'ਮੇਰੇ ਵਿਆਹ ਨਾ ਕਰਨ ਦੇ ਫ਼ੈਸਲੇ 'ਤੇ ਇੰਨੇ ਸਵਾਲ ਕਿਉਂ': #HisChoice

हिज़ च्वायस, #HisChoice
ਤਸਵੀਰ ਕੈਪਸ਼ਨ, ਤੁਹਾਡੀ ਸਮੱਸਿਆ ਕੀ ਹੈ? ਇਹ ਮੇਰੀ ਪਸੰਦ ਦਾ ਮਾਮਲਾ ਹੈ।

ਮੇਰੇ ਦੋਸਤ ਨੇ ਪੁੱਛਿਆ, ਹੁਣ ਵੀ ਉਸ ਦੇ ਬਾਰੇ ਸੋਚ ਰਹੇ ਹੋ? ਮੈਂ ਕੋਈ ਉੱਤਰ ਨਹੀਂ ਦਿੱਤਾ।

ਉਸ ਨੇ ਫਿਰ ਜਿਵੇਂ ਕੋਈ ਸੂਈ ਚੁਭੋਈ, ਚੁੱਪ ਰਹੋਗੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਆਣੇ ਹੋ।

ਉਹ ਬੋਲਿਆ, ਤੁਸੀਂ ਪਾਗਲ ਹੀ ਹੋ ਸਕਦੇ ਹੋ। ਤੁਹਾਡਾ ਅਫੇਅਰ ਤਾਂ ਸਾਲਾਂ ਪਹਿਲਾਂ ਹੀ ਖ਼ਤਮ ਹੋ ਗਿਆ ਪਰ ਤੁਸੀਂ ਜ਼ਿੰਦਗੀ ਵਿੱਚ ਅੱਗੇ ਨਹੀਂ ਵਧ ਸਕੇ ਹੋ...ਹੁਣ ਛੱਡੋ ਗ੍ਰੋਅ-ਅਪ ਤੁਹਾਨੂੰ ਵਕਤ ਦੇ ਨਾਲ ਸਮਝਦਾਰ ਹੋਣਾ ਚਾਹੀਦਾ ਹੈ।

ਮੈਂ ਕਿਹਾ, ...ਤੁਹਾਡੀ ਸਮੱਸਿਆ ਕੀ ਹੈ? ਇਹ ਮੇਰੀ ਪਸੰਦ ਦਾ ਮਾਮਲਾ ਹੈ।

ਮੈਨੂੰ ਲੱਗਿਆ ਕਿ ਮੈਂ ਉਸ ਨੂੰ ਇੱਕ ਮੁੱਕਾ ਮਾਰਾਂ ਪਰ ਮੈਂ ਆਖਿਰ ਕਿੰਨੇ ਲੋਕਾਂ ਨੂੰ ਇਸ ਤਰ੍ਹਾਂ ਮਾਰ ਸਕਦਾ ਹਾਂ?

ਜੇ ਮੈਂ ਗੁੱਸਾ ਹੀ ਕਰਨਾ ਹੈ ਅਤੇ ਇਸ ਸਵਾਲ ਲਈ ਕਿਸੇ ਨੂੰ ਮੁੱਕਾ ਹੀ ਮਾਰਨਾ ਹੈ ਤਾਂ ਮੈਨੂੰ ਰੋਜ਼ਾਨਾ ਇਹੀ ਕੰਮ ਕਰਨਾ ਹੋਵੇਗਾ।

ਇਹ ਵੀ ਪੜ੍ਹੋ:

ਮੇਰੀ ਕਹਾਣੀ ਕੀ ਹੈ? ਮੈਂ ਕਿੱਥੋਂ ਸ਼ੁਰੂ ਕਰਾਂ?

ਮੇਰੀ ਕਹਾਣੀ ਮੇਰੇ ਗੁਜ਼ਰੇ ਵਕਤ ਅਤੇ ਅੱਜ ਨਾਲ ਜੁੜੀ ਹੈ। ਪਿਆਰ ਵਿੱਚ ਨਾਕਾਮ ਹੋਣ ਤੋਂ ਬਾਅਦ ਮੈਂ ਇਕੱਲਾ ਯਾਨੀ ਸਿੰਗਲ ਰਹਿਣ ਦਾ ਫੈਸਲਾ ਕੀਤਾ।

ਇਹ ਉਸ ਸਮਾਜ ਲਈ ਇੱਕ ਵੱਡਾ ਸਵਾਲ ਬਣ ਗਿਆ ਹੈ ਜਿਸ ਦੇ ਨਾਲ ਮੇਰਾ ਰੋਜ਼ ਦਾ ਰਿਸ਼ਤਾ ਹੈ।

ਮੈਨੂੰ ਆਪਣੇ ਫੈਸਲੇ ਲਈ ਕੀ ਸਹਿਣਾ ਪਿਆ? ਫੈਸਲੇ ਨਾਲ ਕਿਸੇ ਹੋਰ ਨੂੰ ਕੀ ਪ੍ਰੇਸ਼ਾਨੀ ਹੈ?

