ਕਿੱਥੇ ਪਾਣੀ ਦੀ ਸਮੱਸਿਆ ਹੱਲ ਕਰ ਰਹੇ ਹਨ ਆਮਿਰ ਖ਼ਾਨ?

ਤਸਵੀਰ ਸਰੋਤ, SPICE PR
- ਲੇਖਕ, ਸੁਪ੍ਰੀਆ ਸ਼ੋਗਲੇ
- ਰੋਲ, ਮੁੰਬਈ ਤੋਂ ਬੀਬੀਸੀ ਲਈ
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦਾ ਨਾਮ ਲੋਕ ਭਲਾਈ ਕਾਰਜਾਂ ਨਾਲ ਅਕਸਰ ਜੋੜਿਆ ਜਾਂਦਾ ਹੈ। ਕਦੇ ਅਜਿਹਾ ਉਨ੍ਹਾਂ ਦੀਆਂ ਫਿਲਮਾਂ ਕਰਕੇ ਹੁੰਦਾ ਹੈ ਅਤੇ ਕਦੇ ਸਿੱਧੇ ਹੀ ਲੋਕਾਂ ਨਾਲ ਮਿਲ ਕੇ ਕੰਮ ਕਰਨ ਕਰਕੇ ਹੁੰਦਾ ਹੈ।
ਉਨ੍ਹਾਂ ਦਾ ਪ੍ਰੋਗਰਾਮ ਸਤਿਅਮੇਵ ਜਯਤੇ ਆਇਆ ਤਾਂ ਦੇਸ ਵਿੱਚ ਕਈ ਬੁਨਿਆਦੀ ਸਮਲਿਆਂ ਤੇ ਬਹਿਸ ਸ਼ੁਰੂ ਹੋਈ।
ਫਿਲਹਾਲ ਆਮਿਰ ਖ਼ਾਨ ਮਾਹਾਰਾਸ਼ਟਰ ਵਿੱਚ ਸੋਕਾ ਮਾਰੇ ਪਿੰਡਾਂ ਵਿੱਚ ਆਪਣੇ ਸਹਿਯੋਗੀ ਸਤਿਆਜੀਤ ਭਟਕਾਲ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਆਮਿਰ ਖ਼ਾਨ ਨੇ ਬੀਬੀਸੀ ਨੂੰ 'ਸਤਿਅਮੇਵ ਜਯਤੇ' ਦੇ ਚੌਥੇ ਸੀਜ਼ਨ ਬਾਰੇ ਦੱਸਿਆ, "ਮੈਂ ਅਤੇ ਸਤਿਆਜੀਤ ਚੌਥੇ ਸੀਜ਼ਨ ਬਾਰੇ ਸੋਚ ਰਹੇ ਸੀ। ਬਹੁਤ ਵਿਚਾਰ ਹੋਇਆ। 'ਸਤਿਆਮੇਵ ਜਯਤੇ' ਦੀ ਹਰ ਕੜੀ ਮਗਰੋਂ ਬਦਲਾਅ ਦੇਖਣ ਨੂੰ ਮਿਲਦੇ ਸਨ।"
"ਕਿਸੇ ਟੀਵੀ ਪ੍ਰੋਗਰਾਮ ਕਰਕੇ ਜ਼ਮੀਨੀ ਪੱਧਰ ਤੇ ਬਦਲਾਅ ਦੇਖਣ ਨੂੰ ਮਿਲੇ ਇਹ ਸਾਡੇ ਲਈ ਕਾਫ਼ੀ ਪ੍ਰੇਰਨਾ ਦੇਣ ਵਾਲਾ ਸੀ। ਅਜਿਹੇ ਵਿੱਚ ਅਸੀਂ ਸੋਚਿਆ ਕਿ ਕਿਉਂ ਨਾ ਜ਼ਮੀਨ 'ਤੇ ਜਾ ਕੇ ਸਿੱਧਾ ਕੰਮ ਕੀਤਾ ਜਾਵੇ। ਇਸ ਲਈ ਅਸੀਂ ਪਾਣੀ ਅਤੇ ਮਹਾਰਾਸ਼ਟਰ ਚੁਣਿਆ।"
'ਸਤਿਅਮੇਵ ਜਯਤੇ' ਵਾਟਰ ਕੱਪ ਮੁਕਾਬਲਾ
ਆਮਿਰ ਨੇ ਇਸ ਲਈ 'ਸਤਿਅਮੇਵ ਜਯਤੇ ਵਾਟਰ ਕੱਪ' ਮੁਕਾਬਲਾ ਸ਼ੁਰੂ ਕੀਤਾ। ਇਸ ਵਿੱਚ ਪੂਰਾ ਪਿੰਡ ਮਿਲ ਕੇ ਕਾਰਸੇਵਾ ਰਾਹੀਂ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੇ 6 ਹਫਤਿਆਂ ਵਿੱਚ ਜਲ ਪ੍ਰਬੰਧ ਦਾ ਕੰਮ ਕਰਦਾ ਹੈ ਤਾਂ ਕਿ ਮਾਨਸੂਨ ਵਿੱਚ ਪੈਣ ਵਾਲੇ ਮੀਂਹ ਦਾ ਪਾਣੀ ਸਾਂਭਿਆ ਜਾ ਸਕੇ।

