ਅਮਰੀਕਾ ਜਾਂਦਿਆਂ ਲਾਪਤਾ ਹੋਏ 6 ਪੰਜਾਬੀ ਮੁੰਡਿਆਂ ਦੀਆਂ ਮਾਂਵਾਂ ਦਾ ਦਰਦ

ਜਸਵਿੰਦਰ ਸਿੰਘ, ਲਾਪਤਾ ਪੰਜਾਬੀ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਜਸਵਿੰਦਰ ਸਿੰਘ 3 ਫਰਵਰੀ 2017 ਨੂੰ ਭਾਰਤ ਤੋਂ ਸੁਰੀਨਾਮ ਲਈ ਗਿਆ ਸੀ

ਵਿਦੇਸ਼ ਜਾਣ ਦੀ ਚਾਹਤ ਪੰਜਾਬੀਆਂ ਵਿੱਚ ਐਨੀ ਹੈ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਵੀ ਜਾਣ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਕਦਮ ਚੁੱਕਿਆ ਪੰਜਾਬ ਦੇ 6 ਨੌਜਵਾਨਾਂ ਨੇ ਜੋ ਟਰੈਵਲ ਏਜੰਟਾਂ ਦੇ ਭਰੋਸੇ ਅਮਰੀਕਾ ਜਾ ਰਹੇ ਸਨ ਅਤੇ ਪਿਛਲੇ ਇੱਕ ਸਾਲ ਤੋਂ ਬਹਾਮਾਸ ਤੋਂ ਲਾਪਤਾ ਹਨ।

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਘੱਟੋ-ਘੱਟ 6 ਮੁੰਡੇ ਪਿਛਲੇ 10 ਮਹੀਨਿਆਂ ਤੋਂ ਬਹਾਮਾਸ ਤੋਂ ਲਾਪਤਾ ਹਨ। ਇਨ੍ਹਾਂ 6 ਮੁੰਡਿਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਲਈ ਟਰੈਵਲ ਏਜੰਟਾਂ ਨੂੰ ਪੈਸੇ ਦਿੱਤੇ ਸੀ।

ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ, ਜਲੰਧਰ ਤੋਂ ਪਾਲ ਸਿੰਘ ਨੌਲੀ ਅਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਨੇ ਪੰਜਾਬ ਵਿਚ ਇਨ੍ਹਾਂ ਨੇ ਪਰਿਵਾਰਾਂ ਨਾਲ ਗੱਲਬਾਤ ਕੀਤੀ।

ਜਸਵਿੰਦਰ ਸਿੰਘ ਦੇ ਪਰਿਵਾਰ ਨੂੰ ਕਿਸੇ ਦੁਰਘਟਨਾ ਦਾ ਡਰ

28 ਸਾਲਾ ਜਸਵਿੰਦਰ ਸਿੰਘ ਵੀ ਉਨ੍ਹਾਂ 6 ਪੰਜਾਬੀਆਂ ਵਿੱਚੋਂ ਇੱਕ ਹੈ। ਜਸਵਿੰਦਰ ਸਿੰਘ ਦੇ ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਗੁਹਾਰ ਲਗਾਈ ਹੈ ਕਿ ਉਹ ਉਨ੍ਹਾਂ ਦੀ ਮਦਦ ਕਰਨ।

ਇਹ ਵੀ ਪੜ੍ਹੋ:

ਜਸਵਿੰਦਰ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਜਸਵਿੰਦਰ ਸਿੰਘ ਦੇ ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਮਦਦ ਲਈ ਪਹੁੰਚ ਕੀਤੀ ਹੈ।

ਜਸਵਿੰਦਰ ਸਿੰਘ ਨੇ ਆਪਣੇ ਪਰਿਵਾਰ ਨੂੰ ਆਖ਼ਰੀ ਫੋਨ ਬਹਾਮਾਸ ਦੇ ਫਰੀਪੋਰਟ ਆਈਲੈਂਡ ਤੋਂ ਕੀਤਾ ਸੀ। ਉਨ੍ਹਾਂ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਉਹ ਜਲਦ ਹੀ ਅਮਰੀਕਾ ਦੇ ਸ਼ਹਿਰ ਮਿਆਮੀ ਪਹੁੰਚ ਜਾਣਗੇ।

ਜਸਵਿੰਦਰ ਸਿੰਘ ਦੀ ਮਾਂ ਜਸਵੰਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨਾਲ ਉਸ ਫੋਨ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਉਸਦੀ ਕੋਈ ਖ਼ਬਰ ਆਈ।

