#HerChoice: 'ਮੈਂ ਲਿਵ-ਇਨ-ਰਿਲੇਸ਼ਨਸ਼ਿਪ ਤੋਂ ਹੋਏ ਬੱਚੇ ਨੂੰ ਜਨਮ ਦਿੱਤਾ'

ਜਦੋਂ ਸਾਨੂੰ ਪਿਆਰ ਹੋ ਗਿਆ ਉਦੋਂ ਮੈਂ ਇਹ ਨਹੀਂ ਸੋਚਿਆ ਸੀ ਕਿ ਉਹ ਮੇਰੇ ਦੇਸ, ਧਰਮ ਜਾਂ ਜਾਤੀ ਦਾ ਨਹੀਂ ਹੈ। ਪਰ ਇੱਕ ਮਹੀਨੇ ਬਾਅਦ ਸਾਡਾ ਲਿਵ-ਇਨ-ਰਿਲੇਸ਼ਨਸ਼ਿਪ ਟੁੱਟ ਗਿਆ ਤੇ ਮੈਂ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ।
ਮੇਰੇ ਸਾਰੇ ਦੋਸਤ ਮੈਨੂੰ ਕਹਿੰਦੇ ਮੈਂ ਪਾਗਲ ਹੋ ਗਈ ਹਾਂ ਕਿਉਂਕਿ ਮੈਂ 21 ਸਾਲ ਦੀ ਕੁਆਰੀ ਕੁੜੀ ਸੀ ਜੋ ਇਹ ਬੱਚਾ ਚਾਹੁੰਦੀ ਸੀ।
ਮੈਨੂੰ ਵੀ ਲੱਗਿਆ ਕਿ ਮੈਂ ਸ਼ਾਇਦ ਪਾਗਲ ਹੀ ਹੋ ਗਈ ਹਾਂ। ਮੇਰੇ ਮਨ ਨੂੰ ਲੱਗਿਆ ਕਿ ਕੁਝ ਬਹੁਤ ਹੀ ਬੁਰਾ ਹੋਣ ਵਾਲਾ ਹੈ ਪਰ ਜੋ ਹੋ ਚੁੱਕਿਆ ਸੀ ਉਸ ਤੋਂ ਬੁਰਾ ਕੀ ਹੋ ਸਕਦਾ ਸੀ?
ਜਦੋਂ ਮੈਂ ਮੁਸਤਫ਼ਾ ਨੂੰ ਮਿਲੀ ਮੈਂ 19 ਸਾਲ ਦੀ ਸੀ। ਮੈਂ ਉੱਤਰ-ਪੂਰਬੀ ਸੂਬੇ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਇੱਕ ਵੱਡੇ ਸ਼ਹਿਰ ਵਿੱਚ ਕਾਲ ਸੈਂਟਰ ਵਿੱਚ ਕੰਮ ਕਰਨ ਆਈ ਸੀ।
ਮੁਸਤਫ਼ਾ ਅਫ਼ਰੀਕੀ ਮੂਲ ਦਾ ਸੀ। ਉਹ ਪੂਰੀ ਤਰ੍ਹਾਂ ਤੰਦਰੁਸਤ, ਲੰਬਾ, ਕਾਲਾ ਅਤੇ ਸੋਹਣਾ ਸੀ।
ਉਸ ਵਿੱਚ ਕੁਝ ਗੱਲ ਸੀ। ਕਹਿਣ ਦੀ ਲੋੜ ਨਹੀਂ ਕਿ ਮੈਂ ਉਸ ਦੇ ਪਿਆਰ ਵਿੱਚ ਡੁੱਬ ਗਈ।
------------------------------------------------------------------------------------------------------------------------------------
#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ' ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀ ਹੈ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀ ਹੈ।
------------------------------------------------------------------------------------------------------------------------------------
ਅਸੀਂ ਦੋਸਤ ਬਣ ਗਏ ਤੇ ਹੌਲੀ-ਹੌਲੀ ਇੱਕ-ਦੂਜੇ ਦੇ ਪਿਆਰ ਵਿੱਚ ਪੈ ਗਏ। ਅਸੀਂ ਜਲਦੀ ਹੀ ਇਕੱਠੇ ਰਹਿਣ ਲੱਗੇ।
'ਉਸ ਨੂੰ ਲੱਗਿਆ ਮੇਰਾ ਉਸ ਦੇ ਦੋਸਤ ਨਾਲ ਪ੍ਰੇਮ ਸਬੰਧ ਹੈ'
ਮੈਂ ਇਸਾਈ ਹਾਂ ਅਤੇ ਉਹ ਮੁਸਲਮਾਨ। ਅਸੀਂ ਪਿਆਰ ਵਿੱਚ ਸੀ ਪਰ ਵਿਆਹ ਕਰਵਾਉਣ ਬਾਰੇ ਸੋਚ ਵੀ ਨਹੀਂ ਸਕਦੇ ਸੀ।
ਅਸੀਂ ਸੁਫ਼ਨਿਆਂ ਦੀ ਦੁਨੀਆਂ ਵਿੱਚ ਜੀਅ ਰਹੇ ਸੀ ਜਿੱਥੇ ਆਪਣੇ ਭਵਿੱਖ ਬਾਰੇ ਸੋਚਣਾ ਤੇ ਯੋਜਨਾ ਬਣਾਉਣਾ ਬੇਤੁਕਾ ਸੀ।
ਉਸ ਦੇ ਕਾਫ਼ੀ ਦੋਸਤ ਸਨ। ਉਹ ਸਾਨੂੰ ਵੀ ਅਕਸਰ ਮਿਲਦੇ ਰਹਿੰਦੇ ਸੀ ਅਤੇ ਹੌਲੀ-ਹੌਲੀ ਮੈਂ ਵੀ ਉਨ੍ਹਾਂ ਦੀ ਦੋਸਤ ਬਣ ਗਈ।
ਕੁਝ ਕਾਰਨਾਂ ਕਰਕੇ ਮੁਸਤਫ਼ਾ ਸ਼ੱਕੀ ਹੋਣ ਲੱਗ ਗਿਆ। ਉਸ ਨੂੰ ਲੱਗਿਆ ਕਿ ਮੇਰਾ ਉਸ ਦੇ ਕਿਸੇ ਦੋਸਤ ਨਾਲ ਪ੍ਰੇਮ ਸਬੰਧ ਹੈ ਅਤੇ ਇਸੇ ਕਰਕੇ ਸਾਡੇ ਦੋਹਾਂ ਵਿੱਚ ਕਈ ਵਾਰੀ ਬਹਿਸ ਵੀ ਹੋਈ।
ਹੌਲੀ- ਹੌਲੀ ਇਹ ਕਾਫ਼ੀ ਮਾੜਾ ਰੂਪ ਧਾਰ ਗਿਆ ਤੇ ਅਸੀਂ ਦਿਨ ਭਰ ਇੱਕ ਦੂਜੇ 'ਤੇ ਚੀਕਣਾ ਤੇ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ।
ਅਖੀਰ ਅਸੀਂ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ। ਇਹ ਬਹੁਤ ਔਖਾ ਸਮਾਂ ਸੀ।
ਮੈਂ ਕਈ ਘੰਟੇ ਰੋਂਦੀ ਰਹਿੰਦੀ ਸੀ ਜਿਸ ਦਾ ਅਸਰ ਮੇਰੇ ਕੰਮ 'ਤੇ ਵੀ ਪਿਆ ਤੇ ਮੇਰੀ ਨੌਕਰੀ ਚਲੀ ਗਈ।