ਮੇਰੇ ਦੋਸਤ, ਰਿਸ਼ਤੇਦਾਰ ਅਤੇ ਜਾਨਣ ਵਾਲੇ ਮੈਨੂੰ ਵੱਖਰਾ ਮੰਨਦੇ ਹਨ। ਮੇਰੇ ਹੁਨਰ, ਮੇਰੇ ਕੰਮ ਜਾਂ ਫਿਰ ਮੇਰੇ ਗੁਣਾਂ ਲਈ ਨਹੀਂ ਬਲਕਿ ਮੇਰੇ ਸਿੰਗਲ ਹੋਣ ਦੀ ਸਮਾਜਕ ਪਛਾਣ ਕਾਰਨ ਉਹ ਮੈਨੂੰ ਵੱਖ ਮੰਨਦੇ ਹਨ।

ਵਿਆਹੁਤਾ ਜਾਂ ਕੁਆਰਾ? ਸਿੰਗਲ ਜਾਂ ਕਮਿਟਿਡ?

ਜੇ ਤੁਸੀਂ ਇਨ੍ਹਾਂ ਦੋਹਾਂ ਸਵਾਲਾਂ ਦੇ ਜਵਾਬ ਵਿੱਚ ਇਹ ਕਹਿੰਦੇ ਹੋ ਕਿ ਤੁਸੀਂ ਨਾ ਤਾਂ ਵਿਆਹੁਤਾ ਹੋ ਅਤੇ ਨਾ ਹੀ ਕਮਿਟਿਡ ਤਾਂ ਕਈ ਲੋਕਾਂ ਦਾ ਹੈਰਾਨ ਹੋਣਾ ਆਮ ਗੱਲ ਹੈ।

हिज़ च्वायस, #HisChoice

ਇਸ ਗੱਲ ਦੀ ਵੱਧ ਸੰਭਾਨਾਵਾਂ ਹਨ ਕਿ ਤੁਹਾਨੂੰ ਵੱਖ ਜਾਂ ਅਜੀਬ ਪ੍ਰਾਣੀ ਵਜੋਂ ਦੇਖਿਆ ਜਾਵੇ ਅਤੇ ਤੁਹਾਡੇ ਵੱਲ ਲੋਕ ਤਰਸ ਨਾਲ ਵੇਖਣ।

ਕੰਮ ਦੇ ਸਿਲਸਿਲੇ ਵਿੱਚ ਇੱਕ ਮਹਾਂਨਗਰ ਤੋਂ ਦੂਜੇ ਮਹਾਂਨਗਰ ਆ ਗਿਆ। ਮੈਂ ਇੱਕ ਅਜਿਹੇ ਮਾਹੌਲ ਵਿੱਚ ਕੰਮ ਕਰਦਾ ਹਾਂ ਜਿੱਥੇ ਵੱਖ-ਵੱਖ ਥਾਂਵਾਂ ਤੋਂ ਆ ਕੇ ਲੋਕ ਕੰਮ ਕਰ ਰਹੇ ਹਨ।

ਮੈਂ ਸ਼ਹਿਰ ਦੇ ਉਸ ਇਲਾਕੇ ਵਿੱਚ ਰਹਿੰਦਾ ਹਾਂ ਜਿੱਥੇ ਹਰ ਕੋਈ ਆਧੁਨਿਕ ਹੈ ਅਤੇ ਆਪਣੇ ਕੰਮ ਨਾਲ ਕੰਮ ਰੱਖਦਾ ਹੈ।

ਗੁਆਂਢੀਆਂ ਕੋਲ ਮੈਨੂੰ ਗੱਲ ਕਰਨ ਅਤੇ ਮੈਨੂੰ ਜਾਨਣ ਦਾ ਘੱਟ ਹੀ ਵਕਤ ਹੈ। ਜਿਸ ਜਿਮ ਵਿੱਚ ਮੈਂ ਜਾਂਦਾ ਹਾਂ ਅਤੇ ਜਿਸ ਚਾਹ ਦੀ ਦੁਕਾਨ ਤੇ ਮੈਂ ਰੋਜ਼ ਚਾਹ ਪੀਂਦਾ ਹਾਂ ਉਹ ਸਾਰੇ ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਉਨ੍ਹਾਂ ਨਾਲ ਆਮ ਗੱਲਬਾਤ ਹੀ ਹੁੰਦੀ ਹੈ।

ਪਰ ਜਿਵੇਂ ਹੀ ਉਨ੍ਹਾਂ ਨੂੰ ਮੇਰੇ ਸਿੰਗਲ ਹੋਣ ਦਾ ਪਤਾ ਲੱਗਦਾ ਹੈ ਤਾਂ ਉਨ੍ਹਾਂ ਵਿਚਲਾ ਜਾਣਕਾਰੀ ਹਾਸਿਲ ਕਰਨ ਵਾਲਾ ਭੁੱਖਾ ਵਿਅਕਤੀ ਜਾਗ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਸਾਲ ਕਦੋਂ ਖ਼ਤਮ ਹੋਵੇਗਾ?

