You’re viewing a text-only version of this website that uses less data. View the main version of the website including all images and videos.
ਸੋਨ ਤਗ਼ਮਾ ਜੇਤੂ ਤੇਜਿੰਦਰਪਾਲ ਦੇ ਪਿਤਾ ਨੇ ਦੇਹਾਂਤ ਤੋਂ ਪਹਿਲਾਂ ਬੀਬੀਸੀ ਨੂੰ ਇਹ ਗੱਲਾਂ ਕਹੀਆਂ ਸਨ
- ਲੇਖਕ, ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਜਕਾਰਤਾ ਵਿਚ ਖ਼ਤਮ ਹੋਈਆ ਏਸ਼ੀਆਈ ਖੇਡਾਂ ਵਿਚ ਗੋਲ਼ਾ ਸੁੱਟਣ ਵਿਚ ਸੋਨ ਤਗ਼ਮਾ ਜੇਤੂ ਤੇਜਿੰਦਰਪਾਲ ਸਿੰਘ ਦੇ ਘਰ ਪਰਤਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਕਰਮ ਸਿੰਘ ਦਾ ਦੇਹਾਂਤ ਹੋ ਗਿਆ ਹੈ।
ਤੇਜਿੰਦਰਪਾਲ ਦੇ ਪਿਤਾ ਦੇ ਦੋਸਤ ਅਸ਼ੋਕ ਸ਼ਰਮਾ ਨੇ ਦੱਸਿਆ, ''ਤੇਜਿੰਦਰਪਾਲ ਮੰਗਲਵਾਰ ਨੂੰ ਸਵੇਰੇ 5 ਵਜੇ ਦੇ ਕਰੀਬ ਪਿੰਡ ਪਹੁੰਚਿਆ ਹੈ, ਜਦਕਿ ਕਿ ਕਰਮ ਸਿੰਘ ਨੇ ਸੋਮਵਾਰ ਸ਼ਾਮੀ ਸਾਢੇ ਚਾਰ ਵਜੇ ਆਖਰੀ ਸਾਹ ਲਏ।'
ਅਸ਼ੋਕ ਸ਼ਰਮਾ ਮੁਤਾਬਕ ਪਿੰਡ ਵਾਲੇ ਤਾਂ ਤੇਜਿੰਦਰਪਾਲ ਦੇ ਜ਼ੋਰਦਾਰ ਸਵਾਗਤ ਦੀ ਤਿਆਰੀ ਕਰੀ ਬੈਠੇ ਸਨ ਪਰ ਇਹ ਖ਼ੁਸ਼ੀਆਂ ਤੇਜਿੰਦਰਪਾਲ ਦੇ ਘਰ ਮੁੜਨ ਤੋਂ ਪਹਿਲਾਂ ਹੀ ਗ਼ਮ ਵਿਚ ਬਦਲ ਗਈਆਂ।
ਤੇਜਿੰਦਰਪਾਲ ਨੂੰ ਨਹੀਂ ਦੱਸਿਆ ਸੀ ਸੱਚ
