ਕਿਸ ਦੇਸ ਵਿੱਚ ਲੋਕ ਪੜ੍ਹਾਈ ਉੱਤੇ ਸਭ ਤੋਂ ਵੱਧ ਖਰਚ ਕਰਦੇ ਹਨ?

ਤਸਵੀਰ ਸਰੋਤ, Getty Images
- ਲੇਖਕ, ਪੀਟਰ ਰੂਬਿਨਸਟੇਨ
- ਰੋਲ, ਬੀਬੀਸੀ ਫਿਊਚਰ
ਬਹੁਤ ਸਾਰੇ ਦੇਸਾਂ ਵਿੱਚ ਪਤਝੜ ਦਾ ਮੌਸਮ ਸਕੂਲ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦਾ ਸਮਾਂ ਹੁੰਦਾ ਹੈ। ਪਰ, ਜੇਕਰ ਕੋਈ ਅਮਰੀਕਾ, ਰੂਸ, ਆਈਸਲੈਂਡ ਜਾਂ ਚਿਲੀ ਵਿੱਚ ਰਹਿੰਦਾ ਹੈ, ਤਾਂ ਗੱਲ ਬਿਲਕੁਲ ਵੱਖਰੀ ਹੋ ਜਾਂਦੀ ਹੈ।
ਪਹਿਲਾਂ ਕੁਝ ਸਵਾਲ। ਕਿਸ ਦੇਸ ਵਿੱਚ ਬੱਚੇ ਸਭ ਤੋਂ ਘੱਟ ਘੰਟੇ ਸਕੂਲ ਜਾਂਦੇ ਹਨ?
ਕਿਸ ਦੇਸ ਦੇ ਪਰਿਵਾਰ ਬੱਚਿਆਂ ਦੇ ਸਕੂਲ ਦੇ ਸਮਾਨ ਉੱਤੇ ਸਭ ਤੋਂ ਵੱਧ ਖਰਚ ਕਰਦੇ ਹਨ?
ਕਿਸ ਦੇਸ ਵਿੱਚ ਬੱਚੇ ਔਸਤਨ ਜ਼ਿੰਦਗੀ ਦੇ 23 ਸਾਲ ਪੜ੍ਹਨ ਵਿੱਚ ਖਰਚ ਕਰਦੇ ਹਨ?
ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤ ਵਿੱਚ ਹੀ ਪੜ੍ਹਾਈ ਬਹੁਤ ਮਹਿੰਗੀ ਹੈ, ਤਾਂ ਦੁਨੀਆਂ ਭਰ ਦੇ ਸਿੱਖਿਆ ਪ੍ਰਬੰਧ ਦੇ ਇਨ੍ਹਾਂ ਅੰਕੜਿਆਂ 'ਤੇ ਨਜ਼ਰ ਮਾਰੋ।
ਇਹ ਵੀ ਪੜ੍ਹੋ:
27.5 ਅਰਬ ਡਾਲਰ ਤੋਂ ਕਿੰਨਾ ਪੇਪਰ ਅਤੇ ਗੂੰਦ ਖਰੀਦੀ ਜਾ ਸਕਦੀ ਹੈ?