ਮੈਂ ਆਪਣੇ ਘਰ ਵਾਪਿਸ ਜਾਣ ਦਾ ਫੈਸਲਾ ਕੀਤਾ। ਮੈਂ ਉਸ ਛੋਟੇ ਜਿਹੇ ਘਰ ਤੋਂ ਦੂਰ ਰਹਿਣਾ ਚਾਹੁੰਦੀ ਸੀ ਤੇ ਹਰ ਉਸ ਯਾਦ ਤੋਂ ਜੋ ਇਸ ਨਾਲ ਜੁੜੀ ਹੋਈ ਸੀ।
ਪਰ ਸਭ ਕੁਝ ਮਾਯੂਸੀ ਵਿੱਚ ਬਦਲ ਗਿਆ ਜਦੋਂ ਉਸ ਮਹੀਨੇ ਮੈਨੂੰ ਪੀਰੀਅਡਜ਼ ਨਹੀਂ ਆਏ।
'ਪਤਾ ਲੱਗਾ ਮੈਂ ਗਰਭਵਤੀ ਹਾਂ'
ਮੈਂ ਇੱਕ 'ਪ੍ਰੈਗਨੈਂਸੀ ਟੈਸਟ ਕਿੱਟ' ਲਿਆਂਦੀ ਤੇ ਮੇਰਾ ਡਰ ਸਹੀ ਨਿਕਲਿਆ। ਨਤੀਜ਼ਾ 'ਪੋਜ਼ੀਟਿਵ' (ਸਕਾਰਾਤਮਕ) ਸੀ।
ਮੈਂ ਦੂਜੀ ਵਾਰੀ ਗਰਭਵਤੀ ਹੋਈ ਸੀ। ਪਹਿਲੀ ਵਾਰੀ ਉਸ ਨੇ ਗਰਭਪਾਤ ਕਰਵਾਉਣ ਲਈ ਕਿਹਾ ਸੀ। ਇਸ ਵਾਰੀ ਮੈਂ ਉਸ ਨੂੰ ਫੋਨ ਕੀਤਾ।
ਮੈਂ ਮੁਸਤਫ਼ਾ ਨੂੰ ਇੱਕ ਕੈਫ਼ੇ ਵਿੱਚ ਬੁਲਾਇਆ। ਜਦੋਂ ਅਸੀਂ ਆਹਮੋ-ਸਾਹਮਣੇ ਬੈਠੇ ਤਾਂ ਮੈਂ ਉਸ ਨੂੰ ਗਰਭਵਤੀ ਹੋਣ ਬਾਰੇ ਦੱਸਿਆ।
ਉਹ ਮੇਰੇ 'ਤੇ ਚੀਕਣ ਲੱਗਿਆ ਕਿ ਮੈਂ ਜ਼ਿਆਦਾ 'ਧਿਆਨ' ਨਹੀਂ ਰੱਖਿਆ ਅਤੇ ਮੈਨੂੰ ਗਰਭਪਾਤ ਕਰਵਾਉਣ ਦੇ ਹਜ਼ਾਰਾਂ ਕਾਰਨ ਦੱਸੇ।
ਉਸ ਨੇ ਇਹ ਵੀ ਕਿਹਾ ਕਿ ਉਹ ਕਿਵੇਂ ਯਕੀਨ ਕਰੇ ਕਿ ਇਹ ਉਸ ਦਾ ਹੀ ਬੱਚਾ ਹੈ!
ਪਰ ਮੈਂ ਆਪਣੀ ਮੰਗ 'ਤੇ ਅੜੀ ਰਹੀ। ਜਦੋਂ ਮੈਂ ਪਹਿਲੀ ਵਾਰੀ ਗਰਭਪਾਤ ਕਰਵਾਇਆ ਸੀ ਤਾਂ ਮੈਨੂੰ ਲੱਗਿਆ ਸੀ ਕਿ ਮੈਂ ਕਤਲ ਕਰ ਦਿੱਤਾ ਹੈ।

ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਹੀ ਬੱਚੇ ਦਾ ਕਤਲ ਕਰ ਦੇਵਾਂ।
ਅਜਿਹਾ ਨਹੀਂ ਸੀ ਕਿ ਮੈਨੂੰ ਡਰ ਨਹੀਂ ਲੱਗ ਰਿਹਾ ਸੀ। ਮੇਰਾ ਰੋ-ਰੋ ਕੇ ਬੁਰਾ ਹਾਲ ਸੀ।
'ਪਰਿਵਾਰ ਨੂੰ ਕਾਲਾ ਬੱਚਾ ਪੈਦਾ ਕਰਨ ਤੇ ਮੇਰੇ ਨਾਲ ਨਰਾਜ਼ਗੀ ਸੀ'
ਮੈਂ ਵਿਆਹੀ ਹੋਈ ਨਹੀਂ ਸੀ। ਮੇਰੀ ਚੰਗੀ ਨੌਕਰੀ ਵੀ ਨਹੀਂ ਸੀ। ਇਸ ਤੋਂ ਵੀ ਵੱਧ ਅਹਿਮ ਇਹ ਸੀ ਕਿ ਬੱਚੇ ਦਾ ਪਿਤਾ ਉਸ ਨੂੰ ਅਪਣਾ ਹੀ ਨਹੀਂ ਰਿਹਾ ਸੀ।
