ਕੰਮ-ਧੰਦਾ: ਕਿਵੇਂ ਤੈਅ ਹੁੰਦੀ ਹੈ ਤੁਹਾਡੇ ਖਰੀਦੇ ਸੋਨੇ ਦੀ ਕੀਮਤ?

ਸੋਨਾ

ਤਸਵੀਰ ਸਰੋਤ, NARINDER NANU/Getty Images

ਸੋਨਾ ਖਰੀਦਣਾ ਹਰ ਕਿਸੇ ਨੂੰ ਪਸੰਦ ਹੈ। ਪਰ ਸੋਨੇ ਦੇ ਗਹਿਣੇ ਖਰੀਦਣ ਵੇਲੇ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਸਾਡੇ ਨਾਲ ਠੱਗੀ ਵੀ ਹੋ ਸਕਦੀ ਹੈ।

ਕੀ ਤੁਸੀਂ ਜਾਣਦੇ ਹੋ ਕਿ ਸੋਨਾ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ?

'ਕੰਮ-ਧੰਦਾ' ਵਿੱਚ ਜਾਣੋ ਕਿ ਸੋਨੇ ਦੀ ਕੀਮਤ ਕਿਵੇਂ ਲਗਾਈ ਜਾਂਦੀ ਹੈ, ਜਿਸ ਨਾਲ ਠੱਗੀਆਂ ਘੱਟ ਹੋਣਗੀਆਂ ਅਤੇ ਤੁਸੀਂ ਇੱਕ ਜਾਗਰੂਕ ਗਾਹਕ ਬਣੋਗੇ।

ਜੇ ਕੋਈ ਸਨਿਆਰਾ ਦਾਅਵਾ ਕਰ ਰਿਹਾ ਹੈ ਕਿ ਉਹ ਤੁਹਾਨੂੰ 24 ਕੈਰਟ ਗੋਲਡ ਦੇ ਰਿਹਾ ਹੈ ਤਾਂ ਉਹ ਝੂਠ ਬੋਲ ਰਿਹਾ ਹੈ।

24 ਕੈਰਟ ਗੋਲਡ ਦਾ ਸਭ ਤੋਂ ਸ਼ੁੱਧ ਰੂਪ ਹੈ। ਇਹ ਇੰਨਾ ਮੁਲਾਇਮ ਹੁੰਦਾ ਹੈ ਕਿ ਇਸ ਨਾਲ ਗਹਿਣੇ ਬਣਾਏ ਹੀ ਨਹੀਂ ਜਾ ਸਕਦੇ।

ਗਹਿਣੇ ਬਣਾਉਣ ਲਈ ਜ਼ਿਆਦਾਤਰ 22 ਕੈਰਟ ਗੋਲਡ ਦਾ ਇਸਤੇਮਾਲ ਹੀ ਹੁੰਦਾ ਹੈ, ਜਿਸ ਵਿੱਚ 91.6 ਫੀਸਦ ਸ਼ੁੱਧ ਗੋਲਡ ਹੁੰਦਾ ਹੈ।

ਸੋਨਾ

ਤਸਵੀਰ ਸਰੋਤ, NOAH SEELAM/Getty Images

ਗਹਿਣਿਆਂ ਨੂੰ ਮਜ਼ਬੂਤ ਅਤੇ ਟਿਕਾਊ ਬਣਾਉਣ ਲਈ ਇਸ ਵਿੱਚ ਚਾਂਦੀ, ਜ਼ਿੰਕ, ਤਾਂਬਾ ਜਾਂ ਕੈਡਮੀਅਮ ਮਿਲਾਇਆ ਜਾਂਦਾ ਹੈ।

ਤੁਹਾਨੂੰ ਕਿੰਨੇ ਕੈਰਟ ਸੋਨਾ ਲੈਣਾ ਹੈ, ਇਹ ਪਹਿਲਾਂ ਤੋਂ ਤੈਅ ਕਰ ਲਵੋ।

ਕੈਰਟ ਦੇ ਨਾਲ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਅਤੇ ਕੀਮਤ ਵਿੱਚ ਫਰਕ ਆ ਜਾਂਦਾ ਹੈ। ਕਹਿਣ ਦਾ ਅਰਥ ਜਿੰਨੇ ਵੱਧ ਕੈਰਟ ਦਾ ਸੋਨਾ ਓਨਾ ਹੀ ਮਹਿੰਗਾ।