ਕੀ ਤੁਸੀਂ ਅਜੇ ਵੀ ਸਿੰਗਲ ਹੋ? ਪੁੱਛਣ ਵਾਲੇ ਦੀਆਂ ਅੱਖਾਂ ਚਮਕ ਜਾਂਦੀਆਂ ਹਨ। ਅਜਿਹਾ ਲੱਗਦਾ ਹੈ ਕਿ ਤੁਸੀਂ ਅਜੇ ਵੀ ਕਿਸੇ ਪਲੇਸਕੂਲ ਵਿੱਚ ਹੀ ਹੋ।

ਅਜਿਹੇ ਮੌਕਿਆਂ ਤੇ ਮੇਰੇ ਕੁਝ ਦੋਸਤ ਹੀ ਅੱਗੇ ਵੱਧ ਕੇ ਮੇਰੇ ਬਾਰੇ ਦੱਸਦੇ ਹਨ, ਇਸ ਸਾਲ ਦੇ ਆਖਿਰ ਤੱਕ ਇਹ ਵਿਆਹ ਕਰ ਲਵੇਗਾ।

ਇਨ੍ਹਾਂ ਦੋਸਤਾਂ ਨੂੰ ਲੱਗਦਾ ਹੈ ਕਿ ਅਜਿਹਾ ਬੋਲ ਕੇ ਉਹ ਮੈਨੂੰ ਅਪਮਾਨ ਤੋਂ ਬਚਾ ਲੈਣਗੇ। ਮੇਰੀ ਇੱਛਾ ਹੁੰਦੀ ਹੈ ਕਿ ਮੈਂ ਕਹਾਂ, ਬਈ, ਸੁਣੋ ਮੈਨੂੰ ਆਪਣੀ ਪਛਾਣ ਨਾਲ ਕੋਈ ਸ਼ਰਮ ਨਹੀਂ ਹੈ ਤੇ ਜਿਸ ਸਾਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਕਦੇ ਨਹੀਂ ਆਵੇਗਾ।

ਫਿਰ ਕਰੀਬੀ ਲੋਕ ਹੀ ਮੇਰਾ ਨਾਂ ਕੁੜੀਆਂ ਦੇ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਹਨ, ਬਿਨਾਂ ਇਹ ਸੋਚੇ ਕਿ ਸਾਡੀ ਉਮਰ ਵਿੱਚ ਕਿੰਨਾ ਫਰਕ ਹੈ, ਸਾਡੇ ਅਹੁਦੇ ਵਿੱਚ ਕਿੰਨਾ ਫਰਕ ਹੈ। ਇਸੇ ਤਰ੍ਹਾਂ ਦੀਆਂ ਅਫਵਾਹਾਂ ਹਰ ਪਾਸੇ ਫੈਲਦੀਆਂ ਰਹਿੰਦੀਆਂ ਹਨ।

-----------------------------------------------------------------------------------------------------------------------------

ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਦੀ ਖ਼ਾਸ ਲੜੀ ਹੈ

ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦਾਂ ਦੇ ਵਿਚਾਰ ਅਤੇ ਉਨ੍ਹਾਂ ਸਾਹਮਣੇ ਮੌਜੂਦ ਵਿਕਲਪ, ਉਨ੍ਹਾਂ ਦੀਆਂ ਇੱਛਾਵਾਂ ਅਤੇ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।

-----------------------------------------------------------------------------------------------------------------------------

ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਇਸ ਵਤੀਰੇ ਕਾਰਨ ਉਨ੍ਹਾਂ ਨਾਲ ਮੇਰਾ ਸਬੰਧ ਖ਼ਤਮ ਹੋ ਰਿਹਾ ਹੈ। ਸੱਚ ਦੱਸਾਂ ਤਾਂ ਦੁਨੀਆਂ ਵਿੱਚ ਚੰਗੇ ਦੋਸਤਾਂ ਦਾ ਮਿਲਣਾ ਉੰਝ ਵੀ ਕਾਫੀ ਮੁਸ਼ਕਿਲ ਹੈ।

ਕੁਝ ਲੋਕਾਂ ਦੀ ਇਹ ਜਾਨਣ ਵਿੱਚ ਦਿਲਚਸਪੀ ਹੈ ਕਿ ਮੈਂ ਵਰਜਿਨ ਹਾਂ ਜਾਂ ਨਹੀਂ?

