ਡੌਨ ਬਰੈਡਮੈਨ ਅੱਜ ਵੀ ਇੱਥੇ ਪ੍ਰੈਕਟਿਸ ਕਰਦੇ ਨਜ਼ਰ ਆਉਂਦੇ ਹਨ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ, ਐਡੀਲੇਡ ਤੋਂ

ਦੁਨੀਆਂ ਦੇ ਮਹਾਨ ਬੱਲੇਬਾਜ਼ ਕਹਾਉਣ ਵਾਲੇ ਸਰ ਡੌਨ ਬ੍ਰੈਡਮੈਨ ਦੇ ਸ਼ਹਿਰ ਐਡੀਲੇਡ ਜਾ ਕੇ ਉਨ੍ਹਾਂ ਨੂੰ ਨੇੜਿਓਂ ਨਾ ਦੇਖਣਾ ਕਿਸੇ ਕ੍ਰਿਕਟ ਦੇ ਪ੍ਰਸੰਸਕ ਲਈ 'ਪਾਪ' ਹੀ ਸਮਝਿਆ ਜਾਵੇਗਾ।

ਸਰ ਡੌਨ ਬ੍ਰੈਡਮੈਨ ਤਾਂ 2001 'ਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਪਰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਮਨਪਸੰਦ ਐਡੀਲੇਡ ਮੈਦਾਨ ਵਿੱਚ 2008 ਵਿੱਚ ਇੱਕ ਮਿਊਜ਼ੀਅਮ ਬਣਾਇਆ ਗਿਆ ਸੀ।

ਅੰਦਰ ਪੈਰ ਰੱਖਦਿਆਂ ਹੀ ਇਹ ਮਿਊਜ਼ੀਅਮ ਤੁਹਾਨੂੰ ਇਤਿਹਾਸ ਵੱਲ ਲੈ ਜਾਂਦਾ ਹੈ ਕਿਉਂਕਿ ਇੱਥੇ ਸਿਰਫ਼ ਉਹ ਸਾਮਾਨ ਹੈ ਜਿਸ ਨੂੰ ਬ੍ਰੈਡਮੈਨ 1927 ਤੋਂ 1977 ਤੱਕ ਇਸਤੇਮਾਲ ਕਰਦੇ ਸਨ।

ਇਹ ਵੀ ਪੜ੍ਹੋ:

ਮਿਊਜ਼ੀਅਮ ਵਿੱਚ ਦਾਖ਼ਲ ਹੁੰਦਿਆਂ ਹੀ ਖੱਬੇ ਪਾਸੇ ਉਨ੍ਹਾਂ ਦਾ ਮਨਪਸੰਦ ਸੋਫਾ ਹੈ ਅਤੇ ਲੱਕੜ ਦਾ ਵੱਡਾ ਜਿਹਾ ਰੇਡੀਓ ਹੈ, ਜਿਸ ਨਾਲ ਖ਼ਬਰਾਂ ਅਤੇ ਕਮੈਂਟਰੀ ਸੁਣਦੇ ਸਨ।

ਇਸ ਦਾ ਨਾਲ ਹੀ ਅਲੂਮੀਨੀਅਮ ਦਾ ਇੱਕ ਵੱਡਾ ਡਰੰਮ ਰੱਖਿਆ ਹੋਇਆ ਹੈ, ਜਿਸ ਦੇ ਸਾਹਮਣੇ ਇੱਕ ਸਟੰਪ ਅਤੇ ਰਬੜ ਦੀ ਗੇਂਦ ਟੰਗੀ ਹੋਈ ਹੈ।

ਇਸ ਦੇ ਸਾਹਮਣੇ ਇੱਕ ਐਲਸੀਡੀ ਵੀਡੀਓ ਚੱਲ ਰਿਹਾ ਹੈ, ਜਿਸ ਵਿੱਚ ਖ਼ੁਦ ਡੌਨ ਬ੍ਰੈਡਮੈਨ ਸਟੰਪ ਅਤੇ ਗੇਂਦ ਨਾਲ ਪ੍ਰੈਕਟਿਸ ਕਰ ਰਹੇ ਹਨ।

ਨੇੜੇ ਪਏ ਸ਼ੀਸ਼ੇ ਦੇ ਰੈਕ ਵਿੱਚ ਉਨ੍ਹਾਂ ਦਾ ਉਹ ਬਲੇਜ਼ਰ (ਕੋਟ) ਟੰਗਿਆ ਹੈ, ਜਿਸ ਨੂੰ ਉਨ੍ਹਾਂ ਨੇ ਚਰਚਿਤ 'ਬਾਡੀਲਾਈਨ' ਏਸ਼ੇਜ਼ ਸੀਰੀਜ਼ ਦੌਰਾਨ ਪਹਿਨਿਆ ਸੀ।

ਵੱਡੀਆਂ-ਵੱਡੀਆਂ ਤਸਵੀਰਾਂ ਵਿੱਚ ਡੋਨ ਬ੍ਰੈਡਮੈਨ ਦੇ ਸ਼ਾਨਦਾਰ ਜੀਵਨ ਦਾ ਸਫ਼ਰ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਕਿਸੇ ਤਸਵੀਰ ਵਿੱਚ ਇੰਗਲੈਂਡ ਦੇ ਰਾਜਕੁਮਾਰ ਦੇ ਨਾਲ ਘੁੰਮ ਰਹੇ ਅਤੇ ਕਿਸੇ ਵਿੱਚ ਗੈਰੀ ਸੋਬਰਸ ਤੇ ਈਅਨ ਚੈਪਲ ਵਰਗੇ ਖਿਡਾਰੀ ਆਪਣੀ ਠੋਢੀ 'ਤੇ ਹੱਥ ਰੱਖ ਕੇ ਬੈਠੇ ਹੋਏ, ਉਨ੍ਹਾਂ ਨੂੰ ਧਿਆਨ ਨਾਲ ਸੁਣ ਰਹੇ ਹਨ।

ਖ਼ੁਦ ਡੌਨ ਬ੍ਰੈਡਮੈਨ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਂਭ ਕੇ ਦੱਖਣੀ ਆਸਟਰੇਲੀਆ ਦੀ ਸਟੇਟ ਲਾਈਬ੍ਰੇਰੀ ਵਿੱਚ ਰਖਵਾਇਆ ਸੀ।

ਉਨ੍ਹਾਂ ਦੀਆਂ ਜਿੱਤੀਆਂ ਹੋਈਆਂ ਕਰੀਬ ਸਾਰੀਆਂ ਵੱਡੀਆਂ ਟਰਾਫੀਆਂ ਵੀ ਇਸ ਮਿਊਜ਼ੀਅਮ ਦਾ ਹਿੱਸਾ ਹਨ, ਜਿਨ੍ਹਾਂ ਨੂੰ ਰੋਜ਼ ਚਮਕਾਇਆ ਜਾਂਦਾ ਹੈ।

ਮੇਰੀਆਂ ਨਜ਼ਰਾਂ ਇੱਕ ਸ਼ੈਲਫ 'ਤੇ ਕਰੀਬ 5 ਮਿੰਟ ਤੱਕ ਟਿਕੀਆਂ ਰਹੀਆਂ। ਇੱਥੇ ਡੌਨ ਬ੍ਰੈਡਮੈਨ ਦੇ ਉਹ ਬੱਲੇ ਪਏ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਕ੍ਰਿਕਟ ਵਿੱਚ ਹਰ ਉਹ ਰਿਕਾਰਡ ਬਣਾਇਆ, ਜੋ ਉਸ ਵੇਲੇ ਬਣ ਸਕਦਾ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)