ਹੌਲਮਾਰਕ ਜ਼ਰੂਰ ਵੇਖੋ

ਸੋਨਾ ਖਰੀਦਣ ਵੇਲੇ ਉਸਦੀ ਕੁਆਲਿਟੀ ਵੱਲ ਧਿਆਨ ਜ਼ਰੂਰ ਦਿਓ।

ਹੌਲਮਾਰਕ ਵੇਖ ਕੇ ਹੀ ਸੋਨਾ ਖਰੀਦੋ। ਹੌਲਮਾਰਕ ਹਰ ਤਰ੍ਹਾਂ ਦੀ ਸਰਕਾਰੀ ਗਾਰੰਟੀ ਹੈ ਅਤੇ ਇਸਨੂੰ ਦੇਸ਼ ਦੀ ਇਕਲੌਤੀ ਏਜੰਸੀ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀਆਈਏਸ) ਤੈਅ ਕਰਦੀ ਹੈ।

ਹਰ ਕੈਰਟ ਦਾ ਹੌਲਮਾਰਕ ਵੱਖਰਾ ਹੁੰਦਾ ਹੈ। ਸੋਨੇ ਦੇ ਕੈਰਟ ਅਨੁਸਾਰ ਹੀ ਹੌਲਮਾਰਕ ਦਾ ਨੰਬਰ ਹੁੰਦਾ ਹੈ।

ਵੀਡੀਓ ਕੈਪਸ਼ਨ, ਕੰਮ-ਧੰਦਾ: ਸੋਨਾ ਖਰੀਦਣ ਵੇਲੇ ਠੱਗੀ ਤੋਂ ਕਿਵੇਂ ਬਚਿਆ ਜਾਏ?

ਇਸਦਾ ਫਾਇਦਾ ਹੈ ਕਿ ਸੋਨਾ ਵੇਚਣ ਵੇਲੇ ਕਿਸੇ ਤਰ੍ਹਾਂ ਦੀ ਡੈਪਰੀਸ਼ੀਏਸ਼ਨ ਕੌਸਟ ਨਹੀਂ ਲੱਗਦੀ, ਮਤਲਬ ਸੋਨੇ ਦਾ ਖਰਾ ਭਾਅ ਮਿਲਦਾ ਹੈ।

ਕੈਰਟ ਗੋਲਡ ਦਾ ਮਤਲਬ 1/24 ਫੀਸਦ ਗੋਲਡ। ਜੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 27000 ਰੁਪਏ ਹੈ ਤਾਂ 22 ਕੈਰਟ ਸੋਨਾ 24,750 ਰੁਪਏ ਦਾ ਹੋਇਆ।

ਕਿਵੇਂ ਤੈਅ ਹੁੰਦੀ ਕੀਮਤ?

ਗੋਲਡ ਜਵੈਲਰੀ ਦੀ ਕੀਮਤ ਜਾਣਨ ਦਾ ਫਾਰਮੂਲਾ ਬਹੁਤ ਸੌਖਾ ਹੈ।

ਜਵੈਲਰੀ ਦੀ ਕੀਮਤ ਵਿੱਚ ਗੋਲਡ ਦੀ ਕੀਮਤ, ਮੇਕਿੰਗ ਚਾਰਜਿਜ਼ ਅਤੇ ਜੀਐੱਸਟੀ ਸ਼ਾਮਲ ਹੁੰਦਾ ਹੈ।

ਜੇ 22 ਕੈਰਟ ਇੱਕ ਗਰਾਮ ਸੋਨਾ 2,735 ਰੁਪਏ ਦਾ ਹੈ ਤਾਂ 9.6 ਗਰਾਮ 26,256 ਰੁਪਏ ਦਾ ਹੋਇਆ।

ਸੋਨਾ

ਤਸਵੀਰ ਸਰੋਤ, NOAH SEELAM/Getty Images

ਹੁਣ ਜੇ ਜੌਹਰੀ ਦੇ ਮੇਕਿੰਗ ਚਾਰਜਿਜ਼ 10 ਫੀਸਦ ਹਨ ਤਾਂ 2,650 ਰੁਪਏ ਅਤੇ 60 ਪੈਸੇ ਬਣੇ।

ਇਹਨਾਂ ਨੂੰ ਜੋੜ ਲਵੋ ਅਤੇ ਇਸ 'ਤੇ ਤਿੰਨ ਪਰਸੰਟ ਜੀਐੱਸਟੀ ਲਗਾਓ ਜੋ ਹੁੰਦੀ ਹੈ 866.44 ਰੁਪਏ।

ਸਾਰਾ ਕੁਝ ਜੋੜਕੇ ਤੁਹਾਡਾ ਕੁੱਲ ਬਿਲ 29,748.04 ਰੁਪਏ ਦਾ ਬਣੇਗਾ।

ਜੇ ਤੁਹਾਡੇ ਕੋਲ ਇਹ ਜਾਣਕਾਰੀ ਹੈ ਤਾਂ ਕੋਈ ਵੀ ਤੁਹਾਨੂੰ ਠੱਗ ਨਹੀਂ ਸਕਦਾ। ਹੁਣ ਖੁਲ੍ਹ ਕੇ ਖਰੀਦੋ ਸੋਨਾ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)