ਸੋਸ਼ਲ: ਪਰਮੀਸ਼ ਵਰਮਾ ਮਾਮਲੇ ਨੂੰ ਫ਼ਿਰਕੂ ਰੰਗਤ ਨਾਲ ਕਿਉਂ ਦੇਖਿਆ ਜਾ ਰਿਹਾ?

ਤਸਵੀਰ ਸਰੋਤ, BBC/FB/PARMISHVERMA
''ਬਾਬੇ ਨਾਨਕ ਦੀ ਮਿਹਰ ਨਾਲ ਮੈਂ ਠੀਕ ਹਾਂ, ਸਾਰੇ ਫੈਨਜ਼ ਦੀਆਂ ਦੁਆਵਾਂ ਨਾਲ ਨੇ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਜਿਵੇਂ ਮੇਰੀ ਮਾਂ ਅੱਜ ਰੋਈ ਹੈ, ਪੰਜਾਬ ਦੇ ਕਿਸੇ ਪੁੱਤ ਦੀ ਮਾਂ ਕਦੇ ਨਾ ਰੋਵੇ। ਸਰਬੱਤ ਦਾ ਭਲਾ''
ਇਹ ਪੋਸਟ ਜ਼ੇਰ-ਏ-ਇਲਾਜ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨੇ ਉਸ 'ਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਆਪਣੇ ਫੇਸਬੁੱਕ ਪੇਜ 'ਤੇ ਪਾਈ ਸੀ।
ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਪਰਮੀਸ਼ ਨੇ ਹਮਲੇ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕ੍ਰਿਆ ਸਾਂਝੀ ਕੀਤੀ ਸੀ।
48 ਘੰਟਿਆਂ ਤੋਂ ਘੱਟ ਸਮੇਂ ਵਿੱਚ ਫੇਸਬੁੱਕ ਉੱਤੇ ਇਸ ਪੋਸਟ 'ਤੇ 90 ਹਜ਼ਾਰ ਦੇ ਕਰੀਬ ਇਮੋਜੀਜ਼ ਦੇ ਰਾਹੀਂ ਲੋਕਾਂ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ। ਇਸ ਦੇ ਨਾਲ ਹੀ 3600 ਤੋਂ ਵੀ ਵੱਧ ਲੋਕ ਇਸ ਪੋਸਟ ਨੂੰ ਸਾਂਝਾ ਕਰ ਚੁੱਕੇ ਹਨ ਅਤੇ 8000 ਦੇ ਕਰੀਬ ਲੋਕਾਂ ਨੇ ਕੁਮੈਂਟ ਰਾਹੀਂ ਆਪਣੀ ਪ੍ਰਤੀਕ੍ਰਿਆ ਦਿੱਤੀ।
ਫੇਸਬੁੱਕ ਪੋਸਟ 'ਤੇ ਆਈਆਂ ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਵਿੱਚ ਮਿਲੇ ਜੁਲੇ ਵਿਚਾਰ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਵਿੱਚ ਪਰਮੀਸ਼ ਦੇ ਫੈਨਜ਼ ਤੋਂ ਲੈ ਕੇ ਪੰਜਾਬੀ ਮਨੋਰੰਜਨ ਜਗਤ ਦੇ ਕਲਾਕਾਰ ਸਾਥੀ ਪਰਮੀਸ਼ ਦੀ ਸਿਹਤਯਾਬੀ ਲਈ ਦੁਆਵਾਂ ਦੇ ਨਾਲ ਨਾਲ ਉਸ ਨਾਲ ਖੜੇ ਰਹਿਣ ਬਾਬਤ ਲਿਖ ਰਹੇ ਹਨ।

