ਨਜ਼ਰੀਆ꞉ ‘ਸਰਕਾਰ ਦੀ ਨਾਕਾਮੀ ਬੇਪਰਦਾ ਹੋਣ ਲੱਗੇ ਤਾਂ ਨਵੇਂ ਦੁਸ਼ਮਣ ਦੀ ਭਾਲ ਹੁੰਦੀ ਹੈ’

ਮੁਸਲਮਾਨ ਬਜ਼ੁਰਗ ਤਿਰੰਗੇ ਨਾਲ

ਤਸਵੀਰ ਸਰੋਤ, Getty Images

    • ਲੇਖਕ, ਸ਼ੇਸ਼ ਨਾਰਾਇਣ ਸਿੰਘ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਭਾਰਤ ਵਿੱਚ ਇਹ ਚਰਚਾ ਆਮ ਹੋ ਰਹੀ ਹੈ ਕਿ ਦੇਸ ਵਿੱਚ ਸੱਜੇ ਪੱਖੀ ਤਾਕਤਾਂ ਦੀ ਵੱਧਦੀ ਤਾਕਤ ਸਦਕਾ ਮੁਸਲਮਾਨਾਂ 'ਤੇ ਦੇਸ ਭਗਤੀ ਸਾਬਤ ਕਰਨ ਲਈ ਦਬਾਅ ਵੱਧ ਰਿਹਾ ਹੈ।

ਇਹ ਦਬਾਅ ਸਿਰਫ ਮੁਸਲਮਾਨ ਹੀ ਨਹੀਂ ਦੇਸ ਦੇ ਹੋਰ ਘੱਟ ਗਿਣਤੀ ਵੀ ਮਹਿਸੂਸ ਕਰ ਰਹੇ ਹਨ।

ਇਸ ਸੰਬੰਧ ਵਿੱਚ ਪੜ੍ਹੋ ਸੀਨੀਅਰ ਪੱਤਰਕਾਰ ਸ਼ੇਸ਼ ਨਾਰਾਇਣ ਸਿੰਘ ਦਾ ਨਜ਼ਰੀਆ

ਦੇਸ ਵਿੱਚ ਲਿਬਰਲ ਸਿਆਸਤ ਅਤੇ ਚਿੰਤਨ ਦਾ ਘੇਰਾ ਸੁੰਘੜ ਤਾਂ ਗਿਆ ਹੈ ਪਰ ਹਾਲੇ ਅਲੋਪ ਨਹੀਂ ਹੋਇਆ।

ਇਹ ਵੀ ਸੱਚ ਹੈ ਕਿ ਲਿਬਰਲ ਬੁੱਧੀਜੀਵੀ ਵੀ ਆਪਣੀ ਗੱਲ ਸੋਚ ਸਮਝ ਕੇ ਕਰ ਰਹੇ ਹਨ।

ਜਨਤਕ ਥਾਵਾਂ 'ਤੇ ਦਿਨੋਂ ਦਿਨ ਘੱਟਦੀ ਜਾ ਰਹੀ ਖੁੱਲ੍ਹ ਦਿਲੀ ਬਾਰੇ ਚਰਚਾ ਕਰਨਾ ਮੁਸ਼ਕਿਲ ਹੋ ਰਿਹਾ ਹੈ।

ਤਕਰੀਬਨ 17 ਕਰੋੜ ਦੀ ਆਬਾਦੀ ਵਾਲੇ ਮੁਸਲਮਾਨ ਅਤੇ ਉਨ੍ਹਾਂ ਦੇ ਮਸਲਿਆਂ ਤੇ ਚਰਚਾ ਦਾ ਕੰਮ ਇਕੱਲੇ ਅਸਦਉਦੀਨ ਓਵੈਸੀ ਤੇ ਛੱਡ ਦਿੱਤਾ ਗਿਆ ਹੈ।

ਮੁਸਲਮਾਨਾਂ ਦਾ ਨਾਮ ਲੈ ਕੇ ਕਾਂਗਰਸੀ ਹੋਣ ਜਾਂ ਸਮਾਜਵਾਦੀ ਸਾਰੇ ਪਾਸਾ ਵਟਦੇ ਨਜ਼ਰ ਆ ਰਹੇ ਹਨ।

ਹਾਂ, ਪਾਕਿਸਤਾਨ, ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਅਤੇ ਅੱਤਵਾਦ ਦਾ ਨਾਂ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਖੁਲ੍ਹੇ ਰੂਪ ਵਿੱਚ ਬਣਾਇਆ ਜਾਂਦਾ ਹੈ।

