ਗਰਾਊਂਡ ਰਿਪੋਰਟ: ਕੋਟਕਪੂਰਾ ਦੇ ਕਈ ਘਰ ਪੁਲਿਸ ਪਹਿਰੇ ਹੇਠ, ਕਈਆਂ ਨੂੰ ਵੱਜੇ ਜਿੰਦਰੇ

ਤਸਵੀਰ ਸਰੋਤ, jasbir shetra/bbc
- ਲੇਖਕ, ਜਸਬੀਰ ਸ਼ੇਤਰਾ
- ਰੋਲ, ਕੋਟਕਪੂਰਾ ਤੋਂ ਬੀਬੀਸੀ ਪੰਜਾਬੀ ਲਈ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨਾਲ ਜੁੜੇ ਬਰਗਾੜੀ ਕਾਂਡ ਦੇ ਤਿੰਨ ਸਾਲ ਬਾਅਦ ਮੁੜ ਚਰਚਾ ਵਿੱਚ ਆਉਣ ਕਰਕੇ ਕੋਟਕਪੂਰਾ ਵੀ ਸੁਰਖ਼ੀਆਂ ਵਿੱਚ ਹੈ।
ਇਸ ਮਾਮਲੇ ਵਿੱਚ ਪਾਲਮਪੁਰ ਤੋਂ ਹਿਰਾਸਤ ਵਿੱਚ ਲਏ ਗਏ ਮਹਿੰਦਰਪਾਲ ਸਿੰਘ ਬਿੱਟੂ ਦੇ ਪੁੱਤਰ ਨੂੰ ਵੀ ਹੁਣ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਸ਼ਹਿਰ ਦੇ ਡੇਰਾ ਸੱਚਾ ਸੌਦਾ ਸਿਰਸਾ ਨਾਲ ਸਬੰਧਤ ਕੁਝ ਵਿਅਕਤੀਆਂ ਨੂੰ ਪੰਜਾਬ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ।
ਕੋਟਕਪੂਰਾ ਵਿੱਚ ਡੇਰਾ ਪ੍ਰੇਮੀਆਂ ਦੇ ਕੁਝ ਘਰਾਂ 'ਤੇ ਪੁਲਿਸ ਦਾ ਪਹਿਰਾ ਹੈ ਜਦਕਿ ਕੁਝ ਪ੍ਰੇਮੀ ਘਰਾਂ 'ਤੇ ਦੁਕਾਨਾਂ ਨੂੰ ਜਿੰਦਰੇ ਲਗਾ ਕੇ 'ਰੂਪੋਸ਼' ਹੋ ਗਏ ਹਨ।
ਪਹਿਲੀ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਸਨ।
12 ਅਕਤੂਬਰ ਨੂੰ ਬਰਗਾੜੀ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਸੀ ਅਤੇ ਮਾੜੀ ਸ਼ਬਦਾਵਲੀ ਵਾਲੇ ਧਮਕੀ ਭਰੇ ਹੱਥ ਲਿਖਤ ਪੋਸਟਰ ਵੀ ਲੱਗੇ ਮਿਲੇ ਸਨ।
ਕੁਝ ਦਿਨ ਤੋਂ ਚੱਲ ਰਹੀਆਂ ਚਰਚਾਵਾਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਜਦੋਂ ਕੋਟਕਪੂਰਾ ਦੇ ਮੁਕਤਸਰ ਰੋਡ 'ਤੇ ਪਹੁੰਚੇ ਤਾਂ ਸੁਖਵਿੰਦਰ ਕੰਡਾ ਨਾਂ ਦਾ ਨੌਜਵਾਨ ਪਾਰਸ ਡੇਅਰੀ 'ਤੇ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਮਿਲਿਆ।
ਉਸ ਦੀ ਪਤਨੀ ਵੀ ਦੁਕਾਨ 'ਤੇ ਹੀ ਮੌਜੂਦ ਸੀ। ਇਸ ਨੌਜਵਾਨ ਦਾ ਨਾਂ ਜਗਰਾਉਂ ਵਿਖੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ 'ਪ੍ਰੇਮੀਆਂ' ਵਿੱਚ ਸ਼ਾਮਲ ਸੀ।
