ਕੇਰਲ ਡਾਇਰੀ: 'ਹੜ੍ਹ ਤੋਂ ਤਾਂ ਬਚ ਗਏ ਪਰ ਜ਼ਿੰਦਾ ਰਹਿਣਾ ਮੁਸ਼ਕਿਲ'

ਕੇਰਲ ਵਿੱਚ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਗਭਗ ਸਾਰਾ ਹੀ ਕੇਰਲ ਹੜ੍ਹ ਤੋਂ ਪ੍ਰਭਾਵਿਤ ਹੈ

ਪਿਛਲੇ ਕੁਝ ਹਫ਼ਤਿਆਂ ਵਿਚ ਭਾਰੀ ਹੜ੍ਹ ਕਾਰਨ ਕੇਰਲ ਗੰਭੀਰ ਹਾਲਾਤ ਨਾਲ ਜੂਝ ਰਿਹਾ ਹੈ। ਇਸ ਨੂੰ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਆਫ਼ਤ ਵਜੋਂ ਦੇਖਿਆ ਜਾ ਰਿਹਾ ਹੈ।

ਬੀਬੀਸੀ ਪੱਤਰਕਾਰ ਪ੍ਰਮਿਲਾ ਕ੍ਰਿਸ਼ਨਨ, ਸਲਮਾਨ ਰਾਵੀ ਅਤੇ ਯੋਗਿਤਾ ਲਿਮਯੇ ਹੜ੍ਹ ਦੀਆਂ ਖ਼ਬਰਾਂ ਰਿਪੋਰਟ ਕਰਨ ਲਈ ਉੱਥੇ ਹਨ। ਲਗਪਗ ਸਾਰਾ ਹੀ ਕੇਰਲ ਹੜ੍ਹ ਤੋਂ ਪ੍ਰਭਾਵਿਤ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 38,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ।

ਸੂਬੇ ਦੀ ਆਫ਼ਤ ਪ੍ਰਬੰਧੀ ਟੀਮ ਦੇ ਮੁਖੀ ਅਨਿਲ ਵਾਸੁਦੇਵਨ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਅਸਥਾਈ ਰਾਹਤ ਕੈਂਪਾਂ ਵਿਚ ਸੰਭਾਵਿਤ ਬਿਮਾਰੀਆਂ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ:

ਬੀਬੀਸੀ ਦੇ ਪੱਤਰਕਾਰ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਰਿਪੋਰਟਿੰਗ ਕਰ ਰਹੇ ਹਨ। ਹੇਠਾਂ ਪੜ੍ਹੋ ਉਨ੍ਹਾਂ ਦੀ ਅੱਖੀਂ-ਦੇਖੀ:

ਬੀਬੀਸੀ ਤਮਿਲ ਸੇਵਾ ਦੇ ਪ੍ਰਮਿਲ ਕ੍ਰਿਸ਼ਨਨ ਅਤੇ ਪ੍ਰਵੀਨ ਅਨਾਮਲਾਈ 12 ਅਗਸਤ ਤੋਂ ਹੀ ਕੇਰਲ 'ਚ ਹਨ।

ਪ੍ਰਮਿਲਾ ਕ੍ਰਿਸ਼ਨਨ, ਬੀਬੀਸੀ ਪੱਤਰਕਾਰ, ਤਮਿਲ ਸੇਵਾ

ਮੇਰੇ ਪਿਤਾ ਨੇ ਸੋਮਵਾਰ ਨੂੰ ਮੈਨੂੰ ਕੁਝ ਅਜਿਹਾ ਕਿਹਾ ਜਿਸਨੇ ਮੇਰੇ ਦਿਲ ਨੂੰ ਛੂਹ ਲਿਆ। ਉਨ੍ਹਾਂ ਨੇ ਕਿਹਾ, "ਇਹ ਰੱਬ ਦਾ ਅਸੀਸ ਹੈ ਕਿ ਤੈਨੂੰ ਕੇਰਲ ਦੀ ਤ੍ਰਾਸਦੀ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਚੁਣਿਆ ਗਿਆ ਹੈ।''

