ਆਂਗਨਵਾੜੀ ਵਰਕਰਾਂ ਦੀ ਅਰੂਸਾ ਆਲਮ ਰਾਹੀਂ ਮੁੱਖ ਮੰਤਰੀ ਤੱਕ ਪਹੁੰਚ

    • ਲੇਖਕ, ਸੁਮਨਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਆਲ ਪੰਜਾਬ ਆਂਗਨਵਾੜੀ ਵਰਕਜ਼ ਯੂਨੀਅਨ ਦੀ ਪ੍ਰਧਾਨ ਹਰਿਗੋਬਿੰਦ ਕੌਰ ਨੇ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਸੰਬੰਧੀ ਸੁਣਵਾਈ ਨਾ ਹੋਣ ਕਾਰਨ ਨਿਰਾਸ਼ ਹੋ ਕੇ ਇੱਕ ਨਵਾਂ ਹੀ ਰਾਹ ਅਪਨਾਉਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਪੱਤਰ ਲਿਖ ਕੇ ਅਪੀਲ ਕਰਨਗੇ ਕਿ ਉਹ ਮੁੱਖ ਮੰਤਰੀ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਕਹਿਣ।

ਇਨ੍ਹਾਂ ਆਂਗਨਵਾੜੀ ਵਰਕਰਾਂ ਦਾ ਰੋਸ ਹੈ ਕਿ 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਵੀ ਸਰਕਾਰ ਨੇ ਹੁਣ ਸਰਕਾਰੀ/ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਾ ਦੇਣਾ ਸ਼ੁਰੂ ਕਰ ਦਿੱਤਾ ਹੈ,ਜਿਸ ਨੇ ਆਂਗਨਵਾੜੀਆਂ ਖਾਲੀ ਕਰ ਦਿੱਤੀਆਂ ਹਨ, ਜਿਸ ਨਾਲ ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਰਿਹਾ ਹੈ।

ਇਸ ਉਮਰ ਵਰਗ ਦੇ ਬੱਚਿਆਂ ਨੂੰ ਪਹਿਲਾਂ ਆਂਗਨਵਾੜੀ ਵਿੱਚ ਹੀ ਭੇਜਿਆ ਜਾਂਦਾ ਸੀ।

ਕੀ ਹਨ ਮੰਗਾਂ?

  • ਪੰਜਾਬ ਦੇ ਆਂਗਨਵਾੜੀ ਕੇਂਦਰਾਂ ਵਿੱਚ 27 ਹਜ਼ਾਰ ਵਰਕਰ ਅਤੇ 27 ਹਜ਼ਾਰ ਹੈਲਪਰ ਕੰਮ ਕਰਦੀਆਂ ਹਨ। ਆਂਗਨਵਾੜੀ ਵਰਕਰਾਂ ਨੂੰ 5600 ਰੁਪਏ ਅਤੇ ਹੈਲਪਰਾਂ ਨੂੰ 2800 ਰੁਪਏ ਮਾਣ ਭੱਤਾ ਮਿਲਦਾ ਹੈ। ਮੁਜ਼ਾਹਰਾਕਾਰੀ ਵਰਕਰਾਂ ਦੀ ਮੰਗ ਹੈ ਕਿ ਹਰਿਆਣਾ ਪੈਟਰਨ 'ਤੇ ਵਰਕਰਾਂ ਦੀ ਤਨਖ਼ਾਹ 11000 ਰੁਪਏ ਅਤੇ ਹੈਲਪਰਾਂ ਦੀ 5600 ਰੁਪਏ ਕੀਤੀ ਜਾਵੇ।
  • ਸੇਵਾ ਮੁਕਤ ਹੋਣ ਤੋਂ ਬਾਅਦ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪੈਨਸ਼ਨ ਦਿੱਤੀ ਜਾਵੇ।
  • ਚਾਈਲਡ ਵੈੱਲਫੇਅਰ ਕੌਂਸਲ ਅਤੇ ਸੋਸ਼ਲ ਵੈੱਲਫੇਅਰ ਅਡਵਾਇਜ਼ਰੀ ਬੋਰਡ ਨਾਂ ਦੀਆਂ ਐਨਜੀਓ ਦੇ ਅਧੀਨ ਚੱਲ ਰਹੇ ਪੰਜਾਬ ਦੇ ਅੱਠ ਬਲਾਕਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਹੀ ਲਿਆਂਦਾ ਜਾਵੇ।

21 ਜ਼ਿਲ੍ਹਿਆਂ 'ਚੋਂ 21 ਮੰਗ ਪੱਤਰ

ਹਰਿਗੋਬਿੰਦ ਕੌਰ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹਰ ਦਰ ਤੇ ਗੁਹਾਰ ਲਗਾ ਚੁੱਕੀਆਂ ਹਨ।

ਉਨ੍ਹਾਂ ਨੇ ਦੱਸਿਆ, "ਨਾਇਬ ਤਹਿਸੀਲਦਾਰ ਤੋਂ ਸ਼ੁਰੂ ਕਰਕੇ ਤਹਿਸਲੀਦਾਰ, ਐਸਡੀਐਸ, ਡੀਸੀ, ਮੰਤਰੀ, ਐਮਐਲਏ, ਰਾਹੁਲ ਗਾਂਧੀ, ਰਾਜਨਾਥ ਸਿੰਘ ਤੱਕ ਹਰੇਕ ਥਾਂ 'ਤੇ ਮੰਗਾਂ ਸੰਬੰਧੀ ਪੱਤਰ ਭੇਜਿਆ ਗਿਆ ਸੀ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ।"

