ਕਿਉਂ 'ਵੱਟਸਐਪ ਤੇ ਵੀਡੀਓ ਪਾਉਣਾ' ਪਿਆ ਪੰਜਾਬ ਪੁਲਿਸ ਦੇ ਇੰਸਪੈਕਟਰ ਲਈ ਭਾਰੂ?

ਤਸਵੀਰ ਸਰੋਤ, Getty Images
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ
ਵੱਟਸਐਪ ਉੱਤੇ ਭੇਜਿਆ ਮੈਸੇਜ ਫ਼ਰੀਦਕੋਟ ਜ਼ਿਲ੍ਹੇ ਵਿੱਚ ਤਾਇਨਾਤ ਇੰਸਪੈਕਟਰ ਗੁਰਮੀਤ ਸਿੰਘ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਕਾਰਨ ਬਣ ਗਿਆ ਹੈ।
ਫ਼ਰੀਦਕੋਟ ਪੁਲਿਸ ਵੱਲੋਂ ਵੱਟਸਐਪ 'ਤੇ 'ਪੁਲਿਸ ਅਤੇ ਪ੍ਰੈੱਸ' ਨਾਂ ਦਾ ਗਰੁੱਪ ਬਣਾਇਆ ਹੋਇਆ ਹੈ ਜਿਸ ਵਿੱਚ ਪੱਤਰਕਾਰ, ਪੁਲਿਸ ਅਧਿਕਾਰੀ ਅਤੇ ਹੋਰ ਸਿਵਲ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ।
ਇਲਜ਼ਾਮ ਹਨ ਕਿ ਇੰਸਪੈਕਟਰ ਗੁਰਮੀਤ ਸਿੰਘ ਵੱਲੋਂ ਉਕਤ ਗਰੁੱਪ 'ਚ ਇੱਕ ਇਤਰਾਜ਼ਯੋਗ ਵੀਡੀਓ ਪਾਇਆ ਗਿਆ।
ਇਸ ਵੀਡੀਓ ਦੇ ਪਾਉਣ ਤੋਂ ਬਾਅਦ ਕੁਝ ਮੈਂਬਰਾਂ ਵੱਲੋਂ ਇਸ ਉੱਤੇ ਇਤਰਾਜ਼ ਜਤਾਇਆ ਗਿਆ ਅਤੇ ਉਸੇ ਪੋਸਟ ਦੇ ਸਕਰੀਨਸ਼ੌਟ ਸ਼ੋਸ਼ਲ ਮੀਡੀਆ ਉੱਤੇ ਟਰੈਂਡ ਹੋਣਾ ਸ਼ੁਰੂ ਹੋ ਗਏ ਸਨ।
ਫਰੀਦਕੋਟ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਹੈ ਕਿ ਵੱਟਸਐਪ ਤੇ ਅਸ਼ਲੀਲ ਵੀਡੀਓ ਪਾਉਣ ਦੇ ਮਾਮਲੇ ਵਿੱਚ ਇੰਸਪੈਕਟਰ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੁਰਮੀਤ ਸਿੰਘ ਵੱਲੋਂ ਵੱਟਸਐਪ ਉੱਤੇ ਨੌਜਵਾਨ ਜੋੜੇ ਦੀ ਵੀਡੀਓ ਸ਼ੇਅਰ ਕੀਤੀ ਗਈ ਸੀ ਜਿਸ ਥੱਲੇ ਇਹ ਕੁਮੈਂਟ ਵੀ ਪਾਇਆ, "ਫਿਰ ਕਹਿੰਦੇ ਆ ਐੱਸ.ਐੱਚ.ਓ. ਧੱਕਾ ਕਰਦੇ ਆ। ਮੈਂ ਇਹੋ ਜਿਹੀਆਂ ਕਤ੍ਹੀੜਾਂ ਨੂੰ ਝਿੜਕਿਆ ਸੀ।"
ਕੀ ਸੀ ਮਾਮਲਾ?
