ਨਾਰਾਜ਼ ਨਿਸ਼ਾਨੇਬਾਜ਼ ਲਾਉਣਗੇ ਸਟੀਕ ਨਿਸ਼ਾਨੇ?

ਤਸਵੀਰ ਸਰੋਤ, INDRANIL MUKHERJEE
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਖੇਡ ਪੱਤਰਕਾਰ, ਬੀਬੀਸੀ ਲਈ
ਸਾਲ 1994 ਵਿੱਚ ਏਸ਼ੀਆਈ ਖੇਡਾਂ ਦਾ ਆਯੋਜਨ ਜਾਪਾਨ ਦੇ ਹੀਰੋਸ਼ਮਾ ਸ਼ਹਿਰ ਵਿੱਚ ਹੋਇਆ ਸੀ।
ਉੱਥੋਂ ਖ਼ਬਰ ਆਈ ਕਿ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਵਿੱਚ ਜਸਪਾਲ ਰਾਣਾ ਦੀ ਪਿਸਤੌਲ ਜਾਮ ਹੋ ਗਈ ਹੈ। ਅਜਿਹਾ ਸ਼ਾਇਦ ਹੀ ਕਦੇ ਹੋਇਆ ਹੋਵੇ।
ਜਦੋਂ ਜਸਪਾਲ ਰਾਣਾ ਭਾਰਤ ਵਾਪਿਸ ਆਏ ਤਾਂ ਬਹੁਤ ਨਾਰਾਜ਼ ਸੀ ਕਿ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ।
ਸਾਲ 2022 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਨਿਸ਼ਾਨੇਬਾਜ਼ੀ ਨਹੀਂ
ਉੱਥੇ ਜਸਪਾਲ ਰਾਣਾ ਇਨ੍ਹੀਂ ਦਿਨੀਂ ਵੀ ਇਸ ਗੱਲ ਤੋਂ ਨਾਰਾਜ਼ ਹਨ ਕਿ ਅਗਲੀਆਂ ਰਾਸ਼ਟਰਮੰਡਲ ਖੇਡਾਂ ਜਿਨ੍ਹਾਂ ਦਾ ਆਯੋਜਨ ਸਾਲ 2022 ਵਿੱਚ ਇੰਗਲੈਡ ਦੇ ਬਰਮਿੰਘਮ ਵਿੱਚ ਹੋਣਾ ਹੈ ਉੱਥੇ ਨਿਸ਼ਾਨੇਬਾਜ਼ੀ ਸ਼ਾਮਲ ਨਹੀਂ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਤਾਂ ਭਾਰਤੀ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ ਜਿਸਦਾ ਵਿਰੋਧ ਕਰਦੇ ਹੋਏ ਸਟਾਰ ਨਿਸ਼ਾਨੇਬਾਜ਼ ਜੀਤੂ ਰਾਏ ਨੇ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ।
ਨਿਸ਼ਾਨੇਬਾਜ਼ੀ ਫਿਰ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋ ਸਕਦੀ ਹੈ।
ਹੁਣ ਕਾਫ਼ੀ ਭਾਰੀ ਮਨ ਨਾਲ ਭਾਰਤੀ ਨਿਸ਼ਾਨੇਬਾਜ਼ ਆਸਟ੍ਰੇਲੀਆ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਜਾਣਗੇ।
ਕੁਝ ਵੀ ਹੋਵੇ ਭਾਰਤ ਵਿੱਚ ਨਿਸਾਨੇਬਾਜ਼ੀ ਨੂੰ ਪ੍ਰਸਿੱਧ ਬਣਾਉਣ ਵਿੱਚ ਸਭ ਤੋਂ ਪਹਿਲਾਂ ਨਾਮ ਜਸਪਾਲ ਰਾਣਾ ਦਾ ਹੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਸਾਲ 1994 ਵਿੱਚ ਕੈਨੇਡਾ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਚਮਕ ਬਿਖੇਰੀ ਸੀ।