ਇਨ੍ਹਾਂ ਦਿਨਾਂ ਵਿੱਚ ਕਈ ਵਿਦਵਾਨ ਇਸ ਬਹਿਸ ਵਿੱਚ ਲੱਗੇ ਹੋਏ ਹਨ ਕਿ ਦੇਸ ਦੇ ਮੁਸਲਮਾਨ ਕਿਹੋ ਜਿਹੇ ਹੋਣੇ ਚਾਹੀਦੇ ਹਨ।

ਉਨ੍ਹਾਂ ਨੂੰ ਕਿਹੋ-ਜਿਹਾ ਦਿਖਣਾ ਚਾਹੀਦਾ ਹੈ, ਕੀ ਪਹਿਨਣਾ ਚਾਹੀਦਾ ਹੈ, ਕੀ ਖਾਣਾ ਚਾਹੀਦਾ ਹੈ...ਬੀਫ ਬੈਨ ਕਰਨ ਮਗਰੋਂ ਹੁਣ ਚਰਚਾ ਉਨ੍ਹਾਂ ਦੀ ਦਾੜ੍ਹੀ ਤੇ ਬੁਰਕੇ ਬਾਰੇ ਹੋਣ ਲੱਗ ਪਈ ਹੈ।

ਨਫਰਤ ਨੂੰ ਸਿਆਸੀ ਪੂੰਜੀ ਬਣਾਉਣ ਦੀ ਕੋਸ਼ਿਸ਼ ਕਈ ਸਾਲਾਂ ਤੋਂ ਹੋ ਰਹੀ ਸੀ ਜਿਹੜੀ ਹੁਣ ਸਫ਼ਲ ਹੁੰਦੀ ਦਿਖਾਈ ਦੇ ਰਹੀ ਹੈ।

ਮਨਾਜ਼ ਪੜ੍ਹਦੀਆਂ ਔਰਤਾਂ ਤੇ ਬੱਚਾ

ਤਸਵੀਰ ਸਰੋਤ, Getty Images

ਮਾਹੌਲ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਮੁਸਲਮਾਨ ਯਾਨੀ ਅਜਿਹਾ ਵਿਅਕਤੀ ਜਿਸਦੀ ਇਸ ਦੇਸ ਪ੍ਰਤੀ ਨਿਸ਼ਠਾ ਸ਼ੱਕੀ ਹੈ।

1857 ਤੋਂ 1947 ਤੱਕ ਦੇਸ ਲਈ ਜਾਨਾਂ ਵਾਰਨ ਵਾਲੇ ਹਜ਼ਾਰਾਂ ਮੁਸਲਮਾਨਾਂ ਬਾਰੇ ਇਹ ਮਾਹੌਲ ਉਨ੍ਹਾਂ ਲੋਕਾਂ ਦੁਆਰਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਲੜਾਈ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਸੀ।

1947 ਵਿੱਚ ਪਾਕਿਸਤਾਨ ਜਾਣ ਦਾ ਬਦਲ ਹੁੰਦੇ ਹੋਏ ਹਿੰਦੂਆਂ ਨਾਲ ਮੁਹੱਬਤ ਤੇ ਭਰੋਸਾ ਹੀ ਤਾਂ ਸੀ ਕਿ ਲੱਖਾਂ ਲੋਕ ਪਾਕਿਸਤਾਨ ਨਹੀਂ ਗਏ।

ਦੇਸ ਭਗਤੀ ਦਾ ਪ੍ਰਮਾਣ ਪੱਤਰ

ਹੁਣ ਹਿੰਦੂਆਂ ਦੀ ਅਗਵਾਈ ਦਾ ਦਮ ਭਰਨ ਵਾਲੇ ਸੰਗਠਨਾਂ ਨੇ ਦੇਸ ਭਗਤੀ ਦੇ ਸਰਟੀਫਿਕੇਟ ਵੰਡਣ ਦਾ ਜਿੰਮਾ ਆਪਣੇ ਉੱਪਰ ਲੈ ਲਿਆ ਹੈ।

