ਖਾੜਕੂਵਾਦ ਦੇ ਪੀੜਤਾਂ ਲਈ ਕੇਂਦਰ ਦੀ ਸਕੀਮ ਦਾ ਹੋਵੇ ਵਿਸਥਾਰ: ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਅਪੀਲ ਕੀਤੀ ਹੈ ਕਿ ਸੂਬੇ 'ਚ ਖਾੜਕੂਵਾਦ ਦੇ ਦੌਰ ਦੌਰਾਨ ਅੱਤਵਾਦ ਅਤੇ ਫਿਰਕੂਵਾਦੀ ਹਿੰਸਾ ਦੇ ਪੀੜਤਾਂ ਲਈ ਕੇਂਦਰ ਸਰਕਾਰ ਦੀ ਸਕੀਮ ਦੇ ਸਮੇਂ ਦਾ ਵਿਸਥਾਰ ਕਰਨ।

ਉਨ੍ਹਾਂ ਨੇ ਆਪਣੀ ਚਿੱਠੀ 'ਚ ਕਿਹਾ ਕਿ ਅੱਤਵਾਦ ਅਤੇ ਫਿਰਕੂਵਾਦੀ ਹਿੰਸਾ ਦੇ ਪੀੜਤਾਂ ਲਈ ਕੇਂਦਰ ਸਰਕਾਰ ਦੀ ਸਕੀਮ 'ਚ ਤੈਅ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ 1 ਅਗਸਤ 1982 ਨੂੰ ਸੋਧ ਕੀਤੀ ਗਈ ਸੀ।

ਇੱਕ ਅਧਿਕਾਰਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 1982 ਤੋਂ 1995 ਵਿਚਾਲੇ ਪੰਜਾਬ ਨੇ ਅੱਤਵਾਦ ਦਾ ਦੌਰ ਹੰਢਾਇਆ ਹੈ।

ਇਸ ਦੌਰਾਨ 10 ਹਜ਼ਾਰ ਤੋਂ ਵੱਧ ਮੌਤਾਂ ਦਾ ਅੰਕੜਾਂ ਦਰਜ ਹੋਇਆ ਅਤੇ 908 ਲੋਕ ਫੱਟੜ ਹੋਏ ਸਨ। ਇਸ ਦੇ ਨਾਲ ਹੀ 17,420 ਪਰਿਵਾਰ ਹੋਰ ਖੇਤਰਾਂ 'ਚ ਚਲੇ ਗਏ।

ਕੇਂਦਰ ਸਰਕਾਰ ਦੀ ਸਕੀਮ ਲਈ ਦਿਸ਼ਾ-ਨਿਰਦੇਸ਼ ਇਸ ਸਾਲ ਮਾਰਚ 'ਚ ਸੋਧੇ ਗਏ ਸਨ, ਜੋ 24 ਅਗਸਤ 2016 ਦੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵੱਲੋਂ ਮਨਜ਼ੂਰੀ ਤੋਂ ਬਾਅਦ ਲਾਗੂ ਕਰ ਦਿੱਤੇ ਗਏ ਸਨ।

ਫਿਲਹਾਲ ਇਹ ਸਕੀਮ 1 ਅਪ੍ਰੈਲ 2008 ਤੋਂ ਅਸਰਦਾਰ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਗਸਤ 2006 'ਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੂਬੇ 'ਚ ਅੱਤਵਾਦ ਦੇ ਪੀੜਤਾਂ ਲਈ 781 ਕਰੋੜ ਰੁਪਏ ਮਾਲੀ ਸਹਾਇਤਾ ਲਈ ਬੇਨਤੀ ਕੀਤੀ ਸੀ ਪਰ ਇਸ ਦੇ ਕੋਈ ਜਵਾਬ ਨਹੀਂ ਆਇਆ।

ਮਾਰਚ 2009 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਕੇਂਦਰ ਸਰਕਾਰ ਦੀ ਸਕੀਮ ਨੂੰ 1982 ਤੋਂ ਪ੍ਰਭਾਵਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ।

ਬੁਲਾਰੇ ਨੇ ਦੱਸਿਆ, "ਸਾਲ 2011 ਦੇ ਵਿੱਤੀ ਕਮਿਸ਼ਨਰ ਮਾਲੀਆ ਦੇ ਪੱਧਰ 'ਤੇ ਕਈ ਵਾਰ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨਾਲ ਜੁੜੇ ਮੁੱਦਿਆਂ 'ਤੇ ਮੁੜ ਯਾਦ ਕਰਵਾਏ ਜਾਣ 'ਤੇ ਵੀ ਕੋਈ ਜਵਾਬ ਨਹੀਂ ਆਇਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)