ਮੈਨੂੰ ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਮੈਂ ਸੈਕਸੁਐਲੀ ਐਕਟਿਵ ਹਾਂ ਜਾਂ ਨਹੀਂ। ਕੁਝ ਲੋਕ ਤਾਂ ਮੈਨੂੰ ਸਿੱਧਾ ਪੁੱਛ ਲੈਂਦੇ ਹਨ ਕਿ ਮੇਰੀ ਹੈਲਥ ਠੀਕ ਵੀ ਹੈ ਜਾਂ ਨਹੀਂ।

ਇੱਕ ਨੂੰ ਤਾਂ ਇਹ ਜਾਨਣ ਵਿੱਚ ਬਹੁਤ ਦਿਲਚਸਪੀ ਹੈ ਕਿ, ਕੀ ਮੇਰੀ ਦਿਲਚਸਪੀ ਮਰਦਾਂ ਵਿੱਚ ਹੈ।

ਮਰਦ

ਮੈਂ ਕਹਿੰਦਾ ਹਾਂ ਕਿ ਮੇਰੇ ਦੋਸਤੋ, ਹੁਣ ਸਮਝਦਾਰ ਹੋ ਜਾਓ, ਜੇ ਅਜਿਹਾ ਹੁੰਦਾ ਤਾਂ ਮੈਂ ਕਿਸੇ ਮਰਦ ਨਾਲ ਰਹਿ ਰਿਹਾ ਹੁੰਦਾ।

ਜੇ ਮੈਂ ਅਜਿਹੇ ਸਵਾਲਾਂ ਦੇ ਜਵਾਬ ਗੁੱਸੇ ਵਿੱਚ ਦਿੰਦਾ ਹਾਂ ਤਾਂ ਫੌਰਨ ਮੇਰੇ ਤੇ ਦੋਸਤਾਨਾ ਨਾ ਹੋਣ ਦਾ ਲੇਬਲ ਚਿਪਕਾ ਦਿੱਤਾ ਜਾਂਦਾ ਹੈ ਇਸ ਲਈ ਮੈਂ ਖਾਮੋਸ਼ ਹੋ ਜਾਂਦਾ ਹਾਂ।

ਕੌਣ ਕਹਿੰਦਾ ਹੈ ਕਿ ਸਮਾਜ ਮੇਰੇ ਮਾਮਲੇ ਵਿੱਚ ਜ਼ਬਰਦਸਤੀ ਆਪਣੀ ਦਖਲਅੰਦਾਜ਼ੀ ਕਰ ਰਿਹਾ ਹੈ?

ਉਹ ਤਾਂ ਬਸ ਮੇਰੇ ਲਈ ਫਿਕਰਮੰਦ ਹੈ ਅਤੇ ਮੈਨੂੰ ਉਨ੍ਹਾਂ ਨਾਲ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਹੈ।

ਸਿੱਧਾ ਇਹ ਪੁੱਛਣ ਦੀ ਬਜਾਇ ਕਿ ਮੈਂ ਕੁਆਰਾ ਹਾਂ ਜਾਂ ਨਹੀਂ ਕੁਝ ਲੋਕ ਇੰਝ ਸਵਾਲ ਕਰਦੇ ਹਨ, ਘਰ ਵਸਾ ਲਿਆ ਜਾਂ ਨਹੀਂ?

ਮੈਂ ਇਸ ਸਵਾਲ ਦੇ ਜਵਾਬ ਨੂੰ ਕੁਝ ਮਜ਼ੇਦਾਰ ਬਣਾਉਂਦੇ ਹੋਏ ਕਹਿੰਦਾ ਹਾਂ, ਮੈਂ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹਾਂ। ਚੰਗਾ ਕਮਾ ਰਿਹਾ ਹਾਂ, ਮੇਰੇ ਤੇ ਕੋਈ ਕਰਜ਼ ਨਹੀਂ ਹੈ ਅਤੇ ਮੇਰੀ ਸਿਹਤ ਵੀ ਬਿਲਕੁੱਲ ਠੀਕ ਹੈ।

ਫਿਰ ਹੁੰਦਾ ਹੈ ਉਹੀ ਸਵਾਲ, ਤੁਸੀਂ ਵਿਆਹ ਕੀਤਾ ਜਾਂ ਨਹੀਂ? ਮੈਨੂੰ ਲੱਗਦਾ ਹੈ ਕਿ ਮੇਰੇ ਵਰਗਾ ਵਿਅਕਤੀ ਲਾਈਫ ਵਿੱਚ ਸੈਟਲ ਨਹੀਂ ਹੋਇਆ ਹੈ, ਉਸ ਦੇ ਲਈ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲਾ ਸਵਾਲ ਇਹੀ ਹੈ।

