ਸ਼ਿਲਾਂਗ: ਨਾ ਪੀੜਤ ਕੁੜੀ ਨੂੰ ਮਿਲੇ, ਨਾ ਖਾਸੀਆਂ ਨੂੰ, ਦਾਅਵਾ ਹਾਲਾਤ ਠੀਕ ਹੋਣ ਦਾ

ਤਸਵੀਰ ਸਰੋਤ, dilip sharma/BBC
ਪਿਛਲੇ ਕਈ ਦਿਨਾਂ ਤੋਂ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਉੱਥੇ ਵਸਦੇ ਸਿੱਖ ਭਾਈਚਾਰੇ ਖਿਲਾਫ਼ ਸਥਾਨਕ ਖਾਸੀ ਭਾਈਚਾਰੇ ਵੱਲੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਹਾਲ ਹੀ ਵਿੱਚ ਸ਼ਿਲਾਂਗ ਦੇ ਹਾਲਾਤ ਦਾ ਜਾਇਜ਼ਾ ਲੈ ਕੇ ਆਏ ਹਨ। ਉੱਥੋਂ ਦੇ ਹਾਲਾਤ ਬਾਰੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨਾਲ ਗੱਲਬਾਤ ਕੀਤੀ।
ਮਨਜੀਤ ਸਿੰਘ ਰਾਏ ਨੇ ਕਿਹਾ ਕਿ ਉੱਥੇ ਹੁਣ ਕੋਈ ਤਣਾਅ ਨਹੀਂ ਹੈ ਪਰ ਰਾਤ ਦਾ ਕਰਫਿਊ ਅਜੇ ਵੀ ਲੱਗਿਆ ਹੋਇਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਨਾ ਤਾਂ ਉਸ ਲੜਕੀ ਨੂੰ ਮਿਲ ਸਕੇ ਅਤੇ ਨਾ ਹੀ ਖਾਸੀ ਭਾਈਚਾਰੇ ਦਾ ਕੋਈ ਨੁਮਇੰਦਾ ਉਨ੍ਹਾਂ ਨੂੰ ਮਿਲਣ ਆਇਆ।
ਰਾਏ ਮੁਤਾਬਕ ਜਿਸ ਥਾਂ 'ਤੇ ਆਬਾਦੀ ਵਸੀ ਹੋਈ ਹੈ, ਉਹ ਕਮਰਸ਼ੀਅਲ ਤੌਰ 'ਤੇ ਪ੍ਰਾਈਮ ਲੋਕੇਸ਼ਨ ਹੈ ਜਿਸ ਕਰਕੇ ਕੁਝ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਉੱਥੋ ਹਟਾਉਣਾ ਚਾਹੁੰਦੇ ਹਨ।
ਹਿੰਸਾ ਅਤੇ ਗ੍ਰਿਫ਼ਤਾਰੀਆਂ
ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਹੀ ਜਾਣਕਾਰੀ ਮਿਲਣੀ ਚਾਹੀਦੀ ਹੈ ਪਰ ਕੁਝ ਸ਼ਰਾਰਤੀ ਲੋਕ ਘਟਨਾਵਾਂ ਨੂੰ ਗਲਤ ਰੰਗਤ ਦੇ ਕੇ ਪੇਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, "ਮੈਨੂੰ ਉੱਥੇ ਅਫਵਾਹਾਂ ਤੋਂ ਬਿਲਕੁਲ ਉਲਟ ਜਾਣਕਾਰੀ ਮਿਲੀ। ਗੁਰਦੁਆਰਾ ਸਾਹਿਬ ਆਰਜ਼ੀ ਤੌਰ 'ਤੇ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ। ਉੱਥੋਂ ਦੇ ਲੋਕਾਂ ਨੇ ਸਥਾਨਕ ਪੁਲਿਸ ਅਤੇ ਸਰਕਾਰ ਵਿੱਚ ਪੂਰੀ ਤਸੱਲੀ ਜਤਾਈ ਹੈ।"

