You’re viewing a text-only version of this website that uses less data. View the main version of the website including all images and videos.
ਕੇਰਲ ਹੜ੍ਹ: ਕਿਸੇ ਧੋਖੇਬਾਜ਼ ਕਾਰਨ ਚੰਗਿਆਈ ਕਿਉਂ ਰੁਕੇ?
- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੰਜਾਬੀ
ਕੇਰਲ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀਆਂ ਖ਼ਬਰਾਂ ਨੇ ਲੋਕਾਈ ਨੂੰ ਵੱਡੇ ਪੱਧਰ ਉੱਤੇ ਝੰਜੋੜਿਆ ਹੈ। ਇਸ ਦੌਰਾਨ ਵੱਖ-ਵੱਖ ਲੋਕ, ਅਦਾਰੇ ਅਤੇ ਸਰਕਾਰਾਂ ਹੜ੍ਹ ਪੀੜਤਾਂ ਦੇ ਬਚਾਅ ਅਤੇ ਰਾਹਤ ਲਈ ਪਹੁੰਚ ਕਰ ਰਹੀਆਂ ਹਨ।
ਕੁਝ ਲੋਕਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਹੜ੍ਹ ਪੀੜਤਾਂ ਦੀ ਰਾਹਤ ਦੇ ਉਪਰਾਲੇ ਕੀਤੇ ਹਨ। ਮੌਜੂਦਾ ਦੌਰ ਵਿੱਚ ਸੂਚਨਾ ਤਕਨਾਲੋਜੀ ਦੀ ਅਹਿਮੀਅਤ ਇਸ ਵੇਲੇ ਹੋਰ ਉਘੜ ਆਈ ਹੈ ਜਦੋਂ ਸੋਸ਼ਲ ਮੀਡੀਆ ਇੱਕ ਪਾਸੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਹੇਠ ਆਏ ਸਕੇ-ਸਬੰਧੀਆਂ-ਦੋਸਤ-ਮਿੱਤਰਾਂ ਦੀ ਸਾਰ ਲੈਣ ਦਾ ਸਬੱਬ ਬਣਿਆ ਅਤੇ ਦੂਜੇ ਪਾਸੇ ਇਸ ਰਾਹੀਂ ਕੁਦਰਤੀ ਆਫ਼ਤ ਵਿੱਚ ਫਸੇ ਲੋਕ ਮਦਦ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ ਰਾਹੀਂ ਕੇਰਲ ਵਿੱਚ ਲੋਕਾਂ ਦੀਆਂ ਲੋੜਾਂ ਅਤੇ ਢੁੱਕਵੀਆਂ ਥਾਵਾਂ ਦੀ ਥਾਹ ਪਾਈ ਜਾ ਸਕਦੀ ਹੈ। ਇਹ ਰਿਪੋਰਟ ਇਸ ਰੁਝਾਨ ਦਾ ਕੁਝ ਟਵਿੱਟਰ ਖ਼ਾਤਿਆਂ ਰਾਹੀਂ ਅੰਦਾਜ਼ਾ ਲੈਣ ਦਾ ਉਪਰਾਲਾ ਹੈ।