ਕੇਰਲ ਵਿੱਚ ਹੜ੍ਹ
ਤਸਵੀਰ ਕੈਪਸ਼ਨ, ਮੇਰੇ ਨਾਲ ਹੋਟਲ ਵਿਚ ਆਸ-ਪਾਸ ਦੇ ਇਲਾਕਿਆਂ ਦੇ ਕਰੀਬ 120 ਲੋਕ ਮੌਜੂਦ ਸਨ ਕਿਨ੍ਹਾਂ ਦੇ ਘਰਾਂ ਵਿਚ ਹੜ੍ਹ ਦਾ ਪਾਣੀ ਭਰ ਗਿਆ ਸੀ (ਬੀਬੀਸੀ ਪੱਤਰਕਾਰ ਪ੍ਰਮਿਲਾ ਕ੍ਰਿਸ਼ਨਨ)

ਪਿਛਲੇ ਅੱਠ ਦਿਨਾਂ 'ਚ ਮੈਂ ਆਪਣੇ ਸਹਿਯੋਗੀ ਪ੍ਰਵੀਨ ਅਨਾਮਲਾਈ ਨਾਲ ਕਈ ਰਾਹਤ ਕੈਂਪਾਂ ਤੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਗਈ ਹਾਂ। ਅਸੀਂ ਵੀ ਕੋਚੀ ਦੇ ਇੱਕ ਹੋਟਲ ਵਿਚ ਤਿੰਨ ਦਿਨ ਲਈ ਫਸ ਗਏ ਸੀ। ਪੂਰੇ ਸ਼ਹਿਰ ਵਿਚ ਪਾਣੀ ਭਰਿਆ ਹੋਇਆ ਸੀ ਅਤੇ ਸਾਨੂੰ ਇਹ ਹਿਦਾਇਤ ਸੀ ਕਿ ਹੋਟਲ 'ਚੋਂ ਬਾਹਰ ਨਹੀਂ ਨਿਕਲਣਾ। ਮੇਰੇ ਨਾਲ ਹੋਟਲ ਵਿਚ ਆਲੇ-ਦੁਆਲੇ ਦੇ ਇਲਾਕਿਆਂ ਦੇ ਕਰੀਬ 120 ਲੋਕ ਮੌਜੂਦ ਸਨ ਜਿਨ੍ਹਾਂ ਦੇ ਘਰਾਂ ਵਿਚ ਹੜ੍ਹ ਦਾ ਪਾਣੀ ਭਰ ਗਿਆ ਸੀ।

ਹੁਣ ਹੜ੍ਹ ਦਾ ਪਾਣੀ ਉਤਰ ਰਿਹਾ ਹੈ ਤੇ ਮੀਂਹ ਵੀ ਘੱਟ ਗਿਆ ਹੈ। ਇਹ ਸਾਫ ਹੈ ਕਿ ਕੇਰਲ ਦਾ ਹਰ ਬਾਸ਼ਿੰਦਾ ਇਸ ਹੜ੍ਹ ਤੋਂ ਪ੍ਰਭਾਵਿਤ ਹੋਇਆ ਹੈ।

ਸੋਮਵਾਰ ਨੂੰ ਮੈਂ ਕੋਚੀ ਤੋਂ ਤਿਰੂਵਨੰਤਪੁਰਮ ਲਈ ਨਿਕਲੀ ਤਾਂ ਰਸਤੇ 'ਚ ਕੁਝ ਰਾਹਤ ਕੈਂਪਾਂ 'ਚ ਲੋਕਾਂ ਨੂੰ ਮਿਲੀ। ਕੁਝ ਲੋਕ ਇਹ ਵੇਖਣ ਵਾਪਸ ਗਏ ਸਨ ਕਿ ਉਨ੍ਹਾਂ ਦੇ ਘਰ ਸਲਾਮਤ ਸਨ ਜਾਂ ਨਹੀਂ ਪਰ ਉਹ ਉਨ੍ਹਾਂ ਇਲਾਕਿਆਂ ਨੂੰ ਪਛਾਣ ਹੀ ਨਹੀਂ ਸਕ ਰਹੇ ਸਨ ਕਿਉਂਕਿ ਘਰਾਂ ਦਾ ਨਾਮੋ-ਨਿਸ਼ਾਨ ਹੀ ਮਿੱਟ ਗਿਆ ਹੈ।

