ਅਰਮੀਨੀਆ ਦੇ ਲੋਕ ਕਿਉਂ ਹੋਏ ਆਪਣੀ ਸਰਕਾਰ ਦੇ ਖ਼ਿਲਾਫ਼ ?

ਤਸਵੀਰ ਸਰੋਤ, AFP
ਅਰਮੀਨੀਆ ਵਿੱਚ ਸਰਕਾਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੇ ਪ੍ਰਬੰਧਕ ਨਿਕੋਲ ਪਛੀਨਿਆ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ।
ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨਿਕੋਲ ਪਛੀਨਿਆ ਪ੍ਰਧਾਨ ਮੰਤਰੀ ਸਰਜ਼ ਸਰਗਸਿਆਨ ਕੋਲੋਂ ਸੰਵਿਧਾਨ ਵਿੱਚ ਬਦਲਾਅ ਕਾਰਨ ਅਸਤੀਫ਼ਾ ਮੰਗ ਰਹੇ ਹਨ। ਵਿਰੋਧੀਆਂ ਦਾ ਮੰਨਣਾ ਹੈ ਬਦਲਾਅ ਉਨ੍ਹਾਂ ਸੱਤਾ ਕਾਇਮ ਰੱਖਣ ਲਈ ਕੀਤੇ ਹਨ।
ਇਨ੍ਹਾਂ ਬਦਲਾਵਾਂ ਕਾਰਨ ਪ੍ਰਧਾਨ ਮੰਤਰੀ ਨੂੰ ਮਹੱਤਵਪੂਰਨ ਸ਼ਕਤੀ ਮਿਲ ਗਈ ਹੈ।
ਸਰਜ਼ ਸਰਗਸਿਆਨ ਨੇ ਅਜੇ ਪਿਛਲੇ ਹਫ਼ਤੇ 17 ਅਪ੍ਰੈਲ ਨੂੰ ਹੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਿਆ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ।
ਕੀ ਚਾਹੁੰਦੇ ਹਨ ਅਰਮੀਨੀਆ ਦੇ ਲੋਕ?
ਨਿਕੋਲ ਕਹਿੰਦੇ ਹਨ ਉਹ ਸਿਰਫ਼ ਪ੍ਰਧਾਨ ਮੰਤਰੀ ਦੇ ਅਸਤੀਫੇ ਅਤੇ ਸ਼ਕਤੀਆਂ ਦੇ ਬਦਲਾਅ ਦੇ ਢਾਂਚੇ 'ਤੇ ਗੱਲ ਕਰਨ ਲਈ ਤਿਆਰ ਹਨ।

ਤਸਵੀਰ ਸਰੋਤ, AFP
ਸ਼ਨੀਵਾਰ ਨੂੰ ਉਨ੍ਹਾਂ ਨੇ ਰਾਜਧਾਨੀ ਯੇਰੇਵਨ ਦੇ ਰਿਪਬਲਿਕ ਸੁਕੇਅਰ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਜ਼ ਸਰਗਸਿਆਨ ਅਰਮੀਨੀਆ ਵਿੱਚ "ਨਵੀਂ ਹਕੀਕਤ" ਨੂੰ ਨਹੀਂ ਸਮਝ ਰਹੇ।
ਪਰ ਸਰਜ਼ ਸਰਗਸਿਆਨ ਨੇ ਕੁਝ ਅਣਸੁਖਾਵਾਂ ਨਾ ਵਾਪਰੇ ਇਸ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ।
ਰਾਇਟ ਪੁਲਿਸ ਕਈ ਦਿਨਾਂ ਤੋਂ ਪ੍ਰਦਰਸ਼ਨਕਾਰੀਆਂ ਦੀ ਭੀੜ ਨਾਲ ਆਹਮੋ-ਸਾਹਮਣੇ ਹੋ ਰਹੀ ਹੈ ਅਤੇ ਕਈ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਬੀਬੀਸੀ ਦੇ ਰੇਹਨ ਡੇਮੀਟ੍ਰੀ ਦੇ ਰਿਪੋਰਟ ਮੁਤਾਬਕ, "ਦੇਸ ਦੇ ਕਈ ਲੋਕ ਸੱਚਮੁੱਚ ਆਪਣੇ ਦੇਸ ਵਿੱਚ ਬਦਲਾਅ ਚਾਹੁੰਦੇ ਹਨ ਪਰ ਉਹ ਸੋਚਦੇ ਹਨ ਕਿ ਉਨ੍ਹਾਂ ਇਹ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਲੀਡਰਸ਼ਿਪ ਉਹੀ ਰਹਿੰਦੀ ਹੈ।"
ਜਦੋਂ ਰਾਸ਼ਟਰਪਤੀ ਮਿਲੇ ਪ੍ਰਦਰਸ਼ਨਕਾਰੀਆਂ ਨੂੰ
ਅਰਮੇਨ ਸਰਗਸਿਆਨ ਜੋ ਸਰਜ਼ ਸਰਗਸਿਆਨ ਨਾਲ ਸਬੰਧਤ ਨਹੀਂ ਹਨ, ਪ੍ਰਦਰਸ਼ਨਕਾਰੀਆਂ ਵਿਚਾਲੇ ਆਏ ਅਤੇ ਨਿਕੋਲ ਨਾਲ ਹੱਥ ਮਿਲਾਇਆ ਅਤੇ ਅਧਿਕਾਰਤ ਗੱਲਬਾਤ ਲਈ ਕਿਹਾ।

