'ਮਨਮੁੱਖ ਹੋਣਾ ਐਨਾ ਵੀ ਬੁਰਾ ਨਹੀਂ ਹੈ ਕਿਉਂਕਿ ਸਾਡਾ ਸਹਿਜ ਗਿਆਨ ਹਮੇਸ਼ਾ ਗਲਤ ਨਹੀਂ ਹੁੰਦਾ'

ਤਸਵੀਰ ਸਰੋਤ, Getty Images
- ਲੇਖਕ, ਵਲੇਰੀ ਵੈਨ ਮੁਲੁਕੁਮ
- ਰੋਲ, ਦਿਮਾਗ ਵਿਗਿਆਨੀ
ਤਰਕਸ਼ੀਲ ਅਤੇ ਵਿਸ਼ੇਲਸ਼ਣਾਤਮਕ ਸੋਚ ਦੇ ਯੁੱਗ ਵਿੱਚ ਕਈ ਵਾਰ ਆਪਣੇ ਮਨ ਦੀ ਆਵਾਜ਼ ਨੂੰ ਸੁਣਨਾ ਪਸੰਦ ਨਹੀਂ ਕੀਤਾ ਜਾਂਦਾ।
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਡੀਆਂ ਭਾਵੁਕ ਪ੍ਰਤੀਕਿਰਿਆਵਾਂ ਇੰਨੀਆਂ ਵੀ ਗਲਤ ਨਹੀਂ ਹੁੰਦੀਆਂ ਜਿੰਨੀਆਂ ਸਮਝੀਆਂ ਜਾਂਦੀਆਂ ਹਨ।
ਇਸ ਬਾਰੇ ਪੇਸ਼ ਹਨ ਦਿਮਾਗ ਵਿਗਿਆਨੀ ਵਲੇਰੀ ਵੈਨ ਮੁਲੁਕੁਮ ਦੇ ਵਿਚਾਰ।
ਜੇ ਕਿਸੇ ਵੱਡੀ ਕੰਪਨੀ ਦਾ ਨਿਰਦੇਸ਼ਕ ਕਿਸੇ ਵੱਡੇ ਫੈਸਲੇ ਦਾ ਐਲਾਨ ਕਰੇ ਅਤੇ ਕਹੇ ਕਿ ਉਹ ਫੈਸਲਾ ਉਸਨੇ ਆਪਣੇ ਮਨ ਦੀ ਗੱਲ ਸੁਣ ਕੇ ਲਿਆ ਹੈ ਤਾਂ ਨਿਸ਼ਚਿਤ ਹੀ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ, ਕਿਉਂਕਿ ਅਜਿਹੇ ਫੈਸਲੇ ਬਹੁਤ ਧਿਆਨ ਨਾਲ ਸੋਚ-ਵਿਚਾਰ ਕੇ ਅਤੇ ਤਰਕਸੰਗਤ ਤਰੀਕੇ ਨਾਲ ਲਏ ਜਾਣੇ ਚਾਹੀਦੇ ਹਨ।
ਪਿਛਲੇ ਕੁਝ ਦਹਾਕਿਆਂ ਤੋਂ ਤਾਰਕਿਕ ਸੋਚ ਅਤੇ ਨਜ਼ਰੀਏ ਦੀ ਪ੍ਰਮੁੱਖਤਾ ਵਧ ਰਹੀ ਹੈ, ਜਿਸ ਕਰਕੇ ਅਕਸਰ ਆਪਣੇ ਮਨ ਦੀ ਗੱਲ ਸੁਣਨਾ ਜਾਂ ਉਸਦੇ ਮਗਰ ਲੱਗਣਾ ਚੰਗਾ ਨਹੀਂ ਸਮਝਿਆ ਜਾਂਦਾ। ਇਸ ਕਰਕੇ ਹੌਲੀ-ਹੌਲੀ ਇਹ ਧਾਰਨਾ ਮਜ਼ਬੂਤ ਹੁੰਦੀ ਜਾ ਰਹੀ ਹੈ ਕਿ ਅੰਤਰ ਗਿਆਨ, ਮਨ ਅਤੇ ਭਾਵਾਨਾਵਾਂ ਨੂੰ ਬਹੁਤਾ ਮਹੱਤਵ ਨਹੀਂ ਦੇਣਾ ਚਾਹੀਦਾ।