ਗੁਰਮੀਤ ਸਿੰਘ ਵਿਵਾਦਾਂ ਵਿੱਚ ਘਿਰੇ ਰਹੇ ਹਨ। ਬੀਤੀ 29 ਜਨਵਰੀ ਨੂੰ ਯੂਨੀਵਰਸਿਟੀ ਕਾਲਜ ਜੈਤੋ ਨੇੜੇ ਵਿਦਿਆਰਥੀਆਂ ਨੇ ਥਾਣਾ ਜੈਤੋ ਦੇ ਐੱਸ.ਐੱਚ.ਓ. ਗੁਰਮੀਤ ਸਿੰਘ ਖ਼ਿਲਾਫ਼ ਕੁੱਟਮਾਰ ਰੋਸ ਪ੍ਰਦਰਸ਼ਨ ਕੀਤਾ ਸੀ।
ਉਨ੍ਹਾਂ ਦਾ ਇਲਜ਼ਾਮ ਸੀ ਕਿ ਗੁਰਮੀਤ ਸਿੰਘ ਆਪਣੇ ਰੁਤਬੇ ਦਾ ਇਸਤੇਮਾਲ ਕਰ ਕੇ 'ਨੈਤਿਕ ਪੁਲੀਸਿੰਗ' ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਦੇ ਹਨ।

ਤਸਵੀਰ ਸਰੋਤ, SUKHCHARANPREET/BBC
ਮੁਜ਼ਾਹਰੇ ਦੌਰਾਨ ਜੈਤੋ ਦੇ ਡੀ.ਐੱਸ.ਪੀ. ਬਲਜਿੰਦਰ ਸਿੰਘ ਨੇ ਸਭ ਦੇ ਸਾਹਮਣੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਗੋਲੀ ਮਾਰਨ ਵਾਲੇ ਪੁਲਿਸ ਅਫ਼ਸਰ ਅਤੇ ਉਨ੍ਹਾਂ ਦੇ ਗੰਨਮੈਨ ਲਾਲ ਸਿੰਘ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਵੀ ਉਕਤ ਐੱਸ.ਐੱਚ.ਓ ਵੱਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਉੱਤੇ ਤਸ਼ੱਦਦ ਕਰਨ ਦੇ ਇਲਜ਼ਾਮ ਲੱਗੇ ਸਨ। ਬਾਅਦ ਵਿੱਚ ਐੱਸ.ਐੱਚ.ਓ ਗੁਰਮੀਤ ਸਿੰਘ ਵੱਲੋਂ ਇਸ ਮਾਮਲੇ ਵਿੱਚ ਜਨਤਕ ਤੌਰ 'ਤੇ ਮੁਆਫ਼ੀ ਵੀ ਮੰਗੀ ਗਈ ਸੀ।
ਇੰਸਪੈਕਟਰ ਗੁਰਮੀਤ ਸਿੰਘ ਨੂੰ ਡੀ.ਐੱਸ.ਪੀ. ਖੁਦਕੁਸ਼ੀ ਅਤੇ ਵਿਦਿਆਰਥੀਆਂ 'ਤੇ ਤਸ਼ੱਦਦ ਮਾਮਲੇ ਕਰਕੇ ਜੈਤੋ ਐੱਸ. ਐੱਚ. ਓ. ਦੇ ਅਹੁਦੇ ਤੋਂ ਹਟਾ ਕੇ ਐੱਸ ਐੱਸ ਪੀ ਫਰੀਦਕੋਟ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, BBC/sukhcharanpreet
'ਪੁਰਾਣੇ ਮਾਮਲੇ ਨਾਲ ਵੀਡੀਓ ਜੋੜਿਆ ਜਾਵੇਗਾ'
ਹੁਣ ਇਸ ਮਾਮਲੇ ਵਿੱਚ ਫਰੀਦਕੋਟ ਦੇ ਐੱਸ.ਐੱਸ.ਪੀ. ਨਾਨਕ ਸਿੰਘ ਵੱਲੋਂ ਇੰਸਪੈਕਟਰ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੌਜੂਦਾ ਕਾਰੇ ਨਾਲ ਗੁਰਮੀਤ ਸਿੰਘ ਨਵੇਂ ਵਿਵਾਦ ਵਿੱਚ ਘਿਰ ਗਏ ਹਨ ਅਤੇ ਪੁਰਾਣੇ ਮਾਮਲੇ ਬਾਬਤ ਸੁਆਲ ਖੜ੍ਹੇ ਹੋ ਗਏ ਹਨ।
