ਗ੍ਰਿਫ਼ਤਾਰ ਮਾਂ ਦੀ ਧੀ ਨੇ ਲਿਖੀ ਚਿੱਠੀ 'ਚ ਖੋਲ੍ਹਿਆ ਦਿਲ

ਤਸਵੀਰ ਸਰੋਤ, Maaysha
"ਜੇ ਆਦਿਵਾਸੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹਕੂਕ ਲਈ ਲੜਨਾ, ਜਬਰ ਅਤੇ ਸ਼ੋਸ਼ਣ ਖ਼ਿਲਾਫ਼ ਲੜਨਾ ਅਤੇ ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਦੇ ਲੇਖੇ ਲਗਾ ਦੇਣਾ ਹੀ ਨਕਸਲਵਾਦੀ ਹੋਣਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਨਕਸਲਵਾਦੀ ਚੰਗੇ ਲੋਕ ਹਨ।''
ਇਹ ਬੋਲ ਹਨ ਘਰ ਵਿੱਚ ਨਜ਼ਰਬੰਦ ਸਮਾਜਿਕ ਕਾਰਕੁਨ ਸੁਧਾ ਭਾਰਦਵਾਜ ਦੀ ਧੀ ਮਾਇਸ਼ਾ ਦੇ ਜਿਨ੍ਹਾਂ ਦੀ ਆਪਣੀ ਮਾਂ ਨੂੰ ਲਿਖੀ ਚਿੱਠੀ ਜਨਤਕ ਹੋਈ ਹੈ।
ਭੀਮਾ ਕੋਰੇਗਾਂਓ ਮਾਮਲੇ ਵਿੱਚ ਮਹਾਰਾਸ਼ਟਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਸਮਾਜਿਕ ਕਾਰਕੁਨਾਂ ਨੂੰ 12 ਸਤੰਬਰ ਤੱਕ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ:
ਗ੍ਰਿਫ਼ਤਾਰ ਕੀਤੇ ਗਏ ਸਮਾਜਿਕ ਕਾਰਕੁਨਾਂ ਵਿੱਚ ਖੱਬੇ ਪੱਖੀ ਵਿਚਾਰਕ ਅਤੇ ਕਵੀ ਵਰਵਰ ਰਾਓ, ਵਕੀਲ ਸੁਧਾ ਭਾਰਦਵਾਜ, ਮਨੁੱਖੀ ਅਧਿਕਾਰ ਕਾਰਕੁਨ ਅਰੁਣ ਫਰੇਰਾ, ਗੌਤਮ ਨਵਲਖਾ ਅਤੇ ਵਰਨੌਨ ਗੌਜ਼ਾਲਵਿਸ ਸ਼ਾਮਿਲ ਹਨ।
ਮਹਾਰਾਸ਼ਟਰ ਪੁਲਿਸ ਨੇ ਇਨ੍ਹਾਂ ਕਾਰਕੁਨਾਂ ਤੇ ਇਲਜ਼ਾਮ ਲਾਏ ਹਨ ਕਿ ਇਨ੍ਹਾਂ ਦੇ ਸਬੰਧ ਮਾਓਵਾਦੀਆਂ ਦੇ ਪਾਬੰਦੀ ਸ਼ੁਦਾ ਸੰਗਠਨਾਂ ਨਾਲ ਸਨ ਅਤੇ ਇਹ ਦੇਸ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਤਸਵੀਰ ਸਰੋਤ, Maaysha