ਹਾਲਾਂਕਿ ਭਾਵਨਾਵਾਂ ਇੰਨੀਆਂ ਵੀ ਮੂੜ੍ਹ ਨਹੀਂ ਹੁੰਦੀਆਂ ਕਿ ਇਨ੍ਹਾਂ ਨੂੰ ਨਜ਼ਰ ਅੰਦਾਜ਼ ਹੀ ਕੀਤਾ ਜਾਣਾ ਚਾਹੀਦਾ ਹੈ ਅਤੇ ਤਰਕ ਨੂੰ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਸੂਚਨਾ ਨੂੰ ਸਮਝਣ ਦੀ ਪ੍ਰਕਿਰਿਆ ਹਨ ਅਤੇ ਇਹ ਵੀ ਜੋ ਤੁਸੀਂ ਹੁਣੇ-ਹੁਣੇ ਸੋਚਿਆ ਜਾਂ ਮਹਿਸੂਸ ਕੀਤਾ ਹੁੰਦਾ ਹੈ ਉਸੇ ਦਾ ਇੱਕ ਭਾਵੁਕ ਮੁਆਇਨਾ ਹੁੰਦੇ ਹਨ।

ਤਸਵੀਰ ਸਰੋਤ, Getty Images
ਸਹਿਜ ਬੋਧ ਵੀ ਦਿਮਾਗ ਵਿੱਚ ਹੀ ਪੈਦਾ ਹੁੰਦਾ ਹੈ ਅਤੇ ਦਿਮਾਗੀ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ। ਖੋਜ ਤੋਂ ਸਾਹਮਣੇ ਆਇਆ ਹੈ ਕਿ ਦਿਮਾਗ ਇੱਕ ਅਨੁਮਾਨ ਲਾਉਣ ਵਾਲੀ ਮਸ਼ੀਨ ਹੈ।
ਇਹ ਮਸ਼ੀਨ ਨਵੀਂ ਮਿਲਣ ਵਾਲੀ ਸੂਚਨਾ ਦੀ ਪੁਰਾਣੇ ਗਿਆਨ, ਯਾਦਾਂ ਅਤੇ ਤਜਰਬਿਆਂ ਨਾਲ ਨਿਰੰਤਰ ਤੁਲਨਾ ਕਰਕੇ ਇਹ ਅਨੁਮਾਨ ਲਾਉਂਦੀ ਹੈ ਕਿ ਅੱਗੇ ਕੀ ਹੋਵੇਗਾ।
ਇਸ ਨਾਲ ਦਿਮਾਗ ਵਰਤਮਾਨ ਹਾਲਾਤ ਨਾਲ ਨਜਿੱਠਣ ਲਈ ਸਦਾ ਪੂਰਾ ਚੁਸਤ ਬਣਿਆ ਰਹਿੰਦਾ ਹੈ। ਜਦੋਂ ਵੀ ਅਤੀਤ ਦੇ ਅਨੁਭਵ ਅਤੇ ਵਰਤਮਾਨ ਵਿਚਕਾਰ ਤਾਲਮੇਲ ਨਹੀਂ ਬੈਠਦਾ (ਇਹ ਉਹ ਸਥਿਤੀ ਹੁੰਦੀ ਹੈ ਜਿਸ ਦਾ ਦਿਮਾਗ ਨੇ ਪਹਿਲਾਂ ਤੋਂ ਅਨੁਮਾਨ ਨਾ ਲਾਇਆ ਹੋਵੇ) ਤਾਂ ਦਿਮਾਗ ਤੁਹਾਡੇ ਸੋਚਣ ਦੇ ਮਾਡਲਾਂ ਨੂੰ ਨਵਿਆ ਦਿੰਦਾ ਹੈ। ਉਸ ਵਿੱਚ ਨਵੀਂ ਸੂਚਨਾ ਜੋੜ ਦਿੰਦਾ ਹੈ।