ਅਮਰੀਕਾ ਵਿੱਚ ਕਿਸੇ ਬੱਚੇ ਦੇ ਕੇਜੀ ਤੋਂ ਲੈ ਕੇ ਸੈਕੰਡਰੀ ਸਕੂਲ ਤੱਕ ਦੀ ਪੜ੍ਹਾਈ ਵਿੱਚ ਮਾਂ-ਬਾਪ 685 ਡਾਲਰ ਦੀ ਸਟੇਸ਼ਨਰੀ ਖਰੀਦਦੇ ਹਨ।
ਮਤਲਬ ਹਰ ਅਮਰੀਕੀ ਬੱਚੇ ਦੀ ਇੰਟਰਮੀਡੀਏਟ ਤੱਕ ਦੀ ਪੜ੍ਹਾਈ ਉੱਤੇ ਕਰੀਬ 50 ਹਜ਼ਾਰ ਰੁਪਏ ਦੀ ਸਿਰਫ਼ ਸਟੇਸ਼ਨਰੀ ਦਾ ਖਰਚ ਹੁੰਦਾ ਹੈ।
ਪੂਰੇ ਦੇਸ ਦੀ ਗੱਲ ਕਰੀਏ ਤਾਂ ਅਮਰੀਕਾ ਨੇ 2018 ਵਿੱਚ 27.5 ਅਰਬ ਡਾਲਰ ਦੀ ਸਕੂਲੀ ਬੱਚਿਆਂ ਦੀ ਸਟੇਸ਼ਨਰੀ ਖਰੀਦੀ।

ਤਸਵੀਰ ਸਰੋਤ, Getty Images
ਇਸ ਵਿੱਚ ਜੇਕਰ ਅਸੀਂ ਯੂਨੀਵਰਸਿਟੀ ਦਾ ਖਰਚ ਵੀ ਜੋੜ ਦਈਏ, ਤਾਂ ਇਹ ਖਰਚ ਵਧ ਕੇ 83 ਅਰਬ ਡਾਲਰ ਯਾਨਿ ਕਰੀਬ 6 ਖਰਬ ਰੁਪਏ ਹੁੰਦਾ ਹੈ।
ਇਨ੍ਹਾਂ ਵਿੱਚ ਸਭ ਤੋਂ ਮਹਿੰਗੀ ਚੀਜ਼ ਹੁੰਦੀ ਹੈ ਕੰਪਿਊਟਰ। ਹਰ ਅਮਰੀਕੀ ਪਰਿਵਾਰ ਔਸਤਨ 299 ਡਾਲਰ ਯਾਨਿ 21 ਹਜ਼ਾਰ ਰੁਪਏ ਦਾ ਕੰਪਿਊਟਰ ਖਰੀਦਦਾ ਹੈ।
ਇਸ ਤੋਂ ਬਾਅਦ ਸਭ ਤੋਂ ਵੱਡਾ ਖਰਚ ਹੁੰਦਾ ਹੈ ਕੱਪੜਿਆਂ ਦਾ, ਜਿਹੜਾ 286 ਡਾਲਰ ਪ੍ਰਤੀ ਬੱਚਾ ਬੈਠਦਾ ਹੈ।
ਇਸ ਤੋਂ ਬਾਅਦ ਟੈਬਲੇਟ ਅਤੇ ਕੈਲਕੁਲੇਟਰ ਵਰਗੀਆਂ ਚੀਜ਼ਾਂ 'ਤੇ ਔਸਤਨ 271 ਡਾਲਰ ਯਾਨਿ 19 ਹਜ਼ਾਰ ਰੁਪਏ ਔਸਤਨ ਅਮਰੀਕੀ ਬੱਚੇ ਦਾ ਖਰਚ ਹੈ।
ਬਾਈਂਡਰਸ, ਫੋਲਡਰਸ, ਕਿਤਾਬਾਂ ਅਤੇ ਦੂਜੀਆਂ ਅਜਿਹੀਆਂ ਚੀਜ਼ਾਂ 'ਤੇ 112 ਡਾਲਰ ਪ੍ਰਤੀ ਬੱਚਾ ਖਰਚ ਆਉਂਦਾ ਹੈ।
ਅਮਰੀਕਾ ਵਿੱਚ ਬੱਚਿਆਂ ਦੀਆਂ ਸਕੂਲ ਦੀਆਂ ਅਜਿਹੀਆਂ ਜ਼ਰੂਰਤਾਂ 'ਤੇ ਖਰਚ ਲਗਾਤਾਰ ਵਧਦਾ ਜਾ ਰਿਹਾ ਹੈ। (ਸਰੋਤ-ਡੇਲੌਏ)