ਤਸਵੀਰ ਸਰੋਤ, TWITTER@PROSHILLONG
ਇਹ ਜ਼ਰੂਰ ਹੈ ਕਿ ਇੱਕ ਛੋਟੀ ਜਿਹੀ ਘਟਨਾ ਵਾਪਰੀ ਸੀ। ਲੜਾਈ ਛੋਟੀ ਸੀ ਅਤੇ ਫੇਰ ਸਥਾਨਕ ਠਾਣੇ ਵਿੱਚ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਫੇਰ ਸ਼ਾਮ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਨੂੰ ਫਿਰਕੂ ਰੰਗ ਚੜ੍ਹਾਉਣ ਦੀ ਕੋਸ਼ਿਸ਼ ਕੀਤੀ । ਇਹ ਦੋ ਫਿਰਕਿਆਂ ਦੀ ਲੜਾਈ ਨਹੀਂ ਹੈ।
ਪੁਲਿਸ ਨੇ ਬਕਾਇਦਾ ਸਾਰਾ ਕੁਝ ਕੰਟਰੋਲ ਕਰ ਲਿਆ ਹੈ। ਪੁਲਿਸ ਨੇ 23 ਪਰਚੇ ਦਰਜ ਕੀਤੇ ਅਤੇ 71-72 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਭਾਈਚਾਰੇ ਦਾ ਸਥਾਨਕ ਲੋਕਾਂ ਨਾਲ ਰਿਸ਼ਤਾ
ਮੈਨੂੰ ਕੁਝ ਲੋਕਾਂ ਨੇ ਉਨ੍ਹਾਂ ਦੇ ਉੱਥੇ ਵਸਣ ਬਾਰੇ ਦੱਸਿਆ ਕਿ ਇਹ ਸੌ ਕੁ ਸਾਲ ਪਹਿਲਾਂ ਇੱਥੇ ਆ ਕੇ ਵਸੇ ਸਨ। ਕੁਝ ਪੱਤਰਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਹਾਰਾਜਾ ਰਣਜੀਤ ਸਿੰਘ ਦੇ ਸਮੇਂ ਉੱਥੇ ਭੇਜਿਆ ਗਿਆ ਸੀ। ਕਿਸੇ ਨੇ ਕਿਹਾ ਕਿ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਸਮੇਂ ਉੱਥੇ ਭੇਜਿਆ ਗਿਆ।

ਤਸਵੀਰ ਸਰੋਤ, Dilip Sharma/BBC
ਉੱਥੇ ਵਸਣ ਵਾਲੇ ਸਾਰੇ ਲੋਕ ਦਲਿਤ ਭਾਈਚਾਰੇ ਨਾਲ ਸੰਬੰਧਤ ਹਨ। ਉਨ੍ਹਾਂ ਨੇ ਸ਼ਿਲਾਂਗ ਦੀ ਤਰੱਕੀ ਤੇ ਵਿਕਾਸ ਵਿੱਚ ਖ਼ਾਸ ਯੋਗਦਾਨ ਪਾਇਆ ਅਤੇ ਉਹ ਲਗਭਗ ਸਾਰੇ ਹੀ ਮਿਹਨਤਕਸ਼ ਪੇਸ਼ਿਆਂ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਦੇ ਆਪਸੀ ਰਿਸ਼ਤੇ-ਨਾਤੇ ਹਨ। ਆਪਸ ਵਿੱਚ ਤਾਣਾ-ਬਾਣਾ ਇੱਕ ਹੈ।