ਇਸ ਬਾਬਤ ਪੁੱਛਣ 'ਤੇ ਸੁਖਵਿੰਦਰ ਦੇ ਗੁੱਸੇ ਦਾ ਟਿਕਾਣਾ ਨਹੀਂ ਰਿਹਾ ਅਤੇ ਉਸ ਨੇ ਡੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ।
ਉਸ ਦੇ ਭਰਾ ਸੰਨੀ ਕੰਡਾ ਨੂੰ ਪਤਨੀ ਸਮੇਤ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸੁਖਵਿੰਦਰ ਅਨੁਸਾਰ ਭਰਾ ਭਰਜਾਈ ਦੇ ਡੇਰੇ ਨਾਲ ਸਬੰਧ ਹੋਣਗੇ ਪਰ ਉਸ ਦਾ ਡੇਰੇ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ।
ਇਸ ਤੋਂ ਵੱਧ ਕੋਈ ਵੀ ਗੱਲ ਕਰਨ ਤੋਂ ਉਹ ਸਾਫ ਇਨਕਾਰ ਕਰ ਦਿੰਦਾ ਹੈ।
ਮੁਕਤਸਰ ਰੋਡ ਤੋਂ ਚੱਲਣ ਲੱਗੇ ਹੀ ਸੂਚਨਾ ਮਿਲੀ ਕਿ ਪੁਰਾਣੇ ਕੋਟਕਪੂਰਾ ਵਾਲੇ ਪਾਸਿਓਂ ਪ੍ਰਦੀਪ ਸਿੰਘ ਉਰਫ ਰਾਜੂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਤਸਵੀਰ ਸਰੋਤ, jasbirshetra/bbc
ਇਸ ਘਰ ਪੁੱਜਣ 'ਤੇ ਗੇਟ ਪੰਜਾਬ ਪੁਲਿਸ ਦੀਆਂ ਵਰਦੀਧਾਰੀ ਦੋ ਮਹਿਲਾ ਕਾਂਸਟੇਬਲਾਂ ਖੋਲ੍ਹਦੀਆਂ ਹਨ। ਅੰਦਰ ਝਾਤ ਮਾਰਨ 'ਤੇ ਇਕ ਹੋਰ ਮਹਿਲਾ ਅਤੇ ਇੱਕ ਮਰਦ ਕਾਂਸਟੇਬਲ ਕੁਰਸੀਆਂ 'ਤੇ ਬੈਠੇ ਦਿਖਾਈ ਦਿੰਦੇ ਹਨ।
ਪੁਲਿਸ ਕੋਸ਼ਿਸ਼ ਕਰਦੀ ਹੈ ਕਿ ਘਰ ਦੇ ਕਿਸੇ ਜੀਅ ਨਾਲ ਗੱਲਬਾਤ ਨਾ ਹੋ ਸਕੇ ਪਰ ਇੰਨੇ ਚਿਰ ਨੂੰ ਰਾਜੂ ਦੀ ਮਾਂ ਸ਼ਿਮਲਾ ਦੇਵੀ ਤੇ ਪਤਨੀ ਸਿਮਰਨ ਉਰਫ ਰਜਨੀ ਬਾਹਰ ਆ ਜਾਂਦੀਆਂ ਹਨ।
ਕਿਸੇ ਜਾਣਕਾਰ ਦਾ ਵੇਰਵਾ ਦੇਣ 'ਤੇ ਉਹ ਅੰਦਰ ਲਿਜਾਂਦੀਆਂ ਹਨ। ਅੰਦਰ ਪਹਿਲਾਂ ਹੀ ਰਾਜੂ ਦੇ ਪਿਤਾ ਜਸਪਾਲ ਸਿੰਘ ਉਰਫ ਸਾਧੂ, ਰਾਜੂ ਦੇ ਜੀਜਾ ਹਰਦੀਪ ਸਿੰਘ ਰੌਂਤਾ ਸਮੇਤ ਇੱਕ ਹੋਰ ਡੇਰਾ ਪ੍ਰੇਮੀ ਸਤਨਾਮ ਸਿੰਘ ਬੈਠੇ ਹੋਏ ਸਨ।
ਘਰ ਵਿੱਚ ਡੇਰਾ ਨਾਲ ਸਬੰਧਤ ਸਾਲ 2018 ਦਾ ਕੈਲੰਡਰ ਤੇ ਡੇਰਾ ਮੁਖੀਆਂ ਦੀਆਂ ਤਸਵੀਰਾਂ ਕੰਧਾਂ 'ਤੇ ਸਜੀਆਂ ਹੋਈਆਂ ਸਨ।
ਹਾਈ ਕੋਰਟ ਵਿੱਚ ਰਿੱਟ ਪਾਉਣ ਦਾ ਨਤੀਜਾ?
ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਵੀ ਪੁੱਛਗਿੱਛ ਲਈ ਸੱਦਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਜਦਕਿ ਰਾਜੂ ਹਾਲੇ ਵੀ ਪੁਲਿਸ ਕੋਲ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਚਕੂਲਾ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ਨੇ ਰਾਜੂ ਦੀ ਪਤਨੀ ਰਜਨੀ, ਸਤਨਾਮ ਸਿੰਘ ਤੇ ਹੋਰਨਾਂ ਨੇ ਮਿਲ ਕੇ ਇਕ ਰਿੱਟ ਪਟੀਸ਼ਨ ਪੰਜਾਬ ਤੇ ਹਰਿਆਣਾ ਸਰਕਾਰ ਖ਼ਿਲਾਫ਼ ਪਾਈ ਹੋਈ ਹੈ।

ਤਸਵੀਰ ਸਰੋਤ, jasbirshetra/bbc
ਇਸ ਕੇਸ ਦੀ ਅੱਠਵੇਂ ਮਹੀਨੇ ਅਗਲੀ ਤਾਰੀਕ ਹੈ ਅਤੇ ਇਸ ਵਿੱਚ ਪੁੱਛੇ ਗਏ 9 ਸਵਾਲਾਂ ਕਰਕੇ ਇਹ ਫੜੋ-ਫੜੀ ਹੋ ਰਹੀ ਹੈ। ਪਰਿਵਾਰ ਨੇ ਕਿਹਾ ਕਿ ਡੇਰਾ 'ਤੇ ਉਹ ਮਾਨਵਤਾ ਦੇ ਭਲੇ ਲਈ ਕਾਰਜ ਕਰਦੇ ਸਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਉਨ੍ਹਾਂ ਨੇ ਬੇਅਦਬੀ ਵਾਲੀ ਕਿਸੇ ਘਟਨਾ ਨਾਲ ਜੁੜੇ ਹੋਣ ਤੋਂ ਇਨਕਾਰ ਕੀਤਾ।
ਮਹਿੰਦਰਪਾਲ ਬਿੱਟੂ ਦੀ ਦੁਕਾਨ ਤੇ ਘਰ ਨੂੰ ਜਿੰਦਰੇ
ਬਰਗਾੜੀ ਕਾਂਡ ਦੇ ਮੁੜ ਚਰਚਾ ਵਿੱਚ ਆਉਣ ਦੇ ਨਾਲ ਹੀ ਪਾਲਮਪੁਰ ਤੋਂ ਹਿਰਾਸਤ ਵਿੱਚ ਲਏ ਜਾਣ ਕਰਕੇ ਚਰਚਾ ਵਿੱਚ ਆਏ ਮਹਿੰਦਰਪਾਲ ਸਿੰਘ ਬਿੱਟੂ ਦੀ ਕੋਟਕਪੂਰਾ ਸਥਿਤ ਮਨਚੰਦਾ ਵੈਸ਼ਨੂੰ ਬੇਕਰੀ ਬੰਦ ਪਈ ਹੈ।
ਨੇੜੇ ਹੀ ਅਕਾਲੀਆਂ ਵਾਲੀ ਗਲੀ ਵਿੱਚ ਸਥਿਤ ਉਸ ਦੇ ਘਰ ਨੂੰ ਵੀ ਬਾਹਰੋਂ ਜਿੰਦਰਾ ਲੱਗਾ ਹੋਇਆ ਹੈ।
ਗੁਆਂਢੀਆਂ ਕੁਲਵੰਤ ਸਿੰਘ ਤੇ ਮੁਕੰਦ ਸਿੰਘ ਨੇ ਦੱਸਿਆ ਕਿ ਪੁਲਿਸ ਮਹਿੰਦਰਪਾਲ ਦੇ ਭਰਾ ਸੁਰਿੰਦਰ ਨੂੰ ਵੀ ਲੈ ਗਈ ਜਿਸ ਤੋਂ ਬਾਅਦ ਦੁਪਹਿਰ ਸਮੇਂ ਸਾਰਾ ਪਰਿਵਾਰ ਕਿਧਰੇ ਚਲਾ ਗਿਆ।