ਤਸਵੀਰ ਸਰੋਤ, BBC/FB/PARMISHVERMA
ਇੱਕ ਫੇਸਬੁੱਕ ਯੂਜ਼ਰ ਚਾਚਾ ਚਪੇੜਾ ਵਾਲਾ ਲਿਖਦੇ ਹਨ, ''ਹੁਣ ਪਤਾ ਲੱਗ ਗਿਆ ਹਥਿਆਰਾਂ ਵਾਲੇ ਗੀਤ ਬਣਾਉਣ ਤੇ ਗਾਉਣ ਦਾ ਨਤੀਜਾ, ਇਹ ਮਾਹੌਲ ਤੁਹਾਡੇ ਵਰਗੇ ਗਾਇਕਾਂ ਤੇ ਨਿਰਦੇਸ਼ਕਾਂ ਨੇ ਹੀ ਬਣਾਇਆ ਹੈ, ਚੰਗੇ ਗੀਤ ਲਿਖਣਾ, ਗਾਉਣਾ ਤੇ ਬਣਾਉਣਾ ਪੰਜਾਬ ਵਿੱਚ ਬੈਨ ਹੀ ਹੋ ਗਿਆ ਹੈ, ਪੰਜਾਬ ਨੂੰ ਗੈਂਗਸਟਰ ਬਣਾਉਣ ਵਿੱਚ ਸਭ ਤੋਂ ਵੱਡਾ ਹੱਥ ਪੰਜਾਬੀ ਗਾਇਕਾਂ ਦਾ ਹੀ ਹੈ, ਬਾਕੀ ਰੱਬ ਮਹਿਰ ਕਰੇ ਤੇ ਤੰਦਰੁਸਤੀ ਬਖ਼ਸ਼ੇ, ਹੁਣ ਚੰਗੇ ਗਾਣੇ ਬਣਾਓ ਤਾਂ ਜੋ ਸਮਾਜ ਨੂੰ ਕੋਈ ਚੰਗਾ ਸੁਨੇਹਾ ਜਾਵੇ।''

ਤਸਵੀਰ ਸਰੋਤ, BBC/FB/PARMISHVERMA
ਫੇਸਬੁੱਕ ਯੂਜ਼ਰ ਪ੍ਰਿਅੰਕਾ ਪਥਰਵਾਲ ਨੇ ਲਿਖਿਆ, ''ਤੁਹਾਡੀ ਮਾਂ ਵਾਂਗ ਹੀ ਸਾਨੂੰ ਵੀ ਚਿੰਤਾ ਹੋਈ ਅਤੇ ਅਸੀਂ ਤੁਹਾਡੇ ਲਈ ਦੁਆਵਾਂ ਕੀਤੀਆਂ ਤੇ ਕਰਾਂਗੇ''

ਤਸਵੀਰ ਸਰੋਤ, BBC/FB/PARMISHVERMA
ਮੈਂਡੀ ਸ਼ਰਮਾ ਲਿਖਦੇ ਹਨ, ''ਇਹ ਮਾੜਾ ਵਰਤਾਰਾ ਹੈ ਕਿ ਲੋਕ ਆਪਣੀ ਗੱਲ ਰੱਖਣ ਲਈ ਇਸ ਤਰ੍ਹਾਂ ਦਾ ਕੰਮ ਕਰਦੇ ਹਨ, ਇਨਸਾਨੀਅਤ ਨੂੰ ਕੀ ਹੋ ਗਿਆ''
ਰਵਲੀਨ ਕੋਹਲੀ ਆਵਾਜ਼ ਲਿਖਦੇ ਹਨ, ''ਹਿੰਦੂ ਸੀ ਇਸ ਕਰਕੇ ਅਟੈਕ ਇਸ 'ਤੇ ਹੋਇਆ''

ਤਸਵੀਰ ਸਰੋਤ, BBC/FB/PArmishVerma
ਇਸ ਗੱਲਬਾਤ ਨੂੰ ਅੱਗੇ ਤੋਰਦੇ ਹੋਏ ਪ੍ਰਿੰਸ ਸ਼ਰਮਾ ਨੇ ਲਿਖਿਆ, ''ਰਵਲੀਨ ਕੋਹਲੀ ਆਵਾਜ਼ ਬਿਲਕੁਲ ਸਹੀ ਕਿਹਾ ਜੀ ਤੁਸੀਂ, ਹੋਰ ਜਿਹੜੇ ਲੱਚਰ ਗੀਤ ਗਾਉਂਦੇ ਹਨ ਗਾਇਕ ਉਨ੍ਹਾਂ 'ਤੇ ਹਮਲਾ ਕਿਉਂ ਨਹੀਂ ਹੁੰਦਾ, ਇਸ ਨੇ ਕਿਹੜਾ ਕੋਈ ਲੱਚਰ ਗੀਤ ਗਾਇਆ, ਹਿੰਦੂ ਸੀ ਇਸ ਲਈ ਹੋਇਆ।''
ਨਿਸ਼ਾਂਤ ਸ਼ਰਮਾ ਜਿਹੜੇ ਖ਼ੁਦ ਨੂੰ ਸ਼ਿਵ ਸੈਨਾ ਹਿੰਦੂ ਨਾਂ ਦੇ ਸੰਗਠਨ ਨਾ ਜੁੜਦਾ ਦੱਸਦੇ ਹਨ ਅਤੇ ਪਰਮੀਸ਼ ਦੀ ਪੋਸਟ 'ਤੇ ਲਿਖਦੇ ਹਨ, ''ਪਰਮੀਸ਼ 'ਤੇ ਹਮਲਾ ਕਰ ਕੇ ਭੱਜਣ ਵਾਲੇ ਡਰਪੋਕ ਤੇ ਨਪੁੰਸਕ ਗੈਂਗਸਟਰ ਦਿਲਪ੍ਰੀਤ ਨੂੰ ਪੁਲਿਸ ਵਿੱਕੀ ਗੌਂਡਰ ਵਾਂਗ ਮੌਤ ਦੇ ਘਾਟ ਉਤਾਰੇ।''

