ਸ਼ਿਲਾਂਗ 'ਚ ਸਿੱਖ ਭਾਈਚਾਰੇ ਦੇ ਭੂਤਕਾਲ, ਵਰਤਮਾਨ ਤੇ ਭਵਿੱਖ ਦਾ ਲੇਖਾ-ਜੋਖਾ: ਗਰਾਊਂਡ ਰਿਪੋਰਟ

- ਲੇਖਕ, ਫ਼ੈਸਲ ਮੁਹੰਮਦ ਅਲੀ
- ਰੋਲ, ਬੀਬੀਸੀ ਪੱਤਰਕਾਰ, ਸ਼ਿਲਾਂਗ ਤੋਂ
ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਫੌਜ ਦਾ ਇੱਕ ਦਸਤਾ ਜਦੋਂ ਪੰਜਾਬ ਤੋਂ ਸ਼ਿਲਾਂਗ ਆਇਆ ਤਾਂ ਆਪਣੇ ਨਾਲ ਸਿੱਖ ਭਾਈਚਾਰੇ ਨਾਲ ਸਬੰਧਤ ਸਫਾਈ ਕਰਮੀਆਂ ਦਾ ਇੱਕ ਦਲ ਵੀ ਲੈ ਕੇ ਆਇਆ ਸੀ।
ਅੰਗਰੇਜ਼ ਹਕੂਮਤ ਉੱਤਰੀ-ਪੂਰਬ ਵਿੱਚ ਪੈਰ ਪਸਾਰ ਰਹੀ ਸੀ, ਵੱਖ-ਵੱਖ ਪਿੰਡਾਂ ਨਾਲ ਘਿਰਿਆ ਯੇਡੋ ਸ਼ਿਲਾਂਗ ਸ਼ਹਿਰ ਵਜੋਂ ਵਸ ਰਿਹਾ ਸੀ ਅਤੇ ਫੌਜੀ ਛਾਉਣੀ, ਸੈਨੀਟੋਰੀਅਮ, ਪ੍ਰਸ਼ਾਸਨਿਕ ਕੇਂਦਰਾਂ ਅਤੇ ਯੂਰਪੀਅਨ ਕੁਆਟਰਜ਼ ਦੇ ਬਣਨ ਨਾਲ ਇੰਗਲਿਸ਼ ਸੀਟਾਂ ਵਾਲੇ ਪਖ਼ਾਨਿਆਂ ਦੀ ਸਫਾਈ ਦੀਆਂ ਜ਼ਰੂਰਤਾਂ ਖੜੀਆਂ ਹੋ ਰਹੀਆਂ ਸਨ।
ਮਸ਼ਹੂਰ ਇਤਿਹਾਸਕਾਰ ਹਿਮਾਂਦ੍ਰੀ ਬੈਨਰਜੀ ਦੇ ਇੱਕ ਅਧਿਐਨ 'ਚ ਸਾਲ 1910 ਵਿੱਚ ਸਿੱਖ ਸਫ਼ਾਈ ਕਰਮੀਆਂ ਦੇ ਨਾਮ ਸ਼ਿਲਾਂਗ ਨਗਰ ਨਿਗਮ ਦੇ ਰਜਿਸਟਰ ਵਿੱਚ ਦਰਜ ਹੋਣ ਦਾ ਜ਼ਿਕਰ ਹੈ ਅਤੇ ਸ਼ਾਇਦ ਤਾਂ ਹੀ ਸਵੀਪਰਜ਼ ਲਾਈਨ, ਹਰੀਜਨ ਕਲੋਨੀ ਜਾਂ ਪੰਜਾਬੀ ਲੇਨ ਜਾਂ ਪੰਜਾਬੀ ਕਲੋਨੀ-ਆਖ਼ਰੀ ਨਾਵਾਂ ਦਾ ਇਸਤੇਮਾਲ ਜ਼ਿਆਦਾਤਰ ਉਹ ਲੋਕ ਕਰਦੇ ਹਨ, ਜੋ ਇਸ ਇਲਾਕੇ ਦੇ ਰਹਿਣ ਵਾਲੇ ਕਰਦੇ ਹਨ, ਪਰ ਸਥਾਨਕ ਲੋਕ ਨਹੀਂ।
ਪਰ ਸਿੱਖ ਭਾਈਚਾਰੇ ਦਾ ਦਾਅਵਾ ਹੈ ਕਿ ਪੰਜਾਬੀ ਲੇਨ ਵਿੱਚ ਉਨ੍ਹਾਂ ਦੀ ਵਸੋਂ 19ਵੀਂ ਸਦੀ ਦੇ 60ਵਿਆਂ ਤੋਂ ਪਹਿਲਾਂ ਦੀ ਹੈ।

ਉਦੋਂ ਸ਼ਹਿਰ ਦੇ ਮੁੱਖ ਹਿੱਸੇ ਤੋਂ ਥੋੜ੍ਹਾ ਵੱਖਰਾ ਵਸਾਇਆ ਗਿਆ 'ਸਵੀਪਰਸਜ਼ ਲਾਈਨ' ਹੁਣ ਸ਼ਿਲਾਂਗ ਦੇ ਦੂਜੇ ਸਭ ਤੋਂ ਵੱਡੇ ਕਮਰਸ਼ੀਅਲ ਇਲਾਕੇ ਬੜਾ ਬਾਜ਼ਾਰ ਦੇ ਤਕਰੀਬਨ ਵਿਚਕਾਰ ਵਸਿਆ ਹੋਇਆ ਹੈ।
ਸਿੱਖਾਂ ਅਤੇ ਖਾਸੀਆਂ ਦੇ ਵਿਚਾਲੇ ਤਾਜ਼ਾ ਤਣਾਅ
ਤਕਰੀਬਨ ਦੋ ਹਫ਼ਤੇ ਪਹਿਲਾਂ ਕੁਝ ਲੋਕਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਕੁੱਟਮਾਰ ਹੋਈ, ਇਤਫ਼ਾਕ ਨਾਲ ਇਨ੍ਹਾਂ ਵਿਚੋਂ ਇੱਕ ਧਿਰ ਸਿੱਖਾਂ ਦੀ ਸੀ, ਦੂਜਾ ਸੂਬੇ ਦੇ ਸਭ ਤੋਂ ਵੱਡੇ ਕਬਾਇਲੀ ਭਾਈਚਾਰੇ ਖਾਸੀਆਂ ਨਾਲ ਸੰਬੰਧਤ ਸੀ।
ਸ਼ਿਲਾਂਗ ਵਿੱਚ ਸਿੱਖਾਂ ਦੀ ਕਾਲੋਨੀ
ਉਸ ਆਪਸੀ ਝਗੜੇ ਨੇ ਬਾਅਦ ਵਿੱਚ ਜਾਤੀ ਦੰਗਿਆਂ ਦਾ ਰੂਪ ਅਖ਼ਤਿਆਰ ਕਰ ਲਿਆ। ਸ਼ਹਿਰ 'ਚ ਪੂਰੀ ਤਰ੍ਹਾਂ ਨਾਲ ਕਰਫਿਊ ਚੁੱਕਿਆ ਨਹੀਂ ਗਿਆ ਹੈ। ਇੰਟਰਨੈੱਟ ਸੇਵਾਵਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ।
'ਖਾਸੀ ਹਿਲਸਜ਼ ਡਿਸਟ੍ਰਿਕਟ ਅਟੌਨਮਸ ਕੌਂਸਲ' ਦੇ ਕਾਨੂੰਨੀ ਸਲਾਹਕਾਰ ਇਰਵਿਨ ਸਿਅਮ ਕਹਿੰਦੇ ਹਨ, "ਕਿਉਂਕਿ ਮਜ੍ਹਬੀ ਸਿੱਖਾਂ ਨੂੰ ਮਿਲੇ ਕੁਆਟਰਜ਼ ਇੱਕ ਲਾਈਨ ਵਿੱਚ ਬਣੇ ਸਨ ਤਾਂ ਹੋ ਸਕਦਾ ਹੈ ਕਿ ਇਸ ਲਈ ਇਸ ਨੂੰ ਸਵੀਪਰਜ਼ ਲਾਈਨ ਕਿਹਾ ਜਾਣ ਲੱਗਿਆ ਹੋਵੇ!"
