ਪੰਜਾਬ ਦੇ ਜੌੜੇ ਸਿੱਧੂ ਭਰਾਵਾਂ ਨੇ ਉਧਾਰੀ ਪਿਸਟਲ ਨਾਲ ਜਿੱਤੀ ਵਿਸ਼ਵ ਚੈਂਪੀਅਨਸ਼ਿਪ

"ਸਾਡੇ ਕੋਲ ਆਪਣੀ ਪਿਸਟਲ ਨਹੀਂ ਸੀ, ਮੁਕਾਬਲੇ ਦੌਰਾਨ ਆਪਣੇ ਦੋਸਤ ਦੀ ਪਿਸਟਲ ਉਧਾਰ ਮੰਗੀ ਤੇ ਨਿਸ਼ਾਨਾ ਲਗਾਇਆ ਅਤੇ ਦੇਸ ਲਈ ਗੋਲਡ ਮੈਡਲ ਜਿੱਤਿਆ।" ਇਹ ਕਹਿਣਾ ਹੈ ਵਿਸ਼ਵ ਜੂਨੀਅਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ 25 ਮੀਟਰ ਪਿਸਟਲ ਮੁਕਾਬਲੇ 'ਚ ਗੋਲਡ ਮੈਡਲ ਜਿੱਤਣ ਵਾਲੇ ਉਦੇਵੀਰ ਸਿੱਧੂ ਦਾ।
ਉਦੇਵੀਰ ਸਿੱਧੂ ਅਤੇ ਵਿਜੇਵੀਰ ਸਿੱਧੂ ਦੋਵੇਂ ਜੁੜਵਾ ਭਰਾ ਹਨ ਅਤੇ ਇਹਨਾਂ ਨੇ ਦੱਖਣੀ ਕੋਰੀਆ ਵਿਚ ਹੋਏ ਵਿਸ਼ਵ ਜੂਨੀਅਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ 25 ਮੀਟਰ ਪਿਸਟਲ ਮੁਕਾਬਲੇ 'ਚ ਦੇਸ ਲਈ ਸੋਨ ਤਮਗ਼ਾ ਜਿੱਤਿਆ ਹੈ।
ਇਹ ਚੈਂਪੀਅਨਸ਼ਿਪ ਚਾਰ ਸਾਲ ਬਾਅਦ ਹੁੰਦੀ ਹੈ ਅਤੇ ਇਸ ਵਿਚ ਦੁਨੀਆਂ ਦੇ ਸ਼ੂਟਰ ਹਿੱਸਾ ਲੈਂਦੇ ਹਨ।
ਬੀਬੀਸੀ ਪੰਜਾਬੀ ਦੀ ਟੀਮ ਜਦੋਂ ਉਦੇਵੀਰ ਸਿੱਧੂ ਅਤੇ ਵਿਜੇਵੀਰ ਸਿੱਧੂ ਨੂੰ ਮਿਲਣ ਚੰਡੀਗੜ੍ਹ ਦੇ ਸੈਕਟਰ 51 ਵਿਚ ਉਹਨਾਂ ਦੇ ਘਰ ਪਹੁੰਚੀ ਤਾਂ ਉਦੇਵੀਰ ਆਪਣੀ ਸ਼ੂਟਿੰਗ ਵਾਲੀ ਕਿਟ ਸਾਊਥ ਕੋਰੀਆ ਤੋਂ ਲਿਆਂਦੇ ਸਟਿੱਕਰਾਂ ਰਾਹੀ ਸ਼ਿੰਗਾਰ ਰਿਹਾ ਸੀ।
ਇਹ ਵੀ ਪੜ੍ਹੋ:
ਛੋਟੇ ਭਰਾ ਵਿਜੇਵੀਰ ਦੀ ਖ਼ੁਸ਼ੀ ਇਸ ਸਮੇਂ ਜ਼ਿਆਦਾ ਹੈ, ਇੱਕ ਤਾਂ ਉਸ ਨੇ ਸੋਨਾ ਤਮਗ਼ਾ ਜਿੱਤਿਆ ਹੈ ਦੂਜਾ ਹੁਣ ਉਸ ਨੂੰ ਆਪਣੀ ਪਿਸਟਲ ਵੀ ਮਿਲ ਗਈ ਹੈ ਜੋ ਉਸ ਨੇ ਵਿਦੇਸ ਤੋਂ ਮੰਗਵਾਈ ਸੀ।

ਪਰ ਇਹ ਗੋਲਡ ਮੈਡਲ ਉਸ ਨੇ ਕਿਸੇ ਹੋਰ ਦੀ ਪਿਸਟਲ ਨਾਲ ਜਿੱਤਿਆ ਹੈ।
ਜੁੜਵਾਂ ਹੋਣ ਕਾਰਨ ਇਹਨਾਂ ਦੀ ਪਛਾਣ ਕਰਨੀ ਕਾਫੀ ਮੁਸ਼ਕਲ ਹੈ। ਅਕਸਰ ਦੋਵਾਂ ਦੀ ਸ਼ਕਲ ਨੂੰ ਲੈ ਕੇ ਭੁਲੇਖਾ ਪੈ ਜਾਂਦਾ ਹੈ।
ਪਿਸਟਲ ਨਾ ਹੋਣ ਦਾ ਕਾਰਨ
ਗੱਲਬਾਤ ਦੌਰਾਨ ਉਦੇਵੀਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਪਿਸਟਲ ਨਹੀਂ ਹੈ। ਕਾਰਨ ਪੁੱਛੇ ਜਾਣ ਉਸ ਦਾ ਜਵਾਬ ਸੀ "ਅਜੇ ਤੱਕ ਲਾਇਸੰਸ ਤਿਆਰ ਨਹੀਂ ਹੋਇਆ"।
ਉਦੇਵੀਰ ਸਿੱਧੂ ਨੇ ਦੱਸਿਆ ਕਿ ਉਸ ਨੇ ਕਾਫ਼ੀ ਸਮਾਂ ਪਹਿਲਾਂ ਚੰਡੀਗੜ੍ਹ ਵਿਚ ਪਿਸਟਲ ਲਈ ਲਾਇਸੰਸ ਅਪਲਾਈ ਕੀਤਾ ਸੀ ਜੋ ਅਜੇ ਤੱਕ ਨਹੀਂ ਸਰਕਾਰੀ ਫਾਈਲਾਂ ਵਿਚ ਉਲਝਿਆ ਹੋਇਆ ਹੈ।
ਉਦੇਵੀਰ ਨੇ ਇਸ ਗੱਲ ਉੱਤੇ ਗਿਲਾ ਵੀ ਪ੍ਰਗਟਾਇਆ ਕਿ ਪਿਸਟਲ ਦੇ ਲਾਇਸੰਸ ਲਈ ਉਸ ਨੂੰ ਅਜੇ ਵੀ ਬਹੁਤ ਸਾਰਾ ਸਮਾਂ ਸਰਕਾਰੀ ਦਫ਼ਤਰਾਂ ਵਿਚ ਖ਼ਰਾਬ ਕਰਨਾ ਪੈ ਰਿਹਾ ਹੈ।

ਟੂਰਨਾਮੈਂਟ ਦੌਰਾਨ ਉਸ ਨੇ ਆਪਣੇ ਦੋਸਤ ਸ਼ੂਟਰ ਅਰਜਨ ਚੀਮਾ ਦੀ ਪਿਸਟਲ ਨਾਲ ਨਿਸ਼ਾਨਾ ਲਗਾਇਆ ਅਤੇ ਸੋਨਾ ਤਮਗ਼ਾ ਜਿੱਤਿਆ।