ਸਿੰਗਲ ਹੋਣ ਦੇ ਫਾਇਦੇ

ਸਿੰਗਲ ਹੋਣ ਕਾਰਨ ਮੈਨੂੰ ਬਹੁਤ ਸਾਰੀਆਂ 'ਸੁਵਿਧਾਵਾਂ' ਅਤੇ 'ਲਾਭ' ਵੀ ਮਿਲਿਆ ਹੈ। ਇਹ ਸਮਾਜ ਦਾ ਇੱਕ ਵਰਗ ਸਾਨੂੰ ਦਿੰਦਾ ਹੈ।

ਮੇਰੇ ਇੱਕ ਸਾਬਕਾ ਬੌਸ ਕਹਿੰਦੇ ਸਨ, "ਤੁਸੀਂ ਸਿੰਗਲ ਹੋ, ਛੁੱਟੀ ਵਾਲੇ ਦਿਨ ਦਫ਼ਤਰ ਆ ਸਕਦੇ ਹੋ, ਦੇਰ ਤੱਕ ਕੰਮ ਕਰਨਾ ਤੁਹਾਡੇ ਲਈ ਕੋਈ ਸਮੱਸਿਆ ਨਹੀਂ ਹੋਵੇਗੀ।"

ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਸੀ ਕਿ ਬੌਸ, ਮੇਰੇ ਵੀ ਆਪਣੇ ਕੁਝ ਕੰਮ ਹੁੰਦੇ ਹਨ ਪਰ ਮੈਂ ਕਦੇ ਇਹ ਕਿਹਾ ਨਹੀਂ।

ਮੇਰੇ ਘਰ ਦੇ ਮਾਲਿਕ ਨੇ ਇੱਕ ਵਾਰ ਕਿਹਾ, "ਤੁਸੀਂ ਇਕੱਲੇ ਹੋ ਸਭ ਤੋਂ ਉਪਰ ਵਾਲੀ ਮੰਜ਼ਿਲ 'ਤੇ ਰਹੋ, ਉੱਥੇ ਕੱਪੜੇ ਸੁਕਾਉਣ ਵਿੱਚ ਮਦਦ ਮਿਲੇਗੀ। ਵਿਚਲੀ ਮੰਜ਼ਿਲ ਵਿੱਚ ਫੈਮਿਲੀ ਰਹਿ ਸਕਦੀ ਹੈ।"

ਮੈਂ ਵੀ ਦੂਜਿਆਂ ਵਾਂਗ ਬਰਾਬਰ ਕਿਰਾਇਆ ਦੇ ਰਿਹਾ ਹਾਂ ਫੇਰ ਮੈਂ ਸਭ ਤੋਂ ਉਪਰ ਕਿਊਂ ਰਹਾਂ?

ਔਰਤ

ਤਸਵੀਰ ਸਰੋਤ, Zeb McGann

ਮੇਰੇ ਇੱਕ ਦੋਸਤ ਨੇ ਆਪਣੀ ਗ੍ਰਹਿ ਪ੍ਰਵੇਸ਼ ਦੀ ਪਾਰਟੀ ਵਿੱਚ ਸੱਦਾ ਦਿੰਦਿਆਂ ਕਿਹਾ, "ਤੁਸੀਂ ਸਿਗੰਲ ਹੋ, ਕੀ ਤੁਹਾਨੂੰ ਵੀ ਸੱਦੇ ਦੀ ਲੋੜ ਹੈ? ਇਸ ਵਟਸਐਪ ਸੰਦੇਸ਼ ਨੂੰ ਸੱਦਾ ਸਮਝ ਲਉ।"

ਇਸ ਦਾ ਮਤਲਬ ਸੱਦੇ ਦੇ ਕਾਰਡ ਲਈ ਵੀ ਵਿਆਹਿਆ ਹੋਣਾ ਜ਼ਰੂਰੀ ਹੈ? ਮੇਰੇ ਲਈ ਤਾਂ ਇਹ ਇਹ ਗੱਲ ਖ਼ਬਰ ਵਰਗੀ ਹੀ ਹੈ।

ਲੋੜ ਪੈਣ 'ਤੇ ਮੈਨੂੰ ਦੇਰ ਤੱਕ ਕੰਮ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਘਰੇਲੂ ਮਾਮਲਿਆਂ ਵਿੱਚ ਮੈਂ ਕੁਝ ਚੀਜ਼ਾਂ ਨੂੰ ਲੈ ਕੇ ਨਾਲ ਰਹਿਣ ਵਾਲਿਆਂ ਲਈ ਸਮਝੌਤਾ ਵੀ ਕਰ ਸਕਦਾ ਹਾਂ ਅਤੇ ਹਾਂ, ਮੈਂ ਰੁੱਖ ਬਚਾਓ ਮੁਹਿੰਮ ਦਾ ਸਮਰਥਕ ਵੀ ਹਾਂ। ਮੈਂ ਕਿਸੇ ਕਾਰਡ ਦਾ ਇੰਤਜ਼ਾਰ ਨਹੀਂ ਕਰ ਰਿਹਾ ਹਾਂ।