(ਮਜ੍ਹਬੀ ਸਿੱਖ ਆਪਣੇ ਆਪ ਨੂੰ ਵਾਲਮੀਕੀ ਭਾਈਚਾਰੇ ਨਾਲ ਜੋੜਦੇ ਹਨ। ਕਈ ਵਾਰ ਉਹ ਖ਼ੁਦ ਨੂੰ ਵਾਲਮੀਕੀ ਸਿੱਖ ਵੀ ਬੁਲਾਉਂਦੇ ਹਨ।)

ਪਰ ਹੁਣ ਮੌਲਾਂਗ ਘਾਟ ਤਿਰਾਹਾ ਤੋਂ ਮੋਖਾਰ ਚੌਕ ਵਿਚਾਲੇ ਸਿਵਾਏ ਕੋਲਤਾਰ ਦੀ ਉਸ ਸੜਕ ਦੇ ਕੁਝ ਵੀ ਅਜਿਹਾ ਨਹੀਂ ਜੋ ਇੱਕ ਲਾਈਨ ਵਿਚ ਹੋਵੇ- ਜੇਕਰ ਹੈ ਵੀ ਤਾਂ ਉਹ ਬੇਹੱਦ ਤੰਗ ਟੇਢੀ-ਮੇਢੀਆਂ ਭੀੜੀਆਂ ਗਲੀਆਂ ਸੜਕ ਦੇ ਇੱਕ ਪਾਸੇ ਉਪਰ ਵੱਲ ਜਾਂਦੀਆਂ ਹਨ ਤੇ ਦੂਜੇ ਪਾਸੇ ਹੇਠਾਂ ਵੱਲ ਆਉਂਦੀਆਂ ਨੇ। ਜਿਸ ਵਿੱਚ ਕੁਝ ਵਿੱਥ 'ਤੇ ਦਿਖਣ ਵਾਲੇ ਘਰ ਦੇ ਦਰਵਾਜ਼ੇਂ ਵਿਸ਼ਵਾਸ ਦਿਵਾਉਂਦੇ ਹਨ ਕਿ ਤੁਸੀਂ ਸੁਰੰਗ ਵਿੱਚ ਨਹੀਂ ਹੋ।
ਸ਼ਿਲਾਂਗ ਦੀ ਪੰਜਾਬੀ ਲਾਈਨ ਮੁੰਬਈ ਦੇ ਧਾਰੀਵੀ ਜਿੰਨਾ ਵੱਡਾ ਅਤੇ ਮਸ਼ਹੂਰ ਬੇਸ਼ੱਕ ਨਾ ਹੋਵੇ, ਪਰ ਬਹੁਤ ਹੱਦ ਤੱਕ ਉਸ ਦਾ ਛੋਟਾ ਰੂਪ ਹੀ ਲਗਦਾ ਹੈ, ਆਪਣੇ ਰੂਪ-ਰੰਗ ਵਿੱਚ ਅਤੇ ਆਪਣੀ ਬਦਨਾਮੀ ਨੂੰ ਲੈ ਕੇ ਵੀ।
ਬੇਹੱਦ ਸੰਘਣੀ ਆਬਾਦੀ ਵਾਲੀ ਪੰਜਾਬੀ ਲਾਈਨ
ਇਸ ਦੀ ਬੇਹੱਦ ਸੰਘਣੀ ਆਬਾਦੀ ਨੂੰ ਜੋ ਲਗਾਤਾਰ ਸਲ੍ਹਾਭ ਨਾਲ ਭਰੀ ਰਹਿੰਦੀ ਹੈ, ਡਾਕਟਰ ਇਲਾਕੇ ਵਿੱਚ ਟੀਬੀ ਅਤੇ ਨਿਮੋਨੀਆ ਦੇ ਮਰੀਜ਼ਾਂ ਦੀ ਵੱਡੀ ਸੰਖਿਆ 'ਚ ਮੌਜੂਦਗੀ ਦਾ ਕਾਰਨ ਦੱਸਦੇ ਹਨ।
ਵੁੱਡਲੈਂਡ ਹਸਪਤਾਲ ਦੇ ਡਾਕਟਰ ਦਿਗਾਂਤਾ ਦਾਸ ਮੁਤਾਬਕ, "ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਟੀਬੀ ਵਰਗੀਆਂ ਬਿਮਾਰੀਆਂ ਦਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।"
ਆਮ ਤੌਰ 'ਤੇ ਟੈਕਸੀਆਂ ਵਾਲੇ ਇਸ ਇਲਾਕੇ ਵਿੱਚ ਜਾਣ ਤੋਂ ਇਨਕਾਰ ਕਰਦੇ ਹਨ ਅਤੇ ਜੇਕਰ ਜਾਣ ਲਈ ਤਿਆਰ ਵੀ ਹੋ ਜਾਣ ਤਾਂ ਥੋੜ੍ਹਾ ਪਿੱਛੇ ਹੀ ਛੱਡਦੇ ਹਨ।

ਪੰਜਾਬੀ ਲਾਈਨ ਵਿੱਚ "ਦੂਜੇ ਪਾਸੇ ਦੀਆਂ ਗਤੀਵਿਧੀਆਂ" ਅਤੇ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਡਰੱਗ ਸਪਲਾਈ ਦੇ ਕੇਂਦਰ ਹੋਣ ਦੀ ਗੱਲ ਸਥਾਨਕ ਲੋਕ ਦੱਬੀ ਜੁਬਾਨ ਵਿੱਚ ਕਰਦੇ ਹਨ।
ਪੰਜਾਬੀ ਲਾਈਨ ਦੇ ਹਾਲਾਤ
'ਦਿ ਸ਼ਿਲਾਂਗ ਟਾਈਮਜ਼' ਦੀ ਸੰਪਾਦਕ ਪੈਟ੍ਰੀਸ਼ਿਆ ਮੁਖਿਮ ਵੀ (ਜਿਨ੍ਹਾਂ 'ਤੇ ਖਾਸੀ ਨੇਤਾ ਸਿੱਖਾਂ ਦਾ ਪੱਖ ਲੈਣ ਦਾ ਵੀ ਇਲਜ਼ਾਮ ਲਗਾਉਂਦੇ ਹਨ) ਕਹਿੰਦੀ ਹੈ, "ਕਈ ਲੋਕ ਅਤੇ ਮੈਂ ਖ਼ੁਦ ਵੀ ਉਸ ਇਲਾਕੇ ਵਿੱਚ ਜਾਣਾ ਦਾ ਵਧੀਆ ਤਜ਼ਰਬਾ ਨਹੀਂ ਸਮਝਦੀ।"
ਇਲਾਕੇ ਦੇ ਨਿਵਾਸੀ ਮਨਜੀਤ ਸਿੰਘ ਸੋਹਲ ਕਹਿੰਦੇ ਹਨ ਕਿ ਉਹ ਜਾਣਦੇ ਹਨ ਕਿ ਪੰਜਾਬੀ ਲਾਈਨ ਬਾਰੇ ਬਾਹਰ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ।
ਉਹ ਸਵਾਲ ਕਰਦੇ ਹਨ, "ਤੁਸੀਂ ਤਾਂ ਕਈ ਦਿਨਾਂ ਨਾਲ ਗਰਾਊਂਡ ਜ਼ੀਰੋ 'ਤੇ ਹੈ, ਇੱਥੇ ਕਈ ਦਿਨਾਂ ਤੋਂ ਘੁੰਮ ਰਹੇ ਹਨ, ਕੀ ਤੁਹਾਨੂੰ ਅਜਿਹਾ ਕੁਝ ਦਿਖਿਆ ਹੈ?"