ਕੁਝ ਦਿਨ ਪਹਿਲਾਂ ਸੁਧਾ ਭਾਰਦਵਾਜ ਨੇ ਇੱਕ ਪੱਤਰ ਜਾਰੀ ਕਰਕੇ ਪੁਲਿਸ ਵੱਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਸੀ।
ਹੁਣ ਸੁਧਾ ਭਾਰਦਵਾਜ ਦੀ ਧੀ ਮਾਇਸ਼ਾ ਨੇਹਰਾ ਨੇ ਇੱਕ ਚਿੱਠੀ ਜਨਤਕ ਕੀਤੀ ਹੈ। ਇਸ ਚਿੱਠੀ ਜ਼ਰੀਏ ਮਾਇਸ਼ਾ ਆਪਣੀ ਮਾਂ ਨੂੰ ਯਾਦ ਕਰ ਰਹੀ ਹੈ। ਪੜ੍ਹੋ ਮਾਇਸ਼ਾ ਦੀ ਆਪਣੀ ਮਾਂ ਦੇ ਨਾਂ ਲਿਖੀ ਚਿੱਠੀ
ਸਵੇਰੇ ਸੱਤ ਵਜੇ ਮੇਰੀ ਮਾਂ ਨੇ ਮੈਨੂੰ ਜਗਾਇਆ ਸੀ, "ਇਹ ਘਰ ਦੀ ਤਲਾਸ਼ੀ ਲੈਣ ਆਏ ਹਨ।" ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਤਾਂ ਸਭ ਨੂੰ ਪਤਾ ਹੈ। ਸਾਰੇ ਮੰਮਾ ਬਾਰੇ ਲਿਖ ਰਹੇ ਹਨ ਮੈਂ ਸੋਚਿਆ ਮੈਂ ਵੀ ਲਿਖਾਂ। (ਹਾਹਾ)
ਇਹ ਵੀ ਪੜ੍ਹੋ:
ਮੇਰੀ ਮਾਂ ਅਤੇ ਮੇਰੀ ਸੋਚ ਵਿੱਚ ਸਦਾ ਇਤਫ਼ਰਕੇ ਰਹੇ ਹਨ। ਸਾਡੀ ਦੋਵਾਂ ਦੀ ਸੋਚ ਮੇਲ ਨਹੀਂ ਖਾਂਦੀ ਸ਼ਾਇਦ ਇਸੇ ਲਈ ਮੇਰੀ ਆਪਣੀ ਮਾਂ ਨਾਲ ਬਹੁਤ ਵਾਰ ਬਹਿਸ ਹੋਈ।
ਮੈਂ ਮੰਮਾ ਨੂੰ ਬਹੁਤ ਵਾਰ ਪੁੱਛਦੀ ਸੀ, "ਅਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਕਿਉਂ ਜਿਊਂਦੇ ਹਾਂ? ਅਸੀ ਆਮ ਲੋਕਾਂ ਵਾਂਗ ਸਾਧਾਰਨ ਜ਼ਿੰਦਗੀ ਕਿਉਂ ਨਹੀਂ ਜਿਊਂਦੇ?"
ਮੇਰੀ ਮਾਂ ਜੁਆਬ ਦਿੰਦੀ ਸੀ, "ਬੇਟਾ, ਮੈਨੂੰ ਇਨ੍ਹਾਂ ਗ਼ਰੀਬ ਅਤੇ ਮਜ਼ਦੂਰ ਲੋਕਾਂ ਨਾਲ ਰਹਿਣਾ ਚੰਗਾ ਲੱਗਦੈ। ਜਦੋਂ ਤੂੰ ਵੱਡੀ ਹੋ ਜਾਏਂਗੀ ਤਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਊਂਣ ਦੀ ਤੈਨੂੰ ਖੁੱਲ੍ਹ ਹੋਵੇਗੀ।"