ਜਸਪਾਲ ਰਾਣਾ ਨੇ ਦਿੱਤੀ ਭਾਰਤੀ ਨਿਸ਼ਾਨੇਬਾਜ਼ੀ ਨੂੰ ਨਵੀਂ ਦਿਸ਼ਾ
ਜਸਪਾਲ ਰਾਣਾ ਨੇ ਉੱਥੇ ਸੈਂਟਰ ਫਾਇਰ ਪਿਸਟਲ ਵਿੱਚ ਸੋਨ, ਸੈਂਟਰ ਫਾਇਰ ਪਿਸਟਲ ਡਬਲਜ਼ ਵਿੱਚ ਅਸ਼ੋਕ ਪੰਡਿਤ ਨਾਲ ਮਿਲ ਕੇ ਸੋਨ, ਏਅਰ ਪਿਸਟਲ ਵਿੱਚ ਸਿਲਵਰ ਅਤੇ ਏਅਰ ਪਿਸਟਲ ਡਬਲਜ਼ ਵਿੱਚ ਵਿਵੇਕ ਸਿੰਘ ਨਾਲ ਮਿਲ ਕੇ ਤਾਂਬੇ ਦਾ ਤਗਮਾ ਜਿੱਤਿਆ ਸੀ।
ਇਸੇ ਸਾਲ ਉਨ੍ਹਾਂ ਨੇ ਜਾਪਾਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ 25 ਮੀਟਰ ਸੈਂਟਰ ਫਾਇਰ ਪਿਸਟਲ ਵਿੱਚ ਗੋਲਡ ਅਤੇ ਇਸੇ ਮੁਕਾਬਲੇ ਦੇ ਟੀਮ ਵਰਗ ਵਿੱਚ ਤਾਂਬੇ ਦਾ ਮੈਡਲ ਦਿਵਾਇਆ ਸੀ।
ਬਸ ਉਸ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਸ ਤੋਂ ਬਾਅਦ ਤਾਂ ਰਾਜਵਰਧਨ ਸਿੰਘ ਰਾਠੌਰ, ਅਭਿਨਵ ਬਿੰਦਰਾ, ਗਗਨ ਨਾਰੰਗ, ਅੰਜਲੀ ਭਾਗਵਤ ਅਤੇ ਵਿਜੇ ਕੁਮਾਰ ਤੋਂ ਇਲਾਵਾ ਬਹੁਤ ਸਾਰੇ ਨਿਸ਼ਾਨੇਬਾਜ਼ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ।

ਤਸਵੀਰ ਸਰੋਤ, Getty Images
21ਵੀਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਤੋਂ ਤਗਮਿਆਂ ਦੀ ਉਮੀਦ ਸਭ ਤੋਂ ਵੱਧ ਰਹੇਗੀ।
ਨਿਸ਼ਾਨੇਬਾਜ਼ੀ ਵਿੱਚ 19 ਗੋਲਡ, 19 ਸਿਲਵਰ ਅਤੇ 19 ਤਾਂਬੇ ਦੇ ਤਗਮਿਆਂ ਸਹਿਤ ਕੁੱਲ 57 ਮੈਡ ਦਾਅ 'ਤੇ ਹੋਣਗੇ।
ਇਸ ਵਾਰ ਨਿਸ਼ਾਨੇਬਾਜ਼ੀ ਵਿੱਚ 10 ਮੀਟਰ ਏਅਰ ਪਿਸਟਲ, 10 ਮੀਟਰ ਰਾਇਫਲ, 25 ਮੀਟਰ ਪਿਸਟਲ (ਸਿਰਫ਼ ਮਹਿਲਾ ਵਰਗ), 25 ਮੀਟਰ ਰੈਪਿਡ ਫਾਇਰ ( ਸਿਰਫ਼ ਪੁਰਸ਼ ਵਰਗ), 50 ਮੀਟਰ ਪਿਸਟਲ (ਸਿਰਫ਼ ਪੁਰਸ਼), 50 ਮੀਟਰ ਰਾਇਫਲ 3 ਪੋਜ਼ੀਸ਼ਨ, 50 ਮੀਟਰ ਰਾਇਫਲ ਪਰੋਨ, ਟਰੈਪ, ਡਬਲ ਟਰੈਪ, ਸਕੀਟ ਅਤੇ ਕਵੀਨਸ ਪ੍ਰਾਈਜ਼ ਸ਼ਾਮਲ ਹਨ।