ਰੌਬਰ ਸਿੰਘ ਵਾਰ-ਵਾਰ ਪੁੱਛਣ 'ਤੇ ਵੀ ਉਸੇ ਗੱਲ ਦਾ ਜ਼ਿਕਰ ਕਰਦੇ ਹਨ, "ਜ਼ਿੰਦਗੀ ਹਾਲੇ ਤੱਕ ਮਜ਼ੇ ਵਿੱਚ ਲੰਘ ਰਹੀ ਸੀ।"
ਹਾਲਾਂਕਿ, ਉਨ੍ਹਾਂ ਦੀ ਤਿੰਨ ਹਜ਼ਾਰ ਦੀ ਤਨਖਾਹ ਨਾਲ ਹੱਥ ਬਹੁਤ ਤੰਗ ਰਹਿੰਦਾ ਸੀ, ਪਰ ਉਹ ਕਿਸੇ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਸਨ ਘਰ ਵਿੱਚ ਕਿਰਾਏਦਾਰ ਰੱਖ ਕੇ। ਪਰ ਹੰਗਾਮੇ ਤੋਂ ਬਾਅਦ ਕਿਰਾਏਦਾਰਾਂ ਨੂੰ ਜਾਣਾ ਪਿਆ।
ਮੂਲ ਤੌਰ 'ਤੇ ਮੇਘਾਲਿਆ ਦੇ ਰਹਿਣ ਵਾਲੇ ਰੌਬਰ ਸਿੰਘ ਦਾ ਘਰ, ਜਿਸ ਨੂੰ ਤੁਸੀਂ ਕਮਰਾ ਵੀ ਕਹਿ ਸਕਦੇ ਹੋ, 8X6 ਫ਼ੁੱਟ ਦਾ ਹੈ।

ਇੱਕ ਕਿਨਾਰੇ ਦੇ ਟੇਬਲ 'ਤੇ ਰੱਖੇ ਗੈਸ ਚੁੱਲ੍ਹੇ ਅਤੇ ਰਸੋਈ ਦੇ ਕੁਝ ਖਿਲਰੇ ਡੱਬਿਆਂ ਤੇ ਦੂਜੇ ਕੋਨੇ ਵਿੱਚ ਪਈਆਂ ਲੱਕੜ ਦੀਆਂ ਪਈਆਂ ਕੁਰਸੀਆਂ, ਬਚੀ ਥਾਂ ਦੇ ਇੱਕ ਪਾਸੇ ਕੰਧ 'ਤੇ ਤਿੰਨ ਅੰਗੀਠੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ 'ਤੇ ਬਿਸਤਰੇ ਤੇ ਸਿਰਹਾਣੇ ਰੱਖੇ ਹਨ।
ਫਰਸ਼ ਦੀ ਸਲ੍ਹਾਬ ਨੂੰ ਪਲਾਸਟਿਕ ਦੀ ਇੱਕ ਮੋਟੀ ਸ਼ੀਟ ਵਿਛਾ ਕੇ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਅੱਧਖੜ ਉਮਰ ਦੇ ਰੌਬਰ ਸਿੰਘ ਦੀ ਪਤਨੀ ਵੀ ਇਸੇ ਮੂਲ ਦੀ ਹੈ ਅਤੇ ਖਾਸੀ ਭਾਈਚਾਰੇ ਨਾਲ ਸੰਬੰਧਤ ਹਨ, ਪਰ ਉਹ ਆਪਣਾ ਨਾਮ ਵਿਮਲ ਕੌਰ ਦੱਸਦੀ ਹੈ।
ਆਪਣੇ ਫਰਾਟੇਦਾਰ ਪੰਜਾਬੀ ਵਿੱਚ ਉਹ ਸ਼ਿਕਾਇਤ ਕਰਦੀ ਹੈ ਕਿ ਇਲਾਕੇ ਵਿੱਚ ਪਾਣੀ ਢੋਣਾ ਇੱਕ ਵੱਡਾ ਕੰਮ ਹੈ ਕਿਉਂਕਿ ਕੁਝ ਜਨਤਕ ਨਲਕਿਆਂ 'ਤੇ ਹੀ ਸਵੇਰੇ-ਸ਼ਾਮ ਕੁਝ-ਕੁਝ ਘੰਟਿਆਂ ਲਈ ਹੀ ਆਉਂਦਾ ਹੈ।
ਉਸ ਦਿਨ ਯਾਨਿ 31 ਮਈ ਨੂੰ ਵੀ ਇੱਕ ਬਿਆਨ ਦੇ ਮੁਤਾਬਕ ਝਗੜਾ ਨਲਕੇ ਦੇ ਬਿਲਕੁਲ ਸਾਹਮਣੇ ਬੱਸ ਖੜ੍ਹੀ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਅਤੇ ਫੇਰ ਕੁੜੀਆਂ ਨੇ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਕੁਟਾਪਾ ਚਾੜ੍ਹ ਦਿੱਤਾ।
ਹਾਲਾਂਕਿ ਬੱਸ ਦੇ ਡਰਾਈਵਰ ਮੁਤਾਬਕ ਝਗੜਾ ਵਧਣ 'ਤੇ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਬੱਸ 'ਚ ਮੌਜੂਦ ਤਿੰਨ ਨੌਜਵਾਨਾਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਇਨ੍ਹਾਂ ਵਿਚੋਂ ਦੋ ਦੀ ਉਮਰ 12 ਅਤੇ 15 ਸਾਲ ਦੱਸੀ ਜਾ ਰਹੀ ਸੀ।
ਬਾਅਦ ਵਿੱਚ ਇਨ੍ਹਾਂ ਮੁੰਡਿਆਂ ਨੂੰ ਲੈ ਕੇ ਅਫ਼ਵਾਹ ਫੈਲੀ ਕਿ ਉਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਇਹ ਅਫਵਾਹ ਵੀ ਫੈਲਾਈ ਗਈ ਕਿ ਪੰਜਾਬੀਆਂ ਨੇ ਦੋ ਬੱਚਿਆਂ ਦੇ ਸਿਰ ਵੱਢ ਦਿੱਤੇ ਹਨ।