ਜਸਵਿੰਦਰ ਸਿੰਘ ਦੇ ਪਰਿਵਾਰ ਨੇ ਆਪਣੇ ਮੁੰਡੇ ਨੂੰ ਅਮਰੀਕਾ ਭੇਜਣ ਲਈ ਟਰੈਵਲ ਏਜੰਟ ਨੂੰ ਸਾਢੇ 26 ਲੱਖ ਰੁਪਏ ਦਿੱਤੇ ਸੀ ਪਰ ਜਦੋਂ ਉਹ ਉੱਥੇ ਨਹੀਂ ਪਹੁੰਚਿਆ, ਤਾਂ ਏਜੰਟ ਨੇ 26 ਲੱਖ ਰੁਪਏ ਉਸਦੇ ਪਰਿਵਾਰ ਨੂੰ ਵਾਪਿਸ ਕਰ ਦਿੱਤੇ।

ਇਹ ਜਾਣਕਾਰੀ ਜਸਵਿੰਦਰ ਦੇ ਭਰਾ ਅਰਵਿੰਦਰ ਸਿੰਘ ਨੇ ਦਿੱਤੀ।

ਜਸਵਿੰਦਰ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਜਸਵਿੰਦਰ ਸਿੰਘ ਨੇ ਆਪਣੇ ਪਰਿਵਾਰ ਨੂੰ ਆਖ਼ਰੀ ਵਾਰ ਫੋਨ ਬਹਾਮਾਸ ਦੇ ਫਰੀਪੋਰਟ ਆਈਲੈਂਡ ਤੋ ਕੀਤਾ ਸੀ

ਉਨ੍ਹਾਂ ਨੇ ਦੱਸਿਆ,''3 ਫਰਵਰੀ 2017 ਨੂੰ ਉਨ੍ਹਾਂ ਦਾ ਭਰਾ ਭਾਰਤ ਤੋਂ ਸੁਰੀਨਾਮ ਲਈ ਰਵਾਨਾ ਹੋਇਆ ਸੀ। ਉਹ ਉੱਥੇ ਪੰਜ ਮਹੀਨੇ ਰਿਹਾ ਅਤੇ ਫਿਰ ਬਹਾਮਾਸ ਪਹੁੰਚਿਆ ਸੀ।''

ਜਸਵਿੰਦਰ ਸਿੰਘ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ ਪਰ ਉਸ ਨੇ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਪਤਨੀ ਤੇ ਧੀ ਨੂੰ ਜਲਦੀ ਹੀ ਨਾਲ ਲੈ ਕੇ ਜਾਣ ਦਾ ਵਾਅਦਾ ਵੀ ਕੀਤਾ।

ਜਸਵਿੰਦਰ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਉਸਦੀ ਪਤਨੀ ਨੇ ਧੀ ਸਮੇਤ ਸਹੁਰਿਆਂ ਦਾ ਘਰ ਛੱਡ ਦਿੱਤਾ।

ਜਸਵਿੰਦਰ ਸਿੰਘ ਆਪਣੀ ਪਤਨੀ ਨਾਲ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਜਸਵਿੰਦਰ ਸਿੰਘ ਨੇ ਆਪਣੀ ਪਤਨੀ ਤੇ ਧੀ ਨੂੰ ਜਲਦੀ ਹੀ ਨਾਲ ਲੈ ਕੇ ਜਾਣ ਦਾ ਵਾਅਦਾ ਵੀ ਕੀਤਾ ਸੀ।

ਜਸਵਿੰਦਰ ਸਿੰਘ ਨੇ 2 ਅਗਸਤ ਨੂੰ ਆਪਣੇ ਭਰਾ ਅਰਵਿੰਦਰ ਨੂੰ ਵੀ ਫੋਨ ਕੀਤਾ ਸੀ, ਜੋ ਕਿ ਉਸ ਸਮੇਂ ਯੂਕੇ ਵਿੱਚ ਸੀ। ਜਸਵਿੰਦਰ ਨੇ ਆਪਣੇ ਭਰਾ ਨੂੰ ਵੱਟਸਐਪ ਮੈਸੇਜ ਅਤੇ ਵੀਡੀਓ ਕਲਿਪ ਭੇਜੀ ਸੀ ਜਿੱਥੇ ਉਹ ਕਿਸ਼ਤੀ ਵਿੱਚ ਸਫ਼ਰ ਕਰ ਰਿਹਾ ਸੀ।

ਜਸਵਿੰਦਰ ਨੇ ਆਪਣੇ ਭਰਾ ਨੂੰ ਕਿਹਾ ਕਿ ਏਜੰਟ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਲਈ ਅੱਧੇ-ਅੱਧੇ ਘੰਟੇ ਲਈ ਫੋਨ ਦਿੱਤਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਹੈਂਡਲਰ ਨੇ ਉਨ੍ਹਾਂ ਤੋਂ ਪਾਸਪੋਰਟ ਲੈ ਲਏ ਹਨ ਅਤੇ ਉਨ੍ਹਾਂ ਨੂੰ ਬਹਾਮਾਸ ਵਿੱਚ ਤਿਆਰ ਕੀਤੇ ਗਏ ਨਕਲੀ ਦਸਤਾਵੇਜ ਦਿੱਤੇ ਗਏ।