'ਮੈਨੂੰ ਮਾਂ ਦੀ ਬਹੁਤ ਆਉਂਦੀ ਸੀ'
ਇਸ ਤੋਂ ਬਾਅਦ ਵੀ ਮੈਨੂੰ ਬੁਰਾ ਲੱਗਦਾ ਸੀ। ਮੈਂ ਲਗਾਤਾਰ ਕਹਿੰਦੀ ਰਹਿੰਦੀ ਸੀ ਕਿ ਤੁਸੀਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਦਿੱਤੇ ਹਨ। ਹੁਣ ਸਮਾਂ ਕੱਢ ਕੇ ਆਰਾਮ ਨਾਲ ਜ਼ਿੰਦਗੀ ਗੁਜ਼ਾਰੋ ਅਤੇ ਆਪਣੇ ਆਪ ਨੂੰ ਸਮਾਂ ਦਿਓ। ਮੈਂ ਇਸ ਗੱਲ ਤੋਂ ਵੀ ਨਾਖ਼ੁਸ਼ ਸੀ ਕਿ ਮੰਮਾ ਮੈਨੂੰ ਸਮਾਂ ਨਹੀਂ ਦਿੰਦਾ ਸੀ। ਉਸ ਦਾ ਸਾਰਾ ਸਮਾਂ ਲੋਕਾਂ ਲਈ ਹੁੰਦਾ ਸੀ, ਮੇਰੇ ਲਈ ਨਹੀਂ।
ਬਚਪਨ ਵਿੱਚ ਮੈਂ ਇੱਕ ਯੂਨੀਅਨ ਦੇ ਕਾਰਕੁਨ 'ਚਾਚਾ' ਅਤੇ ਉਸ ਦੇ ਪਰਿਵਾਰ ਨਾਲ ਰਹਿੰਦੀ ਸੀ। ਉਨ੍ਹਾਂ ਦੇ ਆਪਣੇ ਬੱਚੇ ਸਨ ਅਤੇ ਅਸੀਂ ਇਕੱਠੇ ਰਹਿੰਦੇ ਸੀ। ਜਦੋਂ ਮੈਨੂੰ ਆਪਣੀ ਮਾਂ ਦੀ ਯਾਦ ਆਉਂਦੀ ਸੀ ਤਾਂ ਉਸ ਦੀ ਸਾੜੀ ਨਾਲ ਲਿਪਟ ਕੇ ਰੋਂਦੀ ਸੀ।

ਤਸਵੀਰ ਸਰੋਤ, ALOK PUTUL/BBC
ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਬੀਮਾਰ ਸੀ ਅਤੇ ਚਾਚੀ ਨੇ ਆ ਕੇ ਮੇਰਾ ਸਿਰ ਪਲੋਸਿਆ। ਮੈਨੂੰ ਲੱਗਿਆ ਕਿ ਇਹ ਮੇਰੀ ਮਾਂ ਹੈ ਅਤੇ ਮੈਂ ਜ਼ੋਰ ਨਾਲ ਚੀਖੀ ਸੀ, "ਮਾਂ।"
ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਚਾਚੀ ਸੀ। ਮੈਂ ਬਚਪਨ ਵਿੱਚ ਆਪਣੀ ਮਾਂ ਨਾਲ ਬਹੁਤ ਘੱਟ ਸਮਾਂ ਗੁਜ਼ਾਰਿਆ।
ਜਦੋਂ ਮੈਂ ਛੇਵੀਂ ਜਮਾਤ ਵਿੱਚ ਆ ਗਈ ਤਾਂ ਮੈਂ ਆਪਣੀ ਮੰਮਾ ਨਾਲ ਰਹਿਣ ਲੱਗੀ। ਸ਼ਾਇਦ ਇਸੇ ਕਰ ਕੇ ਸਾਨੂੰ ਇੱਕ-ਦੂਜੇ ਦੀ ਜ਼ਿਆਦਾ ਸਮਝ ਨਹੀਂ ਹੈ।