ਪੁਰਾਣੇ ਮਾਡਲਾਂ ਨੂੰ ਨਵੇਂ ਅਨੁਭਵਾਂ ਨਾਲ ਤੁਲਨਾ ਦੇਣ ਦਾ ਕੰਮ ਸਾਹ ਲੈਣ ਵਾਂਗ ਆਪਣੇ ਆਪ ਹੁੰਦਾ ਰਹਿੰਦਾ ਹੈ।
ਸਾਡਾ ਸਹਿਜ ਗਿਆਨ (ਇਨਟੀਊਸ਼ਨ) ਉਸੇ ਸਮੇਂ ਬੋਲਦਾ ਹੈ ਜਦੋਂ ਸਾਡਾ ਦਿਮਾਗ ਕੋਈ ਵੱਡੀ ਸਮਾਨਤਾ ਜਾਂ ਅਸਮਾਨਤਾ (ਤੁਹਾਡੇ ਪੂਰਬਲੇ ਅਨੁਭਵ ਅਤੇ ਵਰਤਮਾਨ ਸਥਿਤੀ ਵਿਚਕਾਰ) ਲੱਭ ਲੈਂਦਾ ਹੈ ਪਰ ਇਹ ਹਾਲੇ ਤੁਹਾਡੀ ਚੇਤਨਾ ਵਿੱਚ ਨਹੀਂ ਪਹੁੰਚੀ।
ਮਿਸਾਲ ਵਜੋਂ ਜਦੋਂ ਤੁਸੀਂ ਕਿਸੇ ਲਿੰਕ ਰੋਡ 'ਤੇ ਸੰਗੀਤ ਸੁਣਦੇ ਹੋਏ ਡਰਾਈਵਿੰਗ ਕਰ ਰਹੇ ਹੋ ਤਾਂ ਅਚਾਨਕ ਤੁਹਾਡੇ ਮਨ ਵਿੱਚ ਆਉਂਦਾ ਹੈ ਕਿ ਸੜਕ ਦੇ ਇੱਕ ਪਾਸੇ ਹੋ ਕੇ ਚੱਲਿਆ ਜਾਵੇ।
ਜਦੋਂ ਤੁਸੀਂ ਥੋੜੀ ਦੂਰ ਜਾਂਦੇ ਹੋ ਤਾਂ ਦੇਖਦੇ ਹੋ ਕਿ ਤੁਸੀਂ ਇੱਕ ਅਜਿਹੇ ਟੋਏ ਤੋਂ ਬਚ ਗਏ ਹੋ ਜਿਸ ਨੇ ਕਾਰ ਨੂੰ ਨੁਕਸਾਨ ਪਹੁੰਚਾ ਦੇਣਾ ਸੀ। ਤੁਹਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਆਪਣੇ ਮਨ ਦੀ ਗੱਲ ਮੰਨ ਕੇ ਮੁਸੀਬਤ ਤੋਂ ਬਚ ਗਏ ਹੋ।
ਅਸਲ ਵਿੱਚ ਤੁਹਾਡੇ ਤੋਂ ਅੱਗੇ ਕੁਝ ਦੂਰੀ ਉੱਤੇ ਜਾ ਰਹੀ ਕਾਰ ਨੇ ਵੀ ਅਜਿਹਾ ਹੀ ਕੀਤਾ ਸੀ ਕਿਉਂਕਿ ਉਹ ਲੋਕਲ ਸਨ ਅਤੇ ਤੁਹਾਡੇ ਦਿਮਾਗ ਨੇ ਉਨ੍ਹਾਂ ਦੀ ਸਹਿਜੇ ਹੀ ਨਕਲ ਕਰ ਲਈ ਅਤੇ ਤੁਸੀਂ ਬਚ ਗਏ।

ਤਸਵੀਰ ਸਰੋਤ, Getty Images