ਤਸਵੀਰ ਸਰੋਤ, BBC/FB/PARMISHVERMA
ਨਿਸ਼ਾਂਤ ਨੇ ਅੱਗੇ ਲਿਖਿਆ, ''ਸੋਸ਼ਲ ਮੀਡੀਆ 'ਤੇ ਖਾਲਿਸਤਾਨੀਆਂ ਵੱਲੋਂ ਦਿਲਪ੍ਰੀਤ ਦੀ ਤਾਰੀਫ਼ ਕਰਨਾ ਚਿੰਤਾ ਦੀ ਗੱਲ਼ ਹੈ।''

ਤਸਵੀਰ ਸਰੋਤ, BBC/FB/PARMISHVERMA
ਜੀ ਐੱਸ ਧਨੇਸਰ ਲਿਖਦੇ ਹਨ, ''ਵੀਰ ਤੁਸੀਂ ਗੀਤਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਵੈਲੀ, ਨਸ਼ੇੜੀ ਬਣਾ ਕੇ ਪੇਸ਼ ਕੀਤਾ, ਗੋਲੀਆਂ, ਰਫ਼ਲਾਂ, ਪਸਤੌਲਾਂ ਵਾਲਿਆਂ ਨੂੰ ਤੁਸੀਂ ਹੀਰੋ ਬਣਾ ਕੇ ਪੇਸ਼ ਕੀਤਾ, ਤੁਸੀਂ ਪੰਜਾਬ ਦੀ ਜਵਾਨੀ ਦੇ ਕਾਤਲ ਹੋ, ਜਿਹੜੇ ਰੋਜ਼ ਗੈਂਗਵਾਰ ਨਾਲ ਮਰ ਰਹੇ ਹਨ।''
ਸੁਖਵੰਤ ਪਾਲ ਸਿੰਘ ਲਿਖਦੇ ਹਨ, ''8 ਸਾਲ ਦੀ ਬੱਚੀ ਦਾ ਰੇਪ ਕਰਨ ਵਾਲਿਆਂ ਨੂੰ ਗੋਲੀ ਮਾਰੋ....ਮੈਂ ਕਰਦਾ ਹਾਂ ਤੁਹਾਨੂੰ ਚੈਲੇਂਜ, ਜਾਓ ਮਾਰੋ ਜਾਕੇ।''

