ਭਗਵੰਤ ਮਾਨ ਦੇ ਸਵਾਲਾਂ 'ਤੇ ਕੀ ਬੋਲੇ ਸੁਖ਼ਪਾਲ ਖਹਿਰਾ

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਦੇ ਸਿਆਸੀ ਸੰਕਟ ਵਿਚ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਧੜੇ ਤੋਂ ਬਾਹਰ ਰਹੇ ਪਾਰਟੀ ਆਗੂਆਂ ਉੱਤੇ ਲਾਏ ਦੋਸ਼ਾਂ ਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੀਡੀਆ ਰਾਹੀਂ ਜਵਾਬ ਦਿੱਤਾ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੱਖੀ ਹੋਣ ਲਈ ਉਨ੍ਹਾਂ ਨੂੰ ਖਹਿਰਾ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਬਠਿੰਡਾ ਵਿਚ ਕਾਨਫਰੰਸ ਕੀਤੀ ਗਈ ਸੀ .ਜਿਸ 'ਚ ਬਠਿੰਡਾ ਨਾ ਜਾਣ ਵਾਲੇ ਵਿਧਾਇਕਾਂ ਖਿਲਾਫ਼ ਚਿੱਕੜ ਉਛਾਲਿਆ ਗਿਆ ਅਤੇ ਉਨ੍ਹਾਂ ਦੀ ਆਚਰਣਕੁਸ਼ੀ ਕੀਤੀ ਗਈ।
ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹਨ ਤੇ ਬੁਰ੍ਹੀ ਤਰ੍ਹਾਂ ਮਾਯੂਸ ਹਨ ਇਸ ਲਈ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। ਉਹ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਨ।
ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੀ ਕੁਝ ਦਿਨ ਪਹਿਲਾਂ ਫੇਸਬੁੱਕ ਉੱਤੇ ਪਾਈ ਪੋਸਟ ਸ਼ੇਅਰ ਕੀਤੀ ,ਜਿਸ ਵਿੱਚ ਖਹਿਰਾ ਨੂੰ ਬੇਬਾਕ ਆਗੂ ਕਿਹਾ ਗਿਆ ਸੀ। ਖਹਿਰਾ ਨੇ ਭਗਵੰਤ ਨੂੰ ਉਲਟਾ ਸਵਾਲ ਕੀਤਾ ਕਿ ਉਹ ਤੈਅ ਕਰ ਲੈਣ ਕਿ ਮੈਂ ਬੇਬਾਕ ਆਗੂ ਜਾਂ ਫਿਰ ਮੌਕਾਪ੍ਰਸਤ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਤਾਜ਼ਾ ਸਟੈਂਡ ਨੂੰ ਪੰਜਾਬ ਦੀ ਬਜਾਇ ਦਿੱਲੀ ਨਾਲ ਖੜਨਾ ਕਿਹਾ।
ਇਹ ਵੀ ਪੜ੍ਹੋ:
ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਪੰਜਾਬ ਨਹੀਂ ਹੈ। ਪੰਜਾਬ ਕਰੋੜਾਂ ਪੰਜਾਬੀਆਂ ਦਾ ਹੈ। ਜੋ ਖਹਿਰਾ ਧੜੇ ਨਾਲ ਨਹੀਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਪੰਜਾਬ ਵਿਰੋਧੀ ਹੋ ਗਿਆ।
'ਖਹਿਰਾ ਦੀ ਦੌੜ ਅਹੁਦੇ ਦੀ'