ਹੱਸਦੇ ਹੋਏ ਉਦੇਵੀਰ ਸਿੱਧੂ ਨੇ ਦੱਸਿਆ ਕਿ "ਅਰਜਨ ਦੀ ਪਿਸਟਲ ਉਸ ਲਈ ਲੱਕੀ ਹੈ ਅਤੇ ਇਹ ਸ਼ਾਇਦ ਪਹਿਲੀ ਵਾਰ ਹੈ ਕਿਸੇ ਨੇ ਕੌਮਾਂਤਰੀ ਮੁਕਾਬਲੇ ਵਿਚ ਉਧਾਰੀ ਪਿਸਟਲ ਨਾਲ ਸੋਨ ਤਮਗ਼ਾ ਜਿੱਤਿਆ ਹੋਵੇ।"
ਇਹ ਵੀ ਪੜ੍ਹੋ:
ਸ਼ੂਟਿੰਗ ਹੈ ਪਹਿਲਾ ਪਿਆਰ
ਉਦੇਵੀਰ ਸਿੱਧੂ ਅਤੇ ਵਿਜੇਵੀਰ ਸਿੱਧੂ ਦੀ ਮਾਤਾ ਰਾਣੂ ਸਿੱਧੂ ਜੋ ਕਿ ਪੇਸ਼ੇ ਤੋਂ ਅਧਿਆਪਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਹਰ ਵੇਲੇ ਸ਼ੂਟਿੰਗ ਦੀਆਂ ਹੀ ਗੱਲਾਂ ਕਰਦੇ ਹਨ।
ਦੋਵਾਂ ਦੇ ਘਰ ਦੀਆਂ ਦੀਵਾਰਾਂ ਉੱਤੇ ਪਿਸਟਲ ਅਤੇ ਨਿਸ਼ਾਨ ਲਗਾਉਣ ਸਮੇਂ ਵਰਤੇ ਜਾਂਦੇ ਸਟਿੱਕਰ ਲੱਗੇ ਹੋਏ ਹਨ। ਰਾਣੂ ਸਿੱਧੂ ਨੇ ਦੱਸਿਆ ਕਿ ਕਰੀਬ ਪੰਦਰਾਂ ਦਿਨਾਂ ਬਾਅਦ ਜਦੋਂ ਇਹ ਸਾਊਥ ਕੋਰੀਆ ਤੋਂ ਵਾਪਸ ਆਏ ਤਾਂ ਇਹਨਾਂ ਨੇ ਬਿਨਾਂ ਕਿਸੇ ਨਾਲ ਗੱਲ ਕੀਤੇ ਸਭ ਤੋਂ ਪਹਿਲਾਂ ਉਹ ਪਿਸਟਲ ਵੇਖੀ ਜੋ ਇਹਨਾਂ ਨੇ ਵਿਦੇਸ ਤੋਂ ਹੁਣ ਮੰਗਵਾਈ ਹੈ।

ਉਨ੍ਹਾਂ ਦੱਸਿਆ ਕਿ ਉਦੇਵੀਰ ਅਤੇ ਵਿਜੈਵੀਰ ਦੇ ਮਰਹੂਮ ਪਿਤਾ ਦਾ ਸੁਪਨਾ ਇਹਨਾਂ ਨੂੰ ਚੰਗਾ ਸ਼ੂਟਰ ਬਣਾਉਣ ਦਾ ਸੀ। ਇਸੇ ਸੁਪਨੇ ਨੂੰ ਪੂਰਾ ਕਰਨ ਵਿਚ ਦੋਵੇਂ ਭਰਾ ਮਿਹਨਤ ਕਰ ਰਹੇ ਹਨ।
ਦਾਦੀ ਰੱਖਦੀ ਹੈ ਦੋਵਾਂ ਦਾ ਪੂਰਾ ਖ਼ਿਆਲ