ਜਦੋਂ ਤੁਹਾਨੂੰ ਕਿਸੇ ਖੇਤਰ ਵਿੱਚ ਜ਼ਿਆਦਾ ਸਮਾਂ ਹੋ ਜਾਂਦਾ ਹੈ ਤਾਂ ਤੁਹਾਡੇ ਦਿਮਾਗ ਕੋਲ ਨਵੇਂ ਹਾਲਾਤ ਦੀ ਤੁਲਨਾ ਕਰਨ ਲਈ ਅਨੁਭਵਾਂ ਦਾ ਜ਼ਖੀਰਾ ਵੱਡਾ ਹੋ ਜਾਂਦਾ ਹੈ ਅਤੇ ਤੁਹਾਡਾ ਸਹਿਜ ਗਿਆਨ ਬਲਵਾਨ ਅਤੇ ਸਟੀਕ ਹੋਣ ਲੱਗਦਾ ਹੈ। ਇਸ ਦਾ ਅਰਥ ਹੈ ਕਿ ਰਚਨਾਤਮਕਤਾ ਅਤੇ ਨਾਲ ਸਹਿਜ ਗਿਆਨ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਸਹਿਜ ਗਿਆਨ ਤਰਕਸ਼ੀਲਤਾ ਨਾਲ ਮਿਲ ਕੇ ਕੰਮ ਕਰਨ ਵਾਲੀਆਂ ਦੋ ਹੋਰ ਸੋਚ ਪ੍ਰਣਾਲੀਆਂ ਵਿੱਚੋਂ ਇੱਕ ਹੈ। ਸਹਿਜ ਗਿਆਨ ਨੂੰ ਆਪਮੁਹਾਰੀ, ਤੇਜ਼ ਅਤੇ ਅਵਚੇਤਨ ਕਿਹਾ ਜਾਂਦਾ ਹੈ।
ਦੂਸਰੇ ਪਾਸੇ ਵਿਸ਼ਲੇਸ਼ਣਾਤਮਕ ਵਿਚਾਰ ਧੀਮੇ, ਤਾਰਕਿਕ, ਚੇਤਨਾਤਮਕ ਅਤੇ ਸੋਚੇ ਸਮਝੇ ਹੁੰਦੇ ਹਨ।
ਕਈ ਲੋਕ ਸਹਿਜ ਗਿਆਨ ਅਤੇ ਵਿਸ਼ਲੇਸ਼ਣਾਤਮਕ ਵਿਚਾਰ ਨੂੰ ਇਸ ਅੰਤਰ ਕਰਕੇ ਇੱਕ ਦੂਸਰੇ ਦੇ ਵਿਰੋਧੀ ਸਮਝਦੇ ਹਨ।
ਇਸ ਦੇ ਉਲਟ ਇੱਕ ਹਾਲੀਆ ਮੈਟਾ-ਅਨੈਲਿਸਿਸ ਵਿੱਚ ਸਾਹਮਣੇ ਆਇਆ ਹੈ ਕਿ ਵਿਸ਼ਲੇਸ਼ਣੀ ਵਿਚਾਰ ਅਤੇ ਸਹਿਜ ਗਿਆਨ ਵਿੱਚ ਕੋਈ ਸਹਿ-ਸੰਬੰਧ ਨਹੀਂ ਹੈ ਅਤੇ ਇਹ਼ ਇੱਕ ਦੂਸਰੇ ਦੇ ਵਿਰੋਧੀ ਨਹੀਂ ਹਨ ਅਤੇ ਇਕੱਠੇ ਵੀ ਹੋ ਸਕਦੇ ਹਨ।
ਇਸ ਲਈ ਭਾਵੇਂ ਇਹ ਜਾਪਦਾ ਹੈ ਕਿ ਦੋਹਾਂ ਵਿੱਚੋਂ ਇੱਕ ਦੂਸਰੇ ਉੱਪਰ ਭਾਰੂ ਹੈ ਪਰ ਅਜਿਹਾ ਨਹੀਂ ਹੈ। ਸਹਿਜ ਗਿਆਨ ਵਧੇਰੇ ਆਮ ਤੌਰ 'ਤੇ ਅਵਚੇਤਨ ਪੱਧਰ 'ਤੇ ਹੀ ਹੁੰਦਾ ਹੈ ਇਸ ਲਈ ਇਸਦਾ ਸਟੀਕ ਸਮਾਂ ਨਿਰਧਾਰਿਤ ਕਰਨਾ ਮੁਸ਼ਕਿਲ ਹੁੰਦਾ ਹੈ।
