1981 ਏਅਰ ਇੰਡੀਆ ਜਹਾਜ਼ ਹਾਈਜੈਕ ਮਾਮਲਾ: ਅਦਾਲਤ ਵੱਲੋਂ ਦੋ ਦੋਸ਼ੀਆਂ ਨੂੰ ਰਾਹਤ

1981 ਵਿੱਚ ਦਿੱਲੀ ਤੋਂ ਸ਼੍ਰੀਨਗਰ ਦੀ ਏਅਰ ਇੰਡੀਆ ਦੀ ਫਲਾਈਟ ਨੂੰ ਹਾਈਜੈਕ ਕਰਕੇ ਪਾਕਿਸਤਾਨ ਲੈਂਡ ਕਰਾਉਣ ਵਾਲੇ ਮੁਲਜ਼ਮਾਂ ਨੂੰ ਦਿੱਲੀ ਕੋਰਟ ਵੱਲੋਂ ਸੋਮਵਾਰ ਨੂੰ ਰਾਹਤ ਮਿਲੀ ਹੈ।

ਪੀਟੀਆਈ ਮੁਤਾਬਕ, ਅਡਿਸ਼ਨਲ ਸੈਸ਼ਨਜ਼ ਜੱਜ ਅਜੇ ਪਾਂਡੇ ਨੇ ਤਜਿੰਦਰ ਪਾਲ ਸਿੰਘ ਤੇ ਸਤਨਾਮ ਸਿੰਘ ਨੂੰ ਬਰੀ ਕਰ ਦਿੱਤਾ ਹੈ।

ਸਤੰਬਰ 29, 1981 ਨੂੰ ਪਾਕਿਸਤਾਨ ਵਿੱਚ ਲੈਂਡਿੰਗ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ।

ਸਾਲ 2000 ਵਿੱਚ ਦੋਹਾਂ ਨੂੰ ਪਾਕਿਸਤਾਨ ਤੋਂ ਵਾਪਿਸ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

2011 ਵਿੱਚ ਦਿੱਲੀ ਪੁਲਿਸ ਨੇ ਸਰਕਾਰ ਖ਼ਿਲਾਫ਼ ਜੰਗ, ਸੂਬੇ ਖ਼ਿਲਾਫ਼ ਜੁਰਮ ਦੀ ਸਾਜ਼ਿਸ਼ ਤੇ ਹੋਰ ਜੁਰਮਾਂ ਲਈ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਸੀ।

ਪਿਛਲੇ ਸਾਲ ਜੁਲਾਈ ਵਿੱਚ ਦੋਵਾਂ ਨੂੰ ਜ਼ਮਾਨਤ 'ਤੇ ਰਿਹਾਅ ਵੀ ਹੋਏ ਸਨ।

ਇਸ ਖ਼ਬਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ।

ਉਨ੍ਹਾਂ ਲਿਖਿਆ, ''37 ਸਾਲ ਪੁਰਾਣੇ ਏਅਰ ਇੰਡੀਆ ਹਾਈਜੈਕਿੰਗ ਮਾਮਲੇ ਵਿੱਚ ਸਤਨਾਮ ਸਿੰਘ ਤੇ ਤੇਜਿੰਦਰ ਪਾਲ ਸਿੰਘ ਦੀ ਦਿੱਲੀ ਕੋਰਟ ਵੱਲੋਂ ਰਿਹਾਈ ਦੇ ਆਦੇਸ਼ ਦਾ ਸੁਆਗਤ ਕਰਦਾ ਹਾਂ।''

''ਉਹ ਪਹਿਲਾਂ ਹੀ ਪਾਕਿਸਤਾਨ ਵਿੱਚ ਉਮਰ ਕੈਦ ਕੱਟ ਚੁੱਕੇ ਹਨ ਤੇ ਇੱਕੋ ਜੁਰਮ ਲਈ ਮੁੜ ਸਜ਼ਾ ਨਹੀਂ ਕੱਟ ਸਕਦੇ ਸਨ।''

ਕੀ ਸੀ ਪੂਰਾ ਮਾਮਲਾ?

  • 29 ਸਤੰਬਰ 1981 ਨੂੰ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਮੁਸਾਫਰਾਂ ਸਣੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਲਾਹੌਰ ਉਤਾਰਿਆ ਗਿਆ ਸੀ।
  • 5 ਹਾਈਜੈਕਰਜ਼ ਵਿੱਚੋਂ 2 ਅਗਵਾਕਾਰ ਸਤਨਾਮ ਸਿੰਘ ਅਤੇ ਤੇਜਿੰਦਰਪਾਲ ਸਿੰਘ 'ਤੇ ਦੇਸ ਖਿਲਾਫ਼ ਜੰਗ ਛੇੜਨ ਦਾ ਮੁਕੱਦਮਾ ਚਲਾਇਆ ਗਿਆ ਸੀ।
  • ਪਾਕਿਸਤਾਨ ਵਿੱਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਤਜਿੰਦਰਪਾਲ ਸਿੰਘ 1998 ਵਿੱਚ ਕੈਨੇਡਾ ਚਲਾ ਗਿਆ ਜਦਕਿ 1999 ਵਿੱਚ ਸਤਨਾਮ ਸਿੰਘ ਅਮਰੀਕਾ ਚਲਾ ਗਿਆ ਸੀ।
  • ਹਵਾਈ ਜਹਾਜ਼ ਹਾਈਜੈਕ ਕਰਨ ਕਾਰਨ ਦੋਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।
  • ਬਾਕੀ ਤਿੰਨਾਂ ਅਗਵਾਕਾਰ ਗਜਿੰਦਰ ਸਿੰਘ, ਜਸਬੀਰ ਸਿੰਘ ਅਤੇ ਕਰਨ ਸਿੰਘ ਭਾਰਤ ਵਿੱਚ ਨਹੀਂ ਹਨ।
  • ਅਗਵਾਕਾਰਾਂ ਨੇ ਜਰਨੈਲ ਸਿੰਘ ਭਿੰਡਰਾਵਾਲਾ ਦੀ ਰਿਹਾਈ ਲਈ ਹਵਾਈ ਜਹਾਜ਼ ਅਗਵਾ ਕੀਤਾ ਸੀ ਜਿਨ੍ਹਾਂ ਨੂੰ ਇੱਕ ਕਤਲ ਕੇਸ ਵਿੱਚ 20 ਸਤੰਬਰ 1981 ਨੂੰ ਗ੍ਰਿਫ਼ਤਾਰ ਕੀਤਾ ਸੀ।
  • ਦਿੱਲੀ ਪੁਲਿਸ ਨੇ 2011 ਵਿੱਚ ਦੇਸਧਰੋਹ ਅਤੇ ਦੇਸ ਖਿਲਾਫ਼ ਜੰਗ ਛੇੜਨ ਦੇ ਇਲਜ਼ਾਮਾਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਖਿਲ ਕੀਤੀ ਸੀ। 2017 ਵਿੱਚ ਹਾਈ ਕੋਰਟ ਨੇ ਚਾਰਜਸ਼ੀਟ ਨੂੰ ਖਾਰਿਜ ਕਰ ਦਿੱਤਾ ਸੀ।
  • ਇਸ ਸਾਲ ਮਈ ਵਿੱਚ ਟ੍ਰਾਇਲ ਕੋਰਟ ਨੇ ਦੇਸਧਰੋਹ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)