ਵਿਜੇਵੀਰ ਅਤੇ ਉਦੇਵੀਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਇਹਨਾਂ ਦੀ ਦਾਦੀ ਸੁਰਿੰਦਰ ਕੌਰ ਦੀ ਹੈ। ਪੰਜਾਬ ਦੇ ਖ਼ਜ਼ਾਨਾ ਦਫ਼ਤਰ ਵਿਚ ਸੇਵਾ ਮੁਕਤ ਸੁਰਿੰਦਰ ਕੌਰ ਨੇ ਦੱਸਿਆ ਕਿ ਜਿਸ ਸਮੇਂ ਇਹਨਾਂ ਨੇ ਸ਼ੂਟਿੰਗ ਸ਼ੁਰੂ ਕੀਤੀ ਤਾਂ ਉਸ ਸਮੇਂ ਸਭ ਤੋਂ ਵੱਡੀ ਦਿੱਕਤ ਸੀ ਪ੍ਰੈਕਟਿਸ ਦੀ।
ਉਨ੍ਹਾਂ ਮੁਤਾਬਕ ਮਾਨਸਾ ਵਿਚ ਰੇਂਜ ਨਹੀਂ ਸੀ ਇਸ ਲਈ ਉਹ ਹਫ਼ਤੇ ਵਿਚ ਦੋ ਦਿਨ ਕਾਰ ਰਾਹੀਂ ਬਠਿੰਡਾ ਜਾਂਦੇ ਅਤੇ ਉੱਥੇ ਸ਼ੂਟਿੰਗ ਰੇਂਜ ਵਿਚ ਪ੍ਰੈਕਟਿਸ ਕਰਦੇ ਅਤੇ ਫਿਰ ਸ਼ਾਮ ਨੂੰ ਘਰ ਆਉਂਦੇ।

ਇਸ ਤੋਂ ਬਾਅਦ ਜਦੋਂ ਇਹਨਾਂ ਨੇ ਚੰਗੇ ਰਿਜ਼ਲਟ ਦੇਣੇ ਸ਼ੁਰੂ ਕੀਤੇ ਤਾਂ ਫਿਰ ਪਰਿਵਾਰ ਨੇ ਚੰਡੀਗੜ੍ਹ ਸ਼ਿਫਟ ਹੋਣ ਦਾ ਫ਼ੈਸਲਾ ਕੀਤਾ ਕਿਉਂਕਿ ਉੱਥੇ ਕੋਚ ਅਤੇ ਸ਼ੂਟਿੰਗ ਰੇਂਜ ਸਨ।
ਓਲਪਿੰਕ ਵਿਚ ਗੋਲਡ ਜਿੱਤਣ ਦਾ ਸੁਪਨਾ
ਚੰਡੀਗੜ੍ਹ ਦੇ ਸੈਕਟਰ 16 ਦੇ ਮਾਡਲ ਸਕੂਲ ਵਿਚ ਬਾਹਰਵੀਂ ਜਮਾਤ ਵਿਚ ਪੜ੍ਹ ਰਹੇ ਉਦੇਵੀਰ ਸਿੱਧੂ ਅਤੇ ਵਿਜੇਵੀਰ ਸਿੱਧੂ ਨੇ ਦੱਸਿਆ ਕਿ ਸ਼ੂਟਿੰਗ ਬਾਕੀ ਖੇਡਾਂ ਦੇ ਮੁਕਾਬਲੇ ਤਕਨੀਕੀ ਅਤੇ ਮਹਿੰਗੀ ਖੇਡ ਹੈ।
ਦੋਵਾਂ ਦੀ ਮਾਤਾ ਰਾਣੂ ਸਿੱਧੂ ਨੇ ਦੱਸਿਆ ਕਿ ਜਦੋਂ ਓਲਪਿੰਕ ਵਿਚ ਅਭਿਨਵ ਬਿੰਦਰਾ ਨੇ ਸ਼ੂਟਿੰਗ 'ਚ ਗੋਲਡ ਮੈਡਲ ਜਿੱਤਿਆ ਸੀ ਤਾਂ ਇਹ ਦੋਵੇਂ ਉਸ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ ਅਤੇ ਦੋਵਾਂ ਨੇ ਓਲਪਿੰਕ ਵਿਚ ਦੇਸ ਲਈ ਦੋ ਗੋਲਡ ਮੈਡਲ ਜਿੱਤਣ ਦਾ ਸੁਪਨਾ ਸਿਰਜਿਆ ਹੋਇਆ ਹੈ।