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਦਬਦਬਾ
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦੇ ਦਬਦਬੇ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੇ ਅੱਜ ਤੱਕ 56 ਗੋਲਡ, 40 ਸਿਲਵਰ ਅਤੇ 22 ਤਾਂਬੇ ਦੇ ਤਗਮਿਆਂ ਸਹਿਤ 118 ਮੈਡਲ ਆਪਣੇ ਨਾਂ ਕੀਤੇ ਹਨ।

ਤਸਵੀਰ ਸਰੋਤ, Getty Images
ਭਾਰਤ ਨੇ ਪਿਛਲੇ ਰਾਸ਼ਟਰਮੰਡਲ ਖੇਡ ਸਾਲ 2014 ਗਲਾਸਗੋ ਵਿੱਚ ਨਿਸ਼ਾਨੇਬਾਜ਼ੀ ਵਿੱਚ 4 ਗੋਲਡ, 9 ਸਿਲਵਰ ਅਤੇ 4 ਕਾਂਸੀ ਸਮੇਤ 17 ਮੈਡਲ ਜਿੱਤੇ ਸੀ।
ਅਭਿਨਵ ਬਿੰਦਰਾ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਇਫਲ, ਅਪੂਰਵੀ ਚੰਦੇਲਾ ਨੇ ਇਸੇ ਮੁਕਾਬਲੇ ਦੇ ਮਹਿਲਾ ਵਰਗ, ਰਾਹੀ ਸਰਨੋਬਤ ਨੇ 25 ਮੀਟਰ ਪਿਸਟਲ ਅਤੇ ਜੀਤੂ ਰਾਏ ਨੇ 50 ਮੀਟਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਜੀਤੂ ਰਾਏ ਨੇ ਤਾਂ ਸਾਲ 2014 ਵਿੱਚ ਏਸ਼ੀਆਈ ਖੇਡਾਂ ਵਿੱਚ ਵੀ 50 ਮੀਟਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ। ਜੀਤੂ ਰਾਏ 10 ਮੀਟਰ ਏਅਰ ਪਿਸਟਲ ਵਿੱਚ ਵੀ ਹਿੱਸਾ ਲੈਣਗੇ।
ਜੀਤੂ ਰਾਏ, ਅਪੂਰਵੀ ਚੰਦੇਲਾ, ਮਨੂ ਭਾਕਰ, ਗਗਨ ਨਾਰੰਗ ਅਤੇ ਹੀਨਾ ਸਿੱਧੂ ਤੋਂ ਉਮੀਦਾਂ
ਜੀਤੂ ਰਾਏ ਤੋਂ ਇਲਾਵਾ ਬੇਹੱਦ ਤਜਰਬੇਕਾਰ ਗਗਨ ਨਾਰੰਗ 50 ਮੀਟਰ ਰਾਇਫਲ ਪਰੋਨ ਵਿੱਚ, ਮਾਨਵਜੀਤ ਸਿੰਘ ਸਿੱਧੂ ਟਰੈਪ ਵਿੱਚ, ਅਪੂਰਵੀ ਚੰਦੇਲਾ 10 ਮੀਟਰ ਏਅਰ ਰਾਇਫਲ ਵਿੱਚ, ਹੀਨਾ ਸਿੱਧੂ 10 ਮੀਟਰ ਏਅਰ ਪਿਸਟਲ ਅਤੇ 25 ਮੀਟਰ ਪਿਸਟਲ ਵਿੱਚ ਅਤੇ ਮਨੂ ਭਾਕਰ 10 ਮੀਟਰ ਏਅਰ ਪਿਸਟਲ ਵਿੱਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਹੈ।

ਤਸਵੀਰ ਸਰੋਤ, Twitter/ISSF
ਮਨੂ ਭਾਕਰ ਤਾਂ ਅਜੇ 12ਵੀਂ ਕਲਾਸ ਦੀ ਵਿਦਿਆਰਥਣ ਹੈ ਪਰ ਉਨ੍ਹਾਂ ਦੀ ਕਾਮਯਾਬੀ ਦੀ ਦਾਸਤਾਨ ਘਰ-ਘਰ ਵਿੱਚ ਸੁਣਾਈ ਦਿੱਤੀ।