ਡੇਨਮਾਰਕ ਦੇ ਬੱਚੇ ਬਾਕੀ ਦੇਸਾਂ ਦੇ ਬੱਚਿਆਂ ਤੋਂ 200 ਘੰਟੇ ਵੱਧ ਸਕੂਲ ਵਿੱਚ ਰਹਿੰਦੇ ਹਨ
33 ਵਿਕਸਿਤ ਦੇਸਾਂ ਵਿੱਚੋਂ ਰੂਸ ਦੇ ਬੱਚੇ ਸਭ ਤੋਂ ਘੱਟ ਸਮਾਂ ਸਕੂਲ ਵਿੱਚ ਗੁਜ਼ਾਰਦੇ ਹਨ।
ਉਹ ਸਾਲ ਵਿੱਚ ਸਿਰਫ਼ 500 ਘੰਟੇ ਹੀ ਸਕੂਲ ਰਹਿੰਦੇ ਹਨ, ਜਦਕਿ ਦੁਨੀਆਂ ਦਾ ਔਸਤਨ ਹੈ 800 ਘੰਟੇ।
ਰੂਸ ਦੇ ਬੱਚਿਆਂ ਨੂੰ ਹਰ ਕਲਾਸ ਤੋਂ ਬਾਅਦ ਬ੍ਰੇਕ ਵੀ ਮਿਲਦਾ ਹੈ। ਯਾਨਿ ਔਸਤਨ ਰੂਸੀ ਬੱਚਾ ਸਕੂਲ ਵਿੱਚ ਰੋਜ਼ਾਨਾ 5 ਘੰਟੇ ਬਤੀਤ ਕਰਦਾ ਹੈ।
ਉਹ ਕੁੱਲ 8 ਮਹੀਨੇ ਹੀ ਸਕੂਲ ਜਾਂਦਾ ਹੈ। ਇਸ ਤੋਂ ਬਾਅਦ ਰੂਸ ਦੀ ਸਾਖਰਤਾ ਦਰ 100 ਫ਼ੀਸਦ ਹੈ।

ਤਸਵੀਰ ਸਰੋਤ, Getty Images
ਉਹੀ, ਦੂਜੇ ਪਾਸੇ ਡੇਨਮਾਰਕ ਹੈ। ਇੱਥੇ ਪ੍ਰਾਇਮਰੀ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸਾਲ ਵਿੱਚ 1000 ਘੰਟੇ ਸਕੂਲ ਵਿੱਚ ਰਹਿਣਾ ਹੁੰਦਾ ਹੈ। ਇਹ ਰੂਸ ਦੇ ਮੁਕਾਬਲੇ ਦੋ ਮਹੀਨੇ ਜ਼ਿਆਦਾ ਹੈ। ਡੇਨਮਾਰਕ ਵਿੱਚ ਸਕੂਲ ਦੇ ਦਿਨ ਵੀ ਵੱਡੇ ਹੁੰਦੇ ਹਨ। ਸਿੱਖਿਆ ਦੇ ਮਾਮਲੇ ਵਿੱਚ ਡੇਨਮਾਰਕ ਦੁਨੀਆਂ ਦੇ ਟੌਪ 5 ਦੇਸਾਂ ਵਿੱਚ ਲਗਾਤਾਰ ਸ਼ੁਮਾਰ ਹੁੰਦਾ ਰਿਹਾ ਹੈ। ਸਾਫ਼ ਹੈ ਕਿ ਸਕੂਲ ਵਿੱਚ ਵਾਧੂ ਸਮਾਂ ਰਹਿਣ ਦੇ ਫਾਇਦੇ ਤਾਂ ਹਨ। (ਸਰੋਤ-ਓਈਸੀਡੀ)
ਸਸਤੀ ਪੜ੍ਹਾਈ ਚਾਹੀਦੀ ਹੈ, ਤਾਂ ਹਾਂਗਕਾਂਗ ਦੇ ਬਾਰੇ ਬਿਲਕੁਲ ਨਾ ਸੋਚੋ!