ਅਸਲ ਵਿੱਚ ਇਹ ਦੋਵੇਂ ਇੱਕ ਦੂਸਰੇ ਦੇ ਪੂਰਕ ਹਨ ਅਤੇ ਮਿਲ ਜੁਲ ਕੇ ਕੰਮ ਕਰ ਸਕਦੇ ਹਨ। ਅਸੀਂ ਅਕਸਰ ਇਨ੍ਹਾਂ ਦੋਵਾਂ ਦੀ ਇਕੱਠਿਆਂ ਹੀ ਵਰਤੋਂ ਕਰਦੇ ਹਾਂ।
ਸਿਰੇ ਦੀਆਂ ਵਿਗਿਆਨਕ ਖੋਜਾਂ ਕਈ ਵਾਰ ਵਿਗਿਆਨੀਆਂ ਦੇ ਸਹਿਜ ਗਿਆਨ ਤੋਂ ਪੈਦਾ ਹੋਈਆਂ ਕਲਪਨਾਵਾਂ ਦਾ ਹੀ ਨਤੀਜਾ ਹੁੰਦੀਆਂ ਹਨ, ਜਿਨ੍ਹਾਂ ਦੀ ਕਿ ਬਾਅਦ ਵਿੱਚ ਪਰੀਖਣਾਂ ਅਤੇ ਵਿਸ਼ਲੇਸ਼ਣ ਰਾਹੀਂ ਪੁਸ਼ਟੀ ਕੀਤੀ ਜਾਂਦੀ ਹੈ।

ਤਸਵੀਰ ਸਰੋਤ, Getty Images
ਇਸ ਦੇ ਇਲਾਵਾ ਸਹਿਜ ਗਿਆਨ ਨੂੰ ਫਿਸਲਣ ਵਾਲਾ ਅਤੇ ਅਢੁਕਵਾਂ ਮੰਨਿਆ ਜਾਂਦਾ ਹੈ। ਜਦਕਿ ਵਿਸ਼ਲੇਸ਼ਣੀ ਚਿੰਤਨ ਰੁਕਾਵਟੀ ਹੋ ਸਕਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਜ਼ਿਆਦਾ ਸੋਚ ਵਿਚਾਰ ਨਾਲ ਫੈਸਲੇ ਲੈਣ ਵਿੱਚ ਰੁਕਾਵਟ ਹੁੰਦੀ ਹੈ।
ਦੂਸਰੇ ਹਾਲਾਤਾਂ ਵਿੱਚ ਵਿਸ਼ਲੇਸ਼ਣੀ ਵਿਚਾਰ ਅਕਸਰ ਬੀਤ ਚੁਕੀਆਂ ਗੱਲਾਂ ਲਈ ਤਰਕ ਦਿੰਦੀ ਹੈ ਜੋ ਕਿ ਸਹਿਜ ਗਿਆਨ ਤੇ ਆਧਾਰਿਤ ਹੁੰਦੇ ਹਨ। ਮਿਸਾਲ ਵਜੋਂ ਜਦੋਂ ਤੁਸੀਂ ਆਪਣੀਆਂ ਦੁਚਿੱਤੀਆਂ ਬਾਰੇ ਕੋਈ ਫੈਸਲਾ ਲੈਂਦੇ ਹੋ।
ਅਜਿਹੀਆਂ ਗੱਲਾਂ ਵਿੱਚ ਕਈ ਵਾਰ ਵਿਸ਼ਲੇਸ਼ਣਾਤਮਕ ਵਿਚਾਰ ਸਾਡੇ ਪ੍ਰੈਸ ਸਕੱਤਰ ਜਾਂ ਵਕੀਲ ਦੀ ਭੂਮਿਕਾ ਵਿੱਚ ਹੁੰਦੀ ਹੈ।
ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੋਈ ਫੈਸਲਾ ਕਿਉਂ ਲਿਆ ਪਰ ਫੇਰ ਵੀ ਅਸੀਂ ਉਸ ਬਾਰੇ ਆਪਣੇ ਆਪ ਨੂੰ ਜਾਂ ਲੋਕਾਂ ਨੂੰ ਕੋਈ ਨਾ ਕੋਈ ਤਰਕ ਦੇਣਾ ਹੁੰਦਾ ਹੈ।