ਤਣਾਅ
ਮਨਜੀਤ ਸਿੰਘ ਰਾਏ ਨੇ ਦੱਸਿਆ, "ਉੱਥੇ ਫਿਰਕਿਆਂ ਵਾਲੀ ਕੋਈ ਗੱਲ ਨਹੀਂ ਕਿਉਂਕਿ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਤੋਂ ਇਲਾਵਾ ਮੈਨੂੰ ਕੋਈ ਵੀ ਆ ਕੇ ਨਹੀਂ ਮਿਲਿਆ। ਉੱਥੇ ਤਾਂ ਸ਼ਰਾਰਤੀ ਤੱਤ ਹਨ ,ਜਿਨ੍ਹਾਂ ਨੇ ਮਾਹੌਲ ਹਿੰਸਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀ ਇਹ ਕੋਸ਼ਿਸ਼ ਪੁਲਿਸ ਨੇ ਨਾਕਾਮ ਕਰ ਦਿੱਤੀ ਹੈ।"

ਉਨ੍ਹਾਂ ਨੇ ਕਿਹਾ ਜੇ ਕਿਸੇ ਦੂਸਰੇ ਫ਼ਿਰਕੇ ਦੀ ਕੋਈ ਮੰਗ ਹੁੰਦੀ ਤਾਂ ਉਹ ਜ਼ਰੂਰ ਆਉਂਦੇ। ਸ਼ਰਾਰਤੀ ਤੱਤ ਆਪਣੀ ਗੱਲ ਕਿਵੇਂ ਕਹਿਣ ਆ ਸਕਦੇ ਸਨ।
ਉੱਥੇ ਸਿੱਖ ਬਨਾਮ ਖਾਸੀ ਤਣਾਅ ਬਿਲਕੁਲ ਵੀ ਨਹੀਂ ਹੈ।
ਸਿੱਖਾਂ ਨੂੰ ਕਿਤੇ ਹੋਰ ਥਾਂ ਵਸਾਉਣ ਦਾ ਮਸਲਾ
ਉਨ੍ਹਾਂ ਨੇ ਦੱਸਿਆ ਕਿ ਭਾਵੇਂ ਸਾਲ 2016 ਵਿੱਚ ਵੀ ਕਮਿਸ਼ਨ ਕੋਲ ਉਨ੍ਹਾਂ ਲੋਕਾਂ ਨੂੰ ਉੱਥੋਂ ਹਟਾ ਕੇ ਸ਼ਹਿਰ ਵਿੱਚ ਹੀ ਕਿਤੇ ਹੋਰ ਵਸਾਉਣ ਦੀ ਗੱਲ ਆਈ ਸੀ ਅਤੇ ਉਹ ਸ਼ਰਾਰਤੀ ਅਨਸਰ ਉਸ ਥਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਜੇ ਉਹ ਰਹਿਣਾ ਉੱਥੇ ਚਾਹੁੰਣਗੇ ਤਾਂ ਉਹ ਉੱਥੇ ਹੀ ਰਹਿਣਗੇ ਪਰ ਜੇ ਉਨ੍ਹਾਂ ਨੂੰ ਉੱਥੋਂ ਹਟਾਇਆ ਜਾਵੇ ਤਾਂ ਪੂਰੀ ਤਰ੍ਹਾਂ ਉਨ੍ਹਾਂ ਦੀ ਮਰਜ਼ੀ ਨਾਲ। ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਉਨ੍ਹਾਂ ਨੂੰ ਉੱਥੋ ਹਿਲਾ ਨਹੀਂ ਸਕਦਾ।
ਔਰਤਾਂ ਦੀ ਸੁਰੱਖਿਆ