ਵਿਕਿਸਤ ਦੇਸਾਂ ਦਾ ਗੱਲ ਕਰੀਏ ਤਾਂ ਸਕੂਲ ਦੀ ਪੜ੍ਹਾਈ 'ਤੇ ਇੱਕ ਲੱਖ ਡਾਲਰ ਤੱਕ ਦੇ ਖਰਚ ਦਾ ਫਰਕ ਹੋ ਸਕਦਾ ਹੈ।
ਕਲਾਸ ਫ਼ੀਸ, ਕਿਤਾਬਾਂ, ਆਉਣ-ਜਾਣ ਦਾ ਖਰਚ, ਰਹਿਣ ਦਾ ਖਰਚਾ ਜੋੜ ਲਵੋ, ਤਾਂ ਪ੍ਰਾਇਮਰੀ ਤੋਂ ਅੰਡਰਗ੍ਰੈਜੂਏਟ ਤੱਕ ਦੀ ਪੜ੍ਹਾਈ ਵਿੱਚ ਹਾਂਗਕਾਂਗ ਸਭ ਤੋਂ ਮਹਿੰਗਾ ਹੈ।
ਇਹ ਵੀ ਪੜ੍ਹੋ:
ਇੱਥੋਂ ਦੇ ਮਾਪਿਆਂ ਨੂੰ ਔਸਤਨ 1 ਲੱਖ 31 ਹਜ਼ਾਰ 161 ਡਾਲਰ ਯਾਨਿ ਕਿ 92 ਲੱਖ ਰੁਪਏ ਤੋਂ ਵੱਧ ਦੀ ਰਕਮ ਬੱਚਿਆਂ ਦੀ ਪੜ੍ਹਾਈ ਉੱਤੇ ਖਰਚ ਕਰਨੀ ਪੈਂਦੀ ਹੈ।
ਬੱਚਿਆਂ ਦੀ ਪੜ੍ਹਾਈ ਦਾ ਇਹ ਖਰਚਾ ਉੱਥੇ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫ਼ੇ, ਕਰਜ਼ ਅਤੇ ਸਰਕਾਰੀ ਮਦਦ ਤੋਂ ਇਲਾਵਾ ਹੈ।
ਮਹਿੰਗੀ ਪੜ੍ਹਾਈ ਦੇ ਮਾਮਲੇ ਵਿੱਚ ਦੂਜਾ ਨੰਬਰ ਸੰਯੁਕਤ ਅਰਬ ਅਮੀਰਾਤ ਦਾ ਹੈ।
ਇੱਥੇ ਇੱਕ ਬੱਚੇ ਦੀ ਪੜ੍ਹਾਈ 'ਤੇ ਔਸਤਨ 99 ਹਜ਼ਾਰ ਡਾਲਰ ਯਾਨਿ ਕਰੀਬ 70 ਲੱਖ ਰੁਪਏ ਦਾ ਖਰਚਾ ਆਉਂਦਾ ਹੈ।
ਉੱਥੇ ਸਿੰਗਾਪੁਰ ਵਿੱਚ ਇੱਕ ਬੱਚੇ ਦੀ ਅੰਡਰਗ੍ਰੈਜੁਏਟ ਤੱਕ ਦੀ ਪੜ੍ਹਾਈ ਦਾ ਖਰਚ 71 ਹਜ਼ਾਰ ਡਾਲਰ ਤਾਂ ਅਮਰੀਕਾ ਵਿੱਚ ਔਸਤਨ 58 ਹਜ਼ਾਰ ਡਾਲਰ ਜਾਂ 41 ਲੱਖ ਰੁਪਏ ਪੈਂਦਾ ਹੈ।

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਮਹਿੰਗੀ ਹੁੰਦੀ ਪੜ੍ਹਾਈ ਦੇ ਬਾਵਜੂਦ ਬੱਚਿਆਂ ਦੇ ਮਾਪਿਆਂ ਨੂੰ ਕੁੱਲ ਖਰਚ ਦਾ 23 ਫ਼ੀਸਦ ਬੋਝ ਹੀ ਚੁੱਕਣਾ ਪੈਂਦਾ ਹੈ।