18ਵੀਆਂ ਏਸ਼ਿਆਈ ਖੇਡਾਂ ਵਿੱਚ ਗੋਲਾ ਸੁੱਟਣ (ਸ਼ਾਟ ਪੁੱਟ) ਵਿੱਚ ਤੇਜਿੰਦਰਪਾਲ ਸਿੰਘ ਦੇ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਬੀਬੀਸੀ ਪੰਜਾਬੀ ਨੇ ਤੂਰ ਦੇ ਪਿਤਾ ਕਰਮ ਸਿੰਘ ਨਾਲ ਵੀ ਗੱਲਬਾਤ ਕੀਤੀ ਸੀ।
ਕਰਮ ਸਿੰਘ ਨੇ ਕਿਹਾ ਸੀ, ''ਤੇਜਿੰਦਰ ਜਦੋਂ ਏਸ਼ਿਆਈ ਖੇਡਾਂ ਵਿੱਚ ਮੈਡਲ ਜਿੱਤਣ ਲਈ ਪ੍ਰੈਕਟਿਸ ਕਰ ਰਿਹਾ ਸੀ ਤਾਂ ਨਾਮੁਰਾਦ ਕੈਂਸਰ ਕਰਕੇ ਮੇਰੀ ਵਿਗੜੀ ਸਿਹਤ ਤੋਂ ਫ਼ਿਕਰਮੰਦ ਹੋਣ ਕਰਕੇ ਉਸ ਦਾ ਧਿਆਨ ਵਾਰ-ਵਾਰ ਭਟਕ ਜਾਂਦਾ ਸੀ ਇਸ ਲਈ ਆਪਣੀ ਵਿਗੜਦੀ ਹਾਲਤ ਬਾਰੇ ਮੈਂ ਕੁਝ ਨਹੀਂ ਦੱਸਿਆ।"
ਉਨ੍ਹਾਂ ਨੇ ਦੱਸਿਆ ਸੀ, "ਕੋਚ ਮਹਿੰਦਰ ਸਿੰਘ ਢਿੱਲੋਂ ਧਿਆਨ ਕੇਂਦਰਿਤ ਕਰਨ 'ਤੇ ਜ਼ੋਰ ਦਿੰਦੇ। ਅਜਿਹੇ ਵਿੱਚ ਮੇਰਾ ਪੁੱਤਰ ਦੋ ਫਰੰਟਾਂ 'ਤੇ ਜੂਝ ਰਿਹਾ ਸੀ। ਇਕ ਪਾਸੇ ਉਸ 'ਤੇ ਏਸ਼ਿਆਈ ਖੇਡਾਂ ਵਿੱਚ ਦੇਸ ਲਈ ਮੈਡਲ ਜਿੱਤ ਕੇ ਲਿਆਉਣ ਦਾ ਦਬਾਅ ਸੀ। ਜਿਸ ਲਈ ਉਸ ਨੇ 10 ਸਾਲ ਦੀ ਉਮਰ ਵਿੱਚੋਂ ਬਾਕੀ ਸ਼ੌਕ ਛੱਡ ਕੇ ਗੋਲਾ ਸੁੱਟਣ ਨੂੰ ਹੀ ਆਪਣਾ ਸ਼ੌਕ ਬਣਾ ਲਿਆ ਸੀ।"
ਇਹ ਵੀ ਪੜ੍ਹੋ:
ਕਰਮ ਸਿੰਘ ਨੇ ਕਿਹਾ ਸੀ, "ਦੂਜੇ ਪਾਸੇ ਮੇਰੀ ਡਿੱਗ ਰਹੀ ਸਿਹਤ ਦਾ ਝੋਰਾ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਦੇ ਬਾਵਜੂਦ ਉਸ ਨੇ ਆਪਣਾ ਤੇ ਸਾਡਾ ਉਹ ਸੁਪਨਾ ਪੂਰਾ ਕਰਕੇ ਦਿਖਾਇਆ। ਜਿਸ ਲਈ 13 ਸਾਲਾਂ ਤੋਂ ਅਣਥੱਕ ਮਿਹਨਤ ਹੋ ਰਹੀ ਸੀ।"