ਜਿਨ੍ਹਾਂ ਲੋਕਾਂ ਦੇ ਘਰਾਂ 'ਚ ਪਾਣੀ ਰੁੱਕ ਗਿਆ ਸੀ ਉਨ੍ਹਾਂ ਦੇ ਦਿਲਾਂ 'ਚ ਹੁਣ ਸੱਪਾਂ ਦਾ ਡਰ ਹੈ। 40 ਸਾਲ ਦੇ ਇੱਕ ਆਦਮੀ ਨੇ ਮੈਨੂੰ ਦੱਸਿਆ, "ਸਾਡੇ ਘਰ ਵਿੱਚ ਵੱਡੇ-ਵੱਡੇ ਸੱਪ ਲੁੱਕੇ ਹੋਏ ਹਨ। ਪਤਾ ਨਹੀਂ ਮੈਂ ਹੁਣ ਆਪਣੇ ਬੱਚਿਆਂ ਨੂੰ ਕਿਵੇਂ ਉਸ ਘਰ 'ਚ ਵਾਪਸ ਲੈ ਕੇ ਜਾਵਾਂ ਜਿਥੇ ਅਸੀਂ ਸਾਰੀ ਉਮਰ ਗੁਜ਼ਾਰੀ ਹੈ। ਬੱਚੇ ਵੀ ਡਰੇ ਹੋਏ ਹਨ।"

ਕੇਰਲ ਵਿੱਚ ਹੜ੍ਹ
ਤਸਵੀਰ ਕੈਪਸ਼ਨ, ਕਾਰੂਵੱਟਾ ਦੇ 3,000 ਲੋਕ ਇੱਕ ਰਾਹਤ ਕੈਂਪ 'ਚ ਹਨ (ਬੀਬੀਸੀ ਪੱਤਰਕਾਰ ਪ੍ਰਵੀਨ ਅਨਾਮਲਾਈ)

ਮੈਂ ਦੇਖ ਰਹੀ ਹਾਂ ਕਿ 'ਰੱਬ ਦੀ ਧਰਤੀ' ਕੇਰਲ 'ਚ ਚੰਗੇ ਮਾਨਸੂਨ ਦੀਆਂ ਯਾਦਾਂ ਹੁਣ ਹੜ੍ਹ ਵਿੱਚ ਵਹਿ ਗਈਆਂ ਹਨ।

ਇੱਕ ਰਾਹਤ ਕੈਂਪ ਵਿੱਚ 70 ਸਾਲ ਦੀ ਅਪੁਕੁੱਟਮ ਰੋ ਰਹੀ ਸੀ। ਉਨ੍ਹਾਂ ਦੇ ਆਪਣੇ ਦੋ ਮਿੱਤਰ ਹੜ੍ਹ ਵਿੱਚ ਗੁਆਏ ਹਨ। ਉਨ੍ਹਾਂ ਨੇ ਕਿਹਾ, "ਸਾਡੇ ਪਿੰਡ ਕਾਰੂਵੱਟਾ ਦੇ ਸਾਰੇ ਲੋਕ ਰਾਹਤ ਕੈਂਪ 'ਚ ਹਨ। ਸਾਡੇ ਕੋਲ ਕੁਝ ਨਹੀਂ ਬਚਿਆ। ਹੁਣ ਅਸੀਂ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਾਂਗੇ? ਸਾਨੂੰ ਇਸ ਬੋਝ ਨਾਲ ਜੀਣਾ ਪਵੇਗਾ।"

ਕਾਰੂਵੱਟਾ ਦੇ 3,000 ਲੋਕ ਇੱਕੋ ਰਾਹਤ ਕੈਂਪ 'ਚ ਹਨ।

ਅਸੀਂ ਅਪੁਕੁੱਟਮ ਨੂੰ ਚਾਹ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ ਸਨ। ਉਨ੍ਹਾਂ ਨੇ ਕੰਬਦੇ ਹੱਥਾਂ ਨਾਲ ਮੇਰੇ ਹੱਥਾਂ ਨੂੰ ਫੜਿਆ ਤੇ ਕਿਹਾ, "ਧੰਨਵਾਦ।"

ਰਾਹਤ ਕੈਂਪ 'ਚ ਸਾਡੀ ਮੁਲਾਕਾਤ ਰਤਨੱਮਲ ਨਾਲ ਹੋਈ ਜਿਨ੍ਹਾਂ ਕੋਲ ਸੱਤ ਗਊਆਂ ਸਨ। ਉਨ੍ਹਾਂ ਦੀਆਂ ਸਾਰੀਆਂ ਗਊਆਂ ਹੜ੍ਹ ਦੀ ਮਾਰ ਤੋਂ ਤਾਂ ਬਚ ਗਈਆਂ ਪਰ ਉਨ੍ਹਾਂ ਸਾਹਮਣੇ ਇੱਕ ਨਵੀ ਸਮੱਸਿਆ ਖੜ੍ਹੀ ਹੈ।

ਕੇਰਲ ਵਿੱਚ ਹੜ੍ਹ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਸ਼ਹਿਰਾਂ ਤੇ ਪਿੰਡਾਂ 'ਚ ਮੈਡੀਕਲ ਕੈਂਪ ਲਾਏ ਗਏ ਹਨ

ਗਊਆਂ ਲਈ ਹੁਣ ਚਾਰਾ ਕਿੱਥੋਂ ਆਵੇ? ਰਤਨੱਮਲ ਨੇ ਲਾਚਾਰ ਭਾਵ ਨਾਲ ਸਾਡੇ ਵੱਲ ਵੇਖ ਕੇ ਕਿਹਾ, "ਇਹ ਭੁੱਖੀਆਂ ਤੇ ਪਿਆਸੀਆਂ ਹਨ। ਹੜ੍ਹ ਤੋਂ ਤਾਂ ਬਚ ਗਈਆਂ ਪਰ ਜ਼ਿੰਦਾ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਮੈਂ ਬਸ ਅਰਦਾਸ ਕਰ ਰਹੀ ਹਾਂ ਕਿ ਇਨ੍ਹਾਂ ਨੂੰ ਕੋਈ ਬੀਮਾਰੀ ਨਾ ਲੱਗੇ।"

ਤਿਰੂਵਨੰਤਪੁਰਮ ਦੇ ਰਾਹ 'ਚ ਮੈਨੂੰ ਸੜਕ ਦੇ ਦੋਹਾਂ ਪਾਸੇ ਟੁੱਟੇ-ਫੁੱਟੇ ਘਰ ਦਿਖੇ। ਇੱਕ ਘਰ ਦੀ ਸਾਹਮਣੇ ਵਾਲੀ ਕੰਧ ਖੜੀ ਸੀ ਜਿਸ ਵਿੱਚ ਬੂਹਾ ਲਟਕ ਰਿਹਾ ਸੀ। ਬਾਕੀ ਕੰਧਾਂ ਤੇ ਛੱਤ ਹੜ੍ਹ ਲੈ ਗਿਆ ਸੀ।

ਲੋਕ ਜ਼ਰੂਰਤ ਦੇ ਸਾਮਾਨ ਲਈ ਕਤਾਰਾਂ 'ਚ ਖੜ੍ਹੇ ਸਨ। ਖਾਣ ਪੀਣ ਦੀਆਂ ਚੀਜ਼ਾਂ, ਕੱਪੜੇ ਤੇ ਸਾਬਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।

ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਸ਼ਹਿਰਾਂ ਤੇ ਪਿੰਡਾਂ 'ਚ ਮੈਡੀਕਲ ਕੈਂਪ ਲਾਏ ਗਏ ਹਨ।

ਇਹ ਵੀ ਪੜ੍ਹੋ:

ਇੱਥੇ ਮੈਨੂੰ ਇੱਕਾ-ਦੁੱਕਾ ਉੱਤਰ ਭਾਰਤੀ ਮਜ਼ਦੂਰ ਵੀ ਦਿਖੇ ਜੋ ਹੁਣ ਕੰਮ ਬਾਰੇ ਸੋਚ ਰਹੇ ਹਨ। ਬੰਗਾਲ ਦੇ ਨਿਤਿਆਨੰਦ ਪਰਮਾਨ ਬੀਤੇ ਦੋ ਸਾਲਾਂ ਤੋਂ ਕੇਰਲ ਵਿੱਚ ਹੀ ਕੰਮ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਚੰਗੀ ਰੁਜ਼ਗਾਰ ਲਈ ਹੁਣ ਇੱਕ-ਦੋ ਮਹੀਨੇ ਰੁਕਣਾ ਪਵੇਗਾ। ਦੁਕਾਨਾਂ ਤਬਾਹ ਹੋ ਗਈਆਂ ਹਨ। ਮੈਂ ਖਾਲੀ ਹੱਥ ਵਾਪਸ ਬੰਗਾਲ ਨਹੀਂ ਜਾ ਸਕਦਾ। ਬੰਗਾਲ ਵਿੱਚ ਵੀ ਹੜ੍ਹ ਆਇਆ ਸੀ ਪਰ ਜੋ ਤਬਾਹੀ ਮੈਂ ਇੱਥੇ ਵੇਖੀ ਉਹ ਸਭ ਤੋਂ ਮਾੜੀ ਸੀ।"

ਹੁਣ ਪਾਣੀ ਘੱਟ ਰਿਹਾ ਹੈ ਤੇ ਰਾਹਤ ਦਾ ਸਾਮਾਨ ਲੈ ਕੇ ਜਾ ਰਹੀਆਂ ਗੱਡੀਆਂ ਚਲ ਰਹੀਆਂ ਹਨ। ਬੱਸਾਂ ਤੇ ਰੇਲ ਸੇਵਾ ਵੀ ਰਫਤਾਰ ਫੜ ਰਹੀਆਂ ਹਨ।

ਅਰਨਾਕੁਲਮ ਤੋਂ ਬੀਬੀਸੀ ਪੱਤਰਕਾਰ ਸਲਮਾਨ ਰਾਵੀ

ਅਰਨਾਕੁਲਮ ਦੇ ਮੁੱਟੂਕੁਨਮ ਇਲਾਕੇ ਵਿੱਚ ਸੋਮਵਾਰ ਨੂੰ ਮੀਂਹ ਰੁਕ ਗਿਆ ਅਤੇ ਪਾਣੀ ਵੀ ਉਤਰਨਾ ਸ਼ੁਰੂ ਹੋ ਗਿਆ। ਸਥਾਨਕ ਲੋਕਾਂ ਨੇ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ।

ਕੇਰਲ ਵਿੱਚ ਹੜ੍ਹ
ਤਸਵੀਰ ਕੈਪਸ਼ਨ, ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਨੇ ਸਭ ਤੋਂ ਵੱਧ ਪ੍ਰਭਾਵਿਤ ਅਤੇ ਦੂਰ ਵਸੇ ਇਲਾਕਿਆਂ ਵਿੱਚ ਬਚਾਅ ਮਿਸ਼ਨ ਨੂੰ ਹੋਰ ਤੇਜ਼ ਕਰ ਦਿੱਤਾ ਹੈ ( ਬੀਬੀਸੀ ਪੱਤਰਕਾਰ ਸਲਮਾਨ ਰਾਵੀ ਅਤੇ ਦੀਪਕ ਜਸਰੋਟੀਆ )