ਫਰਾਂਸ ਵਿੱਚ ਇੱਕ ਬੱਚੇ ਦੀ ਪੂਰੀ ਪੜ੍ਹਾਈ ਲਈ ਮਾਪੇ ਔਸਤਨ 16 ਹਜ਼ਾਰ ਡਾਲਰ ਜਾਂ 11 ਲੱਖ ਰੁਪਏ ਹੀ ਖਰਚ ਕਰਦੇ ਹਨ। (ਸਰੋਤ-ਐਚਐਸਬੀਸੀ/ ਸੈਲੀ ਮੇਅ)
ਦਰਖ਼ਤ ਵੀ ਚੁੱਕਦੇ ਹਨ ਬੱਚਿਆਂ ਦੀ ਪੜ੍ਹਾਈ ਦਾ ਬੋਝ !
ਡਿਜੀਟਲ ਹੁੰਦੀ ਦੁਨੀਆਂ ਦੇ ਬਾਰੇ ਇਹ ਗੱਲ ਸੁਣ ਕੇ ਹੈਰਾਨ ਹੋ ਜਾਵੋਗੇ। ਅੱਜ ਵੀ ਦੁਨੀਆਂ ਭਰ ਵਿੱਚ ਵੱਡੀ ਤਦਾਦ 'ਚ ਪੈਂਸਿਲ ਦੀ ਵਰਤੋਂ ਪੜ੍ਹਾਈ ਕਰਨ ਵਿੱਚ ਹੁੰਦੀ ਹੈ।
ਪੈਂਸਿਲ ਦੀ ਖੋਜ ਹੋਣ ਤੋਂ 400 ਸਾਲ ਬਾਅਦ ਵੀ ਅੱਜ ਹਰ ਸਾਲ 15 ਤੋਂ 20 ਅਰਬ ਪੈਂਸਿਲਾਂ ਦੁਨੀਆਂ ਵਿੱਚ ਬਣਾਈਆਂ ਜਾਂਦੀਆਂ ਹਨ।

ਇਸਦੇ ਲਈ ਅਮਰੀਕਾ ਵਿੱਚ ਉੱਤਰ-ਪੱਛਮ ਪ੍ਰਸ਼ਾਂਤ ਮਹਾਂਸਾਗਰ ਦੇ ਤੱਟ ਉੱਤੇ ਉੱਗਣ ਵਾਲੇ ਸੇਡਾਰ ਦੇ ਦਰਖ਼ਤ ਦੀ ਲੱਕੜੀ ਦੀ ਵਰਤੋਂ ਹੁੰਦੀ ਹੈ।
ਜਦਕਿ ਪੈਂਸਿਲ ਵਿੱਚ ਵਰਤੀ ਜਾਣ ਵਾਲੀ ਗ੍ਰੇਫਾਈਟ ਚੀਨ ਜਾਂ ਸ਼੍ਰੀਲੰਕਾ ਤੋਂ ਆਉਂਦੀ ਹੈ।
ਦੁਨੀਆਂ ਨੂੰ ਭਰਪੂਰ ਤਦਾਦ ਵਿੱਚ ਪੈਂਸਿਲਾਂ ਮਿਲਦੀਆਂ ਹਨ, ਇਸਦੇ ਲਈ ਹਰ ਸਾਲ 60 ਹਜ਼ਾਰ ਤੋਂ 80 ਹਜ਼ਾਰ ਵਿਚਾਲੇ ਦਰਖ਼ਤ ਕੱਟੇ ਜਾਂਦੇ ਹਨ। (ਸਰੋਤ-ਦਿ ਇਕੋਨੋਮਿਸਟ)
ਆਸਟਰੇਲੀਆ ਦੇ ਬੱਚਿਆਂ ਦੀ ਇੱਕ ਚੋਥਾਈ ਉਮਰ ਸਕੂਲ ਵਿੱਚ ਲੰਘ ਜਾਂਦੀ ਹੈ!