ਇਸ ਮਾਮਲੇ ਸਬੰਧੀ ਫਰੀਦਕੋਟ ਦੇ ਐੱਸ. ਐੱਸ. ਪੀ. ਨਾਨਕ ਸਿੰਘ ਨੇ ਤਸਦੀਕ ਕਰਦਿਆਂ ਕਿਹਾ, "ਇੰਸਪੈਕਟਰ ਗੁਰਮੀਤ ਸਿੰਘ ਵੱਲੋਂ ਸ਼ੋਸ਼ਲ ਮੀਡੀਆ ਉੱਤੇ ਪਾਏ ਗਏ ਵੀਡੀਓ ਅਤੇ ਟੈਕਸਟ ਮੈਸੇਜ ਕਾਰਨ ਉਨ੍ਹਾਂ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ।''
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਮੌਜੂਦਾ ਮਾਮਲੇ ਨਾਲ ਜੁੜਿਆ ਮੈਸੇਜ ਜੈਤੋ ਵਿੱਚ ਵਾਪਰੇ ਵਿਦਿਆਰਥੀਆਂ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਸਬੂਤ ਬਣਦਾ ਹੈ ਤਾਂ ਉਨ੍ਹਾਂ ਕਿਹਾ, "ਬਿਲਕੁਲ! ਇਸ ਨੂੰ ਵੀ ਵਿਚਾਰਿਆ ਜਾਵੇਗਾ।''
ਉਨ੍ਹਾਂ ਕਿਹਾ, "ਇੰਸਪੈਕਟਰ ਗੁਰਮੀਤ ਸਿੰਘ ਖ਼ਿਲਾਫ਼ ਵੱਟਸਐਪ ਮਾਮਲੇ ਵਿੱਚ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ ਜਦਕਿ ਉਸ ਦੀ ਜੈਤੋ ਘਟਨਾਕ੍ਰਮ ਦੇ ਮਾਮਲੇ ਵਿੱਚ ਭੂਮਿਕਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਅਗਵਾਈ ਵਿੱਚ ਮੈਜਿਸਟ੍ਰੇਟੀ ਜਾਂਚ ਚੱਲ ਰਹੀ ਹੈ।''
''ਵਿਦਿਆਰਥੀਆਂ ਦੀ ਕੁੱਟਮਾਰ ਅਤੇ ਡੀ.ਐੱਸ.ਪੀ. ਬਲਜਿੰਦਰ ਸਿੰਘ ਖੁਦਕੁਸ਼ੀ ਦੀ ਘਟਨਾ ਵਿੱਚ ਇੰਸਪੈਕਟਰ ਗੁਰਮੀਤ ਸਿੰਘ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੀ ਰਿਪੋਰਟ ਹਾਲੇ ਆਉਣੀ ਹੈ।"

ਤਸਵੀਰ ਸਰੋਤ, Getty Images
ਪੰਜਾਬ ਪੁਲਿਸ ਦੇ ਏ.ਆਈ.ਜੀ. ਇੰਦਰਬੀਰ ਸਿੰਘ (ਆਈ ਟੀ ਐਂਡ ਟੀ ਟੂ ਵਰਕ ਵਿਦ ਸ਼ੋਸ਼ਲ ਮੀਡੀਆ ਸੈੱਲ) ਨੂੰ ਪੰਜਾਬ ਪੁਲਿਸ ਵਿੱਚ ਬੀਤੇ ਸਮੇਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਇਸ ਸਬੰਧੀ ਜ਼ਿਲ੍ਹਿਆਂ ਦੇ ਸਬੰਧਤ ਐੱਸ.ਐੱਸ.ਪੀ. ਹੀ ਦੱਸ ਸਕਦੇ ਹਨ।"