"ਫੇਰ ਅਸੀਂ ਸੋਚਿਆ ਕਿ ਮੈਡਮ ਅਰੂਸਾ ਆਲਮ ਮੁੱਖ ਮੰਤਰੀ ਸਾਹਿਬ ਦੀ ਬਹੁਤ ਵਧੀਆ ਦੋਸਤ ਹਨ ਸ਼ਾਇਦ ਉਹ ਉਨ੍ਹਾਂ ਦੀ ਗੱਲ ਸੁਣ ਲੈਣ।"

ਹਰਿਗੋਬਿੰਦ ਕੌਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ 11 ਤੋਂ 15 ਜੂਨ ਤੱਕ ਲਗਾਤਾਰ 21 ਮੰਗ ਪੱਤਰ 21 ਜ਼ਿਲ੍ਹਿਆਂ 'ਚੋਂ ਹਰ ਰੋਜ਼ ਭੇਜੇ ਜਾਣਗੇ।

ਉਨ੍ਹਾਂ ਦੱਸਿਆ ਕਿ ਹਰ ਰੋਜ਼ 200 ਵਰਕਰਜ਼ ਇਨ੍ਹਾਂ ਮੰਗ ਪੱਤਰਾਂ 'ਤੇ ਡੀਸੀ ਦਫ਼ਤਰ ਸਾਹਮਣੇ ਭੁੱਖੇ ਰਹਿਣਗੀਆਂ ਅਤੇ ਪੱਤਰ ਲਿਖ ਕੇ ਭੇਜਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਮੰਗ ਪੱਤਰਾਂ ਦੀ ਇੱਕ ਕਾਪੀ ਮਹਾਰਾਣੀ ਪਰਨੀਤ ਕੌਰ ਅਤੇ ਰਾਹੁਲ ਗਾਂਧੀ ਨੂੰ ਵੀ ਭੇਜੀ ਜਾਵੇਗੀ ਅਤੇ ਵਿਰੋਧੀ ਧਿਰ ਤੇ 'ਆਪ' ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵੀ ਭੇਜਿਆ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਮੰਗ ਪੱਤਰ ਅਰੂਸਾ ਆਲਮ ਨੂੰ ਚੰਡੀਗੜ੍ਹ ਵਾਲੇ ਪਤੇ 'ਤੇ ਮਾਰਫ਼ਤ ਮੁੱਖ ਮੰਤਰੀ (ਕੇਅਰ ਆਫ ਸੀਐਮ) ਭੇਜੇ ਜਾਣਗੇ।

ਆਂਗਨਵਾੜੀ ਆਗੂ ਨੇ ਕਿਹਾ ਕਿ ਅਸੀਂ ਪਹਿਲਾਂ ਆਪਣੇ ਲੋਕਤੰਤਰ ਦੇ ਤਹਿਤ ਸਾਰੇ ਰਸਤੇ ਅਪਣਾਏ ਅਤੇ ਆਪਣੇ ਖ਼ੂਨ ਨਾਲ ਲਿਖ ਕੇ ਮੰਗ ਪੱਤਰ ਮੰਤਰੀਆਂ ਤੱਕ ਪਹੁੰਚਾਏ ਤੇ ਉਨ੍ਹਾਂ ਦੇ ਘਰਾਂ ਦੇ ਘਿਰਾਓ ਵੀ ਕੀਤੇ।

ਉਨ੍ਹਾਂ ਨੇ ਦੱਸਿਆ, "ਅਸੀਂ 180 ਦਿਨਾਂ ਤੋਂ ਲਗਾਤਾਰ ਬਠਿੰਡਾ ਦੇ ਡੀਸੀ ਦਫ਼ਤਰ ਸਾਹਮਣੇ ਬੈਠੀਆਂ ਪ੍ਰੇਸ਼ਾਨ ਹੋ ਗਈਆਂ ਹਾਂ, ਸਾਡੇ ਪਰਿਵਾਰ ਰੁਲ ਗਏ ਹਨ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਹਾਰ ਕੇ ਅਸੀਂ ਅਰੂਸਾ ਆਲਮ ਕੋਲ ਪਹੁੰਚ ਕਰਨ ਦਾ ਰਾਹ ਚੁਣਿਆ ਹੈ। ਹੋ ਸਕਦਾ ਸਾਡੀ ਗੱਲ ਮੁੱਖ ਮੰਤਰੀ ਤੱਕ ਪਹੁੰਚ ਜਾਵੇ।"

ਉਨ੍ਹਾਂ ਨੇ ਆਸ ਪ੍ਰਗਟਾਉਂਦਿਆ ਕਿਹਾ, "ਇੱਕ ਔਰਤ ਹੋਣ ਨਾਤੇ ਉਹ ਸਾਡਾ ਦਰਦ ਪਛਾਨਣਗੇ। ਅਸੀਂ ਪੰਜਾਬ ਦੀਆਂ 54 ਹਜ਼ਾਰ ਔਰਤਾਂ ਜੋ ਅੱਜ ਭਰੀ ਗਰਮੀ 'ਚ, ਝੱਖੜ ਹਨੇਰੀ 'ਚ ਦੁਖੀ ਹੋ ਰਹੀਆਂ ਹਾਂ।"

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਡੀਆਂ ਜਾਇਜ਼ ਮੰਗਾਂ ਹਨ ਅਤੇ ਅਸੀਂ ਉਹ ਨਹੀਂ ਮੰਗ ਰਹੇ ਜੋ ਸਰਕਾਰ ਪੂਰਾ ਨਾ ਕਰ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)