ਇੱਥੋਂ ਦੇ ਲੋਕਾਂ ਲਈ 6 ਦਿਨਾਂ ਦੀ ਲੰਬੀ ਉਡੀਕ ਤੋਂ ਬਾਅਦ ਉਮੀਦ ਦੀ ਕਿਰਨ ਵਿਖਾਈ ਦਿੱਤੀ ਹੈ। ਕਈ ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਸਨ ਜਿੱਥੇ 15 ਫੁੱਟ ਤੱਕ ਉੱਚਾ ਪਾਣੀ ਭਰ ਗਿਆ ਹੈ।

ਅਲੂਵਾ,ਇਡੁੱਕੀ ਅਤੇ ਅਲਾਪੁਜ਼ਾ ਵਿੱਚ ਪਾਣੀ ਦਾ ਪੱਧਰ ਘੱਟ ਹੋਣਾ ਤਾਂ ਸ਼ੁਰੂ ਹੋਇਆ ਹੈ ਪਰ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਨੇ ਸਭ ਤੋਂ ਵੱਧ ਪ੍ਰਭਾਵਿਤ ਅਤੇ ਦੂਰ ਵਸੇ ਇਲਾਕਿਆਂ ਵਿੱਚ ਬਚਾਅ ਮਿਸ਼ਨ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜ੍ਹ ਦੇ ਕਾਰਨ ਅਜੇ ਵੀ 5000 ਤੋਂ ਵੱਧ ਲੋਕ ਫਸੇ ਹੋਏ ਹਨ।

ਮੁੱਟੂਕੁਨਮ ਇਲਾਕੇ ਵਿੱਚ ਸਥਾਨਕ ਮਛੇਰਿਆਂ ਨੇ ਫਸੇ ਲੋਕਾਂ ਤੱਕ ਪੁੱਜਣ ਲਈ ਬੇੜੀਆਂ ਤੇ ਡਰੱਮ ਕੱਢੇ ਅਤੇ ਆਪਣੇ ਪੱਧਰ 'ਤੇ ਬਚਾਅ ਕਾਰਜ ਚਲਾਇਆ।

ਕੇਰਲ ਵਿੱਚ ਹੜ੍ਹ
ਤਸਵੀਰ ਕੈਪਸ਼ਨ, ਬੜੀ ਮੁਸ਼ਕੱਤ ਤੋਂ ਬਾਅਦ ਰਾਹਤ ਕਰਮੀ ਉਨ੍ਹਾਂ ਥਾਵਾਂ 'ਤੇ ਪਹੁੰਚੇ ਹਨ ਜਿਨ੍ਹਾਂ ਦਾ ਹੜ੍ਹ ਕਾਰਨ ਸੰਪਰਕ ਟੁੱਟ ਗਿਆ ਸੀ, ਹਾਤ ਕੈਂਪਾਂ ਵਿੱਚ ਲੋਕਾਂ ਦੀ ਗਿਣਤੀ ਵਧ ਰਹੀ ਹੈ

ਸਥਾਨਕ ਮਛੇਰਿਆਂ ਅਤੇ ਰਾਹਤ ਮੁਲਾਜ਼ਮ ਦੀ ਮਦਦ ਨਾਲ ਮੈਂ ਅਤੇ ਮੇਰੇ ਸਹਿਯੋਗੀ ਕੈਮਰਾਮੈਨ ਦੀਪਕ ਜਸਰੋਟੀਆ ਮੁੱਟੂਕੁਨਮ ਦੇ ਕੁਝ ਅੰਦਰ ਵਾਲੇ ਇਲਾਕਿਆਂ ਤੱਕ ਪਹੁੰਚੇ। ਅਸੀਂ ਦੇਖਿਆ ਕਿ ਲੋਕ ਕਮਰਸ਼ੀਅਲ ਇਮਾਰਤਾਂ ਵਿੱਚ ਸ਼ਰਨ ਲੈ ਰਹੇ ਹਨ ਅਤੇ ਪੂਰੇ ਇਲਾਕੇ ਵਿੱਚ ਉੱਪਰ ਤੱਕ ਪਾਣੀ ਭਰਿਆ ਹੋਇਆ ਹੈ।