ਦਾੜ੍ਹੀ ਰੱਖਣ ਵਾਲਾ, ਨਮਾਜ਼ ਪੜ੍ਹਨ ਵਾਲਾ, ਟੋਪੀ ਪਹਿਨਣ ਵਾਲਾ ਮੁਸਲਮਾਨ ਆਪਣੇ-ਆਪ ਰੱਦ ਹੋ ਜਾਂਦਾ ਹੈ।

ਉਸਨੂੰ ਤਾਂ ਏਪੀਜੇ ਅਬਦੁਲ ਕਲਾਮ ਵਰਗਾ ਮੁਸਲਮਾਨ ਚਾਹੀਦਾ ਹੈ ਜੋ ਗੀਤਾ ਪੜ੍ਹੇ ਤੇ ਸਿਤਾਰ ਵਜਾਵੇ ਪਰ ਆਪਣੇ ਧਰਮ ਦੇ ਕੋਈ ਲੱਛਣ ਨਾ ਦਿਖਾਵੇ।

ਬੁਰਕਾਪੋਸ਼ ਔਰਤਾਂ

ਤਸਵੀਰ ਸਰੋਤ, Getty Images

ਦੂਜੇ ਪਾਸੇ ਭਜਨ, ਕੀਰਤਨ, ਤੀਰਥ ਯਾਤਰਾ, ਧਾਰਮਿਕ ਜੈਕਾਰੇ ਤੇ ਟਿੱਕਾ ਲਾਉਣ ਨੂੰ ਦੇਸ ਭਗਤੀ ਦਾ ਲੱਛਣ ਬਣਾਇਆ ਜਾ ਰਿਹਾ ਹੈ।

ਭਾਵ ਜੋ ਇਹ ਕਰੇਗਾ ਦੇਸ ਭਗਤ ਤੇ ਜੋ ਨਹੀਂ ਕਰੇਗਾ ਉਹ ਦੇਸ ਭਗਤ ਨਹੀਂ ਹੋਵੇਗਾ। ਸਾਫ਼ ਹੈ ਮੁਸਲਮਾਨ ਆਪਣੇ-ਆਪ ਨਕਾਰੇ ਜਾਣਗੇ।

ਦੇਖਿਆ ਇਹ ਜਾ ਰਿਹਾ ਹੈ ਕਿ ਜਦੋਂ ਵੀ ਸਰਕਾਰ ਦੀ ਕੋਈ ਅਸਫ਼ਲਤਾ ਬੇਪਰਦ ਹੁੰਦੀ ਹੈ ਤਾਂ ਕੋਈ ਦੁਸ਼ਮਣ ਲੱਭ ਲਿਆ ਜਾਂਦਾ ਹੈ ਤੇ ਉਸ ਤੇ ਹਮਲੇ ਸ਼ੁਰੂ ਹੋ ਜਾਂਦੇ ਹਨ ਜਿਸ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਰਾਸ਼ਟਰਵਾਦ ਇਨ੍ਹਾਂ ਹਮਲਿਆਂ ਨੂੰ ਹਵਾ ਦਿੰਦਾ ਹੈ।

'ਦੁਸ਼ਮਣ' ਖਿਲਾਫ਼ ਲੋਕਾਂ ਨੂੰ ਇੱਕ ਜੁੱਟ ਕਰਨਾ ਸੌਖਾ ਹੋ ਜਾਂਦਾ ਹੈ।

ਇਸ ਪ੍ਰਕਾਰ ਦਾ ਰਾਸ਼ਟਰਵਾਦ ਹਰ ਉਸ ਵਿਅਕਤੀ ਜਾਂ ਸੰਗਠਨ ਨੂੰ ਦੁਸ਼ਮਣ ਬਣਾ ਕੇ ਪੇਸ਼ ਕਰਦਾ ਹੈ ਜਿਸ ਬਾਰੇ ਸ਼ੱਕ ਹੋ ਜਾਵੇ ਕਿ ਉਹ ਮੁਕਾਮੀ ਸੱਤਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਚੁਣੌਤੀ ਦੇ ਸਕਦਾ ਹੈ।