ਤਸਵੀਰ ਸਰੋਤ, jasbirshetra/bbc
ਉਨ੍ਹਾਂ ਅਨੁਸਾਰ ਸੋਮਵਾਰ ਸਵੇਰ ਤੱਕ ਮਹਿੰਦਰਪਾਲ ਦੇ ਮਾਤਾ ਪਿਤਾ, ਲੜਕੇ, ਔਰਤਾਂ ਤੇ ਬੱਚੇ ਘਰ ਵਿੱਚ ਮੌਜੂਦ ਸਨ ਪਰ ਦੁਪਹਿਰ ਸਮੇਂ ਜਦੋਂ ਉਹ ਬਾਹਰ ਆਏ ਤਾਂ ਘਰ ਨੂੰ ਜਿੰਦਰਾ ਲੱਗਾ ਹੋਇਆ ਸੀ।
ਡੇਰੇ ਤੇ ਡੇਅਰੀ ਧੰਦੇ ਦਾ ਕੁਨੈਕਸ਼ਨ
ਜ਼ਮੀਨੀ ਹਕੀਕਤ ਜਾਣਦਿਆਂ ਇਹ ਗੱਲ ਵੀ ਸਾਹਮਣੇ ਆਈ ਕਿ ਜਿੰਨੇ ਵਿਅਕਤੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾ ਰਹੇ ਹਨ ਉਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਡੇਰਾ ਸਿਰਸਾ ਨਾਲ ਸਬੰਧ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਡੇਅਰੀ ਧੰਦੇ ਨਾਲ ਜੁੜੇ ਹੋਏ ਹਨ।
ਮਹਿੰਦਰਪਾਲ ਬਿੱਟੂ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ ਅਤੇ ਕੋਟਕਪੂਰਾ ਵਿੱਚ ਬੇਕਰੀ ਦੀ ਦੁਕਾਨ ਕਰਦਾ ਹੈ। ਡੇਰਾ ਸੰਕਟ ਤੋਂ ਬਾਅਦ ਉਸਦੇ ਧੰਦੇ 'ਤੇ ਅਸਰ ਹੋਇਆ ਤਾਂ ਉਸ ਨੇ ਪਾਲਮਪੁਰ (ਹਿਮਾਚਲ ਪ੍ਰਦੇਸ਼) ਵਿੱਚ ਡੇਅਰੀ ਦਾ ਧੰਦਾ ਕਰ ਲਿਆ।
ਆਂਢੀ ਗੁਆਂਢੀ ਕਰਿਆਨੇ ਦੀ ਦੁਕਾਨ ਕਰਨ ਵਾਲੀ ਗੱਲ ਨੂੰ ਝੁਠਲਾਉਂਦੇ ਹਨ।
ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਰਾਜੂ, ਸੰਨੀ ਤੇ ਇਕ ਹੋਰ ਵਿਅਕਤੀ ਵੀ ਡੇਅਰੀ ਦਾ ਹੀ ਕੰਮ ਕਰਦੇ ਹਨ।
ਸੀਬੀਆਈ ਵੀ ਆਈ ਹਰਕਤ ਵਿੱਚ
