੈਂਬਰ ਵਜੋਂ ਅਹੁਦੇ 'ਤੇ ਬਣੇ ਰਹਿਣਗੇ।

ਇਸ ਤੋਂ ਪਹਿਲਾਂ ਪਰਮਿੰਦਰ ਢੀਂਡਸਾ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਫ਼ੋਨ 'ਤੇ ਗੱਲ ਕਰਦਿਆਂ ਪਰਮਿੰਦਰ ਨੇ ਕਿਹਾ, ''ਅਜੇ ਮੇਰੀ ਉਨ੍ਹਾਂ ਨਾਲ ਅਸਤੀਫ਼ੇ ਬਾਰੇ ਗੱਲ ਨਹੀਂ ਹੋ ਸਕੀ ਹੈ, ਪਰ ਉਨ੍ਹਾਂ ਨੇ ਇਹ ਅਸਤੀਫ਼ਾ ਖ਼ਰਾਬ ਸਿਹਤ ਕਾਰਨ ਹੀ ਦਿੱਤਾ ਹੈ।''

ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਾਕਾਰ ਜੰਗਵੀਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਕਿਹਾ, "ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫਾ ਸਾਨੂੰ ਮਿਲਿਆ ਹੈ। ਉਨ੍ਹਾਂ ਨੇ ਅਸਤੀਫੇ ਪਿੱਛੇ ਮਾੜੀ ਸਿਹਤ ਦਾ ਹਵਾਲਾ ਦਿੱਤਾ ਹੈ।''

ਇਹ ਵੀ ਪੜ੍ਹੋ:

ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪਿਆ ਹੈ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਮੈਂਬਰ ਹਨ।

ਪਰਮਿੰਦਰ ਢੀਂਡਸਾ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ, "ਮੈਂ ਇਹੀ ਕਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਾਡੇ ਪਰਿਵਾਰ ਨੂੰ ਕਾਫੀ ਮਾਣ ਤੇ ਸਤਿਕਾਰ ਦਿੱਤਾ ਗਿਆ ਹੈ। ਅਸੀਂ ਮਾੜੇ ਤੇ ਚੰਗੇ ਹਾਲਾਤ ਵਿੱਚ ਪਾਰਟੀ ਲਈ ਕੰਮ ਕੀਤਾ ਹੈ ਅਤੇ ਅੱਗੇ ਵੀ ਤਨਦੇਹੀ ਨਾਲ ਜਾਰੀ ਰੱਖਾਂਗੇ।''

ਪਰਮਿੰਦਰ ਢੀਂਡਸਾ ਨੇ ਕਿਹਾ, "ਕੁਝ ਦਿਨ ਪਹਿਲਾਂ ਮੇਰੇ ਪਿਤਾ ਦੀ ਬਾਈਪਾਸ ਸਰਜਰੀ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਮੋਢੇ ਤੇ ਪਿੱਠ ਵਿੱਚ ਦਰਦ ਰਹਿੰਦਾ ਹੈ। ਇਸ ਲਈ ਉਨ੍ਹਾਂ ਦੇ ਅਸਤੀਫ਼ੇ ਦੇ ਕੋਈ ਹੋਰ ਅਰਥ ਨਹੀਂ ਕੱਢੇ ਜਾਣੇ ਚਾਹੀਦੇ ਹਨ।''

ਸੁਖਦੇਵ ਢੀਂਡਸਾ 2014 ਦੀਆਂ ਲੋਕ ਸਭਾ ਚੋਣਾਂ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੋਂ ਹਾਰ ਗਏ ਸਨ ਜਿਸ ਤੋਂ ਬਾਅਦ ਅਕਾਲੀ ਦਲ ਨੇ ਢੀਂਡਸਾ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ।

ਸੁਖਦੇਵ ਸਿੰਘ ਢੀਂਡਸਾ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਵੀ ਰਹੇ ਹਨ। ਉਹ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿੱਚ ਸਾਲ 2002 ਤੋਂ 2004 ਤੱਕ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਵੀ ਰਹੇ। ਉਹ 1998 ਤੋਂ 2004 ਤੱਕ ਵੀ ਲੋਕ ਸਭਾ ਦੇ ਮੈਂਬਰ ਸਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)