ਹਰਿਆਣੇ ਦਾ ਇਹ ਨੌਜਵਾਨ ਬੇਰੁਜ਼ਗਾਰ ਨਹੀਂ ਕਹਾਉਣਾ ਚਾਹੁੰਦਾ ਸੀ

ਤਸਵੀਰ ਸਰੋਤ, Sat Singh/BBC
- ਲੇਖਕ, ਸੱਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਇੱਕ 20 ਸਾਲਾ ਨੌਜਵਾਨ ਨੇ ਇੱਕ ਸਾਲ ਬੇਰੁਜ਼ਗਾਰ ਰਹਿਣ ਮਗਰੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਮਰਹੂਮ ਨੌਜਵਾਨ ਦੀ ਪਛਾਣ ਵਿਕਾਸ ਕੁਮਾਰ ਵਜੋਂ ਕੀਤੀ ਗਈ ਹੈ। ਉਸਨੇ ਫਤਿਹਾਬਾਦ ਕਾਲਜ ਤੋਂ ਪ੍ਰਾਈਵੇਟ ਵਿਦਿਆਰਥੀ ਵਜੋਂ ਬੀਏ ਕੀਤੀ ਸੀ।
ਪੁਲਿਸ ਨੂੰ ਇੱਕ ਖ਼ੁਦਕੁਸ਼ੀ ਨੋਟ ਮਿਲਿਆ ਹੈ ਜਿਸ ਵਿੱਚ ਮਰਹੂਮ ਨੇ ਆਪਣੇ ਮਾਪਿਆਂ ਨੂੰ ਇੱਕ ਭਾਵੁਕ ਅਪੀਲ ਕੀਤੀ ਹੈ।
ਇਸ ਚਿੱਠੀ ਵਿੱਚ ਵਿਕਾਸ ਨੇ ਆਪਣੇ ਮਾਪਿਆਂ ਤੋਂ ਮਾਫ਼ੀ ਮੰਗੀ ਹੈ ਕਿ ਉਹ ਇੱਕ ਸਾਲ ਨੌਕਰੀ ਦੀ ਭਾਲ ਕਰਨ ਮਗਰੋਂ ਵੀ ਨੌਕਰੀ ਨਹੀਂ ਲੱਭ ਸਕਿਆ।
ਉਨ੍ਹਾਂ ਲਿਖਿਆ ਕਿ ਮਾਪਿਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਵਿੱਚ ਨਾਕਾਮ ਰਹਿਣ ਕਰਕੇ ਉਨ੍ਹਾਂ ਨੇ ਇਹ ਕਦਮ ਚੁੱਕਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਲਿਖਿਆ, "ਮੈਂ ਦੁਨੀਆਂ ਵਿੱਚ ਬੇਰੁਜ਼ਗਾਰ ਨਹੀਂ ਕਹਾਉਣਾ ਚਾਹੁੰਦਾ।"
ਭਾਟੂ ਕਲਾਂ ਥਾਣੇ 'ਚ ਦਰਜ ਐਫਆਈਆਰ ਮੁਤਾਬਕ ਮਰਹੂਮ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਸਨ ਜਿਨ੍ਹਾਂ ਵਿੱਚੋਂ ਛੋਟਾ ਵਿਕਾਸ 31 ਮਾਰਚ ਨੂੰ ਭਾਟੂ ਕਲਾਂ ਆਪਣੇ ਮਾਮੇ ਨੂੰ ਮਿਲਣ ਗਿਆ ਪਰ ਉੱਥੇ ਪਹੁੰਚਿਆ ਨਹੀਂ।