ਤਸਵੀਰ ਸਰੋਤ, SPICE PR
ਮੁਕਾਬਲੇ ਤੋਂ ਪਹਿਲਾਂ ਪਿੰਡ ਦੇ ਕੁਝ ਲੋਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜੋ ਬਾਕੀ ਪਿੰਡ ਵਾਸੀਆਂ ਦੀ ਅਗਵਾਈ ਕਰਦੇ ਹਨ। ਵਧੀਆ ਕੰਮ ਕਰਨ ਵਾਲੇ ਤਿੰਨ ਪਿੰਡਾਂ ਨੂੰ ਨਗਦ ਇਨਾਮ ਦਿੱਤਾ ਜਾਂਦਾ ਹੈ।
2016 ਵਿੱਚ ਸ਼ੁਰੂ ਹੋਈ ਇਸ ਮੁਹਿੰਮ ਵਿੱਚ ਮਾਹਾਰਾਸ਼ਟਰ ਦੇ 116 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਸੀ। ਆਮਿਰ ਖ਼ਾਨ ਇਸ ਨੂੰ ਇੱਕ ਪ੍ਰਯੋਗ ਮੰਨਦੇ ਹਨ।
116 ਵਿੱਚੋਂ ਲਗਪਗ 45 ਪਿੰਡਾਂ ਨੂੰ ਪਾਣੀ ਦੀ ਕਮੀ ਤੋਂ ਰਾਹਤ ਮਿਲੀ। ਪਿਛਲੇ ਸਾਲ ਇਸ ਮੁਕਾਬਲੇ ਵਿੱਚ 1000 ਪਿੰਡ ਸ਼ਾਮਲ ਹੋਏ।
2018 ਵਿੱਚ ਇਸ ਮੁਕਾਬਲੇ ਵਿੱਚ ਮਾਹਾਰਸ਼ਟਰ ਦੇ 75 ਤਾਲੁਕਾਂ ਦੇ ਲਗਪਗ 4000 ਪਿੰਡਾਂ ਨੇ ਹਿੱਸਾ ਲਿਆ।

ਤਸਵੀਰ ਸਰੋਤ, SPICE PR
ਆਮਿਰ ਖ਼ਾਨ ਚਾਹੁੰਦੇ ਹਨ ਕਿ ਸ਼ਹਿਰੀ ਲੋਕ ਵੀ ਇਸ ਕੰਮ ਨਾਲ ਜੁੜਨ ਅਤੇ ਇੱਕ ਦਿਨ ਕਾਰਸੇਵਾ ਕਰਨ।
ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ 1 ਮਈ, ਮਜ਼ਦੂਰ ਦਿਹਾੜੇ ਦੇ ਦਿਨ, ਉਹ ਪਿੰਡਾਂ ਵਿੱਚ ਜਾਣ ਅਤੇ ਕਾਰਸੇਵਾ ਕਰਨ।
ਜਾਤੀਵਾਦ ਇੱਕ ਸਮੱਸਿਆ
ਆਮਿਰ ਖ਼ਾਨ ਨੇ ਮੰਨਿਆ ਕਿ ਇਸ ਕੰਮ ਕਰਕੇ ਪਿੰਡਾਂ ਵਿੱਚ ਏਕਤਾ ਆਈ ਹੈ।
ਉਹ ਕਹਿੰਦੇ ਹਨ, "ਜਾਤੀਵਾਦ ਵੱਡੀ ਸਮੱਸਿਆ ਹੈ ਪਰ ਜਲ ਪ੍ਰਬੰਧਨ ਦਾ ਕੰਮ ਇੱਕ ਦੋ ਲੋਕ ਨਹੀਂ ਕਰ ਸਕਦੇ। ਉਸ ਲਈ ਪੂਰੇ ਪਿੰਡ ਦੀ ਜ਼ਰੂਰਤ ਹੁੰਦੀ ਹੈ। ਸਾਡੇ ਕੰਮ ਵਿੱਚ ਸਭ ਤੋਂ ਵੱਡੀ ਰੁਕਾਵਟ ਲੋਕਾਂ ਨੂੰ ਜੋੜਨਾ ਸੀ। ਅਸੀਂ ਆਪਣੀ ਟ੍ਰੇਨਿੰਗ ਵਿੱਚ ਇਹ ਸਿਖਾਉਂਦੇ ਹਾਂ। ਜਦੋਂ ਪੂਰਾ ਪਿੰਡ ਮਿਲ ਕੇ ਕਾਰਸੇਵਾ ਕਰਦਾ ਹੈ ਤਾਂ ਵਖਰੇਵੇਂ ਮਿਟ ਜਾਂਦੇ ਹਨ।"