ਉਹ ਕੋਈ ਟ੍ਰੇਡ ਯੂਨੀਅਨ, ਕੋਈ ਵਿਦਿਆਰਥੀ ਸੰਗਠਨ, ਕੋਈ ਐਨਜੀਓ, ਲੋਕ ਲਹਿਰ ਜਾਂ ਕੋਈ ਹੋਰ ਸੰਗਠਨ ਹੋ ਸਕਦਾ ਹੈ।

ਇਸੇ ਚੌਖਟੇ ਵਿੱਚ ਮੁਸਲਮਾਨਾਂ ਨੂੰ ਸਰਕਾਰੀ ਰਾਸ਼ਟਰਵਾਦੀ ਵਰਗ ਨੇ ਫਿੱਟ ਕਰ ਦਿੱਤਾ ਹੈ।

ਟੀਵੀ ਚੈਨਲਾਂ 'ਤੇ ਹੋਣ ਵਾਲੀਆਂ ਬਹਿਸਾਂ ਵਿੱਚ ਇਹ ਗੱਲ ਤੇਜ਼ੀ ਨਾਲ ਸਪੱਸ਼ਟ ਹੋ ਰਹੀ ਹੈ। ਸਾਫ ਦਿਖ ਰਿਹਾ ਹੈ ਕਿ ਇੱਕ ਨਿਸ਼ਾਨਾ ਪਛਾਣ ਕੇ ਤੀਰ ਚਲਾਏ ਜਾ ਰਹੇ ਹਨ।

ਇਸ ਪ੍ਰਸੰਗ ਵਿੱਚ ਹਰਸ਼ ਮੰਦਰ ਦੇ ਇੱਕ ਲੇਖ ਦਾ ਜ਼ਿਕਰ ਕਰਨਾ ਮੁਨਾਸਬ ਹੈ। ਉਨ੍ਹਾਂ ਲਿਖਿਆ ਸੀ ਕਿ ਇੱਕ ਦਲਿਤ ਸਿਆਸਤਦਾਨ ਨੇ ਕਿਹਾ ਕਿ ਤੁਸੀਂ ਮੇਰੀ ਰੈਲੀ ਵਿੱਚ ਆਓ ਪਰ ਇੱਕ ਖ਼ਾਸ ਕਿਸਮ ਦੀ ਟੋਪੀ ਜਾਂ ਬੁਰਕੇ ਤੋਂ ਬਿਨਾ।

ਰਾਮਚੰਦਰ ਗੁਹਾ ਮੁਤਾਬਕ ਇਹ ਠੀਕ ਨਹੀਂ ਹੈ, ਉਨ੍ਹਾਂ ਦਾ ਤਰਕ ਹੈ ਕਿ ਇਹ ਮੁਸਲਮਾਨਾਂ ਨੂੰ ਖੁੱਡੇ-ਲਾਈਨ ਲਾਉਣ ਦੀ ਕੋਸ਼ਿਸ਼ ਹੈ।

ਜਦਕਿ ਮੁਕੁਲ ਕੇਸ਼ਵਨ ਕਹਿੰਦੇ ਹਨ ਕਿ ਮੁਸਲਮਾਨ ਔਰਤਾਂ ਨੂੰ ਬੁਰਕਾ ਤਿਆਗਣ ਦਾ ਸੁਝਾਅ ਦੇ ਕੇ ਇਹ ਆਗੂ ਉਨ੍ਹਾਂ ਨੂੰ ਪ੍ਰਗਤੀਸ਼ੀਲ ਏਜੰਡੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਿਹਾ ਹੈ।

ਮੁਸਲਮਾਨਾਂ 'ਤੇ ਦਬਾਅ

ਇਹ ਅਜਿਹਾ ਸਮਾਂ ਹੈ ਜਦੋਂ ਸਰਕਾਰ ਦਾ ਸਾਰਾ ਧਿਆਨ ਸਿਰਫ਼ ਮੁਸਲਮਾਨਾਂ ਦੇ ਸਾਮਾਜਿਕ ਸੁਧਾਰ 'ਤੇ ਲੱਗਿਆ ਹੋਇਆ ਹੈ।