ਤਾਂ ਸਿੰਗਲ ਹੋਣਾ ਅਪਰਾਧ ਹੈ

ਵਿਆਹ ਕਰ ਰਿਹਾ ਹਾਂ ਜਾਂ ਨਹੀਂ ਕਰ ਰਿਹਾ ਜਾਂ ਦੇਰ ਨਾਲ ਕਰ ਰਿਹਾ ਹਾਂ, ਇਹ ਮੇਰੀ ਪਸੰਦ ਦਾ ਮਾਮਲਾ ਹੋ ਸਕਦਾ ਹੈ। ਗੱਲ ਕੁਝ ਵੀ ਹੋਵੇ, ਸਮਾਜ ਨੂੰ ਮੇਰੀ ਬਹੁਤ ਚਿੰਤਾ ਹੈ।

ਮੈਨੂੰ ਬੇਸ਼ੱਕ ਕਿਸੇ ਸਲਾਹ ਦੀ ਲੋੜ ਨਾ ਹੋਵੇ ਪਰ ਸਮਾਜ ਦੇ ਕੋਲ ਮੇਰੇ ਲਈ ਇਸ ਦੀ ਭਰਮਾਰ ਹੈ।

ਮੁਫ਼ਤ ਨੁਸਖ਼ੇ, ਸਲਾਹ ਜੇਕਰ ਮੈਂ ਇਕੱਲਾ ਹੀ ਰਿਹਾ ਤਾਂ 10-20 ਸਾਲ ਬਾਅਦ ਕੀ ਹੋਵੇਗਾ, ਇਸ ਦੀਆਂ ਭਵਿੱਖਬਾਣੀਆਂ ਤੇ ਪਤੀ ਨਹੀਂ ਕੀ-ਕੀ।

ਇੱਕ ਸਾਥੀ ਨੇ ਮੈਨੂੰ ਕਿਹਾ ਕਿ ਮੈਂ ਅਜਿਹੇ ਲੋਕਾਂ ਨਾਲ ਜੁੜਾਂ ਜੋ ਮੇਰੇ ਵਰਗੇ ਹਾਲਾਤ ਵਿੱਚ ਹਨ। ਮੈਂ ਪੁੱਛਿਆ, ਅਰਥਿਕ ਜਾਂ ਭੂਗੌਲਿਕ ਹਾਲਾਤ 'ਚ।

"ਨਹੀਂ ਉਹ ਲੋਕ ਜਿਨ੍ਹਾਂ ਨੇ ਸਹੀ ਵੇਲੇ ਵਿਆਹ ਨਹੀਂ ਕਰਵਾਇਆ। ਤੁਸੀਂ ਜਾਣਦੇ ਹੋ, ਤੁਸੀਂ ਇੱਕ ਦੂਜੇ ਨੂੰ ਸਮਝ ਸਕਦੇ ਹੋ ਅਤੇ ਬਾਕੀ ਜੀਵਨ ਵਧੀਆ ਢੰਗ ਨਾਲ ਬਿਤਾ ਸਕਦੇ ਹੋ।"

ਮੈਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਮੈਂ ਵਿਆਹ ਕਰਨ ਦਾ ਸਮਾਂ ਗੁਆ ਦਿੱਤਾ ਹੈ ਅਤੇ ਨਾ ਹੀ ਕਦੇ ਮੈਂ ਕਿਸੇ ਨੂੰ ਇਹ ਕਿਹਾ ਕਿ ਮੈਂ ਜੀਵਨਸਾਥੀ ਦੀ ਭਾਲ ਕਰ ਰਿਹਾ ਹਾਂ।

ਪਹਿਲਾਂ ਮੈਂ ਆਪਣੇ ਦੋਸਤਾਂ, ਰਿਸ਼ਤੇਦਾਰਾਂ ਦੇ ਵਿਆਹਾਂ 'ਚ ਅਤੇ ਹੋਰਨਾਂ ਪਰਿਵਾਰਕ ਸਮਾਗਮਾਂ 'ਚ ਜਾਂਦੀ ਸੀ।

ਵਿਆਹ ਦੇ ਸੱਦੇ ਦਾ ਕਾਰਡ ਮੇਰੇ ਸਨਮਾਨ ਕਰਨਾ ਮੇਰੀ ਪ੍ਰਾਥਮਿਕਤਾ ਹੁੰਦਾ ਸੀ ਪਰ ਹੁਣ ਮੈਂ ਆਪਣੇ ਆਪ ਨੂੰ ਬਦਲਣ ਲਈ ਮਜਬੂਰ ਹੋ ਗਿਆ ਹੈ।