ਤਸਵੀਰ ਸਰੋਤ, Sat Singh/BBC
ਪਰਿਵਾਰ ਨੇ ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਰਿਵਾਰ ਨੂੰ ਉਸਦੇ ਕੱਪੜੇ ਫਤਿਹਾਬਾਦ ਨਹਿਰ ਦੇ ਕੰਢੇ ਭਾਟੂ ਨੂੰ ਜਾਂਦੀ ਸੜਕ 'ਤੇ ਮਿਲੇ।
ਜੇਬ ਵਿੱਚੋਂ ਮਿਲੀ ਚਿੱਠੀ ਤੋਂ ਇਹ ਸਾਫ ਹੋ ਗਿਆ ਕਿ ਉਸਨੇ ਬੇਰੁਜ਼ਗਾਰੀ ਦੀ ਨਿਰਾਸ਼ਾ ਕਰਕੇ ਆਪਣੀ ਜਾਨ ਦਿੱਤੀ ਹੈ।
ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਦੱਸਿਆ। ਪੁਲਿਸ ਨੂੰ ਸ਼ੱਕ ਹੋਇਆ ਕਿਉਂਕਿ ਲਾਸ਼ ਕੱਪੜਿਆਂ ਵਾਲੀ ਥਾਂ ਤੋਂ ਇੱਕ ਕਿਲੋਮੀਟਰ ਦੂਰੋਂ ਕੱਢ ਲਈ ਗਈ ਸੀ।
ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਪਰਿਵਾਰ ਦੀ ਭਲਾਈ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, "ਮੈਂ ਚਾਹੁੰਦਾ ਸੀ ਕਿ ਮੇਰੇ ਦੋਵੇਂ ਬੇਟੇ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਆਪਣਾ ਭਵਿੱਖ ਚੰਗਾ ਬਣਾਉਣ।"
ਬਦਕਿਸਮਤੀ ਨਾਲ ਉਸਦੀ ਉਮੀਦ ਟੁੱਟ ਗਈ
ਆਪਣੇ ਪੁੱਤਰ ਦੀਆਂ ਨੌਕਰੀ ਸੰਬੰਧੀ ਉਮੀਦਾਂ ਬਾਰੇ ਉਨ੍ਹਾਂ ਕਿਹਾ, "ਪਹਿਲਾਂ ਉਸ ਨੇ ਇੱਕ ਮੋਬਾਈਲ ਦੀ ਦੁਕਾਨ 'ਤੇ ਸੇਲਜ਼-ਮੈਨ ਵਜੋਂ ਕੰਮ ਕੀਤਾ ਅਤੇ ਫੇਰ ਇੱਕ ਹੋਟਲ ਵਿੱਚ ਪਰ ਉਹ ਥੋੜੀਆਂ ਤਨਖਾਹਾਂ ਨਾਲ ਖੁਸ਼ ਨਹੀਂ ਸੀ।"
ਉਨ੍ਹਾਂ ਕਿਹਾ, "ਵਿਕਾਸ ਕਹਿੰਦਾ ਹੁੰਦਾ ਸੀ ਕਿ ਜੇ ਉਸਨੂੰ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਉਸਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਪਰ ਬਦਕਿਸਮਤੀ ਨਾਲ ਉਸਦੀ ਉਮੀਦ ਟੁੱਟ ਗਈ ਤੇ ਉਸਨੇ ਸਾਨੂੰ ਕੱਲਿਆਂ ਛੱਡ ਕੇ ਖ਼ੁਦਕੁਸ਼ੀ ਕਰ ਲਈ।"
ਭਾਟੂ ਕਲਾਂ ਥਾਣੇ ਦੇ ਸਬ ਇਨਸਪੈਕਟਰ ਜਗਦੀਸ਼ ਰਾਓ ਨੇ ਦੱਸਿਆ ਕਿ ਮਾਪਿਆਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਲਾਸ਼ ਫਤਿਹਾਬਾਦ ਦੀ ਛੋਟੀ ਨਹਿਰ ਵਿੱਚੋਂ ਮੰਡੋਰੀ ਪਿੰਡ ਦੇ ਕੋਲੋਂ ਕੱਢੀ ਗਈ।

ਤਸਵੀਰ ਸਰੋਤ, Sat Singh/BBC
ਹਰਿਆਣੇ ਦੇ ਕੁਝ ਅੰਕੜੇ
ਨਵੰਬਰ 2017 ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੇ ਪੂਰੇ ਸੂਬੇ ਵਿੱਚ 'ਸਕਸ਼ਮ ਦਵਿਤਿਆ' ਸਕੀਮ ਅਧੀਨ ਯੋਗ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦੇਣ ਲਈ ਰੋਜ਼ਗਾਰ ਮੇਲੇ ਲਾਉਣ ਦਾ ਦਾਅਵਾ ਕੀਤਾ ਸੀ।
ਮਈ 2016 ਵਿੱਚ ਖੱਟਰ ਨੇ ਨੌਜਵਾਨਾਂ ਨੂੰ ਹਰ ਸਾਲ 10,000 ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਹੋ ਗਿਆ ਹੈ।
2014-15 ਵਿੱਚ ਹੁਣ ਦੀਆਂ ਕੀਮਤਾਂ (31 ਮਾਰਚ, 2017 ਨੂੰ) ਅਨੁਸਾਰ ਹਰਿਆਣਾ ਵਿੱਚ ਪ੍ਰਤੀ ਜੀਅ ਆਮਦਨ 1,485 ਸੀ। (ਸ੍ਰੋਤ- ਸੰਖਿਅਕੀ ਅਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲਾ, ਭਾਰਤ ਸਰਕਾਰ)। ਸੂਬੇ ਵਿੱਚ ਬੇਰੁਜ਼ਗਾਰੀ ਦਰ 28 ਫੀਸਦ ਹੈ।
ਸੂਬੇ ਦਾ ਕੁੱਲ ਘਰੇਲੂ ਉਤਪਾਦ 2011-12 ਵਿੱਚ 2,97,539 ਕਰੋੜ ਰੁਪਏ ਸੀ ਜੋ ਕਿ 2016-17 ਤੱਕ ਪੰਜ ਸਾਲਾਂ ਵਿੱਚ ਦੁੱਗਣਾ 5,47,396 ਹੋ ਗਿਆ ਹੈ।