ਕਰਮ ਸਿੰਘ ਖ਼ੁਦ ਰੱਸਾਕੱਸ਼ੀ ਦੇ ਚੋਟੀ ਦੇ ਖਿਡਾਰੀ ਰਹੇ ਸਨ ਉਨ੍ਹਾਂ ਨੂੰ ਸਥਾਨਕ ਲੋਕ 'ਹੀਰੋ' ਕਹਿ ਕੇ ਬੁਲਾਉਂਦੇ ਸਨ।
ਤੇਜਿੰਦਰਪਾਲ ਦੀ ਸੁਨਹਿਰੀ ਜਿੱਤ ਮੌਕੇ ਉਸਦੀ ਮਾਂ ਪ੍ਰਿਤਪਾਲ ਕੌਰ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਅਤੇ ਗ਼ਮੀ ਦੇ ਰਲਵੇਂ ਹੰਝੂ ਕਿਰਦੇ ਸਨ ਤੇ ਉਸ ਨੇ ਜਜ਼ਬਾਤੀ ਹੋ ਕੇ ਕਿਹਾ ਸੀ, ''ਪ੍ਰੈਕਟਿਸ ਤੋਂ ਲੈ ਕੇ ਹੁਣ ਤੱਕ ਤੇਜਿੰਦਰ ਰੋਜ਼ ਫੋਨ ਕਰਕੇ ਆਪਣੇ ਪਿਤਾ ਦੀ ਸਿਹਤ ਬਾਰੇ ਪੁੱਛਦਾ ਤਾਂ ਅਸੀਂ ਸਿਹਤ ਅੱਗੇ ਨਾਲੋਂ ਬਿਹਤਰ ਹੋਣ ਦੀ ਗੱਲ ਆਖਦੇ ਜਦਕਿ ਸਿਹਤ ਵਿੱਚ ਸੁਧਾਰ ਦੀ ਥਾਂ ਨਿਘਾਰ ਹੋ ਰਿਹਾ ਸੀ।"
"ਪਿਤਾ ਦੇ ਰੋਟੀ ਖਾਣ ਬਾਰੇ ਪੁੱਛਦਾ ਸੀ ਤਾਂ ਵੀ ਅਸੀਂ ਇਹੀਓ ਕਹਿੰਦੇ ਕਿ ਰੋਜ਼ਾਨਾ ਖਾ ਰਹੇ ਹਨ ਜਦਕਿ ਰੋਟੀ ਉਨ੍ਹਾਂ ਦੇ ਲੰਘਦੀ ਨਹੀਂ ਸੀ। ਇਹ ਸਾਰਾ ਕੁਝ ਇਸ ਲਈ ਕੀਤਾ ਕਿ ਕਿਧਰੇ ਤੇਜਿੰਦਰ ਦਾ ਮਨ ਨਾ ਡੋਲ ਜਾਵੇ ਤੇ ਉਹ ਕਮਜ਼ੋਰ ਪੈ ਕੇ ਕਾਮਨਵੈਲਥ ਖੇਡਾਂ ਵਾਂਗ ਪੱਛੜ ਨਾ ਜਾਵੇ।"
ਇਹ ਵੀ ਪੜ੍ਹੋ:
ਸਰਕਾਰ ਖ਼ਿਲਾਫ਼ ਰੋਸ
ਉਸ ਦੇ ਮਾਂ-ਪਿਉ ਨੂੰ ਅੱਜ ਤੱਕ ਸਰਕਾਰ ਵੱਲੋਂ ਸਾਰ ਨਾ ਲਏ ਜਾਣ 'ਤੇ ਡਾਢਾ ਰੋਸ ਸੀ। ਉਹ ਕਹਿੰਦੇ ਸਨ, ''ਰੋਜ਼ਾਨਾ ਦੋ ਤੋਂ ਢਾਈ ਹਜ਼ਾਰ ਰੁਪਏ ਦਾ ਖਰਚਾ ਕਰਕੇ ਤੇਜਿੰਦਰ ਇਹ ਮੈਡਲ ਜਿੱਤਣ ਜੋਗਾ ਹੋਇਆ। ਹੁਣ ਤੱਕ ਜਿੱਤੇ ਮੈਡਲਾਂ ਤੋਂ ਬਾਅਦ ਵੀ ਕੋਈ ਸਰਕਾਰੀ ਮਦਦ ਨਹੀਂ ਮਿਲੀ। ਜੇ ਸਾਡੇ ਕੋਲ ਥੋੜ੍ਹੀ ਬਹੁਤੀ ਜ਼ਮੀਨ ਤੇ ਸਮਰੱਥਾ ਨਾ ਹੁੰਦੀ ਤਾਂ ਤੇਜਿੰਦਰ ਦਾ ਸੁਪਨਾ ਕਦੇ ਸਾਕਾਰ ਨਹੀਂ ਸੀ ਹੋਣਾ।"
