ਕੈਨੇਡਾ ਟੋਰਾਂਟੋ ਵੈਨ ਹਮਲਾ: 'ਰਾਹ 'ਚ ਜੋ ਵੀ ਆਇਆ ਉਸਨੇ ਦਰੜ ਦਿੱਤਾ'

ਤਸਵੀਰ ਸਰੋਤ, Getty Images
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਇੱਕ ਸ਼ਖ਼ਸ ਨੇ ਵੈਨ ਨਾਲ ਪੈਦਲ ਜਾ ਰਹੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਘਟਨਾ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਹੋਰ ਜ਼ਖਮੀ ਹੋ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਇੱਕ ਭੀੜ-ਭਾੜ ਵਾਲੇ ਚੌਰਾਹੇ 'ਤੇ ਇਹ ਘਟਨਾ ਹੋਈ ਹੈ ਅਤੇ ਡਰਾਈਵਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ ਹਾਲਾਂਕਿ ਬਾਅਦ ਵਿੱਚ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਹਿਰਾਸਤ ਵਿੱਚ ਲਏ ਗਏ ਸ਼ਖਸ ਦੀ ਪਛਾਣ 25 ਸਾਲਾ ਐਲੇਕ ਮਿਨੈਸ਼ੀਅਨ ਵਜੋਂ ਹੋਈ ਹੈ।
ਟੋਰਾਂਟੋ ਦੇ ਪੁਲਿਸ ਮੁਖੀ ਮਾਰਕ ਸੌਂਡਰਜ਼ ਦਾ ਕਹਿਣੈ ਹੈ, "ਇਹ ਲਗਦਾ ਹੈ ਕਿ ਘਟਨਾ ਨੂੰ ਜਾਣ ਬੁਝ ਕੇ ਅੰਜਾਮ ਦਿੱਤਾ ਗਿਆ ਹੈ, ਪਰ ਇਹ ਕਹਿਣਾ ਹਾਲੇ ਮੁਸ਼ਕਿਲ ਹੈ ਕਿ ਇਸ ਕਾਰਨ ਦੇਸ ਦੀ ਸੁਰੱਖਿਆ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।"

ਤਸਵੀਰ ਸਰੋਤ, Getty Images
ਕੈਨੇਡਾ ਦੇ ਟੀਵੀ ਚੈਨਲ ਗਲੋਬਲ ਨਿਊਜ਼ ਨੂੰ ਟੋਰਾਂਟੋ ਪੁਲਿਸ ਦੇ ਬੁਲਾਰੇ ਗੈਰੀ ਲਾਂਗ ਨੇ ਕਿਹਾ, "ਅਜਿਹੀਆਂ ਖ਼ਬਰਾਂ ਸਨ ਕਿ ਇੱਕ ਚਿੱਟੀ ਵੈਨ ਦੱਖਣ ਵੱਲ ਯੋਂਗ ਅਤੇ ਫਿੰਚ ਵੱਲ ਫੁੱਟਪਾਥ ਤੇ ਚੜ੍ਹ ਗਈ। ਅੱਠ ਤੋਂ 10 ਲੋਕ ਲਪੇਟ ਵਿੱਚ ਆਏ ਹਨ।"
ਟਰੂਡੋ ਦੀ ਹਾਲਾਤ 'ਤੇ ਨਜ਼ਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੂ ਨੇ ਪੱਤਰਕਾਰਾਂ ਨੂੰ ਕਿਹਾ ਹੈ, "ਜ਼ਾਹਿਰ ਹੈ ਟੋਰਾਂਟੋ ਦੀ ਹਾਲਤ ਦਾ ਅਸੀਂ ਜਾਇਜ਼ਾ ਲੈ ਰਹੇ ਹਾਂ। ਜੋ ਵੀ ਪ੍ਰਭਾਵਿਤ ਹੋਏ ਹਨ ਸਾਡੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਅਸੀਂ ਸਪੱਸ਼ਟ ਤੌਰ 'ਤੇ ਕੁਝ ਹੋਰ ਸਮੇਂ ਵਿੱਚ ਹਾਲਾਤ ਜਾਣਾਂਗੇ ਅਤੇ ਦੱਸਾਂਗੇ।"
ਪ੍ਰਤੱਖਦਰਸ਼ੀਆਂ ਨੇ ਜੋ ਦੇਖਿਆ...
ਯੋਂਗ ਸਟਰੀਟ 'ਤੇ ਵੀਡੀਓ ਦੀ ਦੁਕਾਨ ਚਲਾਉਣ ਵਾਲੇ ਰੇਜ਼ਾ ਹਸ਼ੇਮੀ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਸੜਕ ਦੇ ਉਸ ਪਾਸੇ ਲੋਕਾਂ ਦੇ ਚੀਕਣ ਦੀਆਂ ਆਵਾਜ਼ਾ ਸੁਣੀਆਂ।

ਤਸਵੀਰ ਸਰੋਤ, Getty Images
ਹਸ਼ੇਮੀ ਨੇ ਦੱਸਿਆ ਕਿ ਡਰਾਈਵਰ ਨੇ ਪਹਿਲਾਂ ਵੈਨ ਫੁਟਪਾਥ 'ਤੇ ਚੜ੍ਹਾਈ ਅਤੇ ਇਸ ਤੋਂ ਬਾਅਦ ਪੈਦਲ ਮੁਸਾਫਿਰਾਂ 'ਤੇ ਚੜ੍ਹਾ ਦਿੱਤੀ ਅਤੇ ਫਿਰ ਵੈਨ ਨੂੰ ਸੜਕ 'ਤੇ ਲੈ ਆਇਆ।
ਇੱਕ ਹੋਰ ਪ੍ਰਤੱਖਦਰਸ਼ੀ ਨੇ ਸਿਟੀ ਨਿਊਜ਼ ਨੂੰ ਦੱਸਿਆ, "ਰਾਹ ਵਿੱਚ ਜੋ ਵੀ ਆ ਰਿਹਾ ਸੀ ਡਰਾਈਵਰ ਉਸ ਨੂੰ ਦਰੜਦਾ ਜਾ ਰਿਹਾ ਸੀ। ਲੋਕਾਂ, ਫਾਈਰ ਪੰਪ, ਮੇਲ ਬਾਕਸ ਹਰ ਚੀਜ਼ 'ਤੇ ਗੱਡੀ ਚੜ੍ਹਾ ਰਿਹਾ ਸੀ।"
"ਮੈਂ 6-7 ਲੋਕਾਂ ਨੂੰ ਗੱਡੀ ਵੱਲੋਂ ਟੱਕਰ ਮਾਰਦੇ ਦੇਖਿਆ ਜੋ ਹਵਾ ਵਿੱਚ ਉੱਡੇ ਅਤੇ ਸੜਕ 'ਤੇ ਡਿੱਗ ਕੇ ਉਨ੍ਹਾਂ ਦੀ ਮੌਤ ਹੋ ਗਈ।"

ਤਸਵੀਰ ਸਰੋਤ, Getty Images
ਇਹ ਘਟਨਾ ਯੋਂਗ ਸਟਰੀਟ ਅਤੇ ਫਿੰਚ ਐਵੇਨਿਊ ਵਿੱਚ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਡੇਢ ਵਜੇ ਹੋਈ।
ਪੁਲਿਸ ਨੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।