ਤਿੰਨ ਤਲਾਕ, ਹੱਜ ਦੀ ਸਬਸਿਡੀ ਅਤੇ ਹਲਾਲਾ ਆਦਿ ਬਾਰੇ ਪੂਰੇ ਜੋਸ਼ ਨਾਲ ਚਰਚਾ ਹੋ ਰਹੀ ਹੈ।

ਇਸ ਨਾਲ ਮੁਸਲਮਾਨਾਂ 'ਤੇ ਦਬਾਅ ਬਣ ਰਿਹਾ ਹੈ ਕਿ ਉਹ ਇਸ ਦੇਸ ਵਿੱਚ ਕਿਵੇਂ ਰਹਿਣਗੇ ਇਸਦਾ ਫੈਸਲਾ ਬਹੁਗਿਣਤੀ ਹਿੰਦੂ ਕਰਨਗੇ।

ਹਿੰਦੂਵਾਦੀ ਧਰਨਾਕਾਰੀ

ਤਸਵੀਰ ਸਰੋਤ, Getty Images

ਇਹ ਤਿੰਨੇ ਹੀ ਬੁੱਧੀਜੀਵੀ ਵਿਦਵਾਨ ਪੁਰਸ਼ ਹਨ ਪਰ ਇਨ੍ਹਾਂ ਦੀਆਂ ਗੱਲਾਂ ਵਿੱਚ ਪੂਰੀ ਸੱਚਾਈ ਨਹੀਂ ਹੈ।

ਸੱਚਾਈ ਇਹ ਹੈ ਕਿ ਸਾਮਾਜਿਕ ਪੱਧਰ 'ਤੇ ਮੁਸਲਮਾਨਾਂ ਨਾਲ ਮਿਲਦੇ ਰਹਿਣ ਨਾਲ, ਉਨ੍ਹਾਂ ਦੀਆਂ ਬਸਤੀਆਂ ਵਿੱਚ ਕੁਝ ਸਮਾਂ ਰਹਿ ਲੈਣ ਨਾਲ ਮੁਸਲਮਾਨ ਮਾਨਸਿਕਤਾ ਨੂੰ ਸਮਝਿਆ ਨਹੀਂ ਜਾ ਸਕਦਾ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਚੱਲ ਰਹੀ ਇਸ ਬਹਿਸ ਵਿੱਚ ਨਵੀਂ ਐਂਟਰੀ ਬ੍ਰਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੂਤੋਸ਼ ਵਾਸ਼ਣਏਯ ਨੇ ਕੀਤੀ ਹੈ। ਉਨ੍ਹਾਂ ਨੇ ਰਾਸ਼ਟਰਵਾਦ ਨੂੰ ਸਮਝਣ ਲਈ ਭੂਗੋਲਿਕ ਅਤੇ ਧਾਰਮਿਕ ਜਾਂ ਜਾਤ ਨਾਲ ਜੁੜੀਆਂ ਸੀਮਾਵਾਂ ਦੀ ਗੱਲ ਕਰਕੇ ਬਹਿਸ ਨੂੰ ਉਸੇ ਪ੍ਰਸੰਗ ਵਿੱਚ ਰੱਖਣ ਦਾ ਯਤਨ ਕੀਤਾ ਹੈ। ਇਹ ਵਿਸ਼ਾ ਬਹੁਤ ਹੀ ਗੁੰਝਲਦਾਰ ਹੈ ਅਤੇ ਇਸੇ ਨਾਲ ਮੁਸਲਮਾਨਾਂ ਦੀ ਇੱਜਤ ਦਾ ਸਵਾਲ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।

ਜਦੋਂ ਰਾਸ਼ਟਰ ਅਤੇ ਮਨੁੱਖਤਾ ਦੇ ਕਿਸੇ ਮਸਲੇ ਨੂੰ ਸਹੀ ਤਰ੍ਹਾਂ ਸਮਝਣ ਦੀ ਜ਼ਰੂਰਤ ਪੈਂਦੀ ਹੈ ਤਾਂ ਇੱਕ ਇਨਸਾਨ ਅਜਿਹਾ ਹੈ ਜਿਸਦੀਆਂ ਗੱਲਾਂ ਖਰਾ ਸੋਨਾ ਹੁੰਦੀਆਂ ਹਨ।