ਜਸਵਿੰਦਰ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਜਸਵਿੰਦਰ ਦੀ ਮਾਂ ਉਸਦੀ ਖ਼ਬਰ ਦੀ ਰਾਹ ਤੱਕ ਰਹੀ ਹੈ

ਪਰਿਵਾਰ ਨੂੰ ਲੱਗ ਰਿਹਾ ਹੈ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਜਾਣ ਕਰਕੇ ਕਿਤੇ ਉਹ ਫੜਿਆ ਤਾਂ ਨਹੀਂ ਗਿਆ ਜਾਂ ਫੇਰ ਸਮੁੰਦਰ ਵਿੱਚ ਉਸ ਨਾਲ ਕੋਈ ਦੁਰਘਟਨਾ ਤਾਂ ਨਹੀਂ ਵਾਪਰ ਗਈ।

ਗੁਰਦਾਸਪੁਰ ਦੇ ਗੁਰਦੀਪ ਦੇ ਮਾਪਿਆਂ ਨੂੰ ਪੁੱਤ ਦੇ ਫੋਨ ਦੀ ਉਡੀਕ

ਅਜਿਹਾ ਹੀ ਇੱਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦਾ ਗੁਰਦੀਪ ਸਿੰਘ ਹੈ।

ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਹੈ। ਉਸਦੇ ਪਿਤਾ ਅਵਤਾਰ ਸਿੰਘ ਹੋਮ ਗਾਰਡ ਮੁਲਾਜ਼ਮ ਹਨ ਅਤੇ ਗੁਰਦਾਸਪੁਰ ਤਾਇਨਾਤ ਹਨ।

ਜਸਵਿੰਦਰ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਚਾਰ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਏਜੰਟਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਹੈ

ਅਵਤਾਰ ਸਿੰਘ ਨੇ ਆਖਿਆ, ''ਗੁਰਦੀਪ ਸਿੰਘ 12ਵੀਂ ਪਾਸ ਹੈ ਤੇ ਹਾਲੇ ਕੁਆਰਾ ਹੈ। ਉਸ ਦਾ ਚੰਗਾ ਭਵਿੱਖ ਬਣਾਉਣ ਲਈ ਉਸ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਰੈਵਲ ਏਜੰਟ ਸੁਖਵਿੰਦਰ ਸਿੰਘ ਰਾਹੀਂ ਅਮਰੀਕਾ ਭੇਜਿਆ ਸੀ। ਜਿਸ ਲਈ ਏਜੰਟ ਨੂੰ 10 ਲੱਖ ਰੁਪਏ ਪਹਿਲਾਂ ਅਤੇ ਅਮਰੀਕਾ ਪੁੱਜ ਜਾਣ 'ਤੇ 25 ਲੱਖ ਰੁਪਏ ਹੋਰ ਦੇਣੇ ਸੀ।''

ਪਰਿਵਾਰ ਨੇ ਦੱਸਿਆ ਗੁਰਦੀਪ ਨੂੰ 28 ਜੂਨ 2017 ਨੂੰ ਏਜੰਟ ਸੁਖਵਿੰਦਰ ਸਿੰਘ ਅਮਰੀਕਾ ਭੇਜਣ ਲਈ ਆਪਣੇ ਨਾਲ ਦਿੱਲੀ ਲੈ ਗਿਆ।

ਇਸ ਤੋਂ ਬਾਅਦ 2 ਮਹੀਨੇ ਤੱਕ ਉਹ ਏਜੰਟ ਦੇ ਨਾਲ ਹੀ ਵੱਖ-ਵੱਖ ਥਾਵਾਂ 'ਤੇ ਰਿਹਾ ਅਤੇ ਆਖ਼ਰੀ ਵਾਰ ਉਸ ਨਾਲ 2 ਅਗਸਤ 2017 ਨੂੰ ਫੋਨ 'ਤੇ ਗੱਲ ਹੋਈ ਸੀ।

ਗੁਰਦੀਪ ਨੇ ਆਪਣੇ ਮਾਤਾ -ਪਿਤਾ ਨੂੰ ਆਖਰੀ ਵਾਰ ਗੱਲਬਾਤ ਦੌਰਾਨ ਆਖਿਆ ਸੀ ਕਿ ਉਹ ਬਹਾਮਾਸ ਦੇ ਨਜ਼ਦੀਕ ਫਰੀਪੋਰਟ ਤੋਂ ਹੁਣ ਸਮੁੰਦਰੀ ਰਸਤੇ ਅਮਰੀਕਾ ਜਾ ਰਹੇ ਹਨ ਅਤੇ ਉੱਥੇ ਪਹੁੰਚ ਕੇ ਫੋਨ ਕਰੇਗਾ ਪਰ ਅੱਜ ਤੱਕ ਉਸਦਾ ਫੋਨ ਨਹੀਂ ਆਇਆ।