ਪੁਲਿਸ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਵਿਵਹਾਰ ਦੇ ਕਾਰਨਾਂ ਸਬੰਧੀ ਉਨ੍ਹਾਂ ਦਾ ਕਹਿਣਾ ਸੀ, "ਮੈਂ ਸਿਰਫ਼ ਇੰਨਾਂ ਹੀ ਕਹਾਂਗਾ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਪੂਰੇ ਸਮਾਜ ਵਿੱਚ ਹੀ ਵੇਖੀ ਜਾ ਸਕਦੀ ਹੈ ਅਤੇ ਅਜਿਹਾ ਵਿਵਹਾਰ ਕਰਨ ਵਾਲੇ ਪੁਲਿਸ ਅਧਿਕਾਰੀ ਵੀ ਸਮਾਜ ਦਾ ਹੀ ਹਿੱਸਾ ਹਨ।''
"ਬਿਨ੍ਹਾਂ ਸ਼ੱਕ ਪੁਲਿਸ ਅਧਿਕਾਰੀਆਂ ਨੂੰ ਅਜਿਹੇ ਮਾਮਲੇ ਵਿੱਚ ਜ਼ਿੰਮੇਵਾਰੀ ਨਾਲ ਵਿਵਹਾਰ ਕਰਨਾ ਚਾਹੀਦਾ ਹੈ।"
ਪੰਜਾਬ ਪੁਲਿਸ ਦਾ ਅਜਿਹਾ ਕਾਰਾ ਪਹਿਲੀ ਵਾਰ ਨਹੀਂ
ਵੱਟਸਐਪ ਨਾਲ ਜੁੜਿਆ ਇਹ ਪੰਜਾਬ ਪੁਲਿਸ ਦਾ ਪਹਿਲਾ ਮਾਮਲਾ ਨਹੀਂ ਹੈ।
ਇਸ ਤੋਂ ਪਹਿਲਾਂ ਮਾਰਚ 2017 ਵਿੱਚ ਮੁਹਾਲੀ ਪੁਲਿਸ ਦੇ ਇੱਕ ਐੱਸ ਪੀ ਰੈਂਕ ਦੇ ਅਧਿਕਾਰੀ 'ਤੇ ਵੀ ਵਟਸਐਪ ਉੱਤੇ ਇੱਕ ਗਰੁੱਪ ਵਿੱਚ ਅਸ਼ਲੀਲ ਵੀਡੀਓ ਪਾਉਣ ਦੇ ਇਲਜ਼ਾਮ ਲੱਗੇ ਸਨ।

ਤਸਵੀਰ ਸਰੋਤ, BBC/sukhcharanpreet
ਇਸ ਤੋਂ ਇਲਾਵਾ ਲੁਧਿਆਣਾ ਵਿੱਚ ਵੀ ਮਈ 2017 ਵਿੱਚ ਇੱਕ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਪੁਲਿਸ ਵਿਭਾਗ ਦੀ ਹੀ ਮਹਿਲਾ ਕਾਂਸਟੇਬਲ ਨੂੰ ਵਟਸਐਪ 'ਤੇ ਮਾੜੀ ਸ਼ਬਦਾਵਲੀ ਵਾਲੇ ਮੈਸੇਜ ਭੇਜ ਕੇ ਤੰਗ ਕਰਨ ਦੇ ਇਲਜ਼ਾਮਾਂ ਤਹਿਤ ਵਿੱਚ ਨੌਕਰੀ ਤੋਂ ਕੱਢਿਆ ਗਿਆ ਸੀ।
ਆਈ.ਟੀ. ਐਕਟ 2000 ਦੀ ਧਾਰਾ 67 ਮੁਤਾਬਕ ਅਨੁਸਾਰ ਕਿਸੇ ਵੀ ਇਲੈਕਟ੍ਰੌਨਿਕ ਫਾਰਮ ਵਿੱਚ ਅਸ਼ਲੀਲ ਸਮੱਗਰੀ ਟਰਾਂਸਮਿਟ ਜਾਂ ਪਬਲਿਸ਼ ਕਰਨ ਉੱਤੇ ਪੰਜ ਸਾਲ ਤੱਕ ਦੀ ਕੈਦ ਅਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਅਤੇ ਇਹ ਗ਼ੈਰ-ਜ਼ਮਾਨਤੀ ਜੁਰਮ ਹੈ।