ਜਦੋਂ ਉਨ੍ਹਾਂ ਨੂੰ ਪਾਣੀ ਦੀ ਪਹਿਲੀ ਬੋਤਲ ਅਤੇ ਖਾਣੇ ਦਾ ਪੈਕੇਟ ਮਿਲਿਆ ਤਾਂ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਵਿਖਾਈ ਦਿੱਤੀ।

ਬਚਾਏ ਗਏ ਕੁਝ ਲੋਕਾਂ ਨੂੰ ਛੋਟੇ ਪਿਕਅਪ ਵੈਨ ਦੀ ਮਦਦ ਨਾਲ ਨੇੜੇ ਦੇ ਰਾਹਤ ਕੈਂਪਾਂ ਵਿੱਚ ਲਿਜਾਇਆ ਗਿਆ।

ਬੜੀ ਮੁਸ਼ਕੱਤ ਤੋਂ ਬਾਅਦ ਰਾਹਤ ਮੁਲਾਜ਼ਮ ਉਨ੍ਹਾਂ ਥਾਵਾਂ 'ਤੇ ਪਹੁੰਚੇ ਹਨ ਜਿਨ੍ਹਾਂ ਦਾ ਹੜ੍ਹ ਕਾਰਨ ਰਾਬਤਾ ਟੁੱਟ ਗਿਆ ਸੀ, ਰਾਹਤ ਕੈਂਪਾਂ ਵਿੱਚ ਲੋਕਾਂ ਦੀ ਗਿਣਤੀ ਵਧ ਰਹੀ ਹੈ।

ਵੀਡੀਓ ਕੈਪਸ਼ਨ, ਕੇਰਲ ’ਚ ਆਇਆ ਸਦੀ ਦਾ ਸਭ ਤੋਂ ਖ਼ਤਰਨਾਕ ਹੜ੍ਹ

ਕੇਰਲ ਦੇ ਤ੍ਰਿਸ਼ੂਰ ਅਤੇ ਏਰਨਾਕੁਲੁਮ ਵਿੱਚ ਲੋਕਾਂ ਦੀ ਕਮਾਈ ਦਾ ਇੱਕ ਵੱਡਾ ਸਾਧਨ ਮੱਧ ਪੂਰਬ ਤੋਂ ਆਉਣ ਵਾਲਾ ਪੈਸਾ ਹੈ।

ਸਵਾਬ ਅਲੀ ਦੁਬਈ ਵਿੱਚ ਕੰਮ ਕਰਦੇ ਹਨ ਅਤੇ ਫਿਲਹਾਲ ਛੁੱਟੀਆਂ ਕੱਟਣ ਲਈ ਆਪਣੇ ਘਰ ਆਏ ਹੋਏ ਸੀ। ਉਹ ਕਹਿੰਦੇ ਹਨ ਕਿ ਗੱਡੀਆਂ, ਜਾਇਦਾਦ ਅਤੇ ਜਾਨਵਰਾਂ ਦਾ ਵਧੇਰੇ ਨੁਕਸਾਨ ਹੋਇਆ ਹੈ।

ਹਾਲਾਂਕਿ ਐਨਡੀਆਰਐਫ਼ ਦੀਆਂ ਟੀਮਾਂ ਅਤੇ ਸਥਾਨਕ ਕਾਰਕੁਨ ਕੁਝ ਜਾਨਵਰਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ ਹਨ, ਪਰ ਕਈ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਏ ਹਨ।

ਮਾਰੇ ਗਏ ਜਾਨਵਰਾਂ ਦੀਆਂ ਲਾਸ਼ਾਂ ਦੇ ਕਾਰਨ ਸਥਾਨਕ ਅਧਿਕਾਰੀਆਂ ਨੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਬਾਰੇ ਚਿਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਹਿਦਾਇਤ ਦਿੱਤੀ ਹੈ ਕਿ ਜਿੱਥੇ ਵੀ ਪਾਣੀ ਜਮ੍ਹਾਂ ਹੋਇਆ ਹੈ ਉਹ ਉਥੋਂ ਦੂਰ ਰਹਿਣ।