ਕਿਉਂਕਿ ਅਜਿਹੇ ਮੌਕੇ 'ਤੇ ਮੈਨੂੰ ਕੁਝ ਜ਼ਿਆਦਾ ਹੀ ਸਵਾਲ ਕੀਤੇ ਜਾਂਦੇ ਹਨ।

"ਇੰਨੇ ਦਿਨਾਂ ਬਾਅਦ ਤੁਹਾਨੂੰ ਦੇਖ ਕਰ ਖੁਸ਼ੀ ਹੋਈ। ਪੰਜ ਸਾਲ ਹੋ ਗਏ, ਹੈ ਨਾ? ਤੁਹਾਡੀ ਪਤਨੀ ਕਿੱਥੇ ਹੈ?"

ਫੇਰ ਮੇਰੇ ਆਸੇ-ਪਾਸੇ ਦੇਖਣ ਲੱਗਦੇ ਹਨ ਅਤੇ ਮੈਨੂੰ ਇਕੱਲੇ ਦੇਖਣ ਤੋਂ ਬਾਅਦ ਮੁੜ ਉਹ ਸਵਾਲ, "ਓਹ ਅਜੇ ਤੱਕ ਸਿੰਗਲ ਹੀ ਹੋ?"

ਮੈਨੂੰ ਲਗਦਾ ਹੈ ਕਿ ਹੁਣ ਮੇਰੇ ਲਈ ਸਮਾਂ ਆ ਗਿਆ ਹੈ ਇਸ 'ਤੇ ਰੋਕ ਲਗਾ ਦਿੱਤੀ ਜਾਵੇ ਅਤੇ ਬਹੁਤ ਸੋਚ ਸਮਝ ਕੇ ਹੀ ਲੋਕਾਂ ਨਾਲ ਗੱਲ ਕਰਾਂ ਅਤੇ ਸਮਾਗਮਾਂ ਵਿੱਚ ਜਾਵਾਂ।

ਹੁਣ ਜਦੋਂ ਮੈਂ ਛੁੱਟੀਆਂ ਤੋਂ ਬਾਅਦ ਆਪਣੇ ਘਰੋਂ ਵਾਪਸ ਦਫ਼ਤਰ ਆਉਂਦਾ ਹਾਂ ਤਾਂ ਮੈਂ ਜਾਣ ਬੁੱਝ ਕੇ ਖਾਲੀ ਹੱਥ ਆਉਂਦਾ ਹਾਂ।

ਆਪਣੇ ਸ਼ਹਿਰ ਦੀ ਮਸ਼ਹੂਰ ਮਿਠਾਈ ਨਹੀਂ ਲਿਆਉਂਦਾ ਕਿਉਂਕਿ ਮੈਂ ਉਸੇ ਸਵਾਲ ਤੋਂ ਬਚਣਾ ਚਾਹੁੰਦਾ ਹਾਂ, "ਕੋਈ ਖ਼ਾਸ ਖ਼ਬਰ ਹੈ?"

Women

ਤਸਵੀਰ ਸਰੋਤ, STRDEL/AFP/GettyImages

ਤਸਵੀਰ ਕੈਪਸ਼ਨ, ਮੈਨੂੰ ਬੇਸ਼ੱਕ ਕਿਸੇ ਸਲਾਹ ਦੀ ਲੋੜ ਨਾ ਹੋਵੇ ਪਰ ਸਮਾਜ ਦੇ ਕੋਲ ਮੇਰੇ ਲਈ ਇਸ ਦੀ ਭਰਮਾਰ ਹੈ।

ਆਮਤੌਰ 'ਤੇ ਇਸ ਖ਼ਾਸ ਖ਼ਬਰ ਦਾ ਮਤਲਬ ਹੁੰਦਾ ਹੈ, ਵਿਆਹ ਹੋ ਜਾਣਾ ਜਾਂ ਘਰ 'ਚ ਬੱਚਾ ਹੋਣਾ।

ਅਜੇ ਤੱਕ ਵਿਆਹ ਨਹੀਂ ਕੀਤਾ?