ਉਨ੍ਹਾਂ ਨੇ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਐਨਾ ਹੀ ਨਹੀਂ ਪਿਛਲੇ ਹਫ਼ਤੇ ਸਿਡਨੀ ਵਿੱਚ ਹੋਏ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਹੈ।
ਬੇਹੱਦ ਤਜਰਬੇਕਾਰ ਗਗਨ ਨਾਰੰਗ ਨੇ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਜਦਕਿ ਇਸ ਤੋਂ ਪਹਿਲਾਂ ਸਾਲ 2010 ਵਿੱਚ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਾਂ ਉਨ੍ਹਾਂ ਨੇ 4 ਗੋਲਡ ਮੈਡਲ ਜਿੱਤਣ ਵਿੱਚ ਆਪਣਾ ਯੋਗਦਾਨ ਦਿੱਤਾ।
ਮਾਨਵਜੀਤ ਸਿੰਘ ਸੰਧੂ ਟਰੈਪ ਮੁਕਾਬਲੇ ਵਿੱਚ ਮਹਾਰਤ ਹਾਸਲ ਰਖਦੇ ਹਨ। ਪਿਛਲੀਆਂ ਖੇਡਾਂ ਵਿੱਚ ਉਨ੍ਹਾਂ ਨੇ ਬਰੋਨਜ਼ ਮੈਡਲ ਜਿੱਤਿਆ ਸੀ। ਇਸ ਵਾਰ ਉਹ ਇਸ ਤੋਂ ਅੱਗੇ ਜਾਣਾ ਚਾਹੁਣਗੇ।

ਤਸਵੀਰ ਸਰੋਤ, Getty Images
25 ਮੀਟਰ ਪਿਸਟਲ ਮੁਕਾਬਲੇ ਵਿੱਚ ਮਹਿਲਾ ਵਰਗ ਵਿੱਚ ਸਾਲ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਰਾਹੀ ਸਰਨੋਬਤ ਨੇ ਗੋਲਡ ਅਤੇ ਅਨੀਸਾ ਸਈਦ ਨੇ ਸਿਲਵਰ ਮੈਡਲ ਜਿੱਤਿਆ ਸੀ।
ਇਸ ਵਾਰ ਇਹ ਦੋਵੇਂ ਹੀ ਖਿਡਾਰੀ ਭਾਰਤੀ ਦਲ ਵਿੱਚ ਨਹੀਂ ਹਨ।
ਅਜਿਹੇ ਵਿੱਚ ਮੁਕਾਬਲਿਆਂ ਵਿੱਚ ਸਾਰਾ ਦਾਰੋਮਦਾਰ ਹੀਨਾ ਸਿੱਧੂ ਅਤੇ ਅਨੁਰਾਜ ਸਿੰਘ 'ਤੇ ਹੋਵੇਗਾ।
ਟੈਸਟ ਈਵੈਂਟ ਵਿੱਚ ਚਮਕੇ ਹੀਨਾ ਸਿੱਧੂ ਅਤੇ ਅਨੁਰਾਜ ਸਿੰਘ
ਹੀਨਾ ਸਿੱਧੂ ਨੇ ਸਾਲ 2017 ਵਿੱਚ ਬ੍ਰਿਸਬੇਨ ਵਿੱਚ ਹੋਈ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਪਰ ਉਨ੍ਹਾਂ ਨੇ ਇਹ ਉਪਲਬਧੀ 10 ਮੀਟਰ ਏਅਰ ਪਿਸਟਲ ਵਿੱਚ ਹਾਸਲ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਚੁਣੌਤੀ ਤਾਂ ਪਿਸਟਲ ਮੁਕਾਬਲੇ ਵਿੱਚ ਹੈ।
ਇਸ ਚੈਂਪੀਅਨਸ਼ਿਪ ਵਿੱਚ ਅਨੁਰਾਜ ਸਿੰਘ ਨੇ ਬਰੋਨਜ਼ ਮੈਡਲ ਵੀ ਜਿੱਤਿਆ। ਹੀਨਾ ਸਿੱਧੂ ਨੇ ਇਸ ਤੋਂ ਇਲਾਵਾ ਪਿਛਲੇ ਸਾਲ ਦਿੱਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।

ਤਸਵੀਰ ਸਰੋਤ, Getty Images
ਅਨੁਰਾਜ ਸਿੰਘ ਦਾ ਉਸ ਤਜ਼ਰਬੇ ਨੂੰ ਲੈ ਕੇ ਮੰਨਣਾ ਹੈ ਕਿ ਇਹ ਦਰਅਸਲ ਮੁੱਖ ਰਾਸ਼ਟਰਮੰਡਲ ਖੇਡਾਂ ਦਾ ਟੈਸਟ ਈਵੈਂਟ ਸੀ।
ਇਹ ਉਸੇ ਰੇਂਜ ਅਤੇ ਉਸੇ ਥਾਂ 'ਤੇ ਆਯੋਜਿਤ ਹੋਇਆ ਜਿੱਥੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਹੋਣੇ ਹਨ।
ਇਹ ਹੈ ਭਾਰਤੀ ਨਿਸ਼ਾਨੇਬਾਜ਼ਾਂ ਦਾ ਦਲ
ਭਾਰਤੀ ਦਲ ਵਿੱਚ ਸ਼ਾਮਿਲ ਮਰਦ ਖਿਡਾਰੀ ਇਸ ਪ੍ਰਕਾਰ ਹਨ :
- 10 ਮੀਟਰ ਰਾਇਫਲ ਵਿੱਚ ਦੀਪਕ ਕੁਮਾਰ ਅਤੇ ਰਵੀ ਕੁਮਾਰ,
- 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ ਵਿੱਚ ਜੀਤੂ ਰਾਏ ਅਤੇ ਓਮ ਪ੍ਰਕਾਸ਼ ਮਿਥਰਵਾਲ
- 50 ਮੀਟਰ ਰਾਇਫਲ 3 ਪੋਜ਼ੀਸ਼ਨ ਵਿੱਚ ਸੰਜੀਵ ਕੁਮਾਰ ਅਤੇ ਚੈਨ ਸਿੰਘ
- 50 ਮੀਟਰ ਰਾਇਫਲ ਪਰੋਨ ਵਿੱਚ ਚੈਨ ਸਿੰਘ ਅਤੇ ਗਗਨ ਨਾਰੰਗ ਆਪਣਾ ਦਾਅਵਾ ਪੇਸ਼ ਕਰਨਗੇ।
ਮਹਿਲਾ ਵਰਗ ਵਿੱਚ ਸ਼ਾਮਿਲ ਭਾਰਤੀ ਖਿਡਾਰੀਆਂ ਦੀ ਸੂਚੀ
- 10 ਮੀਟਰ ਏਅਰ ਰਾਇਫਲ ਵਿੱਚ ਅਪੂਰਵੀ ਚੰਦੇਲਾ ਅਤੇ ਮੇਹੂਲੀ ਧੋਸ਼
- 10 ਮੀਟਰ ਏਅਰ ਪਿਸਟਲ ਵਿੱਚ ਮਨੂ ਭਾਕਰ ਅਤੇ ਹੀਨਾ ਸਿੱਧੂ
- 50 ਮੀਟਰ ਰਾਇਫਲ 3 ਪੋਜ਼ੀਸ਼ਨ ਅਤੇ 50 ਮੀਟਰ ਰਾਇਫਲ ਪਰੋਨ ਵਿੱਚ ਅੰਜੂਮ ਮੁਦਗਿਲ ਅਤੇ ਤੇਜਸਵਨੀ ਸਾਵੰਤ
- ਡਬਲ ਟਰੈਪ ਵਿੱਚ ਸ਼੍ਰੇਅਸੀ ਸਿੰਘ ਅਤੇ ਵਰਸ਼ਾ ਵਰਮਾ ਆਪਣੇ ਨਿਸ਼ਾਨੇ ਲਾਏਗੀ।
ਇਨ੍ਹਾਂ ਤੋਂ ਇਲਾਵਾ ਅਨੀਸ਼ ਭਾਨਵਾਲਾ 25 ਮੀਟਰ ਰੈਪਿਡ, ਨੀਰਜ ਕੁਮਾਰ ਫਾਇਰ ਪਿਸਟਲ, ਮਾਨਵਜੀਤ ਸਿੰਘ ਸੰਧੂ ਅਤੇ ਕਿਆਨ ਚੇਨਾਈ ਟਰੈਪ, ਮੁਹਮੰਦ ਅਸਬ ਅਤੇ ਅੰਕੁਰ ਮਿੱਤਲ ਡਬਲ ਟਰੈਪ ਅਤੇ ਸਮਿਤ ਸਿੰਘ ਅਤੇ ਸਿਰਾਜ ਸ਼ੇਖ ਸਕੀਟ ਮੁਕਾਬਲੇ ਵਿੱਚ ਹਿੱਸਾ ਲੈਣਗੇ।
ਮਹਿਲਾਵਾਂ ਵਿੱਚ ਹੀਨਾ ਸਿੱਧੂ ਅਤੇ ਅਨੁਰਾਜ ਸਿੰਘ 25 ਮੀਟਰ ਪਿਸਟਲ, ਸ਼੍ਰੇਅਸੀ ਸਿੰਘ ਅਤੇ ਸੀਮਾ ਤੋਮਰ ਟਰੈਪ ਅਤੇ ਸਾਨੀਆ ਸ਼ੇਖ ਅਤੇ ਮਹੇਸ਼ਵਰੀ ਚੌਹਾਨ ਸਟੀਕ ਵਿੱਚ ਨਿਸ਼ਾਨਾ ਸਾਧੇਗੀ।