ਇਸ ਗੱਲ ਦੀ ਪੜਤਾਲ ਕਰਨਾ ਜਰੂਰੀ ਹੈ ਕਿ ਰਾਸ਼ਟਰਵਾਦ ਬਾਰੇ ਮਹਾਤਮਾਂ ਗਾਂਧੀ ਨੇ ਕੀ ਕਿਹਾ ਹੈ।

'ਮੇਰੇ ਸੁਫਨਿਆਂ ਦਾ ਭਾਰਤ' ਵਿੱਚ ਮਹਾਤਮਾ ਗਾਂਧੀ ਨੇ ਲਿਖਿਆ ਹੈ, ''ਮੇਰੇ ਲਈ ਦੇਸ ਪ੍ਰੇਮ ਅਤੇ ਮਾਨਵ ਪ੍ਰੇਮ ਵਿੱਚ ਕੋਈ ਫਰਕ ਨਹੀਂ ਹੈ, ਦੋਵੇਂ ਇੱਕ ਹੀ ਹਨ। ਮੈਂ ਦੇਸ ਪ੍ਰੇਮੀ ਹਾਂ, ਕਿਉਂਕਿ ਮੈਂ ਮਾਨਵ ਪ੍ਰੇਮੀ ਹਾਂ। ਦੇਸ ਪ੍ਰੇਮ ਦੀ ਜੀਵਨ ਨੀਤੀ ਕਿਸੇ ਕੁੱਲ ਜਾਂ ਕਬੀਲੇ ਦੇ ਸਰਦਾਰ ਦੀ ਜੀਵਨ ਨੀਤੀ ਤੋਂ ਵੱਖਰੀ ਨਹੀਂ ਹੈ। ਜੇ ਕੋਈ ਦੇਸ ਪ੍ਰੇਮੀ ਉਨ੍ਹਾਂ ਹੀ ਕੱਟੜ ਮਾਨਵ ਪ੍ਰੇਮੀ ਨਹੀਂ ਹੈ ਤਾਂ ਕਹਿਣਾ ਚਾਹੀਦਾ ਹੈ ਕਿ ਉਸਦਾ ਦੇਸ ਪ੍ਰੇਮ ਹੇਠਲੇ ਪੱਧਰ ਦਾ ਹੈ।'

ਮਹਾਤਮਾਂ ਗਾਂਧੀ

ਤਸਵੀਰ ਸਰੋਤ, Getty Images

ਗਾਂਧੀ ਲਿਖਦੇ ਹਨ, "ਜਿਸ ਤਰ੍ਹਾਂ ਦੇਸ ਪ੍ਰੇਮ ਦਾ ਧਰਮ ਸਾਨੂੰ ਅੱਜ ਇਹ ਸਿਖਾਉਂਦਾ ਹੈ ਕਿ ਵਿਅਕਤੀ ਨੂੰ ਪਰਿਵਾਰ ਨੂੰ ਪਿੰਡ ਲਈ, ਪਿੰਡ ਨੂੰ ਪੰਚਾਇਤ ਲਈ ਅਤੇ ਪੰਚਾਇਤ ਨੂੰ ਸੂਬੇ ਲਈ ਮਰਨਾ ਚਾਹੀਦਾ ਹੈ ਉਸੇ ਤਰ੍ਹਾਂ ਦੇਸ ਨੂੰ ਆਜ਼ਾਦ ਇਸ ਲਈ ਹੋਣਾ ਚਾਹੀਦਾ ਹੈ ਕਿ ਲੋੜ ਪੈਣ 'ਤੇ ਸੰਸਾਰ ਲਈ ਆਪਣਾ ਬਲੀਦਾਨ ਦੇ ਸਕੇ। ਇਸ ਲਈ ਰਾਸ਼ਟਰਵਾਦ ਦੀ ਮੇਰੀ ਕਲਪਨਾ ਇਹ ਹੈ ਕਿ ਮੇਰਾ ਦੇਸ ਇਸ ਲਈ ਆਜ਼ਾਦ ਹੋਵੇ ਕਿ ਮੌਕਾ ਪੈਦਾ ਹੋਣ 'ਤੇ ਸਾਰੇ ਹੀ ਦੇਸ ਮਾਨਵ ਜਾਤੀ ਦੀ ਜਾਨ ਬਚਾਉਣ ਲਈ ਆਪਣੀ ਮਰਜ਼ੀ ਨਾਲ ਮੌਤ ਨੂੰ ਗਲੇ ਲਾ ਸਕਣ। ਜਿਸ ਵਿੱਚ ਨਸਲੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਮੇਰੀ ਦੁਆ ਹੈ ਕਿ ਸਾਡਾ ਰਾਸ਼ਟਰਪ੍ਰੇਮ ਅਜਿਹਾ ਹੀ ਹੋਵੇ।"