ਇਸ ਦੌਰਾਨ ਕੁਦਰਤੀ ਆਫ਼ਤ ਵਿੱਚ ਫਸੇ ਲੋਕਾਂ ਦੀ ਇਮਦਾਦ ਲਈ ਅਜਿਹੇ ਹੁੰਗਾਰੇ ਸਾਹਮਣੇ ਆਏ ਹਨ ਜੋ ਰਵਾਇਤੀ ਕੁਦਰਤੀ ਆਫ਼ਤ ਰਾਹਤ ਕਾਰਜਾਂ ਵਿੱਚ ਨਵੀਂ ਕਿਸਮ ਦਾ ਵਾਧਾ ਹਨ।
ਅਭਿਸ਼ੇਕ ਬਖਸ਼ੀ ਦੇ ਟਵਿੱਟਰ ਅਕਾਊਂਟ ਮੁਤਾਬਕ ਉਹ ਡਿਜੀਟਲ ਕੰਸਲਟੈਂਟ ਹਨ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਜੇ ਤੁਸੀਂ ਕੇਰਲਾ ਵਿੱਚ ਆਪਣੇ ਮੋਬਾਈਲ ਨੂੰ ਡਾਟਾ/ਟੌਕ ਟਾਈਮ ਪੱਖੋਂ ਰੀਚਾਰਜ ਨਹੀਂ ਕਰਵਾ ਪਾ ਰਹੇ ਤਾਂ ਆਪਣਾ ਨੰਬਰ ਅਤੇ ਸਰਵਿਸ ਪ੍ਰੋਵਾਈਡਰ ਦਾ ਨਾਮ ਲਿਖ ਕੇ ਭੇਜ ਦਿਓ ਜਾਂ ਈਮੇਲ ਕਰ ਦਿਓ ਮੈਂ ਇਹ ਕੰਮ ਕਰਵਾ ਦਿਆਂਗਾ।
ਅਭਿਸ਼ੇਕ ਨੂੰ ਅਚਾਰਿਆ ਅਰੋੜਾ ਦੇ ਟਵਿੱਟਰ ਹੈਂਡਲ ਤੋਂ ਸਲਾਹ ਦਿੱਤੀ ਗਈ ਕਿ ਇਸ ਮੌਕੇ ਮਦਦ ਮੰਗਣ ਵਾਲੇ ਧੋਖੇਬਾਜ਼ ਵੀ ਹੋ ਸਕਦੇ ਹਨ।
ਅਭਿਸ਼ੇਕ ਨੇ ਜੁਆਬ ਦਿੱਤਾ ਕਿ ਮੈਂ ਚੰਗਿਆਈ ਵਿੱਚ ਯਕੀਨ ਰੱਖਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਕੋਈ ਮੇਰੀ ਪੇਸ਼ਕਸ਼ ਦੀ ਦੁਰਵਰਤੋਂ ਨਹੀਂ ਕਰੇਗਾ। ਜੇ ਕੋਈ ਇੱਕ-ਦੋ ਗ਼ਲਤ ਬੰਦੇ ਮੌਕਾ ਦਾ ਲਾਹਾ ਲੈ ਲੈਣਗੇ ਤਾਂ ਵੀ ਕੋਈ ਗੱਲ ਨਹੀਂ।
ਇਸੇ ਕੜੀ ਵਿੱਚ ਯਾਰੋ ਨਾਮ ਦੇ ਟਵਿੱਟਰ ਹੈਂਡਲ ਤੋਂ ਤਜਰਬਾ ਸਾਂਝਾ ਕੀਤਾ ਗਿਆ ਹੈ ਕਿ ਉਸ ਨਾਲ 2015 ਵਿੱਚ ਚੇਨਈ ਦੇ ਹੜ੍ਹ ਦੌਰਾਨ ਠੱਗੀ ਹੋਈ ਸੀ ਇਸ ਕਾਰਨ ਕੁਝ ਖੋਜ ਕਰਨਾ ਠੀਕ ਰਹੇਗਾ।
ਕੇਰਲ ਦੇ ਮੁੱਖ-ਮੰਤਰੀ ਰਾਹਤ ਫੰਡ ਵਿੱਚ ਹਿੱਸਾ ਪਾਉਣ ਦੀਆਂ ਬੇਨਤੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ ਉੱਤੇ ਚੱਲ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਕੇਰਲ ਦੇ ਮੁੱਖ-ਮੰਤਰੀ ਰਾਹਤ ਫੰਡ ਵਿੱਚ ਹਿੱਸਾ ਨਾ ਪਾਉਣ ਦੀ ਮੁੰਹਿਮ ਵੀ ਚੱਲ ਰਹੀ ਹੈ। ਜਸਦੀਪ ਸਿੰਘ ਨੇ ਆਪਣੇ ਟਵਿੱਟਰ ਉੱਤੇ ਕੇਰਲ ਦੇ ਮੁੱਖ-ਮੰਤਰੀ ਰਾਹਤ ਫੰਡ ਵਿੱਚ ਹਿੱਸਾ ਪਾ ਕੇ ਮਿਲਿਆ ਸਰਟੀਫਿਕੇਟ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਇਸ ਸਰਟੀਫਿਕੇਟ ਵਿੱਚ ਰਕਮ ਅਤੇ ਆਪਣਾ ਪਤਾ ਮਿਟਾ ਦਿੱਤਾ ਹੈ ਅਤੇ ਲਿਖਿਆ ਹੈ, "ਕੇਰਲ ਦੇ ਮੁੱਖ-ਮੰਤਰੀ ਰਾਹਤ ਫੰਡ ਵਿੱਚ ਹਿੱਸਾ ਪਾਉਣਾ ਬਹੁਤ ਸੁਖਾਲਾ ਹੈ ਅਤੇ ਤੁਸੀਂ ਟੈਕਸ ਛੋਟ ਲਈ ਸਰਕਾਰੀ ਪੋਰਟਲ ਤੋਂ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ।"
ਜਸਦੀਪ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਟੈਲੀਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਰਟੀਫਿਕੇਟ ਨੂੰ ਸਾਂਝਾ ਕਰਨ ਦਾ ਮਕਸਦ ਰਾਹਤ ਕਾਰਜ ਵਿੱਚ ਹਿੱਸਾ ਪਾਉਣ ਦੀ ਅਹਿਮੀਅਤ ਨੂੰ ਉਘਾੜਨਾ ਸੀ।
ਸੋਸ਼ਲ ਮੀਡੀਆ ਉੱਤੇ ਆਪਣੇ ਸਮਾਜਿਕ ਘੇਰੇ ਵਿੱਚ ਇਹ ਸੁਨੇਹਾ ਦੇਣ ਦਾ ਇਹ ਵੀ ਤਰੀਕਾ ਹੈ।
ਇਸ ਨਾਲ ਉਨ੍ਹਾਂ ਮੁਹਿੰਮਾਂ ਦਾ ਪਾਜ ਆਪਣੇ ਆਪ ਉਘੜ ਜਾਂਦਾ ਹੈ ਜੋ ਮੁੱਖ-ਮੰਤਰੀ ਰਾਹਤ ਫੰਡ ਵਿੱਚ ਹਿੱਸਾ ਪਾਉਣ ਦੇ ਖ਼ਿਲਾਫ਼ ਹਨ।
ਜਸਦੀਪ ਸਿੰਘ ਦੀ ਇਸ ਦਲੀਲ ਦੀ ਅਹਿਮੀਅਤ ਉਸ ਦੀ ਆਪਣੀ ਸ਼ਨਾਖ਼ਤ ਵਿੱਚ ਨਿਹਿਤ ਹੈ ਕਿਉਂਕਿ ਉਹ ਆਪਣਾ ਹਿੱਸਾ ਪਾ ਕੇ ਆਪਣੇ-ਆਪ ਨੂੰ ਬਿਨਾਂ ਬੋਲੇ ਮੁੱਖ-ਮੰਤਰੀ ਰਾਹਤ ਫੰਡ ਵਿੱਚ ਹਿੱਸਾ ਪਾਉਣ ਦੇ ਖ਼ਿਲਾਫ਼ ਚੱਲ ਰਹੀਆਂ ਮੁੰਹਿਮਾਂ ਦੇ ਸਾਹਮਣੇ ਖੜ੍ਹਾ ਕਰ ਦਿੰਦੇ ਹਨ।
