ਇਰਾਕ ਦੁਖਾਂਤ ਨਾਲ ਜੁੜੇ ਇਹ 5 ਅਣਸੁਲਝੇ ਸਵਾਲ

ਤਸਵੀਰ ਸਰੋਤ, Getty Images
- ਲੇਖਕ, ਤਾਹਿਰਾ ਭਸੀਨ
- ਰੋਲ, ਬੀਬੀਸੀ ਪੰਜਾਬੀ ਪੱਤਰਕਾਰ
ਇਰਾਕ ਦੇ ਮੂਸਲ ਵਿੱਚ ਮਾਰੇ ਗਏ 39 ਭਾਰਤੀਆਂ ਵਿੱਚੋਂ ਕੁਝ ਪੰਜਾਬੀਆਂ ਦੇ ਪਰਿਵਾਰ ਸੋਮਵਾਰ ਨੂੰ ਦਿੱਲੀ ਵਿੱਚ ਆਪਣੀਆਂ ਮੰਗਾਂ ਦੀ ਗੁਹਾਰ ਲਾਉਣ ਲਈ ਸਰਕਾਰ ਨੂੰ ਮਿਲਣ ਲਈ ਪਹੁੰਚੇ।
ਇਨ੍ਹਾਂ ਪਰਿਵਾਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। 19 ਮਾਰਚ ਨੂੰ ਸੁਸ਼ਮਾ ਸਵਰਾਜ ਨੇ ਲੋਕਸਭਾ ਵਿੱਚ 2014 ਤੋਂ ਲਾਪਤਾ ਹੋਏ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਮੁਆਵਜ਼ੇ ਦਾ ਮਿਲਿਆ ਭਰੋਸਾ
ਅੰਮ੍ਰਿਤਸਰ ਦੇ ਪਿੰਡ ਭੋਏਵਾਲ ਤੋਂ ਪਹੁੰਚੀ ਮ੍ਰਿਤਕ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਨੇ ਬੀਬੀਸੀ ਪੱਤਰਕਾਰ ਤਾਹਿਰਾ ਭਸੀਨ ਨਾਲ ਗੱਲਬਾਤ ਵਿੱਚ ਕਿਹਾ ਕਿ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹੈ ਪਰ ਅਜੇ ਇਹ ਨਹੀਂ ਦੱਸਿਆ ਕਿ ਕਿੰਨਾ ਮੁਆਵਜ਼ਾ ਦਿੱਤਾ ਜਾਵੇਗਾ।
ਗੁਰਪਿੰਦਰ ਨੇ ਦੱਸਿਆ, "ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ ਅਤੇ ਉਸ ਤੋਂ ਬਾਅਦ ਮੁਆਵਜ਼ੇ ਦਾ ਐਲਾਨ ਕੀਤਾ ਜਾਵੇਗਾ।''
ਗੁਰਪਿੰਦਰ ਕੌਰ ਨੇ ਕਿਹਾ, "ਮੈਂ ਉਨ੍ਹਾਂ ਤੋਂ ਆਪਣੇ ਭਰਾ ਦੀਆਂ ਅਸਥੀਆਂ ਬਾਰੇ ਪੁੱਛਿਆ। ਇਸ ਦੇ ਨਾਲ ਹੀ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਮੈਨੂੰ ਕਿਵੇਂ ਯਕੀਨ ਹੋਵੇਗਾ ਕਿ ਅਸਥੀਆਂ ਮੇਰੇ ਭਰਾ ਦੀਆਂ ਹਨ?''
ਇਸ ਦੇ ਜਵਾਬ ਵਿੱਚ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਮ੍ਰਿਤਕਾਂ ਦੀ ਪਛਾਣ ਲਈ ਸਰਟੀਫੀਕੇਟ ਜਾਰੀ ਕੀਤੇ ਜਾਣਗੇ।
ਇਸ ਸਾਰੀ ਘਟਨਾ ਵਿੱਚ ਕੁਝ ਅਣਸੁਲਝੇ ਸਵਾਲ ਹਾਲੇ ਵੀ ਜਵਾਬ ਮੰਗਦੇ ਹਨ। ਹੇਠ ਲਿਖੇ ਹਨ ਅਣਸੁਲਝੇ ਪੰਜ ਸਵਾਲ।
1. ਇਰਾਕ ਵਿੱਚ ਫਸੇ ਇਨ੍ਹਾਂ ਭਾਰਤੀਆਂ ਨੂੰ ਬਚਾਇਆ ਕਿਉਂ ਨਹੀਂ ਜਾ ਸਕਿਆ?
2014 ਤੋਂ ਇਰਾਕ ਵਿੱਚ ਇਹ ਭਾਰਤੀ ਆਈਐੱਸਆਈਐੱਸ ਦੇ ਸ਼ਿਕੰਜੇ ਵਿੱਚ ਫਸੇ ਹੋਏ ਸਨ। ਭਾਰਤੀ ਏਜੰਸੀਆਂ ਕੋਲ ਪੁਖਤਾ ਜਾਣਕਾਰੀ ਹੋਣ ਦੇ ਬਾਵਜੂਦ ਭਾਰਤ ਸਰਕਾਰ ਇਨ੍ਹਾਂ ਨੂੰ ਬਚਾਉਣ ਵਿੱਚ ਕਿੱਥੇ ਨਾਕਾਮ ਰਹੀ? ਭਾਰਤ ਸਰਕਾਰ ਨਰਸਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੀ ਸੀ ਫੇਰ ਇਨ੍ਹਾਂ ਲੋਕਾਂ ਨੂੰ ਕਿਉਂ ਨਹੀਂ ਬਚਾ ਸਕੀ?
