'ਸਾਨੂੰ ਡਰ ਹੈ ਕਿ ਉਸ ਦੇ ਮਾਪੇ ਸਾਨੂੰ ਮਾਰ ਦੇਣਗੇ'

ਤਸਵੀਰ ਸਰੋਤ, FACEBOOK/NAGRAJ MANJULE
- ਲੇਖਕ, ਸ਼੍ਰੀਕਾਂਤ ਬੰਗਾਲੇ
- ਰੋਲ, ਬੀਬੀਸੀ ਪੱਤਰਕਾਰ
"ਮੇਰੀ ਪਤਨੀ ਦਾ ਪਰਿਵਾਰ ਬੇਹੱਦ ਪ੍ਰਭਾਵਸ਼ਾਲੀ ਹੈ। ਅਸੀਂ ਇਸ ਲਈ ਡਰੇ ਹੋਏ ਹਾਂ ਕਿ ਉਹ ਸਾਨੂੰ ਲੱਭ ਲੈਣਗੇ ਅਤੇ ਸਾਡੇ ਨਾਲ ਉਹੀ ਸਲੂਕ ਕਰਨਗੇ ਜਿਵੇਂ 'ਸੈਰਾਟ' ਵਿੱਚ ਹੋਇਆ ਹੈ। ਡਰ ਦੇ ਬੱਦਲ ਸਾਡੇ ਆਲੇ-ਦੁਆਲੇ ਮੰਡਰਾ ਰਹੇ ਹਨ।" ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਗਨ ਨੇ ਕੰਬਦੀ ਹੋਈ ਆਵਾਜ਼ ਵਿੱਚ ਕੀਤਾ।
ਗਗਨ ਅਤੇ ਪ੍ਰੀਤੀ (ਬਦਲੇ ਹੋਏ ਨਾਮ) ਵਿਆਹ ਕਰਨ ਤੋਂ ਬਾਅਦ ਲੁਕਦੇ-ਫਿਰਦੇ ਹਨ। ਉਨ੍ਹਾਂ ਨੂੰ ਲਗਾਤਾਰ ਆਪਣੇ ਮਾਪਿਆਂ ਦਾ ਡਰ ਸਤਾ ਰਿਹਾ ਹੈ।
ਉਨ੍ਹਾਂ ਨੇ ਬੀਬੀਸੀ ਨਾਲ ਮਰਾਠੀ ਫਿਲਮ 'ਸੈਰਾਟ' ਦੀ ਤਰਜ 'ਤੇ ਬਣੀ ਹਿੰਦੀ ਫਿਲਮ 'ਧੜਕ' ਦੀ ਰੀਲੀਜ਼ ਮੌਕੇ ਗੱਲਬਾਤ ਕੀਤੀ। ਇਨ੍ਹਾਂ ਨੂੰ ਇਹ ਆਪਣੀ ਹੀ ਕਹਾਣੀ ਵਾਂਗ ਲਗਦੀ ਹੈ।
ਇਹ ਵੀ ਪੜ੍ਹੋ:
ਮਹਾਰਾਸ਼ਟਰ ਦੇ ਜ਼ਿਲ੍ਹਾ ਅਹਿਮਦਨਗਰ ਵਿੱਚ ਪਾਟਿਲ ਅਤੇ ਪਟੋਲੇ ਇੱਕ-ਦੂਜੇ ਦੇ ਗੁਆਂਢੀ ਸਨ। ਕੁਝ ਸਾਲ ਪਹਿਲਾਂ ਗਗਨ ਪਟੋਲੇ ਦੀਆਂ ਅੱਖਾਂ ਪ੍ਰੀਤੀ ਪਾਟਿਲ ਨਾਲ ਜਾ ਲੜੀਆਂ।
ਇਹ ਲੋਕਾਂ ਤੋਂ ਚੋਰੀ-ਚੋਰੀ ਇੱਕ-ਦੂਜੇ ਨੂੰ ਤਕਦੇ ਰਹਿੰਦੇ ਤੇ ਹੌਲੀ-ਹੌਲੀ ਉਨ੍ਹਾਂ ਦੀ ਤਕਣੀ ਮੁਸਕਰਾਹਟ ਵਿੱਚ ਬਦਲ ਗਈ ਅਤੇ ਅਖ਼ੀਰ ਉਹ ਇੱਕ-ਦੂਜੇ ਨਾਲ ਪਿਆਰ ਕਰਨ ਲੱਗੇ। ਉਹ ਵਿਆਹ ਕਰਨਾ ਚਾਹੁੰਦੇ ਸੀ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।