ਫੇਰ ਕੀ ਸੀ, ਦੇਖਦੇ ਹੀ ਦੇਖਦੇ ਬੜਾ ਬਾਜ਼ਾਰ ਵਿੱਚ ਮੌਜੂਦ ਫਰਾਂਸ ਯਾਦਗਾਰ ਦੋ ਕੋਲ ਭੀੜ ਇਕੱਠੀ ਹੋ ਗਈ ਜਿਸ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰਕੇ ਪੱਥਰਬਾਜ਼ੀ ਵੀ ਕੀਤੀ।
ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ। ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਅਤੇ ਇੰਟਰਲੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।
ਇੱਕ ਨਿੱਜੀ ਤੇਲ ਕੰਪਨੀ ਵਿੱਚ ਸੇਲਜ਼ ਐਗਜ਼ੀਕਿਊਟਿਵ ਸੰਨੀ ਸਿੰਘ ਮੈਨੂੰ ਉਹ ਥਾਂ ਦਿਖਾਉਂਦੇ ਹਨ, ਜਿੱਥੇ ਪੰਜਾਬੀ ਲੇਨ ਨਿਵਾਸੀਆਂ ਮੁਤਾਬਕ ਝਗੜੇ ਵਾਲੇ ਦਿਨ "ਪੈਟਰੋਲ ਬੰਬ" ਸੁੱਟੇ ਗਏ ਸਨ।
ਸੰਨੀ ਦੱਸਦੇ ਹਨ, "ਉਸ ਹਮਲੇ ਵਿੱਚ ਇੱਕ ਸਕੂਟਰ ਸੜ ਗਿਆ ਅਤੇ ਲੱਕੜ ਦੀ ਇੱਕ ਦੁਕਾਨ ਨੂੰ ਬੇਹੱਦ ਨੁਕਸਾਨ ਪਹੁੰਚਿਆ।"
ਸੁਰੱਖਿਆ ਲਈ ਗੇਟ ਲਗਾਉਣ ਦੀ ਪ੍ਰਸਤਾਵ
ਇੱਕ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਪੰਜ ਪੀੜ੍ਹੀਆਂ ਪਹਿਲਾਂ ਗੁਰਦਾਸਪੁਰ ਤੋਂ ਇੱਥੇ ਆਇਆ ਸੀ, ਪਰ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਲੋਕਾਂ ਦਾ ਮੋਹ ਪੰਜਾਬ ਨਾਲ ਕਾਇਮ ਹੈ ਅਤੇ ਉਹ "ਅਜੇ ਵੀ ਆਪਣੇ ਪਿੰਡ ਜਾਂਦੇ ਰਹਿੰਦੇ ਹਨ।"
ਕਹਿੰਦੇ ਹਨ ਕਿ ਸ਼ੁਰੂਆਤੀ ਦਿਨਾਂ ਵਿੱਚ ਮਜ੍ਹਬੀ ਸਿੱਖ ਸ਼ਿਲਾਂਗ ਆਏ, ਉਨ੍ਹਾਂ ਵਿਚ ਵਧੇਰੇ ਲੋਕਾਂ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਨਾਲ ਸੀ।
ਉਸ ਦਿਨ ਬਾਰੇ ਪੁੱਛਣ 'ਤੇ ਟੈਕਸੀ ਡਰਾਈਵਰ ਕਿਸ਼ਨ ਸਿੰਘ ਕਹਿੰਦੇ ਹਨ, "ਉਹ ਤਾਂ ਵਾਹਿਗੁਰੂ ਦੀ ਕ੍ਰਿਪਾ ਸੀ ਨਹੀਂ ਤਾਂ ਇੱਥੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਨਹੀਂ ਆ ਸਕਦੀਆਂ।"
ਲੱਕੜ, ਟੀਨ ਆਦਿ ਦੇ ਬਣੇ ਇਨ੍ਹਾਂ ਘਰਾਂ ਵਿੱਚ ਫਰਸ਼ ਜ਼ਿਾਆਦਾਤਰ ਪਲਾਸਟਿਕ ਜਾਂ ਮਾਮੂਲੀ ਕਾਰਪੈਟ ਦੇ ਹਨ। ਕਿਸੇ ਤਰ੍ਹਾਂ ਦੀ ਅੱਗ ਵੀ ਖਤਰਨਾਕ ਹੋ ਸਕਦੀ ਹੈ।

ਤਸਵੀਰ ਸਰੋਤ, Faisal Mohammad Ali
ਸਮਾਜਸੇਵੀ ਸੰਸਥਾ ਯੂਨਾਈਟਿਡ ਸਿੱਖ ਨੇ ਕਲੋਨੀ ਵਿੱਚ ਇੱਕ-ਦੋ ਥਾਵਾਂ 'ਤੇ ਗੇਟ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਕੁਝ-ਕੁਝ ਵਿੱਥ 'ਤੇ ਅੱਗ ਬੁਝਾਊ ਯੰਤਰ ਲਗਾਉਣ ਦਾ ਕੰਮ ਜਾਰੀ ਹੈ।
ਹਾਲਾਂਕਿ ਇਹ ਸਭ ਉੱਥੇ ਰਹਿਣ ਵਾਲਿਆਂ ਲਈ ਕਿੰਨੇ ਦਿਨ ਤੱਕ ਕੰਮ ਆਵੇਗਾ, ਇਸ ਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਹਨ।
ਪਿਛਲੇ ਮਹੀਨੇ ਹੋਏ ਹੰਗਾਮੇ ਤੋਂ ਬਾਅਦ ਇੱਕ ਵਾਰ ਫੇਰ ਤੋਂ ਪੰਜਾਬੀ ਲਾਈਨ ਨੂੰ ਉਥੋਂ ਹਟਾ ਕੇ ਦੂਜੀ ਥਾਂ ਵਸਾਉਣ ਦੀ ਦੋ ਦਹਾਕਿਆਂ ਤੋਂ ਪੁਰਾਣੀ ਮੰਗ ਤੇਜ਼ ਹੋ ਗਈ ਹੈ।