ਪਰ ਕੀ ਜੇ ਸਹਿਜ ਗਿਆਨ ਸਾਨੂੰ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ ਤਾਂ ਇਸ ਉੱਪਰ ਪੂਰੀ ਤਰ੍ਹਾਂ ਨਿਰਭਰ ਕੀਤਾ ਜਾ ਸਕਦਾ ਹੈ। ਇਸ ਦਾ ਜਵਾਬ ਜ਼ਰਾ ਗੁੰਝਲਦਾਰ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਸਹਿਜ ਗਿਆਨ ਸਾਡੀ ਪ੍ਰਜਾਤੀ ਦੇ ਵਿਕਾਸ ਤੇ ਆਧਾਰਿਤ ਹੈ, ਆਪਮੁਹਾਰਾ ਹੈ ਅਤੇ ਤੇਜ਼ੀ ਨਾਲ ਕੰਮ ਕਰਦਾ ਹੈ ਇਸ ਕਰਕੇ ਇਸਦੇ ਭਟਕ ਜਾਣ ਦਾ ਖਤਰਾ ਵੀ ਹਮੇਸ਼ਾ ਬਣਿਆ ਰਹਿੰਦਾ ਹੈ।
ਇਹ ਕਿਸੇ ਪਾਸੇ ਪੱਖਪਾਤੀ ਵੀ ਹੋ ਸਕਦਾ ਹੈ। ਇਸ ਦਾ ਇੱਕ ਹੱਲ ਇਹ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਪੱਖਪਾਤਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰੋਂ ਜੋ ਤੁਹਾਡਾ ਦਿਮਾਗ ਅਕਸਰ ਕਰ ਜਾਂਦਾ ਹੈ।

ਤਸਵੀਰ ਸਰੋਤ, Getty Images
ਇਸੇ ਤਰ੍ਹਾਂ ਕਿਉਂਕਿ ਤੇਜ਼ੀ ਨਾਲ ਸੋਚਣਾ ਬਹੁਤ ਪੁਰਾਣੇ ਸਮੇਂ ਤੋਂ ਹੁੰਦਾ ਆਇਆ ਹੈ। ਇਸ ਲਈ ਕਦੇ-ਕਦੇ ਇਹ ਬੇਮੌਕਾ ਵੀ ਹੋ ਸਕਦਾ ਹੈ।
ਮਿਸਾਲ ਵਜੋਂ- ਤੁਹਾਡੇ ਸਾਹਮਣੇ ਸਮੋਸਿਆਂ ਦੀ ਪਲੇਟ ਪਈ ਹੈ। ਬਹੁਤ ਸੰਭਵ ਹੈ ਕਿ ਤੁਹਾਡਾ ਮਨ ਲਲਚਾ ਜਾਵੇ ਅਤੇ ਤੁਸੀਂ ਉਹ ਸਾਰੇ ਖਾਣੇ ਚਾਹੋਂ ਪਰ ਜ਼ਰੂਰੀ ਨਹੀਂ ਕਿ ਤੁਹਾਨੂੰ ਇਤਨੀ ਵੱਡੀ ਮਾਤਰਾ ਵਿੱਚ ਫੈਟ, ਕਾਰਬੋਹਾਈਡਰੇਟਸ ਦੀ ਲੋੜ ਵੀ ਹੋਵੇ।
ਇਸ ਦੇ ਬਾਵਜੂਦ ਤੁਹਾਡਾ ਸ਼ਿਕਾਰੀ ਦਿਮਾਗ ਉਹ ਸਾਰੀ ਊਰਜਾ ਇੱਕਠੀ ਕਰ ਲੈਣੀ ਚਾਹੇਗਾ ਅਤੇ ਇਹ ਕੁਦਰਤੀ ਹੈ।