ਤਸਵੀਰ ਸਰੋਤ, Getty Images
ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਰੀਬ 10 ਮਿੰਟ ਗੱਲ ਕੀਤੀ ਅਤੇ ਉਚਿਤ ਗੱਲਬਾਤ ਲਈ ਹੋਟਲ ਵਿੱਚ ਚੱਲਣ ਦਾ ਵੀ ਸੱਦਾ ਦਿੱਤਾ।
ਨਿਕੋਲ ਨੇ ਉਸ ਵੇਲੇ ਮਨ੍ਹਾਂ ਕਰ ਦਿੱਤਾ ਪਰ ਉਨ੍ਹਾਂ ਗਾਰੰਟੀ ਮੰਗੀ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਰਾਸ਼ਟਰਪਤੀ ਦੇ ਇਸ ਨਾਟਕੀ ਦਖ਼ਲ ਤੋਂ ਬਾਅਦ ਨਿਕੋਲ ਨੇ ਸਰਜ਼ ਸਰਗਸਿਆਨ ਨਾਲ ਗੱਲ ਕਰਨ ਦਾ ਐਲਾਨ ਕੀਤਾ।
ਸਰਜ਼ ਸਰਗਸਿਆਨ ਖ਼ਿਲਾਫ਼ ਇੰਨਾਂ ਗੁੱਸਾ ਕਿਉਂ?
ਨਿਕੋਲ ਨੇ ਹਾਲ ਹੀ ਵਿੱਚ 1989 ਵਿੱਚ ਚਲਾਏ ਗਏ ਸ਼ਾਂਤਮਈ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਆਪਣੇ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ "ਵੈਲਵੇਟ ਕ੍ਰਾਂਤੀ" ਦੀ ਵਿਆਖਿਆ ਕੀਤੀ ਸੀ।

ਤਸਵੀਰ ਸਰੋਤ, AFP
1989 ਦੇ ਇਸ ਪ੍ਰਦਰਸ਼ਨ ਕਾਰਨ ਚੈਕੋਸਲੋਵਾਕੀਆ (ਜੋ ਬਾਅਦ ਵਿੱਚ ਦੋ ਸਟੇਟਾਂ ਚੈੱਕ ਰਿਪਬਲਿਕ ਅਤੇ ਸਲੋਵਾਕੀਆ ਵਿੱਚ ਵੰਡਿਆ ਗਿਆ) ਵਿੱਚ ਕਮਿਊਨਿਸਟ ਸ਼ਾਸਨ ਦਾ ਅੰਤ ਹੋਇਆ ਸੀ।
2008 ਵਿੱਚ ਸਰਜ਼ ਸਰਗਸਿਆਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕਰਨ ਕਰਕੇ ਜੇਲ੍ਹ ਵਿੱਚ ਜਾਣ ਵਾਲੇ ਕਾਰਕੁੰਨ ਨੇ "ਸਮੁੱਚੀ ਸਟੇਟ ਦੀ ਪ੍ਰਣਾਲੀ ਨੂੰ ਠੱਪ ਕਰਨ ਲਈ" ਸਮਰਥਕਾਂ ਨੂੰ ਬੁਲਾਇਆ ਕਿਉਂਕਿ "ਸੱਤਾ ਲੋਕਾਂ ਨਾਲ ਹੀ ਹਾਸਿਲ ਹੁੰਦੀ ਹੈ।"
ਉੱਥੇ ਹੀ ਸਰਜ਼ ਸਰਗਸਿਆਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਅਖ਼ੀਰ ਤੱਕ ਕੋਈ ਮਨਸ਼ਾ ਨਹੀਂ ਸੀ।
ਹਾਲਾਂਕਿ ਉਹ ਮੰਗਲਵਾਰ ਨੂੰ ਪਾਰਲੀਮੈਂਟ ਵੱਲੋਂ ਇਸ ਅਹੁਦੇ ਲਈ ਚੁਣੇ ਗਏ ਸਨ।
2008 ਵਿੱਚ ਸਰਜ਼ ਸਰਗਸਿਆਨ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਤਾਂ ਲੋਕਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਉਨ੍ਹਾਂ 'ਤੇ ਕਥਿਤ ਤੌਰ 'ਤੇ ਵੋਟਾਂ ਦੀ ਹੇਰਾਫੇਰੀ ਦੇ ਇਲਜ਼ਾਮ ਲਗਾਏ ਸਨ।