ਬੀਬੀਸੀ ਦੀ ਟੀਮ ਜਦੋਂ ਮੋਗਾ-ਜ਼ੀਰਾ ਰੋਡ 'ਤੇ ਸਥਿਤ ਪਿੰਡ ਖੋਸਾ ਪਾਂਡੋ ਗਈ ਸੀ ਹੈ ਤਾਂ ਚੌਰਾਹੇ 'ਤੇ ਤਾਸ਼ ਖੇਡਦੇ ਨੌਜਵਾਨਾਂ ਨੇ ਕੁਝ ਪੁੱਛਣ ਤੋਂ ਪਹਿਲਾਂ ਹੀ ਆਪ ਹੀ ਆਖ ਦਿੱਤਾ, ''ਉਹ ਸਾਹਮਣਾ ਘਰ ਹੈ ਜੀ।"
ਪੁੱਛਣ 'ਤੇ ਕਹਿੰਦੇ ਹਨ ਕਿ ਪਿੰਡ ਦੇ ਨੌਜਵਾਨ ਦੀ ਇਸ ਵੱਡੀ ਪ੍ਰਾਪਤੀ ਕਰਕੇ ਦੋ ਦਿਨ ਤੋਂ ਜਿਹੜਾ ਇਸ ਰਾਹ ਪੈਂਦਾ ਹੈ ਉਸ ਦੀ ਮੰਜ਼ਿਲ ਇਹੋ ਹੀਰੋ ਦਾ ਘਰ 'ਤੂਰ ਨਿਵਾਸ' ਹੋਣ ਕਰਕੇ ਉਹ ਬੁੱਝ ਲੈਂਦੇ ਹਨ।
ਇਹ ਵੀ ਪੜ੍ਹੋ:
ਗੁਰਬਚਨ ਕੌਰ ਤੇ ਕੁਲਦੀਪ ਕੌਰ ਨਾਲ ਬੈਠੀ ਜਸਵਿੰਦਰ ਕੌਰ ਬੋਲੀ, ''ਇਹ ਮੁੰਡਾ ਤਾਂ ਬਚਪਨ ਤੋਂ ਹੀ ਅਲਹਿਦਾ ਕਿਸਮ ਦਾ ਸੀ।
ਬਾਕੀ ਬੱਚੇ ਹੋਰ ਖੇਡਾਂ ਖੇਡਦੇ ਤਾਂ ਇਹ ਆਪਣੇ ਚਾਚੇ ਗੁਰਦੇਵ ਸਿੰਘ ਨਾਲ ਦਸ ਸਾਲ ਦੀ ਉਮਰ ਵਿੱਚ ਹੀ ਪਿੰਡ ਦੀ ਗਰਾਊਂਡ ਵਿੱਚ ਜਾਣ ਲੱਗਾ। ਅਸੀਂ ਉਸ ਨੂੰ ਕਦੇ ਬਾਹਰ ਮੁੰਡਿਆਂ ਵਿੱਚ ਬੈਠਾ ਵੀ ਨਹੀਂ ਸੀ ਦੇਖਿਆ।"
'ਉਲੰਪਿਕਸ ਤੱਕ ਵਿਆਹ ਨਹੀਂ ਕਰਾਉਣਾ'