ਬਾਵਜੂਦ ਇਸ ਦੇ ਮੇਰੇ ਮਨ ਵਿੱਚ ਉਮੀਦ ਸੀ। ਅਜਿਹਾ ਲੱਗ ਰਿਹਾ ਸੀ ਕਿ ਰੱਬ ਮੈਨੂੰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦੇ ਰਿਹਾ ਸੀ।
ਅਜੇ ਤੱਕ ਮੈਂ ਬਿਲਕੁਲ ਬੇਫ਼ਿਕਰੀ ਸੀ। ਹਰ ਕਿਸੇ ਨੂੰ ਮੇਰੀ ਕਾਬਲੀਅਤ 'ਤੇ ਸ਼ੱਕ ਸੀ ਕਿ ਮੈਂ ਬੱਚਾ ਸੰਭਾਲ ਸਕਾਂਗੀ ਜਾਂ ਨਹੀਂ।
ਮੈਨੂੰ ਪਤਾ ਸੀ ਕਿ ਮੇਰੇ ਸਾਹਮਣੇ ਰਾਹ ਸੌਖਾ ਨਹੀਂ ਸੀ ਪਰ ਹੁਣ ਮੇਰੇ ਕੋਲ ਜ਼ਿੰਮੇਵਾਰੀ ਨਾਲ ਜਿਉਣ ਦਾ ਕਾਰਨ ਸੀ।
ਅਣਜੰਮੇ ਬੱਚੇ ਨੂੰ ਇਸ ਦੁਨੀਆਂ ਵਿੱਚ ਲਿਆਉਣ ਲਈ ਮੇਰਾ ਪਿਆਰ ਵੱਧਦਾ ਹੀ ਜਾ ਰਿਹਾ ਸੀ।
ਮੈਂ ਡਰੀ ਹੋਈ ਸੀ ਪਰ ਅਖੀਰ ਆਪਣੇ ਪਰਿਵਾਰ ਨਾਲ ਇਹ ਗੱਲ ਸਾਂਝੀ ਕੀਤੀ।
ਉਹ ਮੁਸਤਫ਼ਾ ਨਾਲ ਮੇਰੇ ਰਿਸ਼ਤੇ ਬਾਰੇ ਜਾਣਦੇ ਸਨ ਪਰ ਗਰਭਵਤੀ ਹੋਣ ਦੀ ਖ਼ਬਰ ਮਿਲਦਿਆਂ ਹੀ ਉਹ ਭੜਕ ਗਏ।
ਉਹ ਮੇਰੇ ਅਣਵਿਆਹੀ ਮਾਂ ਹੋਣ ਦੇ ਵਿਚਾਰ ਤੋਂ ਤਾਂ ਸਹਿਮਤ ਸਨ ਪਰ ਉਨ੍ਹਾਂ ਨੂੰ ਜ਼ਿਆਦਾ ਨਰਾਜ਼ਗੀ ਸੀ ਕਿ ਮੈਂ ਇੱਕ ਕਾਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਸੀ ਜੋ ਨਾ ਤਾਂ ਉਨ੍ਹਾਂ ਦੇ ਧਰਮ ਦਾ ਸੀ ਅਤੇ ਨਾ ਹੀ ਜਾਤੀ ਦਾ।
ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹੋਰ ਕੁਝ ਖੁਦ ਨਹੀਂ ਕਰ ਸਕਦੀ ਤੇ ਉਨ੍ਹਾਂ ਨੇ ਦੁਬਾਰਾ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ।
ਅਜਿਹੀ ਔਖੀ ਘੜੀ ਵਿੱਚ ਇੱਕ ਸਹੇਲੀ ਨੇ ਫਰਿਸ਼ਤੇ ਵਾਂਗ ਮੇਰਾ ਸਾਥ ਦਿੱਤਾ। ਉਹ ਮੈਨੂੰ ਆਪਣੀ ਸਕੂਟੀ ਦਿੰਦੀ ਸੀ ਤਾਂਕਿ ਮੈਂ ਮੈਡੀਕਲ ਚੈੱਕ-ਅਪ ਕਰਵਾ ਸਕਾਂ।