ਤਸਵੀਰ ਸਰੋਤ, DHARMA PRODUCTIONS/FACEBOOK
ਪ੍ਰੀਤੀ ਉਨ੍ਹਾਂ ਡਰਾਵਨੇ ਦਿਨਾਂ ਬਾਰੇ ਦੱਸਦੀ ਹੋਈ ਕਹਿੰਦੀ ਹੈ, "ਜਦੋਂ ਮੇਰੇ ਮਾਤਾ-ਪਿਤਾ ਨੇ ਮੇਰੇ ਲਈ ਮੁੰਡਾ ਲੱਭਣਾ ਸ਼ੁਰੂ ਕੀਤਾ ਤਾਂ ਮੈਂ ਫੈਸਲਾ ਲਿਆ ਕਿ ਮੈਂ ਆਪਣੇ ਤੇ ਗਗਨ ਬਾਰੇ ਉਨ੍ਹਾਂ ਨੂੰ ਦੱਸਾਂਗੀ।"
"ਪਰ ਇਸ ਤੋਂ ਪਹਿਲਾਂ ਹੀ ਸਾਡੇ ਪਿੰਡੋਂ ਹੀ ਕਿਸੇ ਨੇ ਮੇਰੇ ਪਿਤਾ ਨੂੰ ਦੱਸ ਦਿੱਤਾ। ਮੇਰੇ ਪਿਤਾ ਮੇਰੇ ਨਾਲ ਬਹੁਤ ਗੁੱਸਾ ਹੋਏ, ਉਨ੍ਹਾਂ ਨੇ ਮੈਨੂੰ ਪਿੰਡ ਦੇ ਬਾਹਰ ਸਾਡੀ ਫੈਕਟਰੀ ਵਿੱਚ ਬੰਦ ਕਰ ਦਿੱਤਾ।"
ਉਸ ਨੇ ਅੱਗੇ ਦੱਸਿਆ, "ਮੇਰੇ ਮਾਤਾ-ਪਿਤਾ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਕਰਨਾ ਚਾਹੁੰਦੀ ਹਾਂ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਗਗਨ ਨਾਲ ਪਿਆਰ ਕਰਦੀ ਹਾਂ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਤਾਂ ਉਹ ਮੇਰੇ 'ਤੇ ਖਿਝ ਗਏ।"
"ਉਨ੍ਹਾਂ ਨੇ ਇਹ ਸਾਫ਼ ਕੀਤਾ ਹੈ ਕਿ ਇਹ ਅਸੰਭਵ ਹੈ ਅਤੇ ਜੇਕਰ ਮੈਂ ਇਸ ਲਈ ਦਬਾਅ ਬਣਾਇਆ ਤਾਂ ਉਹ ਮੈਨੂੰ ਮਾਰ ਦੇਣਗੇ। ਮੈਂ ਉਨ੍ਹਾਂ ਦੀ ਕੁੜੀ ਹਾਂ ਇਸ ਲਈ ਉਹ ਮੈਨੂੰ ਚਿਤਾਵਨੀ ਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮੇਰੇ ਲਈ ਵਧੀਆ ਜੀਵਨਸਾਥੀ ਲੱਭਣਗੇ।"
ਜਦੋਂ ਵੱਖ ਹੋਏ