ਗੁਰਦੀਪ ਸਿੰਘ

ਤਸਵੀਰ ਸਰੋਤ, Gurpreet singh chawla/bbc

ਤਸਵੀਰ ਕੈਪਸ਼ਨ, ਗੁਰਦੀਪ ਸਿੰਘ ਵੀ ਪਿਛਲੇ 10 ਮਹੀਨਿਆਂ ਤੋਂ ਲਾਪਤਾ ਹੈ

ਅਵਤਾਰ ਸਿੰਘ ਮੁਤਾਬਕ ਉਨ੍ਹਾਂ ਦੇ ਪੈਸੇ ਤਾਂ ਵਾਪਿਸ ਮਿਲ ਗਏ ਪਰ ਉਨ੍ਹਾਂ ਨੂੰ ਪੈਸੇ ਨਾਲੋਂ ਵੱਧ ਆਪਣੇ ਪੁੱਤ ਦੀ ਫਿਕਰ ਹੈ।

ਗੁਰਦੀਪ ਸਿੰਘ ਦੇ ਪਿੰਡ ਦੀ ਇੱਕ ਔਰਤ ਨੇ ਹੀ ਉਨ੍ਹਾਂ ਨੂੰ ਟਰੈਵਲ ਏਜੰਟ ਸੁਖਵਿੰਦਰ ਸਿੰਘ ਨਾਲ ਮਿਲਵਾਇਆ ਸੀ। ਕਰੀਬ ਡੇਢ ਮਹੀਨੇ ਪਹਿਲਾਂ ਉਹ ਔਰਤ ਖੁਦ ਅਮਰੀਕਾ ਚਲੀ ਗਈ।

ਗੁਰਦੀਪ ਸਿੰਘ ਦਾ ਪਰਿਵਾਰ ਉਸ ਔਰਤ ਬਾਰੇ ਪੂਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਉਸ ਔਰਤ ਦੇ ਪਰਿਵਾਰ ਵਾਲੇ ਕੁਝ ਦੱਸ ਰਹੇ ਹਨ।

ਗੁਰਦੀਪ ਸਿੰਘ ਦੇ ਮਾਤਾ -ਪਿਤਾ ਦਾ ਕਹਿਣਾ ਹੈ ਕਿ ਕੁਝ ਅਖਬ਼ਾਰਾਂ ਦੀਆਂ ਖ਼ਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਕੁਝ ਭਾਰਤੀ ਨੌਜਵਾਨ ਅਮਰੀਕਾ ਦੀ ਇੱਕ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਵੀ ਉੱਥੇ ਜੇਲ੍ਹ ਵਿੱਚ ਬੰਦ ਹੈ।

ਗੁਰਦੀਪ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, Gurpreet singh chawla/bbc

ਤਸਵੀਰ ਕੈਪਸ਼ਨ, ਗੁਰਦੀਪ ਸਿੰਘ ਦੇ ਮਾਪਿਆਂ ਨੂੰ ਆਖ਼ਰੀ ਵਾਰ 2 ਅਗਸਤ 2017 ਨੂੰ ਉਸਦਾ ਫੋਨ ਆਇਆ ਸੀ

ਪਰਿਵਾਰ ਦੀ ਅਪੀਲ ਹੈ ਕਿ ਉਨ੍ਹਾਂ ਦੇ ਪੁੱਤਰ ਅਤੇ ਬਾਕੀ ਲਾਪਤਾ ਹੋਏ ਪੰਜਾਬੀ ਨੌਜਵਾਨਾਂ ਦੀ ਭਾਲ ਲਈ ਕੇਂਦਰ ਸਰਕਾਰ ਕਦਮ ਚੁੱਕੇ ਤਾਂ ਜੋ ਉਹ ਜਲਦ ਮੁੜ ਆਉਣ।

ਰੱਖੜੀ ਤੋਂ ਬਾਅਦ ਜਸਪ੍ਰੀਤ ਨਾਲ ਸਾਡੀ ਕੋਈ ਗੱਲ ਨਹੀਂ ਹੋਈ

ਦੋਆਬੇ ਦੇ ਜਿਹੜੇ ਮੁੰਡੇ ਇਸ ਗਰੁੱਪ ਵਿੱਚ ਗਏ ਸਨ, ਉਨ੍ਹਾਂ ਵਿੱਚ ਮੁਕੇਰੀਆਂ ਦਾ ਇੰਦਰਜੀਤ ਸਿੰਘ ਅਤੇ ਮੁਕੇਰੀਆਂ ਨੇੜਲੇ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ, ਭੁੱਲਥ ਨੇੜਲੇ ਪਿੰਡ ਮਾਨਾ ਤਲਵੰਡੀ ਦਾ ਜਸਪ੍ਰੀਤ ਸਿੰਘ ਅਤੇ ਉਸ ਦਾ ਹੀ ਇੱਕ ਨਜ਼ਦੀਕੀ ਰਿਸ਼ਤੇਦਾਰ ਭੰਡਾਲ ਦੋਨੇ ਦਾ ਨਵਦੀਪ ਸਿੰਘ ਸਿੱਧੂ ਸ਼ਾਮਿਲ ਹਨ।