2. ਇਨ੍ਹਾਂ ਭਾਰਤੀਆਂ ਦੀ ਮੌਤ ਕਿਵੇਂ ਅਤੇ ਕਿੱਥੇ ਹੋਈ?
ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੇਵਲ ਇਹ ਹੀ ਦੱਸਿਆ ਕਿ ਇਹ ਭਾਰਤੀ ਮਾਰੇ ਗਏ ਹਨ। ਇਨ੍ਹਾਂ ਦੀ ਮੌਤ ਕਿਵੇਂ ਕੀਤੀ ਗਈ, ਕਿੱਥੇ ਕੀਤੀ ਗਈ ਅਤੇ ਕਿਹੜੇ ਕਾਰਨਾਂ ਕਰਕੇ ਕੀਤੀ ਗਈ, ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।

ਤਸਵੀਰ ਸਰੋਤ, Getty Images
3. ਕਿਉਂ ਲੱਗਿਆ ਇੰਨਾ ਸਮਾਂ?
ਜੇ ਇਹ ਲੋਕ ਮਾਰੇ ਹੀ ਗਏ ਸਨ ਤਾਂ ਸਰਕਾਰ ਦੀ ਅਜਿਹੀ ਕਿਹੜੀ ਮਜਬੂਰੀ ਸੀ ਕਿ ਉਸ ਦਾ ਪਤਾ ਲਗਾਉਣ ਵਿੱਚ ਇੰਨਾਂ ਸਮਾਂ ਲਾਉਣਾ ਪਿਆ?
ਕੁਝ ਮੁੱਖ ਅਖਬਾਰਾਂ ਦੀ ਜਾਣਕਾਰੀ ਮੁਤਾਬਕ ਇਹ ਭਾਰਤੀ ਪਹਿਲਾਂ ਹੀ ਮਾਰੇ ਗਏ ਸਨ। ਇਰਾਕ ਤੋਂ ਬਚ ਕੇ ਆਏ ਪੰਜਾਬ ਦੇ ਹਰਜੀਤ ਮਸੀਹ ਨੇ ਵੀ ਉਨ੍ਹਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ, ਇਸ ਦੇ ਬਾਵਜੂਦ ਸਰਕਾਰ ਇਸ ਗੱਲ 'ਤੇ ਕਿਉਂ ਡਟੀ ਰਹੀ ਕਿ 39 ਭਾਰਤੀ ਜ਼ਿੰਦਾ ਹਨ?
4. ਕਿਹੜੇ ਆਧਾਰ 'ਤੇ ਸਰਕਾਰ ਨੇ 39 ਭਾਰਤੀਆਂ ਦੇ ਜਿੰਦਾ ਹੋਣ ਦੇ ਦਾਅਵੇ ਕੀਤੇ?
ਜੇ ਸਰਕਾਰ ਨੂੰ ਵਾਕਈ ਲਗਦਾ ਸੀ ਕਿ ਇਹ ਭਾਰਤੀ ਜ਼ਿੰਦਾ ਹਨ ਅਤੇ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ, ਤਾਂ ਉਹ ਕਿਹੜੇ ਸਬੂਤਾਂ ਦੇ ਆਧਾਰ 'ਤੇ ਇਹ ਕਹਿ ਰਹੀ ਸੀ? ਅਤੇ ਜੇ ਨਹੀਂ ਲਗਦਾ ਸੀ ਤਾਂ ਸਰਕਾਰ ਇਨ੍ਹਾਂ ਦੇ ਜਿਉਂਦੇ ਹੋਣ ਦੇ ਦਾਅਵੇ ਕਿਉਂ ਕਰਦੀ ਰਹੀ?
5. ਮੌਤ ਦੀ ਖਬਰ ਪਹਿਲਾਂ ਪਰਿਵਾਰਾਂ ਨੂੰ ਕਿਉਂ ਨਹੀਂ ਦਿੱਤੀ ਗਈ?
ਪੀੜਤ ਪਰਿਵਾਰਾਂ ਨੂੰ ਆਪਣਿਆਂ ਦੇ ਮਾਰੇ ਜਾਣ ਦੀਆਂ ਖਬਰਾਂ ਟੀਵੀ ਉੱਤੇ ਨਿਊਜ਼ ਵੇਖ ਕੇ ਹੀ ਮਿਲੀ। ਇੰਨਾ ਕੁਝ ਝੱਲ ਰਹੇ ਪਰਿਵਾਰਾਂ ਪ੍ਰਤੀ ਸਰਕਾਰ ਇੰਨੀ ਅਸੰਵੇਦਨਸ਼ੀਲ ਕਿਉਂ ਹੋ ਗਈ ਕਿ ਪਰਿਵਾਰਾਂ ਨੂੰ ਸਿੱਧੀ ਜਾਣਕਾਰੀ ਨਹੀਂ ਦਿੱਤੀ ਗਈ?