ਹਕੂਮਤ ਨੇ ਵਸੋਂ ਨੂੰ ਕਿਤੇ ਹੋਰ ਥਾਂ ਲੈ ਕੇ ਜਾਣ ਅਤੇ ਉਨ੍ਹਾਂ ਮੁੜ ਵਸੇਬੇ ਲਈ ਉੱਚ ਪੱਧਰੀ ਬੈਠਕ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਸਾਬਕਾ ਵਿਧਾਇਕ ਅਤੇ ਖੇਤਰੀ ਸਿਆਸੀ ਦਲ ਯੂਨਾਈਟਡ ਡੈਮੋਕ੍ਰੈਟਿਕ ਪਾਰਟੀ ਦੇ ਜਨਰਲ ਸਕੱਤਰ ਜੇਮਿਨੀ ਮਾਊਥੋ ਕਹਿੰਦੇ ਹਨ, "ਇਹ ਮੁੱਦਾ ਕੋਈ ਨਵਾਂ ਨਹੀਂ ਹੈ, 1990ਵਿਆਂ ਤੋਂ ਸਥਾਨਕ ਖਾਸੀ, ਜੈਂਤੀਆ ਅਤੇ ਗਾਰੋ ਆਦਿਵਾਸੀ ਭਾਈਚਾਰੇ ਦੇ ਲੋਕ ਇਸ ਮਾਮਲੇ 'ਤੇ ਇਕੱਠੇ ਆਏ ਸਨ ਅਤੇ ਇੱਕ ਸਾਂਝੀ ਕਮੇਟੀ ਦਾ ਗਠਨ ਵੀ ਹੋਇਆ ਸੀ।"
1996 ਵਿੱਚ ਇਸੇ ਮੁੱਦੇ 'ਤੇ ਹੋਏ ਇੱਕ ਪ੍ਰਦਰਸ਼ਨ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

ਪੰਜਾਬੀ ਲਾਈਨ ਦੇ ਮੁੜ ਵਸੇਬੇ ਦੀ ਮੰਗ ਨੂੰ ਗੁਰਜੀਤ ਸਿੰਘ ਕੁਝ ਲੋਕਾਂ ਦੀ ਜ਼ਿੱਦ ਦੱਸਦੇ ਹਨ। ਉਹ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਅਤੇ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਨ।
ਕਿਵੇਂ ਸ਼ੁਰੂ ਹੋਈ ਗੋਰਾ ਲਾਈਨ ਦੀ ਵਸੋਂ?
ਗ੍ਰੈਜੂਏਸ਼ਨ ਦੀ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸੂਰਜ ਸਿੰਘ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ 'ਦਖਾਰ' ਯਾਨਿ ਬਾਹਰੀ ਸੱਦਿਆ ਜਾਂਦਾ ਹੈ।
ਗ੍ਰੇ-ਕਲਰ ਦਾ ਪਟਕਾ ਬੰਨ੍ਹੀ ਲੰਬੇ ਕੱਦ ਦੇ ਸੂਰਜ ਸਿੰਘ ਪੰਜਾਬੀ ਲਾਈਨ ਤੋਂ ਤਿੰਨ ਸਾਢੇ ਤਿੰਨ ਕਿਲਮੀਟਰ ਦੂਰ ਵਸੇ ਲਾਈਟੂ ਮੁਖਰਾ ਇਲਾਕੇ ਵਿੱਚ ਰਹਿੰਦੇ ਹਨ, ਇਸ ਨੂੰ ਗੋਰਾ ਲਾਈਨ ਵੀ ਕਿਹਾ ਜਾਂਦਾ ਹੈ।
ਪੰਜਾਬੀ ਲਾਈਨ ਨੇ ਮਜ੍ਹਬੀ ਸਿੱਖ ਜਦੋਂ ਸ਼ਿਲਾਂਗ ਵਿੱਚ ਖ਼ੁਦ ਠੀਕ ਢੰਗ ਨਾਲ ਵੱਸ ਗਏ ਤਾਂ ਉਨ੍ਹਾਂ ਨੇ ਪੰਜਾਬ ਤੋਂ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਵੀ ਕੰਮ ਦੇ ਸਿਲਸਿਲੇ ਵਿੱਚ ਉੱਥੇ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਸ਼ੁਰੂ ਹੋਈ ਗੋਰਾ ਲਾਈਨ ਵਸੋਂ।
ਇੱਥੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਵਰਗੇ ਪੰਜਾਬ ਦੇ ਜ਼ਿਲ੍ਹਿਆਂ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ।

ਉੱਤਰ-ਪੂਰਬ ਦੇ ਸ਼ਹਿਰਾਂ ਵਰਗੇ ਗੁਹਾਟੀ ਅਤੇ ਅਸਾਮ ਦੀ ਰਾਜਧਾਨੀ ਦਿਸਪੁਰ ਵਿੱਚ ਜੋ ਮਜ੍ਹਬੀ ਸਿੱਖ ਜਾ ਕੇ ਵਸੇ ਉਸ ਵਿੱਚ ਸ਼ਿਲਾਂਗ 'ਕਨੈਕਸ਼ਨ' ਦਾ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ।
ਸ਼ਿਲਾਂਗ ਸ਼ਹਿਰ ਵਿੱਚ ਪਖ਼ਾਨਾ ਸਾਫ ਕਰਨ ਤੋਂ ਇਲਾਵਾ, ਨਗਰ ਪਾਲਿਕਾ ਦੀਆਂ ਬੈਲ ਗੱਡੀਆਂ ਨੂੰ ਚਲਾਉਣ ਅਤੇ ਦਫ਼ਤਰਾਂ, ਸੜਕਾਂ ਅਤੇ ਨਿੱਜੀ ਘਰਾਂ ਦੀ ਸਾਫ-ਸਫਾਈ ਦਾ ਕੰਮ ਵਧ ਰਿਹਾ ਸੀ ਅਤੇ ਉਸ ਨੂੰ ਕਰਨ ਲਈ ਸਥਾਨਕ ਲੋਕ ਤਿਆਰ ਨਹੀਂ ਸਨ।
ਜੇਕਰ ਹੁਣ ਸਥਾਨਕ ਆਦਿਵਾਸੀ ਭਾਈਚਾਰੇ ਨੂੰ ਸਾਫ਼-ਸਫਾਈ ਕਰਨ ਲਈ ਕਿਸੇ ਤਰ੍ਹਾਂ ਹਿਚਕਿਚਾਹਟ ਨਹੀਂ ।
ਰਾਇਲ ਕਲੈਕਟਿਲ ਨਾਮ ਦੀ, "ਅਨਕੂਲਤਾ ਨੂੰ ਚੈਲੇਂਜ ਕਰਨ ਵਾਲੀਆਂ ਵੈੱਬਸਾਈਟ" ਦੇ ਸੰਪਾਦਕ ਤਰੁਣ ਭਾਰਤੀ ਕਹਿੰਦੇ ਹਨ, "ਆਦਿਵਾਸੀ ਸਮਾਜ ਵਿੱਚ ਵੈਸੇ ਵੀ ਜਾਤੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ।"
ਮੇਘਾਲਿਆ ਇੱਕ ਆਦਿਵਾਸੀ ਭਾਈਚਾਰੇ ਦੀ ਵੱਡੀ ਗਿਣਤੀ ਵਾਲਾ ਸੂਬਾ ਹੈ ਅਤੇ ਉਨ੍ਹਾਂ ਮੁਤਾਬਕ ਉੱਥੇ 80 ਫੀਸਦ ਨੌਕਰੀਆਂ 'ਤੇ ਸਥਾਨਕ ਜਨਜਾਤੀਆਂ ਦਾ ਹੱਕ ਸਭ ਤੋਂ ਪਹਿਲਾ ਮੰਨਿਆ ਜਾਂਦਾ ਹੈ।

ਸੰਵਿਧਾਨ ਦੀ ਵਿਵਸਥਾ ਮੁਤਾਬਕ ਜੋ ਇੱਥੇ ਦੇ ਮੂਲ ਨਿਵਾਸੀ ਨਹੀਂ ਹੈ ਉਹ ਸ਼ਿਲਾਂਗ ਜਾਂ ਸੂਬੇ ਵਿੱਚ ਕਿਤੇ ਜ਼ਮੀਨ ਵੀ ਨਹੀਂ ਖਰੀਦ ਸਕਦੇ ਹਨ।
ਸਿੱਕੇ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਮਜ੍ਹਬੀ ਸਿੱਖਾਂ ਦਾ ਪੜ੍ਹਿਆ-ਲਿਖਿਆ ਵਰਗ ਹੁਣ ਸਫਾਈ ਕਰਮੀ ਦਾ ਕੰਮ ਨਹੀਂ ਚਾਹੁੰਦਾ ਅਤੇ ਦੂਜਾ ਕੰਮ ਮਿਲਣਾ ਇੰਨਾ ਸੌਖਾ ਨਹੀਂ।
ਟਿੰਕਾ ਸਿੰਘ ਕਹਿੰਦੇ ਹਨ, "ਅਨੁਸੂਚਿਤ ਜਾਤੀ ਦਾ ਪ੍ਰਮਾਣ ਪੱਤਰ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਕੁਝ ਆਸਾਨੀ ਹੋਵੇ ਪਰ ਇੱਥੇ ਉਹ ਸਰਟੀਫਿਕੇਟ ਨਹੀਂ ਦਿੰਦੇ ਅਤੇ ਪੰਜਾਬ ਜਾਂ ਕਿਸੇ ਦੂਜੇ ਸੂਬੇ ਦੇ ਸਰਟੀਫਿਕੇਟ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਹੁੰਦੇ।"
'ਗੁਰਦੁਆਰੇ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ'
ਗੋਰਾ ਲਾਈਨ ਨਿਵਾਸੀ ਟਿੰਕਾ ਸਿੰਘ ਦੇ ਕੋਲ ਖ਼ੁਦ ਵਿਧਾਨ ਸਭਾ ਦੀ ਪੱਕੀ ਨੌਕਰੀ ਹੈ ਪਰ ਉਹ ਕੋਲ ਬੈਠੇ ਸੂਰਜ ਸਿੰਘ ਅਤੇ ਨੌਵੀਂ ਕਲਾਸ ਦੇ ਵਿਦਿਆਰਥੀ ਦਲਜੀਤ ਸਿੰਘ ਖੋਖਰ ਨੂੰ ਲੈ ਕੇ ਕਹਿੰਦੇ ਹਨ ਕਿ ਸਫਾਈ ਕਰਮੀਆਂ ਦੇ ਕੰਮ ਪ੍ਰਤੀ ਬਹੁਤੇ ਲੋਕ ਉਤਸ਼ਾਹਿਤ ਨਹੀਂ ਹਨ।
ਗੋਰਾ ਲਾਈਨ ਦਿੱਲੀ ਦੀ ਕਿਸੇ ਗ਼ੈਰ-ਕਾਨੂੰਨੀ ਕਲੋਨੀ ਵਰਗੀ ਲਗਦੀ ਹੈ, ਚੌੜੀਆਂ ਗਲੀਆਂ, ਇੱਟਾਂ ਦੀਆਂ ਪੱਕੀਆਂ ਛੱਤਾਂ ਵਾਲੇ ਮਕਾਨ ਕੁਝ ਤਾਂ ਦੋ ਜਾਂ ਤਿੰਨ ਮੰਜ਼ਿਲਾਂ ਵਾਲੇ ਹਨ। ਕੁਝ ਘਰਾਂ ਵਿੱਚ ਲੱਕੜ ਅਤੇ ਟਿਨ ਦਾ ਵੀ ਇਸਤੇਮਾਲ ਕੀਤਾ ਹੈ।
ਪਰ ਪਾਣੀ ਦੀ ਸਪਲਾਈ ਦੇ ਕਨੈਕਸ਼ਨ ਘਰਾਂ ਵਿੱਚ ਮੌਜੂਦ ਨਹੀਂ ਹਨ।
ਆਪਣੇ ਮਾਰਬਲ ਫਰਸ਼ਾਂ ਵਾਲੇ ਘਰ ਵਿੱਚ ਬੈਠੇ ਰਾਜੂ ਸਿੰਘ ਕਹਿੰਦੇ ਹਨ, "ਸਾਡਾ ਇਲਾਕਾ ਸ਼ਹਿਰ ਦੇ ਵਪਾਰਕ ਖੇਤਰ ਤੋਂ ਦੂਰ ਹੈ ਤਾਂ ਇਸ ਲਈ ਇੱਥੋਂ ਹਟਾਉਣ ਦਾ ਇਸ 'ਤੇ ਕੋਈ ਦਬਾਅ ਜਾਂ ਹੰਗਾਮਾ ਨਹੀਂ ਹੈ।"
ਹਾਲਾਂਕਿ ਇੱਕ ਘਰ ਵੱਲ ਇਸ਼ਾਰਾ ਕਰਕੇ ਉਹ ਦੱਸਦੇ ਹਨ ਕਿ ਪੰਜਾਬੀ ਕਲੋਨੀ ਵਿੱਚ ਹਮਲੇ ਤੋਂ ਬਾਅਦ ਇੱਥੇ ਵੀ ਪੈਟਰੋਲ ਬੰਬ ਸੁੱਟਿਆ ਗਿਆ ਸੀ।
1600-1700 ਦੀ ਆਬਾਦੀ ਵਾਲੇ ਗੋਰਾ ਲਾਈਨ ਹਰੀਜਨ ਪੰਚਾਇਤ ਕਮੇਟੀ ਦੇ ਪ੍ਰਧਾਨ ਰਾਜੂ ਸਿੰਘ ਸਾਨੂੰ ਕਲੋਨੀ ਦਾ ਗੁਰਦੁਆਰਾ ਅਤੇ ਚਰਚ ਦਿਖਾਉਂਦੇ ਹਨ।

ਹਿਮਾਂਦ੍ਰੀ ਬੈਨਰਜੀ ਦਾ ਅਧਿਅਨ ਦਾ ਜ਼ਿਕਰ ਹੈ ਕਿ ਮਜ੍ਹਬੀ ਸਿੱਖਾਂ ਵਿੱਚ ਤੁਲਨਾਤਮਕ ਤੌਰ 'ਤੇ ਥੋੜ੍ਹੀਆਂ ਉੱਚੀਆਂ ਜਾਤੀਆਂ ਦੇ ਰਾਮਗੜ੍ਹੀਆਂ, (ਤਰਖਾਣ, ਲੁਹਾਰ ਅਤੇ ਰਾਜ ਮਿਸਤਰੀ) ਅਤੇ ਸੁਨਿਆਰਿਆਂ ਨੇ ਮਜ੍ਹਬੀਆਂ ਨਾਲ ਭੇਦਭਾਵ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਕਾਰਨ ਉਨ੍ਹਾਂ ਨੇ ਆਪਣੇ ਗੁਰਦੁਆਰੇ ਦੀ ਸਥਾਪਨਾ ਕਰ ਲਈ।
"ਸਾਡਾ ਗੁਰਦੁਆਰਾ ਸਾਹਿਬ ਤਕਰੀਬਨ ਬਣ ਕੇ ਤਿਆਰ ਹੈ, ਅਸੀਂ ਆਪਣੇ ਮੋਢਿਆਂ 'ਤੇ ਗਾਰਾ-ਇੱਟਾਂ ਢੋਈਆਂ ਹਨ, ਦਿਨ-ਰਾਤ ਲਾ ਕੇ ਇਸ ਨੂੰ ਬਣਾਇਆ ਹੈ, ਅਸੀਂ ਉਸ ਨੂੰ ਛੱਡ ਕੇ ਕਿਵੇਂ ਜਾ ਸਕਦੇ ਹਾਂ," ਅੱਜ ਕੱਲ੍ਹ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਗ੍ਰੈਜੂਏਟ ਪੰਜਾਬੀ ਲਾਈਨ ਦੇ ਆਕਾਸ਼ ਸਿੰਘ ਉੱਥੋਂ ਸ਼ਿਫਟ ਹੋਣ ਦੀ ਗੱਲ ਕਰਦੇ ਹਨ।
ਪੰਜਾਬੀ ਲਾਈਨ ਗੁਰਦੁਆਰਾ ਅੱਜ ਕੱਲ੍ਹ ਫੇਰ ਨਾਲ ਨਿਰਮਾਣ ਹੇਠ ਹਨ।
ਆਕਾਸ਼ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੱਥੋਂ ਭਜਾਉਣ ਦੀ ਕੋਸ਼ਿਸ਼ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਬਾਹਰੀ ਸਮਝਿਆ ਜਾਂਦਾ ਹੈ।
ਜੇਮਿਨੋ ਮੈਊਥੋ ਕਹਿੰਦੇ ਹਨ, "ਇੱਕ ਹਲਕੇ ਵਿੱਚ ਜਾਤੀ ਜਾਂ ਫਿਰਕੂ ਮਾਮਲਿਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਲੋਕ ਇਸ ਦਾ ਸਿਆਸੀ ਲਾਭ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਪਰ ਇਹ ਮਾਮਲਾ ਉਸ ਤਰ੍ਹਾਂ ਦਾ ਨਹੀਂ ਹੈ। ਇਹ ਮਹਿਜ਼ ਸ਼ਹਿਰ ਦੀ ਭੀੜ ਨੂੰ ਘੱਟ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਨੂੰ ਮੇਘਾਲਿਆ ਛੱਡਣ ਲਈ ਨਹੀਂ ਕਿਹਾ ਜਾ ਰਿਹਾ, ਇਹ ਉਨ੍ਹਾਂ ਦੇ ਸ਼ਹਿਰ ਵਿੱਚ ਕਿਤੇ ਹੋਰ ਵਸਾਏ ਜਾਣ ਦੀ ਗੱਲ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਜੇ ਵੀ ਡਰ ਦਾ ਮਾਹੌਲ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਾਲ ਵਿੱਚ ਹੋਏ ਹੰਗਾਮੇ ਤੋਂ ਬਾਅਦ ਇੱਕ ਸਰਕਾਰੀ ਵਫ਼ਦ ਭੇਜਿਆ ਸੀ। ਅਕਾਲੀ ਦਲ ਦੇ ਇੱਕ ਨੇਤਾ ਮਨਜਿੰਦਰ ਸਿੰਘ ਸਿਰਸਾ, ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਗੁਰਮੀਤ ਸਿੰਘ ਰਾਇ ਵੀ ਉੱਥੇ ਪਹੁੰਚੇ ਸਨ।
ਗੁਰਮੀਤ ਸਿੰਘ ਰਾਇ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਸਵੀਕਾਰ ਕੀਤਾ ਕਿ ਸ਼ਿਲਾਂਗ ਵਿੱਚ ਉਹ ਖਾਸੀ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਨਹੀਂ ਮਿਲੇ।
ਖਾਸੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਲੈਬੌਕ ਮਾਰੇਂਗਾਰ ਦਾ ਕਹਿਣਾ ਹੈ, "ਨਗਰ ਪਾਲਿਕਾ ਨੇ ਪੰਜਾਬੀ ਲਾਈਨ ਵਿੱਚ ਰਹਿਣ ਵਾਲੇ ਕਰਮੀਆਂ ਲਈ ਦੂਜੀ ਥਾਂ ਕਆਟਰਜ਼ ਵੀ ਬਣਾਏ ਸੀ ਜੋ ਕਈ ਸਾਲਾਂ ਤੱਕ ਖਾਲੀ ਰਹੇ ਪਰ ਉਹ ਸ਼ਿਫਟ ਹੋਣ ਲਈ ਤਿਆਰ ਨਹੀਂ ਹੋਏ।"
ਤਰੁਣ ਭਾਰਤੀ ਕਹਿੰਦੇ ਹਨ, "ਉਨ੍ਹਾਂ ਦਾ ਡਰ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਘਰ ਖਾਲੀ ਕਰਨੇ ਪੈਣਗੇ।"

ਪਰ ਨਾਰਥ-ਈਸਟ ਸਟੂਡੈਂਟਸ ਆਰਗਨਾਈਜ਼ੇਸ਼ਨ ਦੇ ਸੈਮੂਅਲ ਜਿਰਵਾ ਇਸ ਨੂੰ, "ਵੋਟ ਪਾਲੀਟਿਕਸ ਦਾ ਨਤੀਜਾ ਦੱਸਦੇ ਹਨ।"
ਜੇਮਿਨੋ ਮਾਊਥੋ ਤਾਂ ਸ਼ਿਫਟਿੰਗ ਵਿੱਚ ਪਹਿਲਾਂ ਹੋਈ ਦੇਰੀ ਦਾ ਠੀਕਰਾ ਕਾਂਗਰਸ ਦੇ ਸਿਰ ਭੰਨਦੇ ਹਨ ਜੋ ਸੂਬੇ ਵਿੱਚ ਲੰਬੇ ਸਮੇਂ ਤੱਕ ਰਹੀ।
ਪਰ ਇਹ ਵੀ ਕਿਹਾ ਜਾਂਦਾ ਹੈ ਕਿ ਬਿਸ਼ਪ ਕਾਟਨ ਰੋਡ ਵਿੱਚ ਨਗਰ ਨਿਗਮ ਨੇ ਜੋ ਕੁਆਰਟਰ ਬਣਾਏ ਸਨ ਉਹ ਗਿਣਤੀ ਵਿੱਚ ਬਹੁਤ ਘੱਟ ਸਨ
ਗੁਰਜੀਤ ਸਿੰਘ ਪੰਜਾਬੀ ਲਾਈਨ ਵਿੱਚ ਰਹਿਣ ਵਾਲਿਆਂ ਦੀ ਗਿਣਤੀ 2500 ਦੱਸਦੇ ਹਨ।
ਪਰ ਇੱਥੇ ਰਹਿਣ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਵਿਵਾਦ ਹੈ। ਖਾਸੀ ਨੇਤਾ ਦਾਅਵਾ ਕਰਦੇ ਹਨ ਕਿ ਨਗਰ ਪਾਲਿਕਾ ਦੇ ਜੋ ਕਰਮੀ ਪੰਜਾਬੀ ਲਾਈਨ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਗਿਣਤੀ 50-100 ਤੋਂ ਵੱਧ ਨਹੀਂ ਹੈ ਅਤੇ ਬਾਕੀ ਲੋਕ ਗੈ਼ਰ-ਕਾਨੂੰਨੀ ਤੌਰ 'ਤੇ ਉੱਥੇ ਰਹਿ ਰਹੇ ਹਨ।

ਸਿਅਮ ਰਿਕੀ ਨੈਲਸਨ ਦਾ ਕਹਿਣਾ ਹੈ ਕਿ 1954 ਵਿੱਚ ਸ਼ਿਲਾਂਗ ਮਿਊਂਸੀਪਲ ਬੋਰਡ ਅਤੇ ਸਥਾਨਕ ਸਰਦਾਰ ਵਿਚ ਜੋ ਸਮਝੌਤਾ ਹੋਇਆ ਸੀ, ਉਸ ਮੁਤਾਬਕ 34 ਹਜ਼ਾਰ ਵਰਗ ਫੁੱਟ ਦਾ ਇਸਤੇਮਾਲ ਸਵੀਪਰਜ਼ ਕੁਆਟਰਜ਼ ਲਈ ਹੋਣਾ ਸੀ।
ਉਸ ਖੇਤਰ ਵਿੱਚ ਕਮਰਸ਼ੀਅਸ਼ ਸ਼ੈਡਜ਼ ਵੀ ਬਣਾਉਣ ਜਾਣੇ ਦੀ ਮਨਜ਼ੂਰੀ ਸੀ, ਪਰ ਉਸ ਦਾ ਇਸਤੇਮਾਲ ਬਾਜ਼ਾਰ ਵਜੋਂ ਕੀਤਾ ਜਾਣਾ ਮਨ੍ਹਾਂ ਸੀ।
ਰਿਕੀ ਨੈਲਸਨ ਸ਼ਿਲਾਂਗ ਅਤੇ ਉਹ ਇਲਾਕੇ ਜਿਸ ਵਿੱਚ ਪੰਜਾਬੀ ਲਾਈਨ ਆਉਂਦਾ ਹੈ, ਦੇ ਸਰਦਾਰ ਹਨ।
ਮੇਘਾਲਿਆ ਦੇ ਖਾਸੀ ਅਤੇ ਜੈਂਤੀਆ ਇਲਾਕੇ ਵਿੱਚ 30 ਤੋਂ ਵੱਧ ਸਰਦਾਰ ਹਨ ਜੋ ਸਥਾਨਕ ਲੋਕਾਂ ਰਾਹੀਂ ਚੁਣੇ ਜਾਂਦੇ ਹਨ ਅਤੇ ਉਨ੍ਹਾਂ ਇਲਾਕਿਆਂ ਵਿੱਚ ਇਨ੍ਹਾਂ ਸਰਦਾਰਾਂ ਦਾ ਦਖ਼ਲ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਹੁੰਦਾ ਹੈ।
ਜ਼ਿਲ੍ਹਾ ਹਿੱਲ ਕੌਂਸਲ ਨੇ ਇੱਕ ਕਮੇਟੀ ਬਣਾਈ ਹੈ ਜੋ ਛੇਤੀ ਹੀ ਪੰਜਾਬੀ ਲਾਈਨ ਵਿੱਚ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਪਛਾਣ ਦਾ ਕੰਮ ਸ਼ੁਰੂ ਕਰੇਗੀ।