ਪੰਜਾਬ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਬਰਗਾੜੀ ਕਾਂਡ ਸੁਲਝਾ ਲੈਣ ਦੇ ਨੇੜੇ ਪੁੱਜਣ ਦੀਆਂ ਚਰਚਾਵਾਂ ਦਰਮਿਆਨ ਕੇਂਦਰੀ ਜਾਂਚ ਏਜੰਸੀ ਸੀਬੀਆਈ ਵੀ ਹਰਕਤ ਵਿੱਚ ਆਈ ਹੈ।
ਉਸ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਵਾਲੇ ਪੋਸਟਰ ਲਗਾਏ ਹਨ।
ਬਰਗਾੜੀ ਦੇ ਬੱਸ ਅੱਡੇ ਬਾਹਰ ਲਾਇਆ ਅਜਿਹਾ ਪੋਸਟਰ ਕਿਸੇ ਨੇ ਫਾੜ ਦਿੱਤਾ ਜਦਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਨੇੜੇ ਇਹ ਪੋਸਟਰ ਲੱਗਾ ਹੋਇਆ ਮਿਲਿਆ।
ਅੰਗਰੇਜ਼ੀ ਤੇ ਪੰਜਾਬੀ ਦੋ ਭਾਸ਼ਾਵਾਂ ਵਾਲੇ ਵੱਖ-ਵੱਖ ਪੋਸਟਰਾਂ ਵਿੱਚ 2015 ਵਿੱਚ ਦਰਜ ਕੀਤੇ ਮਾਮਲਿਆਂ ਦਾ ਸਮੁੱਚਾ ਵੇਰਵਾ ਦੇਣ ਦੇ ਨਾਲ ਹੇਠਾਂ ਚਾਰ ਅਧਿਕਾਰੀਆਂ ਦੇ ਪਤੇ ਅਤੇ ਫੋਨ ਨੰਬਰ ਦਿੱਤੇ ਗਏ ਹਨ।
ਪੁਲਿਸ ਅਧਿਕਾਰੀ ਨਹੀਂ ਕਰ ਰਹੇ ਖੁਲਾਸਾ
ਇਸ ਮਾਮਲੇ ਦੀ ਪੈੜ ਨੱਪਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨਾਲ ਮਿਲ ਕੇ ਕੜੀ ਨੂੰ ਅੱਗੇ ਜੋੜਦੇ ਹੋਏ ਮਾਮਲਾ ਹੱਲ ਕਰਨ ਦੇ ਨੇੜੇ ਪਹੁੰਚ ਜਾਣ ਦੀ ਗੱਲ ਤਾਂ ਪੁਲਿਸ ਅਧਿਕਾਰੀ ਕਹਿੰਦੇ ਹਨ ਪਰ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦੇ ਰਹੇ।
ਲੁਧਿਆਣਾ ਦਿਹਾਤੀ ਪੁਲੀਸ ਦੇ ਐਸਐਸਪੀ ਸੁਰਜੀਤ ਸਿੰਘ ਨੇ ਮੰਨਿਆ ਕਿ ਕਿਸੇ ਮਾਮਲੇ ਵਿੱਚ ਜਾਂਚ ਦੌਰਾਨ ਅਹਿਮ ਸੁਰਾਗ ਹੱਥ ਲੱਗਣ 'ਤੇ ਜਗਰਾਉਂ ਪੁਲੀਸ ਨੇ ਜਾਂਚ ਅੱਗੇ ਵਧਾਈ ਤਾਂ ਬਰਗਾੜੀ ਕਾਂਡ ਨਾਲ ਤਾਰ ਜੁੜਦੇ ਗਏ।
ਇਸ ਤੋਂ ਵੱਧ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਉੱਚ ਪੁਲਿਸ ਅਧਿਕਾਰੀ ਹੀ ਖੁਲਾਸਾ ਕਰਨਗੇ।