ਮਾਂ ਪ੍ਰਿਤਪਾਲ ਕੌਰ ਮੁਤਾਬਕ, ''ਪਿਤਾ ਦੀ ਸਿਹਤ ਨਾਸਾਜ਼ ਰਹਿੰਦੀ ਹੋਣ ਕਰਕੇ ਉਹ ਤੇਜਿੰਦਰ 'ਤੇ ਵਿਆਹ ਲਈ ਬਹੁਤ ਜ਼ੋਰ ਪਾਉਂਦੀ ਰਹੀ । ਪਰ ਉਸਦਾ ਗੋਲਾ ਸੁੱਟਣ ਦੀ ਖੇਡ ਨਾਲ ਇੰਨਾ ਪਿਆਰ ਹੈ ਕਿ ਹਰ ਵਾਰ ਇਕੋ ਜਵਾਬ ਦਿੰਦਾ ਸੀ ਉਹ ਕਿ ਉਲੰਪਿਕਸ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਹੀ ਵਿਆਹ ਕਰਵਾਏਗਾ।"
ਫਿਰ ਉੱਚੀ ਆਵਾਜ਼ ਵਿੱਚ ਹੱਸਦੇ ਹੋਏ ਬੋਲੀ ਸੀ , ''ਭਾਵੇਂ ਉਦੋਂ ਤੱਕ ਕੁੜੀਆਂ ਹੀ ਮੁੱਕ ਜਾਣ।"
ਕਰਮ ਸਿੰਘ ਹੀਰੋ ਦੀ ਮਿਜ਼ਾਜਪੁਰਸ਼ੀ ਲਈ ਆਏ ਪਿੰਡ ਤੋਂ ਹੀ ਉਨ੍ਹਾਂ ਦੇ ਦੋਸਤ ਅਸ਼ੋਕ ਸ਼ਰਮਾ ਦੱਸਦੇ ਹਨ, ''ਛੇ ਫੁੱਟ ਤਿੰਨ ਇੰਚ ਕੱਦ ਵਾਲੇ ਅਤੇ ਸਵਾ ਕੁਇੰਟਲ ਦੇ ਕਰੀਬ ਵਜ਼ਨ ਵਾਲੇ ਤੇਜਿੰਦਰ ਤੋਂ ਦੇਸ ਨੂੰ ਬਹੁਤ ਉਮੀਦਾਂ ਹਨ।
ਉਹ ਪਿੰਡ ਵਿੱਚ 18 ਮੀਟਰ ਦੂਰ ਗੋਲਾ ਸੁੱਟਦਾ ਰਿਹਾ ਤੇ ਇਸ ਖੇਡ ਦੇ ਖਿਡਾਰੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਆਪਣੇ ਚਾਚੇ ਗੁਰਦੇਵ ਸਿੰਘ ਤੋਂ ਸਿਖਲਾਈ ਲੈਣ ਤੋਂ ਬਾਅਦ ਉਹ 20 ਮੀਟਰ ਪਾਰ ਕਰ ਗਿਆ।
ਬਾਅਦ ਵਿੱਚ ਕੋਚ ਮਹਿੰਦਰ ਸਿੰਘ ਢਿੱਲੋਂ ਕੋਲੋਂ ਜਲੰਧਰ ਵਿੱਚ ਰਹਿ ਕੇ ਸਿਖਲਾਈ ਲਈ ਅਤੇ ਹੁਣ ਜਕਾਰਤਾ ਏਸ਼ੀਆਈ ਖੇਡਾਂ ਵਿੱਚ 20.75 ਮੀਟਰ ਨਾਲ ਪੁਰਾਣੇ ਰਿਕਾਰਡ ਤੋੜ ਕੇ ਸੋਨੇ ਦਾ ਤਗ਼ਮਾ ਜਿੱਤ ਲਿਆ।"
ਉਹ ਇਸ ਪਿੱਛੇ ਤੇਜਿੰਦਰ ਤੋਂ ਇਲਾਵਾ ਬਾਕੀ ਟੱਬਰ ਦੀ ਮਿਹਨਤ ਦਾ ਵੀ ਜ਼ਿਕਰ ਕਰਨਾ ਨਹੀਂ ਭੁੱਲਦੇ ਜਿਨ੍ਹਾਂ ਨੇ ਔਖੇ ਹਾਲਾਤ ਵਿੱਚ ਵੀ ਤੇਜਿੰਦਰ ਦਾ ਪੂਰਾ ਸਾਥ ਦਿੱਤਾ।