ਉਨ੍ਹਾਂ ਦਾਅਵਾ ਕੀਤਾ ਕਿ ਅਸਲ ਵਿਚ ਇਹ ਅਹੁਦੇ ਦੀ ਦੌੜ ਹੈ ਅਤੇ ਖਹਿਰਾ ਇਸ ਨੂੰ ਦਿੱਲੀ ਤੇ ਪੰਜਾਬ ਦੀ ਕਥਿਤ ਲੜਾਈ ਵਜੋਂ ਪੇਸ਼ ਕਰਕੇ ਪਾਰਟੀ ਕਾਰਕੁਨਾਂ ਨੂੰ ਗੁਮਰਾਹ ਕਰ ਰਹੇ ਹਨ।
ਉਨ੍ਹਾਂ ਸਵਾਲ ਕੀਤਾ ਕਿ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੀ ਖਹਿਰਾ ਦੀ ਪੰਜਾਬੀਅਤ ਕਿਉਂ ਜਾਗੀ। ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਸੁਖਪਾਲ ਖਹਿਰਾ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ।
ਭਗਵੰਤ ਮਾਨ ਨੇ ਪੁੱਛਿਆ ਕਿ ਜਦੋਂ ਖਹਿਰਾ ਕਾਂਗਰਸ ਵਿਚ ਸਨ ਉਦੋਂ ਪੰਜਾਬੀਅਤ ਕਿਉਂ ਨਹੀਂ ਜਾਗੀ। ਉਨ੍ਹਾਂ ਸੋਨੀਆ ਗਾਂਧੀ ਤੋਂ ਖੁਦਮੁਖਤਿਆਰੀ ਕਿਉਂ ਨਹੀਂ ਮੰਗੀ, ਉਦੋਂ ਵਲੰਟੀਅਰ ਕਾਨਫਰੰਸ ਕਿਉਂ ਨਹੀਂ ਕੀਤੀ।
'ਖਹਿਰਾ ਕਰੇ ਅਨੁਸ਼ਾਸਨ ਦਾ ਪਾਲਣ'
ਉਨ੍ਹਾਂ ਸੁਖਪਾਲ ਖਹਿਰਾ ਨੂੰ ਪਾਰਟੀ ਅਨੁਸਾਸ਼ਨ ਦਾ ਪਾਲਣ ਕਰਨ ਅਤੇ ਪਾਰਟੀ ਵਿਚ ਵਾਪਸ ਪਰਤਣ ਦੀ ਸਲਾਹ ਦਿੱਤੀ।
ਭਗਵੰਤ ਮਾਨ ਨੇ ਵਿਧਾਇਕ ਕੰਵਰ ਸੰਧੂ ਦੇ ਚੋਣਾਂ ਵਿਚ ਟਿਕਟਾਂ ਵੇਚੇ ਜਾਣ ਬਾਰੇ ਕਿਹਾ ਕਿ ਉਹ ਖੁਦ ਦੱਸਣ ਕਿ ਉਨ੍ਹਾਂ ਟਿਕਟ ਕਿੰਨੇ ਰੁਪਏ ਵਿਚ ਖਰੀਦੀ ਸੀ।
ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੰਵਰ ਸੰਧੂ ਇਹ ਵੀ ਦੱਸਣ ਕਿ ਜਦੋਂ ਉਨ੍ਹਾਂ ਅੜ੍ਹ ਕੇ ਖਰੜ ਤੋਂ ਚੋਣ ਲੜਨ ਲਈ ਟਿਕਟ ਲਈ ਸੀ ਉਦੋਂ ਖੁਦਮੁਖਤਿਆਰੀ ਕਿੱਥੇ ਸੀ ਅਤੇ ਕੀ ਉਦੋਂ ਕਿਸੇ ਵਲੰਟੀਅਰ ਦਾ ਹੱਕ ਨਹੀਂ ਮਾਰਿਆ ਗਿਆ ਸੀ।

ਤਸਵੀਰ ਸਰੋਤ, Getty Images
ਭਗਵੰਤ ਮਾਨ ਨੇ ਕਿਹਾ ਕਿ ਉਹ ਮੌਕਾਪ੍ਰਸਤਾਂ ਨੂੰ ਪਾਰਟੀ ਹਾਈਜੈਕ ਨਹੀਂ ਕਰਨ ਦੇਣਗੇ ਅਤੇ ਨਾਰਾਜ਼ ਪਾਰਟੀ ਵਰਕਰਾਂ ਨੂੰ ਮਨਾਉਣਗੇ।
ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਨੂੰ ਪਾਰਟੀ ਅਨੁਸਾਸ਼ਨ ਦਾ ਪਾਲਣ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸੱਤ ਵਿਧਾਇਕਾਂ ਨੂੰ ਵਾਪਸ ਆਉਣਾ ਚਾਹੀਦਾ ਹੈ। ਜੇਕਰ ਕੋਈ ਖਹਿਰਾ ਦੇ ਨਾਲ ਨਹੀਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਪੰਜਾਬ ਵਿਰੋਧੀ ਹੈ।
ਇਹ ਵੀ ਪੜ੍ਹੋ:












