ਮੋਇਨ ਅਲੀ: ਸਾਰੇ ਮੁਸਲਮਾਨ ਖ਼ਰਾਬ ਨਹੀਂ ਹੁੰਦੇ

ਤਸਵੀਰ ਸਰੋਤ, Getty Images
ਇੰਗਲੈਂਡ ਅਤੇ ਆਸਟ੍ਰੇਲੀਆ ਦੇ ਵਿੱਚਕਾਰ ਖੇਡੀ ਜਾਣ ਵਾਲੀ ਐਸ਼ੇਜ ਸੀਰੀਜ਼ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਮੋਇਨ ਅਲੀ ਬਰਤਾਨੀਆ ਵਿਚ ਏਸ਼ੀਆਈ ਮੂਲ ਦੇ ਵਿੱਚ ਵੱਡੇ ਸਿਤਾਰੇ ਰਹਿਣਗੇ।
ਇਸ ਮੁਸਲਮਾਨ ਆਲਰਾਉਂਡਰ ਦਾ ਕਹਿਣਾ ਹੈ ਕਿ ਉਹ ਸਾਰੇ ਫ਼ਿਰਕਿਆਂ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।
ਬੀਬੀਸੀ ਨਿਊਜਬੀਟ ਵਿੱਚ ਇੱਕ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਲੋਕ ਮੇਰੇ ਵੱਲ ਵੇਖਣ ਅਤੇ ਮੇਰੇ ਵਰਗਾ ਬਣਨ। ਸਾਰੇ ਮੁਸਲਮਾਨ ਖ਼ਰਾਬ ਨਹੀਂ ਹੁੰਦੇ।"
ਇੱਕ ਮੁਸਲਮਾਨ ਦੇ ਤੌਰ ਉੱਤੇ ਇੰਗਲੈਂਡ ਲਈ ਕ੍ਰਿਕੇਟ ਖੇਡਣ ਤੇ ਮੋਇਨ ਦੀ ਜ਼ਿੰਦਗੀ ਵਿੱਚ ਕੀ ਫ਼ਰਕ ਪਿਆ ਅਤੇ ਉਹ ਵੀ ਅਜਿਹੇ ਵੇਲੇ ਜਦੋਂ ਉਨ੍ਹਾਂ ਦੇ ਧਰਮ ਨੂੰ ਆਲੋਚਨਾਵਾਂ 'ਚੋਂ ਲੰਘਣਾ ਪੈ ਰਿਹਾ ਹੋਵੇ।

ਤਸਵੀਰ ਸਰੋਤ, Getty Images
ਮੋਇਨ ਅਲੀ ਕਹਿੰਦੇ ਹਨ, "ਲੋਕਾਂ ਦੇ ਦਿਮਾਗ਼ ਵਿੱਚ ਕਈ ਤਰ੍ਹਾਂ ਦੀਆਂ ਨਾ ਪੱਖੀ ਗੱਲਾਂ ਹਨ। ਮੈਨੂੰ ਉਮੀਦ ਹੈ ਕਿ ਮੈਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਪ੍ਰੇਰਿਤ ਕਰ ਸਕਾਂਗਾ ਤਾਂ ਕਿ ਉਹ ਜਿਸ ਰਸਤੇ ਉੱਤੇ ਚੱਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਸ ਨੂੰ ਕਰਨ ਵਿੱਚ ਡਰ ਨਾ ਲੱਗੇ। ਭਾਵੇਂ ਉਹ ਕ੍ਰਿਕੇਟ ਖੇਡਣਾ ਚਾਹੁਣ ਜਾਂ ਕੋਈ ਹੋਰ ਖੇਡ ਤੇ ਜਾਂ ਉਹ ਹੋਰ ਕੁਝ ਵੀ ਕਰਨਾ ਚਾਹੁਣ।
ਮੋਇਨ ਬਰਤਾਨੀਆ ਦੇ ਉਨ੍ਹਾਂ ਗਿਣੇ ਚੁਣੇ ਏਸ਼ੀਆਈ ਲੋਕਾਂ ਵਿੱਚੋਂ ਹਨ ਜੋ ਇੰਗਲੈਂਡ ਲਈ ਉੱਪਰਲੇ ਪੱਧਰ 'ਤੇ ਖੇਡੇ ਹਨ।
ਨਵੰਬਰ 2016 ਵਿੱਚ ਜਦੋਂ ਮੋਇਨ ਅਲੀ ਨੂੰ ਰਾਜਕੋਟ ਵਿੱਚ ਭਾਰਤ ਦੇ ਖ਼ਿਲਾਫ਼ ਟੇਸਟ ਖੇਡਣ ਲਈ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਤਿਹਾਸ ਬਣਾਉਣ ਵਿੱਚ ਮਦਦ ਕੀਤੀ ਸੀ।
ਮੋਇਨ ਅਲੀ ਦੇ ਨਾਲ ਆਦਿਲ ਰਸ਼ੀਦ, ਹਸੀਬ ਹਮੀਦ ਅਤੇ ਜਫਰ ਅੰਸਾਰੀ ਵੀ ਉਸ ਵੇਲੇ ਇੰਗਲੈਂਡ ਦੀ ਟੀਮ ਦਾ ਹਿੱਸਾ ਬਣੇ ਸਨ।

ਤਸਵੀਰ ਸਰੋਤ, Getty Images
ਇਹ ਪਹਿਲੀ ਵਾਰ ਸੀ ਕਿ ਚਾਰ ਏਸ਼ੀਆਈ ਮੂਲ ਦੇ ਖਿਡਾਰੀ ਇੰਗਲੈਂਡ ਦੀ ਕ੍ਰਿਕੇਟ ਟੀਮ ਲਈ ਚੁਣੇ ਗਏ ਸਨ।
ਬਰਤਾਨੀਆ ਇਸ ਨੂੰ ਇੱਕ ਇਤਿਹਾਸਿਕ ਮੌਕਾ ਦੱਸਦਾ ਹੈ ਪਰ ਇੱਕ ਸਾਲ ਬਾਅਦ ਸਿਰਫ਼ ਮੋਇਨ ਅਲੀ ਹੀ ਆਸਟ੍ਰੇਲੀਆ ਦੇ ਖ਼ਿਲਾਫ਼ ਇੰਗਲੈਂਡ ਲਈ ਖੇਡ ਰਹੇ ਸਨ।
ਮੋਇਨ ਅਲੀ ਦੇ ਤਰੱਕੀ ਦੀ ਕਹਾਣੀ ਇੰਗਲੈਂਡ ਵਿੱਚ ਖੇਡਣ ਵਾਲੇ ਏਸ਼ੀਆਈ ਕ੍ਰਿਕੇਟ ਖਿਡਾਰੀਆਂ ਵਿੱਚ ਆਪਣੇ ਆਪ ਵਿੱਚ ਇੱਕ ਅਨੋਖਾ ਮਾਮਲਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਦੱਸਿਆ, "ਜਦੋਂ ਮੇਰੀ ਉਮਰ 13 ਸਾਲ ਤੋਂ 15 ਸਾਲ ਦੇ ਵਿੱਚਕਾਰ ਸੀ ਤਾਂ ਮੇਰੇ ਪਿਤਾ ਨੇ ਮੈਨੂੰ ਸਿਰਫ਼ ਇੰਨਾ ਹੀ ਕਿਹਾ ਕਿ ਸਕੂਲ ਦੇ ਬਾਅਦ ਹਰ ਦਿਨ ਦੋ ਘੰਟੇ ਪ੍ਰੈਕਟਿਸ ਕਰੋ। ਉਸ ਦੇ ਬਾਅਦ ਤੁਹਾਡਾ ਜੋ ਦਿਲ ਕਰੇ, ਉਹ ਕਰੋ। ਮੈਨੂੰ ਯਾਦ ਹੈ ਕਿ ਮੇਰੇ ਪਿਤਾ ਮੈਨੂੰ ਖੇਡਣ ਲਈ ਲੈ ਜਾਂਦੇ ਸਨ।"
ਉਨ੍ਹਾਂ ਅੱਗੇ ਕਿਹਾ, "ਉਹ ਰਾਤ ਭਰ ਟੈਕਸੀ ਚਲਾਉਂਦੇ ਸਨ, ਸਵੇਰੇ ਛੇ ਵਜੇ ਘਰ ਆਉਂਦੇ ਅਤੇ ਨੌਂ ਵਜੇ ਮੈਨੂੰ ਲੈ ਜਾਂਦੇ ਸਨ। ਉਨ੍ਹਾਂ ਨੇ ਮੇਰੇ ਕ੍ਰਿਕੇਟ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ।"