ਜਿਹੜੇ ਟ੍ਰੈਵਲ ਏਜੰਟਾਂ ਨੇ ਮੁੰਡਿਆਂ ਨੂੰ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਸੀ ਪਹਿਲਾਂ ਤਾਂ ਉਹ ਕਹਿੰਦੇ ਰਹੇ ਕਿ ਮੁੰਡੇ ਅਮਰੀਕਾ ਪਹੁੰਚ ਗਏ ਹਨ ਪਰ ਲੰਬਾ ਸਮਾਂ ਜਦੋਂ ਕੋਈ ਗੱਲ ਨਹੀਂ ਹੋਈ ਤਾਂ ਟ੍ਰੈਵਲ ਏਜੰਟ ਉਨ੍ਹਾਂ ਨੂੰ ਧਮਕੀਆਂ ਵੀ ਦੇਣ ਲੱਗ ਪਏ।

ਨਵਦੀਪ ਸਿੰਘ ਸਿੱਧੂ

ਤਸਵੀਰ ਸਰੋਤ, Pal Singh Nauli/BBC

ਤਸਵੀਰ ਕੈਪਸ਼ਨ, ਨਵਦੀਪ ਸਿੰਘ ਸਿੱਧੂ ਵੀ ਲਾਪਤਾ ਮੁੰਡਿਆਂ ਵਿੱਚ ਸ਼ਾਮਿਲ ਹਨ।

ਇਨ੍ਹਾਂ ਟ੍ਰੈਵਲ ਏਜੰਟਾਂ ਵਿਰੁੱਧ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਥਾਣਿਆਂ ਵਿੱਚ ਐਫਆਈਆਰ ਵੀ ਦਰਜ ਹੋਈਆਂ ਹਨ ਪਰ ਅਜੇ ਤੱਕ ਟ੍ਰੈਵਲ ਏਜੰਟ ਪੁਲੀਸ ਦੇ ਹੱਥ ਨਹੀਂ ਆਏ। ਟ੍ਰੈਵਲ ਏਜੰਟਾਂ ਨੇ ਆਪਣੀ ਜ਼ਮਾਨਤ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਚਾਰਾਜੋਈ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ।

ਪੀੜਤ ਪਰਿਵਾਰਾਂ ਨੇ ਆਪਣੇ ਲਾਪਤਾ ਹੋਏ ਮੁੰਡਿਆ ਨੂੰ ਲੱਭਣ ਲਈ ਕੇਂਦਰੀ ਮੰਤਰੀ ਸ਼ੁਸ਼ਮਾ ਸਵਰਾਜ ਦਾ ਦਰਵਾਜ਼ਾ ਖੜਕਾਇਆ ਹੈ ਪਰ ਕੁਝ ਵੀ ਹੱਥ ਨਹੀਂ ਲੱਗਾ।

ਪੀੜਤ ਮਾਪਿਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਚਿੱਠੀਆਂ ਲਿਖੀਆਂ ਪਰ ਕਿਸੇ ਦਾ ਜਵਾਬ ਨਹੀਂ ਆਇਆ।

ਜਸਪ੍ਰੀਤ ਦੀ ਮਾਂ ਕੁਲਵਿੰਦਰ ਕੌਰ ਨੂੰ ਆਪਣੇ ਪੁੱਤ ਦਾ ਇੱਕ ਸਾਲ ਤੋਂ ਕੋਈ ਥਹੁ- ਪਤਾ ਨਾ ਲੱਗਿਆ। ਉਨ੍ਹਾਂ ਨੇ ਹਉਕਾ ਭਰਦਿਆਂ ਕਿਹਾ ਕਿ ਪਿਛਲੇ ਸਾਲ ਰੱਖੜੀ ਤੋਂ ਦੋ ਦਿਨ ਪਹਿਲਾਂ ਆਖਰੀ ਵਾਰ ਫੋਨ ਆਇਆ ਸੀ। ਉਸ ਤੋਂ ਬਾਅਦ ਜਸਪ੍ਰੀਤ ਨਾਲ ਸਾਡੀ ਕੋਈ ਗੱਲ ਨਹੀਂ ਹੋਈ ।

ਜਸਪ੍ਰੀਤ ਸਿੰਘ

ਤਸਵੀਰ ਸਰੋਤ, Pal Singh Nauli/BBC

ਤਸਵੀਰ ਕੈਪਸ਼ਨ, ਜਸਪ੍ਰੀਤ ਦਾ ਪਿਛਲੇ ਸਾਲ ਰੱਖੜੀ ਤੋਂ ਦੋ ਦਿਨ ਪਹਿਲਾਂ ਆਖਰੀ ਵਾਰ ਫੋਨ ਆਇਆ ਸੀਉਸ ਮਗਰੋਂ ਉਸਦੀ ਘਰੇ ਕੋਈ ਗੱਲ ਨਹੀਂ ਹੋਈ ।

ਖੱਸਣ ਪਿੰਡ ਦੇ ਟ੍ਰੈਵਲ ਏਜੰਟ ਰਣਜੀਤ ਸਿੰਘ ਵਿਰੁੱਧ ਪੁਲੀਸ ਨੇ ਕੇਸ ਤਾਂ ਦਰਜ ਕੀਤਾ ਹੋਇਆ ਹੈ ਪਰ ਉਸ ਨੂੰ ਫੜ ਨਹੀਂ ਰਹੀ। ਉਸ ਬਾਰੇ ਵੀ ਹੁਣ ਕੋਈ ਅਤਾ-ਪਤਾ ਨਹੀਂ ਲੱਗ ਰਿਹਾ ਕਿ ਟ੍ਰੈਵਲ ਏਜੰਟ ਇਧਰ ਹੀ ਹੈ ਕਿ ਉਹ ਵੀ ਕਿਧਰੇ ਦੌੜ ਗਿਆ ਹੈ ?

ਕੁਲਵਿੰਦਰ ਕੌਰ ਨੇ ਦੱਸਿਆ,"ਰੋ-ਪਿਟ ਲਈ ਦਾ। ਢਿੱਡ ਤੜਫਦਾ ਆ ਪਰ ਕੋਈ ਵਾਹ ਪੇਸ਼ ਨਹੀਂ ਜਾਂਦੀ। ਸਰਕਾਰਾਂ ਦਾ ਖਬਰੇ ਲਹੂ ਹੀ ਚਿੱਟਾ ਹੋ ਗਿਆ ਆ। ਸਾਡੀ ਸੁਣਦਾ ਹੀ ਕੋਈ ਨਹੀਂ। ਅਸੀਂ ਤਾਂ ਟ੍ਰੈਵਲ ਏਜੰਟ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਤੂੰ ਭਾਵੇਂ ਪੈਸੇ ਨਾ ਵੀ ਮੋੜੀਂ ਪਰ ਸਾਡਾ ਪੁੱਤ ਮੋੜਦੇ। ਕਈ ਵਾਰ ਰਾਤਾਂ ਨੂੰ ਉਠ ਖੜੋਂਦੀ ਹਾਂ ਤੇ ਮਨ ਵਿੱਚ ਇਹੀ ਸੋਚਦੀ ਰਹਿੰਦੀ ਆ ਕਿ ਜੱਸੇ ਨੇ ਪਤਾ ਨਹੀਂ ਰੋਟੀ ਖਾਧੀ ਵੀ ਆ ਕਿ ਨਹੀਂ।"

"ਇੱਕ ਜੂਨ ਨੂੰ ਜਸਪ੍ਰੀਤ 27 ਸਾਲਾਂ ਦਾ ਹੋ ਗਿਆ ਹੈ । ਜਿੱਦਣ ਉਸ ਨੇ ਘਰੋਂ ਪੈਰ ਪੁੱਟਿਆ ਸੀ ਉਦੋਂ ਵੀ ਥੋੜ੍ਹੇ ਦਿਨਾਂ ਬਾਅਦ ਉਹਦਾ ਜਨਮ ਦਿਨ ਸੀ। ਅਸੀਂ ਤਾਂ ਨਾ ਮਰਿਆਂ ਵਿੱਚ ਆਂ ਨਾ ਜਿਊਂਦਿਆਂ ਵਿੱਚ। ਜਾਈਏ ਤੇ ਜਾਈਏ ਕਿੱਥੇ ? ਪੈਸੇ ਵੀ ਗਏ ਤੇ ਨਿਆਣੇ ਵੀ ਗਏ। ਅਸੀਂ ਤਾਂ ਉਜੜ ਗਏ ਆਂ। ਹੁਣ ਤਾਂ ਰੱਬ ਦੇ ਹੀ ਹੱਥ ਵੱਸ ਆਂ ਕਿ ਪਤਾ ਨਹੀਂ ਹੁਣ ਕਿਹੜਾ ਸੁਨੇਹਾ ਆਉਣਾ ਕਿਹੜਾ ਨਹੀਂ ਆਉਣਾ।"

ਸਰਬਜੀਤ ਸਿੰਘ

ਤਸਵੀਰ ਸਰੋਤ, Pal Singh Nauli/BBC

ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਨੇ ਬਾਹਰ ਨੌਕਰੀ ਦੀ ਲਾਲਸਾ ਨਾਲ ਹੀ ਬਾਰ੍ਹਵੀਂ ਤੋਂ ਬਾਅਦ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਸੀ

"ਪੁਲੀਸ ਵਾਲੇ ਪੁੱਛਦੇ ਆਂ ਕਿ ਸਾਨੂੰ ਏਜੰਟ ਦਾ ਪਤਾ ਦੱਸੋ ਅਸੀਂ ਫੜ ਲਿਆਉਂਦੇ ਆਂ।"

ਸਰਬਜੀਤ ਦੇ ਮਾਪੇ ਥਾਣੇ ਜਾਣੋਂ ਹੀ ਹਟ ਗਏ

25 ਸਾਲਾ ਸਰਬਜੀਤ ਸਿੰਘ ਦੀ ਮਾਂ ਸਤਪਾਲ ਕੌਰ ਨੇ ਦੱਸਿਆ, "ਤਿੰਨ ਮਹੀਨੇ ਹੋ ਗਏ ਆ ਹੁਣ ਕਿਸੇ ਪੁਲੀਸ ਵਾਲੇ ਅਧਿਕਾਰੀ ਜਾਂ ਥਾਣੇਦਾਰ ਨੂੰ ਮਿਲਣ ਨਹੀਂ ਗਏ। ਉਹ ਅੱਗੇ ਗੱਲਾਂ ਹੀ ਹੋਰ ਦੀਆਂ ਹੋਰ ਕਰਦੇ ਰਹਿੰਦੇ ਹਨ। ਪੁਲੀਸ ਵਾਲੇ ਤਾਂ ਇੱਥੋਂ ਤੱਕ ਕਹਿਣ ਤੱਕ ਚਲੇ ਗਏ ਕਿ ਤੁਸੀਂ ਮੁੰਡਾ ਕਿਹੜਾ ਸਾਨੂੰ ਦੱਸ ਕੇ ਭੇਜਿਆ ਸੀ। ਡੀਐਸਪੀ ਤਾਂ ਠੀਕ ਬੋਲਦਾ ਆ ਪਰ ਐਸਐਚਓ ਅਵੈੜਾ ਬੋਲਦਾ ਆ। ਹੁਣ ਤਾਂ ਘਰ ਚੁਪ ਕਰਕੇ ਬਹਿ ਗਏ ਹਾਂ।"

"ਪੁਲੀਸ ਵਾਲੇ ਬੱਸ ਇੱਕੋ ਹੀ ਰੱਟ ਲਾਈ ਰੱਖਦੇ ਆ ਏਜੰਟ ਬਾਰੇ ਦੱਸੋ ਸਾਨੂੰ ਕਿੱਥੇ ਲੁਕਿਆ ਆ ਫੜ ਅਸੀਂ ਆਪੇ ਲੈਂਦੇ ਆ। ਸਾਨੂੰ ਪੁਲੀਸ ਕਹਿੰਦੀ ਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਏਜੰਟਾਂ ਨੂੰ ਪੀ.ਓ ਕਰਾਰ ਦੇ ਦਿੰਦੇ ਆਂ।"

ਸਰਬਜੀਤ ਨੇ ਬਾਰ੍ਹਵੀਂ ਜਮਾਤ ਕਰਕੇ ਹੋਟਲ ਮੈਨੇਮੈਂਟ ਦਾ ਕੋਰਸ ਵੀ ਕੀਤਾ ਸੀ ਤਾਂ ਜੋ ਬਾਹਰ ਜਾ ਕੇ ਕੰਮ ਛੇਤੀ ਮਿਲ ਜਾਵੇਗਾ।

ਸਰਬਜੀਤ ਸਿੰਘ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਸਰਬਜੀਤ ਨੇ ਆਖਰੀ ਫੋਨ 'ਤੇ ਦੱਸਿਆ ਸੀ ਕਿ 6 ਘੰਟੇ ਦੇ ਸੁੰਮਦਰੀ ਸਫ਼ਰ ਤੋਂ ਬਾਅਦ ਉਹ ਟਿਕਾਣੇ 'ਤੇ ਪਹੁੰਚ ਜਾਣਗੇ।

"ਸਾਨੂੰ ਟ੍ਰੈਵਲ ਏਜੰਟ ਨੇ ਹਵਾਈ ਜਹਾਜ਼ ਰਾਹੀਂ 5 ਦਿਨਾਂ ਵਿੱਚ ਅਮੀਰਕਾ ਭੇਜਣ ਦਾ ਲਾਰਾ ਲਾਇਆ ਸੀ। ਅਸੀਂ ਉਸ ਨੂੰ 12 ਲੱਖ ਦਿੱਤੇ ਸੀ ਤੇ ਸਾਰੀ ਗੱਲ 35 ਲੱਖ ਵਿੱਚ ਮੁੱਕੀ ਸੀ। ਸਰਬਜੀਤ ਨੇ ਆਖਰੀ ਵਾਰ ਫੋਨ 'ਤੇ ਦੱਸਿਆ ਸੀ ਕਿ 6 ਘੰਟੇ ਦੇ ਸੁੰਮਦਰੀ ਸਫ਼ਰ ਤੋਂ ਬਾਅਦ ਉਹ ਟਿਕਾਣੇ 'ਤੇ ਪਹੁੰਚ ਜਾਣਗੇ।"

