You’re viewing a text-only version of this website that uses less data. View the main version of the website including all images and videos.
ਪਤਨੀ ਦਾ ਕਾਤਲ ਪਰਵਾਸੀ ਪੰਜਾਬੀ ਅੰਮ੍ਰਿਤਸਰ ’ਚ ਭੁਗਤੇਗਾ ਸਜ਼ਾ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪਤਨੀ ਨੂੰ ਕਤਲ ਕਰਨ ਦੇ ਇਲਜ਼ਾਮਾਂ ਹੇਠ ਪਿਛਲੇ 8 ਸਾਲਾਂ ਤੋਂ ਬਰਤਾਨਵੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬੀ ਮੂਲ ਦੇ ਹਰਪ੍ਰੀਤ ਔਲਖ ਨੂੰ 28 ਅਗਸਤ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇਗਾ।
2009 ਵਿੱਚ ਹਰਪ੍ਰੀਤ ਨੇ ਆਪਣੀ 28 ਸਾਲ ਦੀ ਵਹੁਟੀ ਗੀਤਾ ਔਲਖ ਦਾ ਇੱਕ ਤਿੱਖੇ ਔਜ਼ਾਰ ਨਾਲ ਕਤਲ ਕਰ ਦਿੱਤਾ ਸੀ। ਗੀਤਾ ਅਤੇ ਹਰਪ੍ਰੀਤ ਦੇ ਦੋ ਬੇਟੇ ਸਨ। ਹਰਪ੍ਰੀਤ ਔਲਖ ਨੂੰ ਕਤਲ ਮਾਮਲੇ ਵਿੱਚ 28 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਪੰਜਾਬ ਦੇ ਏਡੀਜੀਪੀ ਜੇਲ੍ਹ ਆਈਪੀਐੱਸ ਸਹੋਤਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਪਲਾਨ ਦੇ ਮੁਤਾਬਕ ਬ੍ਰਿਟੇਨ ਦੇ ਅਧਿਕਾਰੀ ਹਰਪ੍ਰੀਤ ਨੂੰ ਦਿੱਲੀ ਏਅਰਪੋਰਟ ਲਿਆਉਣਗੇ ਜਿੱਥੋਂ ਪੰਜਾਬ ਦੇ ਪੁਲਿਸ ਅਫਸਰਾਂ ਦੀ ਟੀਮ ਉਸ ਨੂੰ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਲੈ ਕੇ ਜਾਵੇਗੀ।''
ਇਹ ਵੀ ਪੜ੍ਹੋ:
2009 ਵਿੱਚ ਔਲਖ ਅਤੇ ਗੀਤਾ ਦੇ ਵਿਆਹ ਨੂੰ 10 ਸਾਲ ਹੋਏ ਸਨ। ਗੀਤਾ ਇੱਕ ਰੇਡੀਓ ਸਟੇਸ਼ਨ 'ਤੇ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ।
ਗੀਤਾ ਨੇ ਔਲਖ ਤੋਂ ਤਲਾਕ ਲੈਣ ਦੀ ਅਰਜ਼ੀ ਪਾ ਰੱਖੀ ਸੀ ਤੇ ਔਲਖ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ।
ਭਾਵੇਂ ਹਰਪ੍ਰੀਤ ਔਲਖ ਨੇ ਕਤਲ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
16 ਨਵੰਬਰ 2009 ਨੂੰ ਗੀਤਾ ਨੇ ਬਰੌਂਡ ਐਵੇਨਿਊ ਤੋਂ ਬੱਸ ਫੜੀ। ਉਹ ਕ੍ਰੈੱਚ ਤੋਂ ਆਪਣੇ ਬੱਚਿਆਂ ਨੂੰ ਲੈਣ ਲਈ ਜਾ ਰਹੀ ਸੀ।
ਕਰੈਚ ਦੇ ਰਾਹ ਵਿੱਚ ਹੀ ਉਸ 'ਤੇ ਹਮਲਾ ਹੋਇਆ, ਗੀਤਾ ਨੇ ਸੱਜੇ ਹੱਥ ਨਾਲ ਆਪਣਾ ਸਿਰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹਮਲਾ ਇੰਨੀ ਜ਼ੋਰ ਨਾਲ ਕੀਤਾ ਗਿਆ ਕਿ ਸਾਰਾ ਸਿਰ ਫੱਟ ਗਿਆ ਸੀ। ਤਿੰਨ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਟਰਾਂਸਫਰ ਦਾ ਮਕਸਦ ਕੀ ਹੈ?
ਪੰਜਾਬ ਜੇਲ੍ਹਾਂ ਦੇ ਆਈਜੀ ਰੂਪ ਕੁਮਾਰ ਨੇ ਕਿਹਾ, ''ਆਪਣੇ ਦੇਸ ਵਿੱਚ ਸਜ਼ਾ ਕੱਟ ਰਹੇ ਮੁਲਜ਼ਮ ਲਈ ਪਰਿਵਾਰ ਨੂੰ ਮਿਲਣਾ ਸੌਖਾ ਹੁੰਦਾ ਹੈ। ਭਾਰਤ ਵਿੱਚ ਹੋਰ ਦੇਸਾਂ ਮੁਕਾਬਲੇ ਜ਼ਮਾਨਤ ਲੈਣਾ ਵੀ ਸੌਖਾ ਹੈ ਤੇ ਇੱਥੇ ਦੇ ਜੇਲ੍ਹ ਵੀ ਠੀਕ-ਠਾਕ ਹਨ।''
ਅਫਸਰਾਂ ਮੁਤਾਬਕ 'ਰਿਪੈਟਰੀਏਸ਼ਨ ਆਫ ਪਰਿਜ਼ਨਰਜ਼ ਐਕਟ' ਦੇ ਤਹਿਤ ਸਾਰੇ ਵਿਦੇਸ਼ੀ ਕੈਦੀ ਆਪਣੇ ਦੇਸ ਦੀਆਂ ਜੇਲ੍ਹਾਂ ਵਿੱਚ ਟਰਾਂਸਫਰ ਕਰਾ ਸਕਦੇ ਹਨ। ਬਾਸ਼ਰਤ ਉਨ੍ਹਾਂ 'ਤੇ ਕੋਈ ਪੈਂਡਿੰਗ ਕੇਸ ਨਾ ਹੋਵੇ, ਮੌਤ ਦੀ ਸਜ਼ਾ ਨਾ ਹੋਵੇ ਜਾਂ ਉਹ ਫੌਜ ਦੇ ਕਾਨੂੰਨ ਤਹਿਤ ਨਾ ਆਉਂਦੇ ਹੋਣ।
ਟਰਾਂਸਫਰ ਲਈ ਟਰਾਂਸਫਰ ਕਰਨ ਵਾਲੇ ਅਤੇ ਜਿੱਥੇ ਟਰਾਂਸਫਰ ਹੋ ਰਿਹਾ ਹੈ, ਦੋਵੇਂ ਦੇਸਾਂ ਦੀ ਮੰਜ਼ੂਰੀ ਲੈਣੀ ਵੀ ਜ਼ਰੂਰੀ ਹੁੰਦੀ ਹੈ। ਵਿਦੇਸ਼ ਦੀ ਜੇਲ੍ਹ ਵਿੱਚ ਸਜ਼ਾ ਕੱਟਣਾ ਔਖਾ ਮੰਨਿਆ ਜਾਂਦਾ ਹੈ ਜਿੱਥੇ ਤੁਸੀਂ ਆਪਣੇ ਪਰਿਵਾਰ, ਭਾਸ਼ਾ ਤੇ ਖਾਣੇ ਤੋਂ ਦੂਰ ਹੁੰਦੇ ਹੋ।