ਕਠੂਆ ਰੇਪ ਕੇਸ: ਸੁਪਰੀਮ ਕੋਰਟ ਨੇ ਕਿਹਾ ਪੀੜਤਾ ਦੇ ਪਰਿਵਾਰ, ਵਕੀਲ ਨੂੰ ਦਿੱਤੀ ਜਾਏ ਸੁਰੱਖਿਆ

ਤਸਵੀਰ ਸਰੋਤ, MOHIT KHANDHARI/BBC
ਕਠੂਆ ਰੇਪ ਕੇਸ ਦੇ ਵਿੱਚ ਪੀੜਤ ਪੱਖ ਦੀ ਵਕੀਲ ਦੀਪਿਕਾ ਸਿੰਘ ਰਾਜਾਵਤ ਨੇ ਬਲਾਤਕਾਰ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਇਸ ਕੇਸ ਦੀ ਸੁਣਵਾਈ ਜੰਮੂ-ਕਸ਼ਮੀਰ ਤੋਂ ਬਾਹਰ ਕਰਨ ਅਪੀਲ ਕੀਤੀ ਹੈ।
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਕਠੂਆ ਰੇਪ ਕੇਸ ਮਾਮਲੇ ਵਿੱਚ ਪੀੜਤਾ ਦੇ ਪਰਿਵਾਰ ਅਤੇ ਵਕੀਲ ਨੂੰ ਸੁਰੱਖਿਆ ਦਿੱਤੀ ਜਾਵੇ।
ਦੀਪੀਕਾ ਨੇ ਇਹ ਮੰਗ ਕੀਤੀ ਸੀ ਕਿ ਕੇਸ ਨੂੰ ਸੂਬੇ ਤੋਂ ਬਾਹਰ ਸੁਣਿਆ ਜਾਵੇ। ਇਸ 'ਤੇ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਪੀਟੀਆਈ ਦੀ ਖ਼ਬਰ ਮੁਤਾਬਕ ਦੀਪਿਕਾ ਨੇ ਦੱਸਿਆ, "ਐਤਵਾਰ ਉਨ੍ਹਾਂ ਨੂੰ ਧਮਕੀ ਮਿਲੀ ਕਿ ਅਸੀਂ ਤੈਨੂੰ ਨਹੀਂ ਛੱਡਾਂਗੇ ਅਤੇ ਇਹ ਗੱਲ ਮੈਂ ਸੁਪਰੀਮ ਕੋਰਟ ਵਿੱਚ ਵੀ ਕਹਾਂਗੀ।"
ਕਠੂਆ ਬਲਾਤਕਾਰ ਮਾਮਲੇ ਦੇ 8 ਕਥਿਤ ਦੋਸ਼ੀਆਂ ਨੂੰ 8 ਸਾਲਾਂ ਬੱਚੀ ਨਾਲ ਰੇਪ ਅਤੇ ਕਤਲ ਦੇ ਇਲਜ਼ਾਮਾਂ ਤਹਿਤ ਸੋਮਵਾਰ ਨੂੰ ਜੰਮੂ-ਕਸ਼ਮੀਰ ਦੀ ਅਦਾਲਤ ਵਿੱਚ ਪਹਿਲੀ ਸੁਣਵਾਈ ਦੌਰਾਨ ਪੇਸ਼ ਕੀਤਾ ਗਿਆ।
ਕੀ ਹੈ ਮਾਮਲਾ?
ਜਨਵਰੀ ਮਹੀਨੇ ਵਿੱਚ ਕਠੂਆ ਜ਼ਿਲ੍ਹੇ ਦੇ ਰਸਾਨਾ ਪਿੰਡ ਦੀ 8 ਸਾਲ ਦੀ ਬਕਰਵਾਲ ਕੁੜੀ, ਆਪਣੇ ਘੋੜੇ ਨੂੰ ਚਰਾਉਣ ਗਈ ਸੀ ਅਤੇ ਵਾਪਸ ਨਹੀਂ ਆਈ। 7 ਦਿਨਾਂ ਬਾਅਦ ਉਸ ਦੀ ਲਾਸ਼ ਮਿਲੀ, ਜਿਸ 'ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ।
ਪੋਸਟਮਾਰਟਮ ਰਿਪੋਰਟ ਨਾਲ ਪੁਸ਼ਟੀ ਹੋਈ ਕਿ ਹੱਤਿਆ ਤੋਂ ਪਹਿਲਾਂ ਬੱਚੀ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਬਲਾਤਕਾਰ ਕੀਤਾ ਗਿਆ ਸੀ।
ਪੂਰੇ ਮਾਮਲੇ ਦੀ ਜਾਂਚ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਇਮ ਬ੍ਰਾਂਚ ਕਰ ਰਹੀ ਹੈ।
ਕ੍ਰਾਈਮ ਬ੍ਰਾਂਚ ਨੇ ਜਾਂਚ ਤੋਂ ਬਾਅਦ 8 ਲੋਕਾਂ ਨੂੰ ਸਾਜਿਸ਼, ਅਗਵਾ ਕਰਨ, ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਹਾਲਾਤ ਨੇ 7 ਅਪ੍ਰੈਲ 2018 ਨੂੰ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਸੀ ਜਦੋਂ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕਠੂਆ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਾਕਜ਼ਸ਼ੀਟ ਦਾਇਰ ਕਰਨ ਲੱਗੇ।
ਇਸ ਦੌਰਾਨ ਵਕੀਲਾਂ ਦੇ ਇੱਕ ਸਮੂਹ ਨੇ ਹੱਲਾ ਕੀਤਾ ਅਤੇ ਅਧਿਕਾਰੀਆਂ ਨੂੰ ਚਾਰਜ਼ਸ਼ੀਟ ਕਰਨ ਤੋਂ ਰੋਕਿਆ ਸੀ।