ਮਾਤਾ ਰਾਣੂ ਸਿੱਧੂ ਨੇ ਦੱਸਿਆ ਕਿ ਇਸ ਕਰਕੇ ਹੀ ਦੋਵਾਂ ਨੇ ਚੰਡੀਗੜ੍ਹ ਦੇ ਉਸ ਸਕੂਲ ਵਿਚ ਦਾਖ਼ਲਾ ਲੈਣ ਦੀ ਕੋਸ਼ਿਸ਼ ਵੀ ਕੀਤੀ ਸੀ ਜਿੱਥੋਂ ਅਭਿਨਵ ਨੇ ਪੜਾਈ ਕੀਤੀ ਸੀ।

ਸਿੱਧੂ ਭਰਾਵਾਂ ਮੁਤਾਬਕ ਸਾਡੇ ਦੇਸ ਵਿਚ ਹੁਨਰ ਬਹੁਤ ਜ਼ਿਆਦਾ ਹੈ ਪਰ ਸੁਵਿਧਾਵਾਂ ਅਤੇ ਪੈਸੇ ਦੀ ਘਾਟ ਨੌਜਵਾਨਾਂ ਨੂੰ ਖੇਡਾਂ ਵਿਚ ਆਉਣ ਤੋਂ ਰੋਕਦੀ ਹੈ।
ਉਨ੍ਹਾਂ ਦੱਸਿਆ ਕਿ ਸ਼ੂਟਿੰਗ ਲਈ ਵਰਤੀ ਜਾਣ ਵਾਲੀ ਇੱਕ ਪਿਸਟਲ ਦੀ ਕੀਮਤ ਕਰੀਬ ਡੇਢ ਲੱਖ ਦੇ ਹੈ ਅਤੇ ਉਹ ਵੀ ਵਿਦੇਸ ਤੋਂ ਮੰਗਵਾਉਣੀ ਪੈਂਦੀ ਹੈ।
ਸਿੱਧੂ ਭਰਾਵਾਂ ਮੁਤਾਬਕ ਪ੍ਰੈਕਟਿਸ ਦੌਰਾਨ ਇੱਕ ਫਾਇਰ ਦੀ ਕਰੀਬ ਕੀਮਤ ਵੀਹ ਰੁਪਏ ਹੈ। ਜੇਕਰ ਸਰਕਾਰ ਪ੍ਰੈਕਟਿਸ ਲਈ ਕਾਰਤੂਸ ਜਾਂ ਪਿਸਟਲ ਦਾ ਪ੍ਰਬੰਧ ਕਰੇ ਤਾਂ ਭਾਰਤ ਸ਼ੂਟਿੰਗ ਵਿਚ ਹੋਰ ਤਮਗ਼ਾ ਜਿੱਤ ਸਕਦਾ ਹੈ।
ਇਹ ਵੀ ਪੜ੍ਹੋ
ਸੋਸ਼ਲ ਮੀਡੀਆ ਦਾ ਇਸਤੇਮਾਲ
ਉਦੇਵੀਰ ਅਤੇ ਵਿਜੇਵੀਰ ਸਿੱਧੂ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦਾ ਬਹੁਤ ਘੱਟ ਇਸਤੇਮਾਲ ਕਰਦੇ ਹਨ। ਦੋਵਾਂ ਨੇ ਦੱਸਿਆ ਕਿ ਉਹ ਸਿਰਫ਼ ਇੰਸਟਾਗ੍ਰਾਮ ਨੂੰ ਵਰਤਦੇ ਹਨ ਉਹ ਵੀ ਆਪਣੇ ਦੋਸਤਾਂ ਨਾਲ ਮੇਲ ਜੋਲ ਲਈ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