ਪਿਛਲੇ ਸਾਲ ਦੀ ਇੱਕ ਘਟਨਾ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ, "ਵਿਸ਼ਨੂੰ ਭੋਂਸਲੇ ਨਾਮ ਦੇ ਇੱਕ ਵਿਅਕਤੀ ਪਿਛਲੇ ਸਾਲ ਟ੍ਰੇਨਿੰਗ ਲਈ ਆਏ ਸਨ। ਜਦੋਂ ਉਹ ਆਪਣੇ ਪਿੰਡ ਵਾਪਸ ਗਏ ਤਾਂ ਉਨ੍ਹਾਂ ਨੂੰ ਪਿੰਡ ਵਾਸੀਆਂ ਦਾ ਸਾਥ ਨਹੀਂ ਮਿਲਿਆ। ਸਿਰਫ਼ ਦੋ ਬਜ਼ੁਰਗਾਂ ਨਾਲ ਮਿਲ ਕੇ ਉਹ ਇਹ ਕੰਮ ਕਰ ਰਹੇ। ਸਾਨੂੰ ਪਤਾ ਲੱਗਿਆ ਤਾਂ ਮੈਂ ਅਤੇ ਕਿਰਣ ਇੱਕ ਸਵੇਰ ਉੱਥੇ ਚਲੇ ਗਏ ਅਤੇ ਉਨ੍ਹਾਂ ਨਾਲ ਮਿਲ ਕੇ ਅਸੀਂ ਪੰਜ ਲੋਕ ਕੰਮ ਕਰ ਰਹੇ ਸੀ।"

ਤਸਵੀਰ ਸਰੋਤ, SPICE PR
"ਮੇਰਾ ਨਾਮ ਸੁਣ ਕੇ ਪਿੰਡ ਦੇ 20-25 ਲੋਕ ਉੱਥੇ ਆ ਤਾਂ ਗਏ ਪਰ ਕਿਸੇ ਨੇ ਮਦਦ ਨਹੀਂ ਕੀਤੀ। ਫਿਰ ਮੈਂ ਤੇ ਕਿਰਣ ਨੇ ਪਿੰਡ ਦੇ ਮੰਦਿਰ ਵਿੱਚ ਸਭਾ ਬੁਲਾਈ ਅਤੇ ਆਪਣੇ ਵਿਚਾਰ ਰੱਖੇ।"
"ਜਦੋਂ ਅਸੀਂ ਉੱਥੋਂ ਆ ਰਹੇ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਪਿੰਡ ਵਾਲੇ ਵਿਸ਼ਨੂੰ ਜੀ ਦਾ ਸਾਥ ਨਹੀਂ ਦੇਣਗੇ ਪਰ ਮੈਂ ਗਲਤ ਸੀ। ਕੁਝ ਦਿਨਾਂ ਵਿੱਚ ਕਈ ਨੌਜਵਾਨ ਵਿਸ਼ਨੂੰ ਜੀ ਨਾਲ ਜੁੜ ਗਏ। ਅੱਜ ਇੱਕ ਸਾਲ ਬਾਅਦ ਜਦੋਂ ਮੈਂ ਵਿਸ਼ਨੂੰ ਜੀ ਨੂੰ ਮਿਲਿਆ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦੀ ਕਮੀ ਦੂਰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦੋ ਏਕੜ ਜ਼ਮੀਨ ਤੋਂ 10 ਲੱਖ ਦੀ ਕਮਾਈ ਕੀਤੀ ਹੈ।"
ਆਮਿਰ ਖ਼ਾਨ ਨੂੰ ਖ਼ੁਸ਼ੀ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਇਸ ਕੰਮ ਨਾਲ ਜੁੜ ਰਹੀਆਂ ਹਨ ਅਤੇ ਆਪਣੇ ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਹਨ।
ਫਿਲਹਾਲ ਤਾਂ ਆਮਿਰ ਖ਼ਾਨ ਮਾਹਾਰਾਸ਼ਟਰ ਦੀ ਜਲ ਸਮੱਸਿਆ ਤੱਕ ਹੀ ਮਹਿਦੂਦ ਹਨ। ਦੂਜੇ ਸੂਬਿਆਂ ਵਿੱਚ ਪਹੁੰਚਣ ਵਿੱਚ ਉਨ੍ਹਾਂ ਨੂੰ ਸਮਾਂ ਲੱਗੇਗਾ।
ਪਾਣੀ ਦੀ ਕੀਮਤ ਸਮਝਣ ਵਾਲੇ ਆਮਿਰ ਖ਼ਾਨ ਦੇ ਘਰੇ ਪਾਣੀ ਬਚਾਉਣ ਨੂੰ ਲੈ ਕੇ ਸਖਤ ਨੇਮ ਹਨ ਜਿਨ੍ਹਾਂ ਦੀ ਪਾਲਣਾ ਉਨ੍ਹਾਂ ਦਾ ਬੇਟਾ ਆਜ਼ਾਦ ਵੀ ਕਰਦਾ ਹੈ।