ਯੋਗਿਤਾ ਲਿਮਯੇ, ਬੀਬੀਸੀ ਪੱਤਰਕਾਰ, ਕੁਜ਼ੀਪੁਰਮ

ਕੁਜ਼ੀਪੁਰਮ ਸ਼ਹਿਰ ਕੇਰਲ ਦੇ ਉੱਤਰ ਵਿੱਚ ਸਥਿਤ ਹੈ। ਇੱਥੇ ਸ਼ਹਿਰ ਨਾਲ ਲਗਦੀ ਨਦੀ ਹਫ਼ਤਾ ਭਰ ਪਹਿਲਾਂ ਆਪਣੇ ਕਿਨਾਰਿਆਂ ਨੂੰ ਤੋੜਦੀ ਹੋਈ ਸ਼ਹਿਰ ਵਿੱਚ ਦਾਖ਼ਲ ਹੋ ਗਈ।

ਕੇਰਲ ਵਿੱਚ ਹੜ੍ਹ
ਤਸਵੀਰ ਕੈਪਸ਼ਨ, ਬੀਬੀਸੀ ਪੱਤਰਕਾਰ ਯੋਗਿਤਾ ਲਿਮਯੇ

ਨਦੀ ਦੇ ਦੋਵੇਂ ਪਾਸੇ ਕਰੀਬ ਇੱਕ ਕਿੱਲੋਮੀਟਰ ਦੇ ਘੇਰੇ ਵਿੱਚ ਘਰਾਂ 'ਚ ਪਾਣੀ ਵੜ ਗਿਆ ਕਿ ਪੂਰਾ ਇਲਾਕਾ ਡੁੱਬ ਗਿਆ।

ਦਿਖਣ ਲਈ ਬਾਕੀ ਰਿਹਾ ਤਾਂ ਸਿਰਫ਼ ਘਰਾਂ ਦੀਆਂ ਛੱਤਾਂ ਜਾਂ ਕੇਲਿਆਂ ਦੇ ਦਰਖ਼ਤਾਂ ਦੇ ਕੁਝ ਪੱਤੇ। ਢੀਠ ਬੱਚਿਆਂ ਦੀ ਤਰ੍ਹਾਂ ਨਾਰੀਅਲ ਦੇ ਦਰਖ਼ਤਾਂ ਨੇ ਪਾਣੀ ਦੇ ਉੱਤੋਂ ਆਪਣਾ ਸਿਰ ਕੱਢਿਆ ਆ ਹੈ।

ਕੁਝ ਦਿਨ ਪਹਿਲਾਂ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਸੀ ਪਰ ਉਨ੍ਹਾਂ ਵਿੱਚੋਂ ਕੁਝ ਲੋਕ ਆਪਣੇ ਘਰਾਂ ਦਾ ਹਾਲ ਦੇਖਣ ਲਈ ਵਾਪਿਸ ਆਏ ਹਨ।

ਕੇਰਲ ਵਿੱਚ ਹੜ੍ਹ
ਤਸਵੀਰ ਕੈਪਸ਼ਨ, ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ

ਕੁਝ ਤੈਰ ਕੇ ਆਪਣੇ ਘਰਾਂ ਤੱਕ ਪੁੱਜੇ ਅਤੇ ਹਰ ਉਹ ਚੀਜ਼ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜੀ ਉਹ ਬਚਾ ਸਕਦੇ ਹਨ। ਇੱਕ ਆਦਮੀ ਆਪਣੇ ਘਰ ਦੀ ਛੱਤ 'ਤੇ ਬੈਠਾ ਦਿਖਿਆ, ਉਨ੍ਹਾਂ ਨੇ ਇੱਕ ਸੀਲਿੰਗ ਪੱਖੇ ਨੂੰ ਫੜਿਆ ਹੋਇਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)