ਇਸ ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਘੇਰੇ ਵਿਚਲੇ ਜੀਆਂ ਨੂੰ ਫ਼ੈਸਲਾ ਕਰਨ ਵਿੱਚ ਇਮਦਾਦ ਮਿਲਦੀ ਹੈ।
ਇਹ ਵੀ ਪੜ੍ਹੋ:
ਲੇਖਕ ਅਤੇ ਕਾਲਮਨਵੀਸ ਅਮਿਤ ਵਰਮਾ ਨੇ ਹੜ੍ਹ ਰਾਹਤ ਫੰਡ ਵਿੱਚ ਹਿੱਸਾ ਪਾਉਣ ਅਤੇ ਲੋਕਾਂ ਨੂੰ ਹੱਲਾਸ਼ੇਰੀ ਦੇਣ ਦਾ ਅਨੋਖਾ ਤਰੀਕਾ ਅਖ਼ਤਿਆਰ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ, "ਕੇਰਲ ਦੀ ਹੋਣੀ ਦਿਲ ਤੋੜਨ ਵਾਲੀ ਹੈ। ਕਾਸ਼ ਮੈਂ ਕੁਝ ਹੋਰ ਕਰ ਸਕਦਾ। ਮੇਰੀ ਪੇਸ਼ਕਸ਼ ਇਹ ਹੈ: ਜੇ ਤੁਸੀਂ ਮੁੱਖ-ਮੰਤਰੀ ਰਾਹਤ ਫੰਡ ਵਿੱਚ ਪੰਜ ਹਜ਼ਾਰ ਜਾਂ ਇਸ ਤੋਂ ਵੱਧ ਹਿੱਸਾ ਪਾਉਂਦੇ ਹੋ ਤਾਂ ਮੈਂ ਤੁਹਾਡੇ ਮਨਪਸੰਦ ਵਿਸ਼ੇ ਉੱਤੇ ਲੈਮਰਿਕ (ਪੰਜ ਸਤਰਾਂ ਦੀ ਮਜ਼ਾਹੀਆ ਕਵਿਤਾ) ਲਿਖ ਕੇ ਇਸ ਕੜੀ ਵਿੱਚ ਪੋਸਟ ਕਰਾਂਗਾ।"
ਇਸ ਤੋਂ ਅੱਗੇ ਉਨ੍ਹਾਂ ਨੇ ਮੁੱਖ-ਮੰਤਰੀ ਰਾਹਤ ਫੰਡ ਵਿੱਚ ਹਿੱਸਾ ਪਾਉਣ ਲਈ ਲਿੰਕ ਦਿੱਤਾ ਹੈ ਅਤੇ ਲਿਖਿਆ ਹੈ, "ਮੈਨੂੰ ਮੁੱਖ-ਮੰਤਰੀ ਰਾਹਤ ਫੰਡ ਦੀ ਰਸੀਦ ਦੇ ਨਾਲ ਆਪਣਾ ਮਨਪਸੰਦ ਵਿਸ਼ਾ ਲਿਖ ਕੇ ਭੇਜੋ, ਮੈਂ ਲੈਮਰਿਕ ਲਿਖ ਕੇ ਇਸ ਕੜੀ ਵਿੱਚ ਪੋਸਟ ਕਰਾਂਗਾ।"
ਉਨ੍ਹਾਂ ਦੇ ਇਸ ਟਵੀਟ ਦੀ ਕੜੀ ਵਿੱਚ 86 ਟਵੀਟ ਆ ਚੁੱਕੇ ਹਨ। ਇਸ ਤੋਂ ਬਿਨਾਂ ਇਸ ਟਵੀਟ ਨੂੰ 825 ਵਾਰ ਰੀਟਵੀਟ ਕੀਤਾ ਗਿਆ ਹੈ ਅਤੇ ਇਸ ਨੂੰ 1437 ਲੋਕਾਂ ਨੇ ਪਸੰਦ ਕੀਤਾ ਹੈ।
ਉਨ੍ਹਾਂ ਨੂੰ ਆਧਾਰ, ਅਮਿਤ ਸ਼ਾਹ, ਚੀਨੀ, ਨਾਸਤਿਕ ਅਰਦਾਸ, ਜੁਮਲਾ ਖ਼ੁਰਾਕ ਅਤੇ ਮਨੁੱਖੀ ਆਫ਼ਤ ਵਰਗੇ ਵਿਸ਼ਿਆਂ ਉੱਤੇ ਲੈਮਰਿਕ ਲਿਖਣ ਦੀਆਂ ਸਿਫ਼ਾਰਿਸ਼ਾਂ ਆਈਆਂ ਹਨ।