ਕੁਝ ਦਿਨਾਂ ਬਾਅਦ ਪ੍ਰੀਤੀ ਨੂੰ ਉਸ ਦੇ ਅੰਕਲ ਕੋਲ ਭੇਜ ਦਿੱਤਾ ਗਿਆ। ਫੇਰ ਪੁਣੇ ਉਸ ਦੀ ਅੰਟੀ ਦੇ ਘਰ ਭੇਜ ਦਿੱਤਾ ਅਤੇ ਉਸ ਦੀ ਅੰਟੀ ਨੇ ਉਸ ਦਾ ਮੋਬਾਇਲ ਲੈ ਲਿਆ।
ਪ੍ਰੀਤੀ ਨੇ ਦੱਸਿਆ, "ਮੇਰੀ ਅੰਟੀ ਦੇ ਪਰਿਵਾਰ ਨੇ ਮੈਨੂੰ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਕਿਸੇ ਮੁੰਡੇ ਨਾਲ ਗੱਲ ਕਰਨ ਲਈ ਕਿਹਾ। ਉਹ ਪੁਣੇ ਵਿੱਚ ਕੰਮ ਕਰਦਾ ਸੀ ਅਤੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਹ ਉਸ ਨਾਲ ਰੋਜ਼ ਗੱਲ ਕਰਦੇ ਸਨ ਅਤੇ ਮੇਰੀ ਵੀ ਜ਼ਬਰਦਸਤੀ ਗੱਲ ਕਰਵਾਉਂਦੇ ਸਨ।"
ਪ੍ਰੀਤੀ ਦੀ ਆਵਾਜ਼ ਉਸ ਦੇ ਡਰ ਨੂੰ ਸਾਫ ਬਿਆਨ ਕਰ ਰਹੀ ਸੀ।
ਉਸਨੇ ਦੱਸਿਆ, "ਜਦੋਂ ਮੈਂ ਆਪਣੇ ਮਾਮਾ ਜੀ ਦੇ ਘਰ ਦਾਖ਼ਲ ਹੋਈ ਤਾਂ ਮੇਰੀ ਨਾਨੀ ਨੇ ਮੈਨੂੰ ਜ਼ੋਰ ਦੀ ਥੱਪੜ ਮਾਰਿਆ। ਉਨ੍ਹਾਂ ਨੇ ਮੈਨੂੰ ਧਮਕਾਉਂਦੇ ਹੋਏ ਕਿਹਾ ਕਿ ਜੇ ਮੈਂ ਗਗਨ ਦਾ ਨਾਮ ਲਿਆ ਤਾਂ ਉਹ ਮੈਨੂੰ ਜ਼ਹਿਰ ਦੇ ਦੇਣਗੇ।"

ਤਸਵੀਰ ਸਰੋਤ, SAIRAT/FACEBOOK
ਜਦੋਂ ਪ੍ਰੀਤੀ ਇਸ ਸਭ ਵਿਚੋਂ ਗੁਜ਼ਰ ਰਹੀ ਸੀ ਤਾਂ ਗਗਨ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਪ੍ਰੀਤੀ ਨੂੰ ਕਈ ਵਾਰ ਫੋਨ ਕੀਤਾ। ਜਦੋਂ ਕੋਈ ਸੰਪਰਕ ਨਾ ਹੋਇਆ ਤਾਂ ਉਹ ਡਰ ਗਿਆ।
ਪਿਆਰ ਦੀ ਭਾਲ 'ਚ
ਅਖ਼ੀਰ ਗਗਨ ਨੂੰ ਪਤਾ ਲੱਗ ਹੀ ਗਿਆ ਕਿ ਪ੍ਰੀਤੀ ਕਿੱਥੇ ਹੈ। ਪ੍ਰੀਤੀ ਦੀ ਸਹੇਲੀ ਨੇ ਗਗਨ ਨੂੰ ਦੱਸਿਆ ਕਿ ਪ੍ਰੀਤੀ ਮੁੰਬਈ ਵਿੱਚ ਆਪਣੀ ਅੰਟੀ ਦੇ ਘਰ ਹੈ।
ਗਗਨ ਨੇ ਇਨ੍ਹਾਂ ਦਿਨਾਂ ਬਾਰੇ ਗੱਲ ਕਰਦਿਆਂ ਕਿਹਾ, "ਉਸ ਨੇ ਦੱਸਿਆ ਕਿ ਪ੍ਰੀਤੀ ਮੁੰਬਈ ਵਿੱਚ ਆਪਣੇ ਅੰਟੀ ਦੇ ਘਰ ਹੈ। ਉਸ ਨੇ ਇੱਕ ਵਧੀਆ ਮੁੰਡਾ ਲੱਭ ਲਿਆ ਹੈ ਅਤੇ ਉਹ ਖੁਸ਼ ਹੈ। ਉਸ ਦਾ ਵਿਆਹ ਪੱਕਾ ਹੋ ਗਿਆ ਹੈ। ਹਾਲਾਂਕਿ ਮੈਨੂੰ ਇਸ 'ਤੇ ਵਿਸ਼ਵਾਸ ਨਹੀਂ ਹੋਇਆ ਪਰ ਮੈਂ ਟੁੱਟ ਗਿਆ ਸੀ।"
"ਮੈਂ ਮੁੰਬਈ ਗਿਆ। ਮੈਂ 8 ਦਿਨਾਂ ਤੱਕ ਉਸ ਦੀ ਅੰਟੀ ਦੇ ਘਰ 'ਤੇ ਨਜ਼ਰ ਰੱਖੀ ਪਰ ਮੈਨੂੰ ਕੁਝ ਨਹੀਂ ਮਿਲਿਆ। ਉਹ 8 ਦਿਨਾਂ ਵਿੱਚ ਬਾਹਰ ਵੀ ਨਹੀਂ ਆਈ ਅਤੇ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ।"
ਛੇਤੀ ਉਸ ਨੂੰ ਪਤਾ ਲੱਗਾ ਪ੍ਰੀਤੀ ਮੁੰਬਈ ਵਿੱਚ ਨਹੀਂ ਹੈ। ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਸਹੇਲੀ ਨੇ ਉਸ ਨੂੰ ਗਲਤ ਜਾਣਕਾਰੀ ਦਿੱਤੀ ਸੀ। ਹੌਲੀ-ਹੌਲੀ ਉਸ ਨੂੰ ਪਤਾ ਲੱਗਾ ਕਿ ਉਹ ਉਨ੍ਹਾਂ ਦੀ ਚਾਲ ਸੀ।

ਤਸਵੀਰ ਸਰੋਤ, INSTAGRAM/JHANVI.KAPOOR
ਗਗਨ ਨੇ ਦੱਸਿਆ, "ਪ੍ਰੀਤੀ ਨੇ ਕੁਝ ਦਿਨਾਂ ਬਾਅਦ ਮੈਨੂੰ ਫੋਨ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਮਾਪੇ ਉਸ 'ਤੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਹੇ ਹਨ। ਉਸ ਨੇ ਮੈਨੂੰ ਪੁਣੇ ਦਾ ਪਤਾ ਵੀ ਦਿੱਤਾ ਅਤੇ ਫੋਨ 'ਤੇ ਅਸੀਂ ਸੋਚ ਲਿਆ ਸੀ ਕਿ ਅਸੀਂ ਭੱਜ ਜਾਵਾਂਗੇ। ਅਸੀਂ ਬੜੀ ਹਿੰਮਤ ਕਰਕੇ ਪਲਾਨ ਬਣਾਇਆ ਸੀ।"
ਇਹ ਵੀ ਪੜ੍ਹੋ:
..ਤੇ ਅਖ਼ੀਰ ਅਸੀਂ ਮਿਲੇ!