ਮੈਂ ਉਸ ਨੂੰ ਸਾਰਾ-ਸਾਰਾ ਕੰਮ ਕਰਦੇ ਹੋਏ ਦੇਖਿਆ ਹੈ। ਉਹ ਖਾਣਾ ਅਤੇ ਸੌਣਾ ਭੁੱਲ ਜਾਂਦੀ ਸੀ। ਦੂਜਿਆਂ ਲਈ ਸੰਘਰਸ਼ ਅਤੇ ਦੂਜਿਆਂ ਦੇ ਕੰਮ ਕਰਦੀ ਸੀ। ਜਦੋਂ ਮੰਮਾ ਆਪਣਾ ਧਿਆਨ ਨਹੀਂ ਰੱਖਦੇ ਸੀ ਤਾਂ ਮੈਨੂੰ ਬੁਰਾ ਲੱਗਦਾ ਸੀ।
'ਮੇਰੀ ਮਾਂ ਨੂੰ ਮੈਥੋਂ ਵੱਧ ਕੋਈ ਨਹੀਂ ਜਾਣਦਾ'
ਜਦੋਂ ਮੰਮਾ ਆਪਣਾ ਅਦਾਲਤੀ ਮਾਮਲਾ ਤਿਆਰ ਕਰਦੇ ਸਨ ਤਾਂ ਉਹ ਆਪਣੇ ਕੰਮ ਵਿੱਚ ਹੀ ਖੁੱਭ ਜਾਂਦੇ ਸਨ। ਮੈਨੂੰ ਲੱਗਦਾ ਸੀ ਕਿ ਇਹ ਉਨ੍ਹਾਂ ਦਾ ਪੇਸ਼ੇਵਰ ਕੰਮ ਹੈ ਤਾਂ ਉਨ੍ਹਾਂ ਨੂੰ ਗੁੱਸਾ ਕਿਉਂ ਆਉਂਦਾ ਹੈ। ਜਦੋਂ ਮੈਂ ਇਹ ਸੁਆਲ ਪੁੱਛਦੀ ਸੀ ਤਾਂ ਮੰਮਾ ਜੁਆਬ ਦਿੰਦੀ ਸੀ ਕਿ ਜੇ ਅਸੀਂ ਲੋਕਾਂ ਬਾਰੇ ਨਹੀਂ ਸੋਚਾਂਗੇ ਤਾਂ ਕੌਣ ਸੋਚੇਗਾ।
ਮੈਂ ਖ਼ਬਰਾਂ ਵਿੱਚ ਕਿਸੇ ਨੂੰ ਕਹਿੰਦੇ ਸੁਣਿਆ ਹੈ ਕਿ ਮੇਰੀ ਮੰਮਾ ਵਰਗੇ ਲੋਕ ਆਦਿਵਾਸੀਆਂ ਲਈ ਕੰਮ ਕਰਨ ਦਾ ਦਾਅਵਾ ਕਰਦੇ ਹਨ ਪਰ ਇਹ ਮਹਿਜ਼ ਨਾਟਕ ਹੈ, ਇਨ੍ਹਾਂ ਦੇ ਆਪਣੇ ਬੱਚੇ ਅਮਰੀਕਾ ਵਿੱਚ ਪੜ੍ਹਦੇ ਹਨ।

ਤਸਵੀਰ ਸਰੋਤ, Maaysha
ਉਹ ਲੋਕ ਮੇਰੇ ਬਾਰੇ ਨਹੀਂ ਜਾਣਦੇ ਕਿ ਮੈਂ ਮਜ਼ਦੂਰਾਂ ਦੀ ਬਸਤੀ ਦੇ ਸਰਕਾਰੀ ਸਕੂਲ ਵਿੱਚ ਹਿੰਦੀ ਮਾਧਿਅਮ ਵਿੱਚ ਪੜ੍ਹੀ ਹਾਂ। ਮੈਂ ਆਪਣੀ ਮਾਂ ਨਾਲ ਲੜਦੀ ਸੀ ਕਿ ਉਹ ਆਪ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੀ ਸੀ ਅਤੇ ਮੈਨੂੰ ਹਿੰਦੀ ਸਕੂਲ ਵਿੱਚ ਪੜ੍ਹਾ ਰਹੀ ਸੀ।