ਮੈਂ ਸਕੂਲ ਦੇ ਦਿਨਾਂ 'ਚ ਕ੍ਰਿਕਟ ਦੀ ਬਜਾਇ ਹਾਕੀ ਨੂੰ ਪਸੰਦ ਕਰਦਾ ਸੀ। ਇਸ 'ਤੇ ਕਦੇ ਸਵਾਲ ਨਹੀਂ ਚੁੱਕੇ ਗਏ।

ਜਦੋਂ ਸਾਰੇ ਲੋਕ ਟ੍ਰੇਂਡੀ ਨਵੀਂ ਮੋਟਰਸਾਈਕਲ ਖਰੀਦ ਰਹੇ ਸਨ, ਮੈਂ ਪੁਰਾਣੇ ਦੌਰ ਦੀ ਬਾਈਕ ਪਸੰਦ ਕਰ ਰਿਹਾ ਸੀ।

ਮੇਰੇ ਰੰਗ 'ਤੇ ਫਿੱਕੇ ਰੰਗ ਦੇ ਕੱਪੜੇ ਚੰਗੇ ਲਗਦੇ ਹਨ ਪਰ ਮੈਨੂੰ ਗੂੜੇ ਰੰਗ ਪਾਉਣਾ ਪਸੰਦ ਹੈ।

ਮੈਂ ਕਿਸੇ ਹੋਰ ਖੇਤਰ 'ਚ ਪੜ੍ਹਾਈ ਕੀਤੀ ਅਤੇ ਕਿਸੇ ਵੱਖਰੇ ਖੇਤਰ ਵਿੱਚ ਕੰਮ ਕਰ ਰਿਹਾ ਹਾਂ।

ਮੈਂ ਉਨ੍ਹਾਂ ਸਾਰੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਮੇਰੀ ਪ੍ਰਾਥਮਿਕਤਾਵਾਂ ਨੂੰ ਸਮਝਿਆ ਅਤੇ ਮੈਨੂੰ ਪ੍ਰੇਰਿਤ ਕੀਤਾ।

ਮੇਰੇ ਦੋਸਤਾਂ ਅਤੇ ਸਮਾਜ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਅਤੇ ਮੈਂ ਜੀਵਨ 'ਚ ਅੱਗੇ ਵਧ ਸਕਿਆ।

ਪਰ ਜਦੋਂ ਮੇਰੇ ਸਿੰਗਲ ਰਹਿਣ ਦੇ ਸੋਚੇ ਸਮਝੇ ਫ਼ੈਸਲੇ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਉਹ ਉਤਸ਼ਾਹ ਨਹੀਂ ਮਿਲਦਾ।

ਇਹ ਵੀ ਪੜ੍ਹੋ:

ਮੈਂ ਵਿਆਹ ਕਰ ਵੀ ਸਕਦਾ ਹਾਂ ਅਤੇ ਨਹੀਂ ਵੀ ਪਰ ਮੈਨੂੰ ਅਜੇ ਤੱਕ ਜੀਵਨਸਾਥੀ ਨਹੀਂ ਮਿਲਿਆ ਹੈ।

ਮੈਂ ਇਸ਼ਕ 'ਚ ਆਪਣੀ ਨਾਕਾਮੀ ਤੋਂ ਅੱਗੇ ਵਧ ਚੁਕਿਆ ਹਾਂ। ਪਰ ਜ਼ਿੰਦਗੀ 'ਚ ਅੱਗੇ ਵਧਣਾ ਇੱਕ ਵੱਖਰਾ ਹੀ ਸਵਾਲ ਹੈ।

ਮੈਂ ਹੁਣ ਉਹ ਫੈਸਲਾ ਲੈਣ ਦੀ ਹਾਲਤ ਵਿੱਚ ਨਹੀਂ ਆ ਸਕਿਆ ਹਾਂ।

ਫਿਲਹਾਲ ਤਾਂ ਮੈਂ ਸਿੰਗਲ ਹੀ ਹਾਂ। ਅੱਜ ਦਾ ਸੱਚ ਇਹੀ ਹੈ, ਕੱਲ੍ਹ ਦੀ ਗੱਲ ਕੁਝ ਹੋਰ ਹੋ ਸਕਦੀ ਹੈ।

ਕੀ ਮੈਨੂੰ ਫੇਰ ਤੋਂ ਇਸ਼ਕ ਹੋਵੇਗਾ? ਹੋ ਸਕਦਾ ਹੈ, ਜਦੋਂ ਹੋਵੇਗਾ ਉਦੋਂ ਉਹ ਵੀ ਦੇਖਿਆ ਜਾਵੇਗਾ।

(ਕਹਾਣੀ ਦੇ ਇਲਸਟ੍ਰੇਸ਼ਨ ਬਣਾਏ ਹਨ ਪੁਨੀਤ ਬਰਨਾਲਾ ਨੇ)

(ਇਹ ਕਹਾਣੀ ਇੱਕ ਮਰਦ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਨਾਲ ਬੀਬੀਸੀ ਪੱਤਰਕਾਰ ਸ਼ਿਵ ਕੁਮਾਰ ਉਲਗਾਨਾਥਨ ਨੇ ਗੱਲਬਾਤ ਕੀਤੀ। ਉਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਇਸ ਸਿਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹੈ।)

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)