ਤਸਵੀਰ ਸਰੋਤ, BBC/FB/PARMISHVERMA
ਪਰਮੀਸ਼ ਵਰਮਾ 'ਤੇ ਗੋਲੀ ਮਾਰਨ ਤੋਂ ਬਾਅਦ ਫੇਸਬੁੱਕ 'ਤੇ ਇਸ ਘਟਨਾ ਦਾ ਕਬੂਲਨਾਮਾ ਕਰਨ ਵਾਲੇ ਦਿਲਪ੍ਰੀਤ ਸਿੰਘ ਢਾਹਾਂ ਨੇ ਆਪਣੀ ਤਾਜ਼ਾ ਪੋਸਟ 'ਚ ਲਿਖਿਆ ਹੈ, ''ਸਾਰਿਆਂ ਨੂੰ ਬੇਨਤੀ ਹੈ ਕਿ ਇਸ ਕੰਮ ਨੂੰ ਕਿਸੇ ਧਰਮ ਨਾਲ ਨਾ ਜੋੜੋ, ਸਾਡੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਹੈ। ਜੇ ਸਰਦਾਰ ਨੇ ਗੋਲੀਆਂ ਮਾਰੀਆਂ ਤਾਂ ਗੱਲ ਹੋਰ ਵੀ ਹੋ ਸਕਦੀ ਹੈ।''
''ਦਸ਼ਮੇਸ਼ ਪਿਤਾ ਜੀ ਦਾ ਸਿੰਘ ਹਾਂ ਪਰ ਜੋ ਮਸਲਾ ਹੈ ਇਸ ਨੂੰ ਗਲਤ ਪਾਸੇ ਨਾ ਲਵੋ। ਕੁਝ ਫੇਸਬੁੱਕ ਵਾਲੇ ਵਿਦਵਾਨ ਬਹੁਤ ਉਤਾਵਲੇ ਹੋ ਰਹੇ ਨੇ ਮਿਲਣ ਨੂੰ ਤੇ ਵੀਡੀਓ ਪਾ ਕੇ ਗਲਤ ਬੋਲੀ ਜਾਂਦੇ ਨੇ ਉਨ੍ਹਾਂ ਲਈ (ਕਾਕਾ ਖਾਨ ਨੂੰ ਜਹਿਰ ਤੇ ਛਾਲ ਮਾਰਨ ਨੂੰ ਨਹਿਰ ਨਹੀਂ ਲੱਭਣੀ ਜਿਸ ਦਿਨ ਮੇਲ ਹੋ ਗਏ) ਫਿਰ ਨਾ ਕਹਿਓ ਨਾਜਾਇਜ਼ ਬੰਦਾ ਮਾਰਤਾ, ਰਹੀ ਗੱਲ ਮਿਲਣ ਦੀ ਤਾਂ ਜਲਦੀ ਮਿਲ ਲੈਂਦੇ ਹਾਂ।''

ਤਸਵੀਰ ਸਰੋਤ, BBC/FB/DilpreetSinghDhahan
''ਇਹ ਤਾਂ 50 ਗੋਲੀਆਂ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ ਉਦੋਂ 500 ਗੋਲੀ ਮਾਰ ਕੇ ਜਾਵਾਂਗੇ।''
''ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪੁਲਿਸ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ, ਇਸ ਕੰਮ ਵਿੱਚ ਆਪਾਂ 4 ਸੀ।''
ਮੇਰੇ ਨਾਲ ਅਕਾਸ਼ ਮਹਾਰਾਸ਼ਟਰ, ਹਰਿੰਦਰ ਸਿੰਘ ਮਹਾਰਾਸ਼ਟਰ ਤੇ ਸੁਖਪ੍ਰੀਤ ਸਿੰਘ ਬੁੱਢਾ ਸੀ, ਤੇ ਬਾਕੀ ਕਾਰਨ ਪਰਮੀਸ਼ ਦੱਸੂ ਮੀਡੀਆ 'ਚ ਆਕੇ।
ਦਿਲਪ੍ਰੀਤ ਦੀ ਇਸ ਤਾਜ਼ਾ ਪੋਸਟ 'ਤੇ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।

ਤਸਵੀਰ ਸਰੋਤ, BBC/FB/DilpreetSinghDhahan
ਬਲਜੀਤ ਭੰਡਾਲ ਲਿਖਦੇ ਹਨ, ''ਆਪਸੀ ਰੰਜਿਸ਼ ਨੂੰ ਧਰਮ ਨਾਲ ਨਾ ਜੋੜੋ ਲੋਕੋ, ਇਸ ਅੱਗ ਦਾ ਸੇਕ ਤੁਹਾਨੂੰ ਨਹੀਂ ਲੱਗਣਾ ਕਿਸੇ ਗਰੀਬ ਡਰਾਈਵਰ ਜਾਂ ਪੰਜਾਬ ਤੋਂ ਬਾਹਰ ਰਹਿਣ ਵਾਲੇ ਮੇਰੇ ਵਰਗੇ ਗਰੀਬ ਨੂੰ ਲੱਗ ਜਾਣਾ।''
ਦੱਸ ਦਈਏ ਕਿ ਦਿਲਪ੍ਰੀਤ ਵੱਲੋਂ ਹਮਲੇ ਬਾਰੇ ਕਬੂਲਨਾਮਾਂ ਵਾਲੀ ਪੋਸਟ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ।












