You’re viewing a text-only version of this website that uses less data. View the main version of the website including all images and videos.
ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਫੈਕਟਰੀਆਂ-ਸੰਸਥਾਵਾਂ ਦੇ ਵਰਕਰ ਕੀ ਕਰ ਰਹੇ ਹਨ?
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜੇਲ੍ਹ ਹੋਣ ਤੋਂ ਬਾਅਦ ਡੇਰੇ ਨਾਲ ਜੁੜੀਆਂ ਕਈ ਸੰਸਥਾਵਾਂ ਇਸ ਦੇ ਅਸਰ ਹੇਠ ਆਈਆਂ ਹਨ।
ਇਸੇ ਤਰ੍ਹਾਂ ਸਮਾਜਿਕ ਕੰਮਾਂ ਲਈ ਬਣਾਈ ਗਈ ਸੰਸਥਾ ਗਰੀਨ ਐੱਸ ਵੈਲਫੇਅਰ ਫੋਰਸ ਵਿੱਚ ਕੰਮ ਕਰਨ ਵਾਲੇ ਕਈ ਵਿਅਕਤੀਆਂ ਨੂੰ ਹਟਾ ਦਿੱਤਾ ਗਿਆ ਤੇ ਕਈ ਖੁਦ ਹੀ ਡੇਰੇ ਦੀਆਂ ਫੈਕਟਰੀਆਂ ਤੇ ਹੋਰਨਾਂ ਅਦਾਰਿਆਂ ਨੂੰ ਛੱਡ ਕੇ ਆ ਗਏ।
ਗਰੀਨ ਐੱਸ ਵੈਲਫੇਅਰ ਫੋਰਸ ਦੇ ਕਈ ਮੈਂਬਰ ਲਾਪਤਾ ਹੋ ਗਏ ਅਤੇ ਕਈ ਫੋਰਸ ਨੂੰ ਛੱਡ ਕੇ ਆਪਣਾ ਹੋਰ ਕੰਮ ਕਰਨ ਲੱਗ ਪਏ ਹਨ।
ਡੇਰੇ ਦੀ ਗਰੀਨ ਐੱਸ ਵੈਲਫੇਅਰ ਫੋਰਸ ਦੇ 10-12 ਸਾਲ ਮੈਂਬਰ ਰਹੇ ਇੱਕ ਡੇਰਾ ਪ੍ਰੇਮੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਉਹ ਡੈਂਟਿੰਗ-ਪੈਂਟਿੰਗ ਦਾ ਕੰਮ ਕਰਦੇ ਸਨ ਅਤੇ ਹੁਣ ਉਹ ਸਰਵਿਸ ਸਟੇਸ਼ਨ 'ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ।
ਇਹ ਵੀ ਪੜ੍ਹੋ:
12ਵੀਂ ਤੱਕ ਪੜ੍ਹੇ ਗਰੀਨ ਐੱਸ ਵੈਲਫੇਅਰ ਫੋਰਸ ਦੇ ਇੱਕ ਸਾਬਕਾ ਮੈਂਬਰ ਨੇ ਦੱਸਿਆ ਹੈ ਕਿ ਫੋਰਸ ਦੇ ਵੱਖ-ਵੱਖ ਵਿੰਗ ਬਣੇ ਹੋਏ ਹਨ ਤੇ ਸਾਰੇ ਵਿੰਗਾਂ ਦੀ ਵੱਖੋ-ਵੱਖਰੀ ਜ਼ਿੰਮੇਵਾਰੀ ਹੈ।
ਕਿਵੇਂ ਕੰਮ ਕਰਦੀ ਸੀ ਸੰਸਥਾ?
ਗਰੀਨ ਐੱਸ ਵੈੱਲਫੇਅਰ ਫੋਰਸ ਵਿੱਚ ਪਾਣੀ ਦੀ ਕਮੇਟੀ, ਕੰਟੀਨ ਕਮੇਟੀ, ਆਰਾ, ਵੈੱਲਡਿੰਗ, ਮਹਿਲਾ ਅਤੇ ਬਜ਼ੁਰਗ ਕਮੇਟੀ ਸਣੇ ਕਈ ਹੋਰ ਵਿੰਗ ਹੁੰਦੇ ਹਨ। ਸਭ ਤੋਂ ਅੱਗੇ ਇੱਕ ਜਿੰਮੇਵਾਰ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਸ ਨੂੰ ਸੱਤ ਮੈਂਬਰ ਕਮੇਟੀ ਚਲਾਉਂਦੀ ਸੀ।
ਜਿੰਮੇਵਾਰ ਵਿਅਕਤੀ ਹੀ ਕੰਮ ਲਈ ਸਭ ਨੂੰ ਸੂਚਨਾ ਦਿੰਦਾ ਸੀ। ਸਮਾਜਿਕ ਕੰਮਾਂ ਲਈ ਸੂਚਨਾ ਮੀਟਿੰਗ (ਨਾਮ ਚਰਚਾ) ਵਿੱਚ ਦਿੱਤੀ ਜਾਂਦੀ ਸੀ।
ਕੁਝ ਸੂਚਨਾਵਾਂ ਗੁਪਤ ਰੱਖੀਆਂ ਜਾਂਦੀਆਂ ਸਨ, ਜੋ ਸਿਰਫ਼ ਸੱਤ ਮੈਂਬਰ ਕਮੇਟੀ ਨੂੰ ਹੀ ਪਤਾ ਹੁੰਦੀਆਂ ਸਨ। ਫੋਰਸ ਦੇ ਵੱਖ-ਵੱਖ ਵਿੰਗ ਨੂੰ ਸੱਦ ਲਿਆ ਜਾਂਦਾ ਸੀ ਤੇ ਆਪਣੇ-ਆਪਣੇ ਵਿੰਗ ਦੀਆਂ ਬੱਸਾਂ ਵਿੱਚ ਬਿਠਾ ਕੇ ਕੰਮ 'ਤੇ ਲੈ ਜਾਇਆ ਜਾਂਦਾ ਸੀ।
ਗਰੀਨ ਐੱਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੂੰ ਡੇਰੇ ਵੱਲੋਂ ਡਿਜ਼ਾਈਨ ਕੀਤੀ ਗਈ ਵਿਸ਼ੇਸ਼ ਵਰਦੀ ਹੀ ਪਾਉਣੀ ਪੈਂਦੀ ਸੀ। ਇਸ ਦੀ ਕੀਮਤ ਸੀ 2200 ਰੁਪਏ। ਇਸ ਵਰਦੀ ਉੱਤੇ ਬਾਕਾਇਦਾ ਫੋਰਸ ਦਾ ਨੰਬਰ ਦਿੱਤਾ ਜਾਂਦਾ ਸੀ। ਫੋਰਸ ਦੇ ਵੱਖੋ-ਵੱਖਰੇ ਵਿੰਗਾਂ ਦੇ ਵੱਖ-ਵੱਖ ਨੰਬਰ ਹੁੰਦੇ ਹਨ।
ਪਹਿਲੀ ਕਤਾਰ ਵਾਲੀ ਫੋਰਸ ਦੇ ਨੰਬਰ ਵੱਖ ਹੁੰਦੇ ਸਨ ਤੇ ਦੂਜੀ ਤੇ ਤੀਜੀ ਕਤਾਰ ਵਾਲੀ ਫੋਰਸ ਦੇ ਵੱਖ ਨੰਬਰ ਹੁੰਦੇ ਸਨ।
ਇਹ ਵੀ ਪੜ੍ਹੋ:
ਫੋਰਸ ਦੀਆਂ 15 ਤੋਂ 20 ਦੇ ਕਰੀਬ ਬੱਸਾਂ ਸਨ। ਅੱਗ ਬੁਝਾਉਣ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਵੱਖ-ਵੱਖ ਫੋਰਸ ਹੁੰਦੀ ਸੀ।
ਫੋਰਸ ਦੀ ਬੱਸ ਵਿੱਚ ਹਿੱਸਾ ਪਾਉਣ ਲਈ ਵੱਖ ਤੋਂ ਮੈਂਬਰਾਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਸਨ।
ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਭੜਕੀ ਹਿੰਸਾ ਕਾਰਨ ਪੁਲੀਸ ਨੇ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ।
ਸੰਸਥਾਵਾਂ ਦੇ ਕਈ ਲੋਕ ਅੰਡਰਗਰਾਊਂਡ
ਕਈ ਲੋਕਾਂ ਨੂੰ ਹਾਲੇ ਡਰ ਹੈ ਕਿ ਉਨ੍ਹਾਂ ਦਾ ਨਾਂ ਇਸ ਮਾਮਲੇ ਵਿੱਚ ਨਾ ਆ ਜਾਵੇ, ਇਸ ਲਈ ਉਹ ਆਪਣੀ ਪਛਾਣ ਜਨਤਕ ਨਹੀਂ ਕਰ ਰਹੇ ਹਨ ਤੇ ਕਈ ਲੋਕ ਹਾਲੇ ਵੀ ਅੰਡਰਗਰਾਉਂਡ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਫੈਕਟਰੀਆਂ ਵਿੱਚ ਕੰਮ ਕਰਦੇ ਕਈ ਮਜ਼ਦੂਰਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਤੇ ਕਈਆਂ ਨੂੰ ਪੀ.ਐਫ. ਨਹੀਂ ਮਿਲਿਆ। ਫੈਕਟਰੀਆਂ ਵਿੱਚ ਕੰਮ ਕਰਦੇ ਮੁਜ਼ਦੂਰਾਂ ਨੂੰ ਤਜ਼ਰਬੇ ਅਨੁਸਾਰ ਹੀ ਤਨਖਾਹ ਹੀ ਦਿੱਤੀ ਜਾਂਦੀ ਸੀ ਪਰ ਮੁੜ ਫੈਕਟਰੀਆਂ ਦੇ ਚਾਲੂ ਹੋਣ ਕਾਰਨ ਕਈ ਮਜ਼ਦੂਰਾਂ ਨੂੰ ਦੁਬਾਰਾ ਨੌਕਰੀ 'ਤੇ ਰੱਖਿਆ ਵੀ ਗਿਆ ਹੈ।
ਜ਼ਿਲ੍ਹਾ ਸਹਾਇਕ ਲੇਬਰ ਇੰਸਪੈਕਟਰ ਨੇ ਦੱਸਿਆ ਹੈ ਕਿ ਡੇਰੇ ਦੀ ਕਿਸੇ ਵੀ ਫੈਕਟਰੀ ਦੇ ਕਿਸੇ ਵੀ ਮਜ਼ਦੂਰ ਨੇ ਉਨ੍ਹਾਂ ਕੋਲ ਹਾਲੇ ਤੱਕ ਤਨਖਾਹ ਨਾ ਮਿਲਣ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਜੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
ਇਸ ਮਾਮਲੇ ਵਿੱਚ ਡੇਰੇ ਦਾ ਪੱਖ ਜਾਨਣ ਲਈ ਡੇਰੇ ਦੇ ਬੁਲਾਰੇ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਉੱਧਰ ਡੇਰਾ ਮੁਖੀ ਨੂੰ ਜੇਲ੍ਹ ਤੋਂ ਮੁਕਤੀ ਦਿਵਾਉਣ ਲਈ ਡੇਰਾ ਸਮਰਥਕਾਂ ਨੂੰ ਸਿਮਰਨ ਕਰਨ ਲਈ ਕਿਹਾ ਗਿਆ ਹੈ।
ਡੇਰੇ ਦੇ ਕੁਝ ਆਗੂ ਡੇਰਾ ਸਰਧਾਲੂਆਂ ਨੂੰ ਡੇਰੇ ਨਾਲ ਜੋੜੀ ਰੱਖਣ ਲਈ ਡੇਰਾ ਸਰਧਾਲੂਆਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਪਰਸ਼ਾਦ ਦਿੰਦੇ ਹਨ ਤੇ ਡੇਰਾ ਮੁਖੀ ਦੀ ਰਿਹਾਈ ਲਈ ਸਿਮਰਨ ਕਰਨ ਲਈ ਕਹਿੰਦੇ ਹਨ।
ਬਾਕਾਇਦਾ ਉਨ੍ਹਾਂ ਨੂੰ ਸਿਮਰਨ ਕਰਨ ਦਾ ਸਮਾਂ ਦੱਸਿਆ ਜਾਂਦਾ ਹੈ ਕਿ ਉਹ ਕਿੰਨੇ ਘੰਟੇ ਤੇ ਕਿੰਨੇ ਮਿੰਟ ਸਿਮਰਨ ਕਰਨ।