ਇਹ ਵੱਖਰਾ ਮਸਲਾ ਹੈ ਕਿ ਮੈਂ ਆਪਣੀ ਦਿਲਚਸਪੀ ਨਾਲ ਅੰਗਰੇਜ਼ੀ ਪੜ੍ਹਣੀ ਅਤੇ ਬੋਲਣੀ ਸਿੱਖ ਲਈ। ਜਦੋਂ ਮੈਂ ਬਾਰਵੀਂ ਵਿੱਚ ਹੋਈ ਤਾਂ ਮੈਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਣ ਦੀ ਜਿੱਦ ਕੀਤੀ।
ਮੰਮਾ ਨੂੰ ਨਕਸਲਵਾਦੀ ਕਿਹਾ ਜਾ ਰਿਹਾ ਹੈ। ਮੈਨੂੰ ਇਹ ਬੁਰਾ ਨਹੀਂ ਲੱਗਦਾ ਪਰ ਮਹਿਸੂਸ ਹੁੰਦਾ ਹੈ ਕਿ ਲੋਕ ਪਾਗ਼ਲ ਹੋ ਗਏ ਹਨ ਅਤੇ ਬਿਨਾਂ ਅਸਲੀਅਤ ਦਾ ਪਤਾ ਕੀਤੇ ਹੀ ਕੁਝ ਵੀ ਬੋਲਣਾ ਉਨ੍ਹਾਂ ਦੀ ਆਦਤ ਹੋ ਗਈ ਹੈ। ਮੈਨੂੰ ਫਰਕ ਨਹੀਂ ਪੈਂਦਾ ਕਿ ਮੇਰੀ ਮਾਂ ਬਾਰੇ ਪੁਲਿਸ ਜਾਂ ਲੋਕ ਕੀ ਕਹਿੰਦੇ ਹਨ ਕਿਉਂਕਿ ਮੇਰੀ ਮਾਂ ਨੂੰ ਮੈਥੋਂ ਜ਼ਿਆਦਾ ਕੋਈ ਨਹੀਂ ਜਾਣਦਾ।

ਤਸਵੀਰ ਸਰੋਤ, Maaysha
ਜੇ ਆਦਿਵਾਸੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹਕੂਕ ਲਈ ਲੜਨਾ, ਜਬਰ ਅਤੇ ਸ਼ੋਸ਼ਣ ਖ਼ਿਲਾਫ਼ ਲੜਨਾ ਅਤੇ ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਦੇ ਲੇਖੇ ਲਗਾ ਦੇਣਾ ਹੀ ਨਕਸਲਵਾਦੀ ਹੋਣਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਨਕਸਲਵਾਦੀ ਚੰਗੇ ਲੋਕ ਹਨ।
ਲੋਕ ਭਾਵੇਂ ਕੁਝ ਵੀ ਕਹਿਣ ਪਰ ਮੈਨੂੰ ਆਪਣੀ ਮਾਂ ਉੱਤੇ ਮਾਣ ਹੈ।
ਮੰਮਾ ਮੈਨੂੰ ਕਹਿੰਦੀ ਸੀ, "ਬੇਟਾ ਮੈਂ ਪੈਸੇ ਨਹੀਂ ਕਮਾਏ ਪਰ ਲੋਕ ਕਮਾਏ ਹਨ।" ਮੈਨੂੰ ਹੁਣ ਦਿਖਾਈ ਦਿੰਦਾ ਹੈ ਕਿ ਉਹ ਠੀਕ ਕਹਿੰਦੀ ਸੀ।
ਮਾਂ, ਮੈ ਤੈਨੂੰ ਪਿਆਰ ਕਰਦੀ ਹਾਂ।
ਮਿਆਸ਼ਾ
ਇਹ ਵੀ ਪੜ੍ਹੋ:
ਤੁਹਾਨੂੰ ਇਹ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