ਮੈਂ ਵੀ ਇੱਕ ਸੇਲਜ਼ ਗਰਲ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਮੁਸਤਫ਼ਾ ਨੇ ਮੁੜ ਤੋਂ ਵਾਪਿਸ ਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਪਰ ਮੈਂ ਫੈਸਲਾ ਲੈ ਚੁੱਕੀ ਸੀ।
'ਉਹ ਬੱਚੇ ਨੂੰ ਮੁਸਲਮਾਨ ਨਾਮ ਦੇਣਾ ਚਾਹੁੰਦਾ ਸੀ, ਮੈਂ ਇਨਕਾਰ ਕਰ ਦਿੱਤਾ'
ਡਿਲੀਵਰੀ ਵਾਲੇ ਦਿਨ ਵੀ ਮੇਰੀ ਸਹੇਲੀ ਉਸੇ ਸਕੂਟੀ 'ਤੇ ਮੈਨੂੰ ਹਸਪਤਾਲ ਲੈ ਕੇ ਗਈ। ਮੇਰਾ ਸਿਜ਼ੇਰੀਅਨ ਆਪਰੇਸ਼ਨ ਹੋਇਆ।
ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਪੁੱਤਰ ਨੂੰ ਮੇਰੀ ਸਹੇਲੀ ਦੀ ਗੋਦੀ ਵਿੱਚ ਸੁੱਤੇ ਹੋਏ ਦੇਖਿਆ ਸੀ ਅਤੇ ਡਾਕਟਰ ਮੇਰੇ ਨਾਲ ਹੀ ਖੜ੍ਹੀ ਸੀ।
ਮੈਂ ਖੁਸ਼ੀ ਨਾਲ ਉਤਸ਼ਾਹਿਤ ਸੀ। ਕਾਫ਼ੀ ਸਮੇਂ ਬਾਅਦ ਮਹਿਸੂਸ ਹੋਇਆ ਕਿ ਸਭ ਕੁਝ ਠੀਕ ਹੋਣ ਜਾ ਰਿਹਾ ਹੈ।
ਮੁਸਤਫ਼ਾ ਵੀ ਸ਼ਾਮ ਨੂੰ ਹਸਪਤਾਲ ਵਿੱਚ ਆਇਆ। ਉਸ ਨੇ ਬੱਚੇ ਨੂੰ ਚੁੰਮਿਆ ਤੇ ਆਪਣੇ ਦੋਸਤਾਂ ਨੂੰ ਇਹ ਦੱਸਣ ਲਈ ਫੋਨ ਕੀਤਾ ਕਿ ਉਹ ਇੱਕ ਪੁੱਤਰ ਦਾ ਪਿਤਾ ਬਣ ਗਿਆ ਹੈ।
ਮੈਂ ਉਸ ਨੂੰ ਬਹੁਤ ਖੁਸ਼ ਦੇਖ ਕੇ ਹੈਰਾਨ ਸੀ ਪਰ ਉਸ ਵਿੱਚ ਆਪਣੇ ਪਰਿਵਾਰ ਨੂੰ ਦੱਸਣ ਦੀ ਹਿੰਮਤ ਨਹੀਂ ਸੀ।
ਉਸ ਨੇ ਫਿਰ ਇਕੱਠੇ ਹੋਣ ਦੀ ਗੱਲ ਕਹੀ। ਉਹ ਬੱਚੇ ਨੂੰ ਮੁਸਲਮਾਨ ਨਾਮ ਦੇਣਾ ਚਾਹੁੰਦਾ ਸੀ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਆਪਣੇ ਪੁੱਤਰ ਨੂੰ ਈਸਾਈ ਨਾਮ ਦਿੱਤਾ।
ਮੈਂ ਮੁਸਤਫ਼ਾ 'ਤੇ ਮੁੜ ਯਕੀਨ ਨਹੀਂ ਕਰ ਸਕਦੀ ਸੀ।
ਕੁਝ ਸਮੇਂ ਬਾਅਦ ਮੇਰੀ ਮਾਂ ਤੇ ਚਚੇਰੀ ਭੈਣ ਮੇਰੇ ਨਾਲ ਰਹਿਣ ਆਏ। ਮੈਂ ਹੁਣ ਇਕੱਲੀ ਨਹੀਂ ