ਏਸ਼ੀਆਈ ਖੇਡਾਂ: ਕੀ ਇਸ ਹਾਰ ਨਾਲ ਭਾਰਤੀ ਕਬੱਡੀ ਟੀਮ ਦੇ ਦਬਦਬੇ ਖਤਮ ਹੋ ਜਾਵੇਗਾ?

ਤਸਵੀਰ ਸਰੋਤ, Getty Images
- ਲੇਖਕ, ਸ਼ਿਵਾ ਕੁਮਾਰ ਉਲਗਨਾਦਨ
- ਰੋਲ, ਬੀਬੀਸੀ ਪੱਤਰਕਾਰ
ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰੀ ਹੈ ਕਿ ਭਾਰਤੀ ਕਬੱਡੀ ਟੀਮਾਂ (ਮਰਦ ਅਤੇ ਔਰਤਾਂ) ਬਿਨਾਂ ਗੋਲਡ ਮੈਡਲ ਤੋਂ ਭਾਰਤ ਪਰਤ ਰਹੀਆਂ ਹਨ। ਭਾਰਤੀ ਮਰਦਾਂ ਦੀ ਟੀਮ ਦਾ ਸਫ਼ਰ ਸ਼ੁੱਕਰਵਾਰ ਨੂੰ ਸੈਮੀ ਫਾਈਨਲ ਵਿੱਚ ਇਰਾਨ ਤੋਂ 18-27 ਅੰਕਾਂ ਨਾਲ ਹਾਰ ਕੇ ਖਤਮ ਹੋਇਆ, ਜਦੋਂ ਕਿ ਮਹਿਲਾ ਟੀਮ ਫਾਈਨਲ ਵਿੱਚ 24-27 ਸਕੋਰ ਨਾਲ ਇਸੇ ਵਿਰੋਧੀ ਟੀਮ ਤੋਂ ਹਾਰ ਗਈ।
ਮਰਦਾਂ ਦੀ ਕਬੱਡੀ ਨੂੰ 1990 ਬੀਜਿੰਗ ਖੇਡਾਂ ਤੋਂ ਹੀ ਏਸ਼ੀਆਈ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਪਿਛਲੀਆਂ 7 ਏਸ਼ੀਆਈ ਖੇਡਾਂ ਵਿਚ ਹੋਏ ਮੁਕਾਬਲਿਆਂ ਦੌਰਾਨ ਭਾਰਤ ਨੇ ਸੋਨੇ ਦੇ ਤਮਗੇ ਜਿੱਤੇ ਸਨ। ਪਰ ਇਸ ਵਾਰੀ ਟੀਮ ਨੂੰ ਕਾਂਸੀ ਦੇ ਤਮਗੇ ਉੱਤੇ ਹੀ ਸਬਰ ਕਰਨਾ ਪਿਆ।
ਮਹਿਲਾ ਵਰਗ ਵਿੱਚ ਕਬੱਡੀ ਨੂੰ 2010 ਦੀਆਂ ਖੇਡਾਂ ਤੋਂ ਸ਼ਾਮਲ ਕੀਤਾ ਗਿਆ ਸੀ। ਭਾਰਤੀ ਮਹਿਲਾਵਾਂ ਨੇ ਪਹਿਲੇ ਦੋ ਟੂਰਨਾਮੈਂਟ ਜਿੱਤ ਲਏ, ਪਰ ਇਸ ਵਾਰੀ ਉਨ੍ਹਾਂ ਨੂੰ ਸਿਰਫ਼ 'ਚਾਂਦੀ' ਦਾ ਮੈਡਲ ਹੀ ਮਿਲਿਆ ਹੈ।
ਇਹ ਵੀ ਪੜ੍ਹੋ:
ਇਸ ਲਈ ਇਸ ਨੇ ਕੁਝ ਕਬੱਡੀ ਪ੍ਰੇਮੀਆਂ ਦੇ ਮਨ ਵਿੱਚ ਇੱਕ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਏਸ਼ਿਆਈ ਖੇਡਾਂ ਦੇ ਕਬੱਡੀ ਮੁਕਾਬਲੇ ਵਿੱਚ ਜਿੱਥੇ ਭਾਰਤ ਦਾ ਦਬਦਬਾ ਰਿਹਾ ਹੈ, ਉਹ ਏਕਾਅਧਿਕਾਰ ਖਤਮ ਹੋ ਰਿਹਾ ਹੈ।
ਬੀਬੀਸੀ ਤਾਮਿਲ ਨੇ ਕੁਝ ਕਬੱਡੀ ਖਿਡਾਰੀਆਂ ਅਤੇ ਕੋਚਾਂ ਨਾਲ ਗੱਲਬਾਤ ਕਰਕੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।
ਗਲਤੀ ਕਿੱਥੇ ਹੋਈ?
ਭਾਰਤੀ ਟੀਮ ਮਰਦਾਂ ਦੇ ਵਰਗ ਵਿੱਚ ਗੋਲਡ ਮੈਡਲ ਜਿੱਤਣ ਦੀ ਉਮੀਦ ਕਰ ਰਹੀ ਸੀ ਪਰ ਦੋ ਮੈਚਾਂ ਵਿੱਚ ਹਾਰ ਦਾ ਸਹਾਮਣਾ ਕਰਨਾ ਪਿਆ, ਜਿਸ ਵਿੱਚ ਸਭ ਅਹਿਮ ਸੈਮੀਫਾਈਨਲ ਵੀ ਸ਼ਾਮਲ ਸੀ। ਤਾਂ ਕਿੱਥੇ ਗਲਤੀ ਹੋਈ?

ਤਸਵੀਰ ਸਰੋਤ, Getty Images
ਭਾਰਤੀ ਟੀਮ ਦੇ ਕੋਚ ਰਾਮਬੀਰ ਸਿੰਘ ਦਾ ਕਹਿਣਾ ਹੈ, '' ਉਹ ਖਾਸ ਦਿਨ ਭਾਰਤ ਦਾ ਦਿਨ ਨਹੀਂ ਸੀ। ਸਾਡੀ ਕਿਸਮਤ ਸਾਡੇ ਨਾਲ ਨਹੀਂ ਸੀ। ਅਸੀਂ ਹਾਲੇ ਵੀ ਖੇਡ ਵਿੱਚ ਮੋਹਰੀ ਹਾਂ। ਸਾਡੇ ਖਿਡਾਰੀ ਚੰਗੇ ਤਜਰਬੇਕਾਰ ਅਤੇ ਪ੍ਰਤਿਭਾਸ਼ਾਲੀ ਹਨ। ਪਰ ਪਲਾਨ ਅਨੁਸਾਰ ਚੀਜ਼ਾਂ ਨਹੀਂ ਹੋਈਆਂ।''
'ਅਜੈ ਠਾਕੁਰ, ਦੀਪਕ ਹੁੱਡਾ, ਸੰਦੀਪ ਵਰਗੇ ਖਿਡਾਰੀ ਬਹੁਤ ਹੀ ਸੀਨੀਅਰ ਹਨ, ਪਰ ਸਾਡੀ ਰਣਨੀਤੀ ਚੰਗੀ ਤਰ੍ਹਾਂ ਕੰਮ ਨਹੀਂ ਕੀਤੀ।''
ਕੀ ਇਹ ਨੁਕਸਾਨ ਕਬੱਡੀ ਵਿੱਚ ਭਾਰਤ ਦੇ ਏਕਾਅਧਿਕਾਰ ਦੇ ਅੰਤ ਵੱਲ ਇਸ਼ਾਰਾ ਕਰਦਾ ਹੈ?
''ਨਹੀਂ, ਇੱਕ ਜਾਂ ਦੋ ਹਾਰਾਂ ਭਾਰਤ ਦੀ ਸਾਖ਼ ਨੂੰ ਢਾਹ ਨਹੀਂ ਪਹੁੰਚਾ ਸਕਦੀਆਂ। ਅਸੀਂ ਅਜੇ ਵੀ ਖੇਡ 'ਚ ਮੋਹਰੀ ਖਿਡਾਰੀ ਹਾਂ। ਸਾਡੇ ਤਜਰਬੇ ਅਤੇ ਖੇਡ ਦੀ ਤਾਕਤ ਨਾਲ ਸਾਡੀ ਟੀਮ ਇੰਡੀਆ ਜਲਦੀ ਅਤੇ ਮਜ਼ਬੂਤ ਵਾਪਸੀ ਕਰੇਗੀ।
ਰਾਮਬੀਰ ਸਿੰਘ ਨੇ ਕਿਹਾ, ''ਤੁਸੀਂ ਕੁਝ ਮੈਚ ਜਿੱਤੋਗੇ, ਕੁਝ ਮੈਚ ਹਾਰ ਜਾਓਗੇ। ਜਿੱਤਣਾ ਅਤੇ ਹਾਰਨਾ ਕਿਸੇ ਵੀ ਖੇਡ ਦਾ ਹਿੱਸਾ ਹਨ।''
ਇਹ ਪੁੱਛੇ ਜਾਣ 'ਤੇ ਕਿ ਕੀ ਕਬੱਡੀ ਲੀਗ ਟੂਰਨਾਮੈਂਟ ਵਿਦੇਸ਼ੀ ਖਿਡਾਰੀਆਂ ਨੂੰ ਭਾਰਤੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਸਿੱਖਣ ਵਿੱਚ ਮਦਦ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਦੂਜੀਆਂ ਟੀਮਾਂ ਦੀਆਂ ਤਕਨੀਕਾਂ ਸਿੱਖ ਰਹੇ ਹਨ ਅਤੇ ਉਹ ਸਾਡੀਆਂ। ਅਜਿਹੇ ਟੂਰਨਾਮੈਂਟ ਖੇਡ ਨੂੰ ਵਿਸ਼ਵ-ਪੱਧਰੀ ਬਣਾਉਣ ਵਿਚ ਮਦਦ ਕਰਦੇ ਹਨ। ਇਹ ਸਾਡੇ ਨੁਕਸਾਨ ਦਾ ਕਾਰਨ ਨਹੀਂ ਹੋ ਸਕਦਾ ਅਤੇ ਵਿਰੋਧੀਆਂ ਲਈ ਤਾਕਤ ਨਹੀਂ ਹੋਵੇਗੀ।''

ਤਸਵੀਰ ਸਰੋਤ, Getty Images
ਉਨ੍ਹਾਂ ਅੱਗੇ ਕਿਹਾ, ''ਜਦੋਂ ਭਾਰਤ ਲੰਮੇ ਸਮੇਂ ਤੱਕ ਲਗਾਤਾਰ ਜਿੱਤ ਰਿਹਾ ਸੀ ਤਾਂ ਕਿਸੇ ਨੇ ਵੀ ਸਵਾਲ ਨਹੀਂ ਉਠਾਇਆ ਕਿ ਅਸੀਂ ਇਸ ਗਤੀ ਨੂੰ ਕਿਵੇਂ ਬਣਾਈ ਰੱਖਿਆ ਹੈ। ਪਰ ਜੇ ਅਸੀਂ ਇੱਕ ਵੀ ਟੂਰਨਾਮੈਂਟ ਹਾਰ ਜਾਂਦੇ ਹਾਂ ਤਾਂ ਬਹੁਤ ਸਾਰੇ ਸਵਾਲ ਹੁੰਦੇ ਹਨ।''
ਇਹ ਵੀ ਪੜ੍ਹੋ:
ਮਰਦ ਅਤੇ ਮਹਿਲਾ ਟੀਮ ਦੀ ਹਾਰ ਬਾਰੇ ਗੱਲ ਕਰਦਿਆਂ ਚੈਲੇਥਨ ਜੋ 2016 ਵਿਸ਼ਵ ਕੱਪ ਜੇਤੂ ਟੀਮ ਵਿੱਚ ਖੇਡੇ ਸਨ, ਨੇ ਕਿਹਾ, "ਯਕੀਨਨ ਇਹ ਇੱਕ ਮਾੜੀ ਖਬਰ ਹੈ। ਲੀਗ ਪੜਾਅ ਵਿੱਚ ਦੱਖਣੀ ਕੋਰੀਆ ਹੱਥੋਂ ਹਾਰ ਤੋਂ ਬਾਅਦ ਸਾਡੀ ਟੀਮ ਨੂੰ ਵਧੇਰੇ ਸਾਵਧਾਨੀ ਨਾਲ ਖੇਡਣਾ ਚਾਹੀਦਾ ਸੀ। ਸਾਡੇ ਖਿਡਾਰੀਆਂ ਨੂੰ ਭਵਿੱਖ ਦੇ ਟੂਰਨਾਮੇਂਟ ਲਈ ਤਿਆਰ ਰਹਿਣ ਲਈ ਚੰਗਾ ਅਭਿਆਸ ਕਰਨਾ ਪਏਗਾ।''
''ਸੈਮੀ-ਫਾਈਨਲ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਅਜੇ ਠਾਕੁਰ ਜ਼ਖ਼ਮੀ ਹੋ ਗਏ ਸਨ। ਇਸ ਨਾਲ ਮੈਚ ਦੇ ਨਤੀਜੇ 'ਤੇ ਵੱਡਾ ਅਸਰ ਪਿਆ ਹੈ। ਪਰ ਸਾਡੀ ਟੀਮ ਰੇਡਰਜ਼ ਅਤੇ ਡਿਫੈਂਡਰਜ਼ ਦੋਹਾਂ ਨੇ ਟੂਰਨਾਮੈਂਟ ਦੇ ਅਹਿਮ ਮੈਚਾਂ ਵਿੱਚ ਗਲਤੀਆਂ ਕੀਤੀਆਂ।"
'ਭਾਰਤ ਇਕ ਬਿਹਤਰ ਟੀਮ ਤੋਂ ਹਾਰਿਆ ਹੈ'
ਭਾਰਤੀ ਕੁੜੀਆਂ ਨੇ ਬਹੁਤ ਚੰਗਾ ਖੇਡਿਆ ਅਤੇ ਫਾਈਨਲ ਵਿੱਚ ਈਰਾਨ ਤੋਂ ਹਾਰ ਗਈ।
ਸਾਬਕਾ ਭਾਰਤੀ ਖਿਡਾਰੀ ਤੇਜਿਸਵਨੀ ਨੰਦਾ ਕਹਿਣਾ ਹੈ, '' ਸਾਡੀਆਂ ਕੁੜੀਆਂ ਨੇ ਇਸ ਟੂਰਨਾਮੈਂਟ ਲਈ ਚੰਗੀ ਤਿਆਰੀ ਕੀਤੀ ਸੀ। ਪਰ ਜਦੋਂ ਸਭ ਤੋਂ ਅਹਿਮ ਮੈਚ ਸੀ ਤਾਂ ਉਹ ਆਪਣੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਸਕੀਆਂ''

ਤਸਵੀਰ ਸਰੋਤ, Getty Images/AFP
'' ਭਾਰਤੀ ਟੀਮ ਰੇਡਰਜ਼ ਨਾਲ ਕੁਝ ਖਾਸ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ, ਨਾਲ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਇਰਾਨ ਵਰਗੀ ਵਧੀਆ ਟੀਮ ਤੋਂ ਹਾਰਿਆ ਹੈ। ਉਹ ਚੈਂਪੀਅਨਾਂ ਵਾਂਗ ਖੇਡੇ ਅਤੇ ਕ੍ਰੈਡਿਟ ਉਨ੍ਹਾਂ ਨੂੰ ਜਾਂਦਾ ਹੈ।''
ਕੀ ਭਾਰਤ ਦਾ ਰੁਤਬਾ ਖ਼ਤਮ ਹੋ ਰਿਹਾ ਹੈ?
ਕਬੱਡੀ ਖਿਡਾਰੀ ਥੌਮਸ ਦਾ ਕਹਿਣਾ ਹੈ, '' ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਨਾ ਸਿਰਫ ਸੈਮੀ ਫਾਈਨਲ ਵਿੱਚ ਹਾਰਿਆ ਹੈ ਸਗੋਂ ਦੱਖਣੀ ਕੋਰੀਆ ਦੇ ਖਿਲਾਫ਼ ਲੀਗ ਮੈਚ ਵਿੱਚ ਵੀ ਹਾਰ ਗਿਆ। ਉਸੇ ਵਿਰੋਧੀਆਂ ਦੇ ਖਿਲਾਫ ਭਾਰਤ ਵਿਸ਼ਵ ਕੱਪ ਵਿੱਚ ਵੀ ਹਾਰ ਗਿਆ ਸੀ।"
ਉਨ੍ਹਾਂ ਅੱਗੇ ਕਿਹਾ, ''ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਕਮਰਕੱਸ ਲਏ। ਜਿਵੇਂ ਕਿ ਹੋਰ ਵਿਦੇਸ਼ੀ ਟੀਮਾਂ ਵਧੀਆ ਤਿਆਰੀ ਅਤੇ ਅਭਿਆਸ ਕਰ ਰਹੀਆਂ ਹਨ, ਭਾਰਤ ਨੂੰ ਖੁਦ ਆਪਣਾ ਵਿਸ਼ਲੇਸ਼ਣ ਕਰਨਾ ਪਵੇਗਾ। ਅਜਿਹਾ ਕਰਨ 'ਚ ਨਾਕਾਮ ਰਹਿਣ 'ਤੇ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਖੇਡ 'ਚ ਇਸ ਦਾ ਆਪਣਾ ਪ੍ਰਭਾਵਸ਼ਾਲੀ ਰੁਤਬਾ ਖਤਮ ਹੋ ਜਾਵੇਗਾ।''

ਤਸਵੀਰ ਸਰੋਤ, Getty Images
ਜਦੋਂ ਈਰਾਨ ਨੇ ਭਾਰਤ ਨੂੰ ਮਰਦ ਵਰਗ 'ਚ ਏਸ਼ੀਆਈ ਖੇਡਾਂ' ਚ 28 ਸਾਲ ਦੀ ਸੁਨਹਿਰੀ ਦੌੜ ਵਿੱਚ ਮਾਤ ਦਿੱਤੀ ਤਾਂ ਟੀਮ ਦੇ ਕਪਤਾਨ ਅਜੈ ਠਾਕੁਰ ਦੀਆਂ ਰੋਂਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਦੋਂ ਭਾਰਤੀ ਮਹਿਲਾ ਟੀਮ ਈਰਾਨ ਤੋਂ ਹਾਰ ਗਈ। ਇਸ ਨੇ ਖੇਡ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਵੀ ਜਗਾ ਦਿੱਤਾ।
ਇਹ ਵੀ ਪੜ੍ਹੋ:
ਕੁਝ ਪ੍ਰਸ਼ੰਸਕਾਂ ਨੂੰ ਯਾਦ ਆਇਆ ਕਿ ਕਿਵੇਂ ਹਾਕੀ ਵਿੱਚ ਨੰਬਰ ਇੱਕ ਭਾਰਤੀ ਟੀਮ 1980 ਦੇ ਮਾਸਕੋ ਓਲੰਪਿਕ ਗੋਲਡ ਮੈਡਲ ਜਿੱਤਣ ਤੋਂ ਬਾਅਦ ਅਗਲੇ 30 ਸਾਲਾਂ ਤੱਕ ਆਪਣਾ ਸਨਮਾਨ ਨਹੀਂ ਰੱਖ ਸਕੀ।
ਜਦੋਂਕਿ ਕਬੱਡੀ ਦੇ ਮਾਹਿਰ ਮੰਨਦੇ ਹਨ ਕਿ ਭਾਰਤ ਨੂੰ ਆਪਣੇ ਖੇਡ ਦਾ ਸਵੈ-ਵਿਸ਼ਲੇਸ਼ਣ ਕਰਨਾ ਪਵੇਗਾ ਅਤੇ ਵਿਰੋਧੀ ਧਿਰ ਦੀ ਖੇਡ ਯੋਜਨਾ ਨੂੰ ਸਮਝਣਾ ਹੋਵੇਗਾ।
ਉਹ ਇਹ ਵੀ ਮੰਨਦੇ ਹਨ ਕਿ ਇੱਕ ਟੂਰਨਾਮੈਂਟ ਵਿੱਚ ਹਾਰ ਨਾਲ ਭਾਰਤ ਦਾ ਵੱਕਾਰ ਖਤਮ ਨਹੀਂ ਹੋਵੇਗਾ।