ਉਮਰ ਦਾ ਇੱਕ ਦੌਰ ਅਜਿਹਾ ਹੁੰਦਾ ਹੈ, ਜਦੋਂ ਪੜ੍ਹਾਈ ਖ਼ਤਮ ਹੋ ਜਾਂਦੀ ਹੈ। ਪਰ, ਨਿਊਜ਼ੀਲੈਂਡ ਅਤੇ ਆਈਸਲੈਂਡ ਵਿੱਚ ਕਰੀਬ ਦੋ ਦਹਾਕੇ ਤੱਕ ਪੜ੍ਹਨਾ ਪੈਂਦਾ ਹੈ।
ਕਿਸੇ ਵੀ ਦੇਸ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਔਸਤਨ ਸਾਲ ਉਸਦੇ ਪ੍ਰਾਇਮਰੀ ਵਿੱਚ ਦਾਖ਼ਲੇ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਦੇ ਸਾਲ ਨੂੰ ਜੋੜ ਕੇ ਕੱਢਿਆ ਜਾਂਦਾ ਹੈ।
ਇਸਦੇ ਲਿਹਾਜ਼ ਤੋਂ ਸਭ ਤੋਂ ਵੱਧ 22.9 ਸਾਲ ਤੱਕ ਆਸਟਰੇਲੀਆ ਦੇ ਬੱਚੇ ਪੜ੍ਹਦੇ ਰਹਿੰਦੇ ਹਨ। ਉਹ 6 ਸਾਲ ਦੀ ਉਮਰ ਵਿੱਚ ਪੜ੍ਹਨਾ ਸ਼ੁਰੂ ਕਰਦੇ ਹਨ ਤੇ 28-29 ਸਾਲ ਦੇ ਹੋਣ ਤੱਕ ਪੜ੍ਹਦੇ ਹਨ।

ਸਭ ਤੋਂ ਘੱਟ ਸਮਾਂ ਪੜ੍ਹਾਈ ਵਿੱਚ ਬਿਤਾਉਣ ਦੇ ਮਾਮਲੇ ਵਿੱਚ ਅਫਰੀਕੀ ਦੇਸ ਨਾਈਜਰ ਟੌਪ 'ਤੇ ਹੈ। ਇੱਥੋਂ ਦੇ ਬੱਚੇ 7 ਸਾਲ ਦੀ ਉਮਰ ਵਿੱਚ ਸਕੂਲ ਜਾਣਾ ਸ਼ੁਰੂ ਕਰਦੇ ਹਨ।
ਨਾਈਜਰ ਵਿੱਚ ਬੱਚੇ ਔਸਤਨ 5.3 ਸਾਲ ਸਕੂਲ ਵਿੱਚ ਗੁਜ਼ਾਰਦੇ ਹਨ। ਇਹ ਆਸਟਰੇਲੀਆ ਦੇ ਮੁਕਾਬਲੇ 17 ਸਾਲ ਘੱਟ ਹੈ। (ਸਰੋਤ-ਗਲੋਬਲ ਇਨੋਵੇਸ਼ਨ ਇੰਡੈਕਸ)
ਇਹ ਵੀ ਪੜ੍ਹੋ:
(ਮੂਲ ਲੇਖ ਅੰਗ੍ਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ, ਜਿਹੜਾ ਬੀਬੀਸੀ ਫਿਊਚਰ 'ਤੇ ਉਪਲਬਧ ਹੈ।)