ਸਰਬਜੀਤ ਸਿੰਘ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ,''ਉਨ੍ਹਾਂ ਨੇ ਜਾਅਲੀ ਟਰੈਵਲ ਏਜੰਟ ਖ਼ਿਲਾਫ਼ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਗੁਹਾਰ ਲਾਈ ਹੈ ਕਿ 6 ਲਾਪਤਾ ਪੰਜਾਬੀਆਂ ਨੂੰ ਜਲਦੀ ਲੱਭਿਆ ਜਾਵੇ।

ਉਨ੍ਹਾਂ ਦੱਸਿਆ,''ਹਾਲਾਂਕਿ, ਸਰਕਾਰ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਚਾਰ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਏਜੰਟਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਹੈ।''

ਮਾਪਿਆਂ ਦਾ ਇੱਕਲੌਤਾ ਪੁੱਤਰ꞉ ਇੰਦਰਜੀਤ ਸਿੰਘ

ਇੰਦਰਜੀਤ ਸਿੰਘ ਦੇ ਮਾਪਿਆਂ ਨੇ ਆਪਣੇ ਪੁੱਤਰ ਦਾ ਥਹੁ-ਪਤਾ ਲਗਵਾਉਣ ਲਈ ਟ੍ਰੈਵਲ ਏਜੰਟ ਦੇ ਵਿਰੁੱਧ ਕਾਨੂੰਨੀ ਚਾਰਾਜੋਈ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਤੱਕ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਪਰ ਕਦੇ ਸੁਣਵਾਈ ਨਹੀਂ ਹੋਈ ਤੇ ਨਾ ਹੀ ਉਨ੍ਹਾ ਦੀਆਂ ਸ਼ਿਕਾਇਤਾਂ ਦਾ ਕੋਈ ਜਵਾਬ ਆਇਆ।

ਇੰਦਰਜੀਤ ਸਿੰਘ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਸੁਖਵਿੰਦਰ ਕੌਰ

ਤਸਵੀਰ ਸਰੋਤ, Pal Singh Nauli/BBC

ਤਸਵੀਰ ਕੈਪਸ਼ਨ, ਇੰਦਰਜੀਤ ਸਿੰਘ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਆਪਣੇ ਪਿੰਡ ਅਬਦੁਲਾਪੁਰ ਇਕੱਲੇ ਹੀ ਰਹਿੰਦੇ ਹਨ।

ਸੁਪਰੀਮ ਕੋਰਟ ਤੱਕ ਟ੍ਰੈਵਲ ਏਜੰਟ ਨੇ ਅਗਾਊਂ ਜ਼ਮਾਨਤ ਕਰਵਾਉਣ ਲਈ ਜ਼ੋਰ ਲਾ ਲਿਆ ਪਰ ਉਹ ਸਫ਼ਲ ਨਹੀਂ ਹੋਇਆ ਪਰ ਪੁਲੀਸ ਉਨ੍ਹਾਂ ਨੂੰ ਫੜ ਹੀ ਨਹੀਂ ਰਹੀ। ਇੰਦਰਜੀਤ ਸਿੰਘ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਆਪਣੇ ਪਿੰਡ ਅਬਦੁਲਾਪੁਰ ਇਕੱਲੇ ਹੀ ਰਹਿੰਦੇ ਹਨ।

ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਵੀ ਅਮਰੀਕਾ ਜਾ ਰਹੇ 6 ਪੰਜਾਬੀ ਨੌਜਵਾਨਾਂ ਦੇ ਰਾਹ ਵਿੱਚ ਲਾਪਤਾ ਹੋਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਸੁਰੇਸ਼ ਅਰੋੜਾ ਨੂੰ ਚਿੱਠੀਆਂ ਲਿਖੀਆਂ ਸਨ।

ਪੀੜਤ ਮਾਪੇ ਵੀ ਸਤਨਾਮ ਸਿੰਘ ਚਾਹਲ ਨੂੰ ਮਿਲੇ ਸਨ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਅਮਰੀਕਾ ਦੇ ਨੇੜਲੇ ਟਾਪੂ ਦੀ ਰਾਇਲ ਪੁਲੀਸ ਆਫ਼ ਗਰੈਂਡ ਬਹਾਮਾਸ ਦੇ ਅਧਿਕਾਰੀਆਂ ਨੂੰ ਮਿਲਣ ਲਈ ਉੱਥੇ ਜਾਣਗੇ।

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)