ਮਨਜੀਤ ਰਾਏ ਦੱਸਦੇ ਹਨ, "ਜਿਸ ਗੁਰਦੁਆਰੇ ਵਿੱਚ ਮੈਂ ਗਿਆ ਉੱਥੇ 70-80 ਔਰਤਾਂ ਹਾਜ਼ਰ ਸਨ ਪਰ ਉਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਮੇਰੇ ਨਾਲ ਕੋਈ ਤਜ਼ਰਬਾ ਸਾਂਝਾ ਨਹੀਂ ਕੀਤਾ।
ਉੱਥੇ ਲੜਕੀਆਂ ਦਾ ਡਰਾਈਵਰ ਨਾਲ ਝਗੜਾ ਜ਼ਰੂਰ ਹੋਇਆ ਸੀ ਪਰ ਸਮਝੌਤਾ ਹੋ ਚੁੱਕਿਆ ਸੀ ਇਸ ਲਈ ਮੈਂ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਹਾਂ ਜੇ ਝਗੜਾ ਨਾ ਸੁਲਝਿਆ ਹੁੰਦਾ ਤਾਂ ਮੈਂ ਜ਼ਰੂਰ ਉਨ੍ਹਾਂ ਨਾਲ ਮੁਲਾਕਾਤ ਕਰਦਾ।"

ਤਸਵੀਰ ਸਰੋਤ, DILIP SHARMA/BBC
ਰਾਏ ਮੁਤਾਬਕ, "ਅਸੀਂ ਕਿਸੇ ਨੂੰ ਵੀ ਕਿਸੇ ਘੱਟ ਗਿਣਤੀ ਨਾਲ ਕਿਸੇ ਕਿਸਮ ਦੀ ਜ਼ਿਆਦਤੀ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।"
ਮੀਡੀਆ ਰਿਪੋਰਟਾਂ ਦੀ ਸਚਾਈ
ਉਨ੍ਹਾਂ ਨੇ ਦੱਸਿਆ ਹੈ ਕਿ ਪੁਲਿਸ ਨੇ ਸਾਰੀ ਘਟਨਾ ਤੇ ਬਾਖੂਬੀ ਕਾਬੂ ਕੀਤਾ ਅਤੇ ਮੁਲਜ਼ਮਾਂ ਖ਼ਿਲਾਫ਼ ਪਰਚੇ ਦਰਜ ਕੀਤੇ। ਕਿਸੇ ਕਿਸਮ ਦੇ ਵਪਾਰ ਦਾ ਨੁਕਸਾਨ ਨਹੀਂ ਹੋਇਆ। ਉੱਥੇ ਜਿਹੜਾ ਕਰਫਿਊ ਲੱਗਿਆ ਹੋਇਆ ਹੈ ਉਹ ਵੀ ਰਾਤ ਦਾ ਹੈ।
ਉੱਥੇ ਜਿਹੋ-ਜਿਹੇ ਹਾਲਾਤ ਦਿਖਾਈ ਦਿੱਤੇ ਉਹ ਮੀਡੀਆ ਵੱਲੋਂ ਪੇਸ਼ ਕੀਤੀ ਗਈ ਤਸਵੀਰ ਤੋਂ ਵੱਖਰੇ ਹਨ। ਤੁਸੀਂ ਕਿਹਾ ਕਿ ਉੱਥੇ ਤਣਾਅ ਵਾਲੀ ਕੋਈ ਗੱਲ ਨਹੀਂ ਤਾਂ ਕੀ ਮੀਡੀਆ ਰਿਪੋਰਟਾਂ ਗਲਤ ਸੀ?
ਉਸ ਦੇ ਜਵਾਬ ਵਿੱਚ ਮਨਜੀਤ ਸਿੰਘ ਰਾਏ ਨੇ ਕਿਹਾ ਜਦੋਂ ਉਸ ਇਲਾਕੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੇ ਇਹ ਖ਼ਬਰਾ ਦਿਖਾਈਆਂ ਕਿ ਉਨ੍ਹਾਂ ਨੇ ਚੀਜ਼ਾਂ ਸੁੱਟੀਆਂ।
ਉਨ੍ਹਾਂ ਨੇ ਦੱਸਿਆ ਕਿ ਜੇ ਉੱਥੇ ਪੁਲਿਸ ਵਾਲੇ ਜਖ਼ਮੀ ਹੋਏ ਤਾਂ ਹੀ ਪਰਜੇ ਦਰਜ ਹੋਏ ਹਨ।