ਰਾਸ਼ਟਰਵਾਦ ਦੀ ਸੱਚੀ ਤਸਵੀਰ

ਮਹਾਤਮਾਂ ਗਾਂਧੀ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਕਿਹਾ, "ਸਾਡਾ ਰਾਸ਼ਟਰਵਾਦ ਦੂਜੇ ਦੇਸਾਂ ਲਈ ਸੰਕਟ ਦੀ ਵਜ੍ਹਾ ਨਹੀਂ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਆਪਣਾ ਸ਼ੋਸ਼ਣ ਨਹੀਂ ਕਰਨ ਦੇਵਾਂਗੇ, ਉਸੇ ਤਰ੍ਹਾਂ ਅਸੀ ਕਿਸੇ ਦਾ ਸ਼ੋਸ਼ਣ ਕਰਾਂਗੇ ਵੀ ਨਹੀਂ। ਸਵਰਾਜ ਵਿੱਚ ਅਸੀਂ ਸਮੁੱਚੀ ਮਾਨਵਤਾ ਦੀ ਸੇਵਾ ਕਰਾਂਗੇ।"

ਮਹਾਤਮਾਂ ਗਾਂਧੀ ਦੀ ਗੱਲ ਰਾਸ਼ਟਰਵਾਦ ਦੀ ਧਾਰਣਾ ਨੂੰ ਤੰਗਦਿਲੀ ਤੋਂ ਬਹੁਤ ਦੂਰ ਲੈ ਜਾਂਦੀ ਹੈ ਅਤੇ ਸਹੀ ਅਰਥਾਂ ਵਿੱਚ ਇਹੀ ਰਾਸ਼ਟਰਵਾਦ ਦੀ ਸਹੀ ਤਸਵੀਰ ਹੈ।

ਮੁਸਲਮਾਨ ਬਜ਼ੁਰਗ

ਮਹਾਤਮਾ ਗਾਂਧੀ ਚੰਗੀ ਤਰ੍ਹਾਂ ਸਮਝਦੇ ਸਨ ਕਿ ਦੇਸ ਭਗਤੀ ਦਾ ਆਧਾਰ ਧਰਮ ਨਹੀਂ ਹੋ ਸਕਦਾ ਅਤੇ ਇਹ ਵੀ ਕਿਸੇ ਧਰਮ ਵਿੱਚ ਤਬਦੀਲੀ ਦੀ ਸੁਰ ਅੰਦਰੋਂ ਆਉਣੀ ਚਾਹੀਦੀ ਹੈ ਕਿਉਂਕਿ ਬਾਹਰੋਂ ਆਉਣ ਵਾਲੀਆਂ ਆਵਾਜ਼ਾਂ ਬਾਰੇ ਸਕਾਰਾਤਮਿਕ ਪ੍ਰਤੀਕਿਰਿਆ ਦੀ ਸੰਭਾਵਨਾ ਨਹੀਂ ਹੈ। ਮਿਸਾਲ ਵਜੋਂ ਕਿੰਨੇ ਹਿੰਦੂ ਆਪਣੇ ਧਾਰਮਿਕ-ਸਾਮਾਜਿਕ-ਸੱਭਿਆਚਾਰਕ ਜੀਵਨ 'ਤੇ ਮੁਸਲਮਾਨਾਂ ਦੀ ਜਾਂ ਈਸਾਈਆਂ ਦੀ ਟੀਕਾ-ਟਿੱਪਣੀ ਸੁਣਨਾ ਚਾਹੁਣਗੇ?

ਗਾਂਧੀ ਨੈਤਿਕਤਾ ਦੇ ਦਮ ਵਿੱਚ ਯਕੀਨ ਰੱਖਦੇ ਸਨ। ਫਿਲਹਾਲ ਦੇਸ ਦੀ ਸਿਆਸਤ ਬਹੁਗਿਣਤੀ ਦੇ ਦਮ 'ਤੇ ਚੱਲ ਰਹੀ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)