ਹਰ ਮੌਕੇ ਫੈਸਲਾ ਕਰਨ ਲਈ ਸਥਿਤੀ ਦਾ ਪੂਰਾ ਮੁਲਾਂਕਣ ਕਰਨਾ ਜਰੂਰੀ ਹੁੰਦਾ ਹੈ। ਇਸ ਲਈ ਇਹ ਜ਼ਰੂਰ ਦੇਖੋ ਕਿ ਕੀ ਤੁਹਾਡੇ ਸਹਿਜ ਗਿਆਨ ਨੇ ਪੂਰਾ ਮੁਲਾਂਕਣ ਕਰ ਲਿਆ ਹੈ।
ਇਸ ਨੇ ਕੋਈ ਪੱਖਪਾਤ ਤਾਂ ਨਹੀਂ ਕੀਤਾ-ਜਿਵੇਂ ਸਮੋਸੇ ਤੁਹਾਨੂੰ ਸਵਾਦ ਲਗਦੇ ਹਨ ਇਸ ਲਈ ਤੁਹਾਡਾ ਸਹਿਜ ਗਿਆਨ ਤੁਹਾਡੇ ਭਾਰ ਨੂੰ ਇੱਕ ਪਾਸੇ ਕਰਕੇ ਤੁਹਾਨੂੰ ਸਮੋਸੇ ਖਾ ਲੈਣ ਦੀ ਸਲਾਹ ਦੇ ਰਿਹਾ ਹੋਵੇ। ਕੀ ਤੁਹਾਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਦਾ ਅਨੁਭਵ ਹੈ?
ਜੇ ਇਹ ਸ਼ਿਕਾਰੀ ਮੱਤ ਨਾਲ ਸੋਚ ਰਿਹਾ ਹੈ ਪੱਖਪਾਤੀ ਵੀ ਹੈ ਅਤੇ ਤੁਹਾਡੇ ਕੋਲ ਲੋੜੀਂਦਾ ਤਜ਼ਰਬਾ ਵੀ ਨਹੀਂ ਹੈ ਤਾਂ ਵਿਸ਼ਲੇਸ਼ਣਾਤਮਕ ਵਿਚਾਰ ਉੱਪਰ ਨਿਰਭਰ ਕਰਨਾ ਚਾਹੀਦਾ ਹੈ। ਜੇ ਨਹੀਂ ਤਾਂ ਆਪਣੇ ਸਹਿਜ ਗਿਆਨ ਉੱਪਰ ਭਰੋਸਾ ਕਰੋ।
ਸਾਨੂੰ ਆਪਣੇ ਸਹਿਜ ਗਿਆਨ ਮਗਰ ਹੱਥ ਧੋ ਕੇ ਨਹੀਂ ਪਏ ਰਹਿਣਾ ਚਾਹੀਦਾ। ਬਲਕਿ ਇਸਦੇ ਗੁਣਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਇਹ ਤੇਜ਼ ਹੈ, ਆਪਮੁਹਾਰਾ ਹੈ, ਅਵਚੇਤਨ ਵਿੱਚ ਕੰਮ ਕਰਦਾ ਹੈ ਅਤੇ ਸਾਨੂੰ ਉਹ ਜਾਣਕਾਰੀ ਵੀ ਦੇ ਸਕਦਾ ਹੈ ਜੋ ਵਿਸ਼ਲੇਸ਼ਣਾਤਮਕ ਵਿਚਾਰ ਨਹੀਂ ਦੇ ਸਕਦਾ। ਸਾਨੂੰ ਮੰਨਣਾ ਪਵੇਗਾ ਕਿ ਸਹਿਜ ਗਿਆਨ ਅਤੇ ਵਿਸ਼ਲੇਸ਼ਣਾਤਮਕ ਵਿਚਾਰ ਨਾਲੋ-ਨਾਲ ਚੱਲ ਸਕਦੇ ਹਨ।