ਗਗਨ ਨੇ ਆਪਣੇ ਵਿਆਹ ਬਾਰੇ ਕਿਹਾ, "ਮੈਂ 10-12 ਦਿਨਾਂ ਬਾਅਦ ਆਪਣੇ ਦੋ ਦੋਸਤਾਂ ਨਾਲ ਪੁਣੇ ਗਿਆ। ਪ੍ਰੀਤੀ ਨੇ ਪਹਿਲਾਂ ਹੀ ਆਪਣੇ ਘਰ ਦਾ ਪਤਾ ਦੇ ਦਿੱਤਾ ਸੀ। ਪ੍ਰੀਤੀ ਨੇ ਬਹਾਨਾ ਮਾਰਿਆ ਕਿ ਉਹ ਨੇੜੇ ਦੀ ਦੁਕਾਨ ਤੋਂ ਕੁਝ ਸਮਾਨ ਲੈਣ ਜਾ ਰਹੀ ਹੈ।"
"ਅਸੀਂ ਉਸ ਦੇ ਘਰ ਤੋਂ 400-500 ਮੀਟਰ ਦੂਰ ਕਾਰ ਖੜੀ ਕੀਤੀ ਹੋਈ ਸੀ। ਪ੍ਰੀਤੀ ਆਈ ਉਹ ਕਾਰ ਵਿੱਚ ਬੈਠੀ ਅਤੇ ਅਸੀਂ ਸ਼ਹਿਰ ਤੋਂ ਦੂਰ ਨਿਕਲ ਆਏ। ਅਸੀਂ ਦੂਜੇ ਸ਼ਹਿਰ ਗਏ ਅਤੇ ਇੱਕ ਸਮਾਜਿਕ ਸੰਸਥਾ ਦੀ ਮਦਦ ਨਾਲ ਵਿਆਹ ਕਰਵਾ ਲਿਆ।"

ਤਸਵੀਰ ਸਰੋਤ, DHARMA PRODUCTIONS/FACEBOOK
ਪ੍ਰੀਤੀ ਨੇ ਦੱਸਿਆ, "ਮੈਂ ਮਰਾਠੀ ਭਾਈਚਾਰੇ ਤੋਂ ਹਾਂ ਅਤੇ ਗਗਨ ਦਲਿਤ ਪਰਿਵਾਰ ਨਾਲ ਸੰਬੰਧਤ ਸੀ। ਇਸ ਕਾਰਨ ਹੀ ਮੇਰੇ ਮਾਪੇ ਵਿਆਹ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਪਲਾਨ ਮੇਰਾ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਅਤੇ ਗਗਨ ਨੂੰ ਮਾਰਨਾ ਸੀ। ਅਸੀਂ ਫ਼ੈਸਲਾ ਲਿਆ ਕਿ ਜੇਕਰ ਅਸੀਂ ਇਕੱਠੇ ਮਰਦੇ ਹਾਂ ਤਾਂ ਕੋਈ ਫਰਕ ਨਹੀਂ ਪੈਂਦਾ, ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਂਉਗੀ।"
ਸੈਰਾਟ ਬਾਰੇ...
ਗਗਨ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਅਸੀਂ ਸੈਰਾਟ ਵੇਖੀ ਤਾਂ ਡਰ ਸਾਡੇ ਦਿਮਾਗ਼ ਵਿੱਚ ਬੈਠ ਗਿਆ। ਫਿਲਮ ਉਦੋਂ ਰਿਲੀਜ਼ ਹੋਈ ਸੀ ਜਦੋਂ ਅਸੀਂ ਵਿਆਹ ਬਾਰੇ ਸੋਚ ਰਹੇ ਸੀ। ਪਰ ਮਰਨ ਲਈ ਕੌਣ ਵਿਆਹ ਕਰਾਏਗਾ? ਅਸੀਂ ਹਮੇਸ਼ਾ ਇਕੱਠੇ ਰਹਿਣਾ ਹੈ। ਕੀ ਸਾਨੂੰ ਉਸ ਦੇ ਮਾਤਾ-ਪਿਤਾ ਮਾਰ ਸਕਦੇ ਹਨ, ਇਹ ਡਰ ਅਜੇ ਵੀ ਸਾਡੇ ਆਲੇ-ਦੁਆਲੇ ਘੁੰਮਦਾ ਹੈ।"
ਗਗਨ ਮੁਤਾਬਕ ਸੈਰਾਟ ਤੁਹਾਨੂੰ ਅੰਤਰ-ਜਾਤੀ ਵਿਆਹ ਬਾਰੇ ਜਾਗਰੂਕ ਕਰਦੀ ਹੈ ਪਰ ਪ੍ਰੀਤੀ ਫਿਲਮ ਦੇਖਣ ਤੋਂ ਬਾਅਦ ਡਰ ਗਈ ਸੀ।
ਪ੍ਰੀਤੀ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ, "ਉਹ ਡਰ ਅਜੇ ਵੀ ਸਾਡੇ ਵਿੱਚ ਹੈ, ਅਸੀਂ ਕੁਝ ਨਹੀਂ ਕਹਿ ਸਕਦੇ ਕਿ ਕੱਲ੍ਹ ਕੀ ਹੋਵੇਗਾ ਜਾਂ ਅੱਜ ਵੀ ਕੁਝ ਹੋ ਸਕਦਾ ਹੈ। ਜਾਤੀ ਆਧਾਰਿਤ ਵਿਤਕਰਾ ਸਾਡੇ ਸਮਾਜ ਵਿੱਚ ਡੂੰਘਾ ਖੁੱਭਿਆ ਹੋਇਆ ਹੈ। ਪਰ ਮਾਪਿਆਂ ਨੂੰ ਆਪਣੀਆਂ ਧੀਆਂ ਦੀ ਹਮਾਇਤ ਕਰਨੀ ਚਾਹੀਦੀ ਹੈ।"

ਤਸਵੀਰ ਸਰੋਤ, FACEBOOK/NAGRAJ MANJULE
"ਮੁੰਡਾ ਦੂਜੀ ਜਾਤ ਨਾਲ ਸੰਬੰਧਤ ਹੈ ਸਿਰਫ਼ ਇਸ ਲਈ ਹੀ ਉਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਬਜਾਇ ਇਸ ਦੇ ਉਨ੍ਹਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਆਪਣਾ ਆਸ਼ੀਰਵਾਦ ਦੇਣਾ ਚਾਹੀਦਾ ਹੈ।"
ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਹਨ !
ਗਗਨ ਨੂੰ ਧੜਕ ਫਿਲਮ ਬਾਰੇ ਵੀ ਪਤਾ ਹੈ। ਉਸ ਨੇ ਕਿਹਾ, "ਹਾਂ, ਮੈਂ ਧੜਕ ਬਾਰੇ ਵੀ ਸੁਣਿਆ। ਇਹ ਸੈਰਾਟ ਦੀ ਤਰਜ 'ਤੇ ਬਣੀ ਹਿੰਦੀ ਫਿਲਮ ਹੈ। ਮੈਨੂੰ ਲਗਦਾ ਹੈ ਕਿ ਅਜਿਹੀਆਂ ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਹਨ।"
ਪ੍ਰੀਤੀ ਨੇ ਵੀ ਧੜਕ ਬਾਰੇ ਸੁਣਿਆ ਹੈ ਪਰ ਉਸ ਨੇ ਉਸ ਦਾ ਟ੍ਰੇਲਰ ਨਹੀਂ ਦੇਖਿਆ।
ਅੱਜ ਗਗਨ ਅਤੇ ਪ੍ਰੀਤੀ ਮਹਾਰਾਸ਼ਟਰ ਦੇ ਇੱਕ ਸ਼ਹਿਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਲੱਭ ਰਹੇ ਹਨ। ਇਸ ਲਈ ਉਹ ਕੁਝ ਦਿਨਾਂ ਬਾਅਦ ਸ਼ਹਿਰ ਬਦਲ ਲੈਂਦੇ ਹਨ। ਉਨ੍ਹਾਂ ਦਾ ਡਰ ਅਜੇ ਵੀ ਬਰਕਰਾਰ ਹੈ।












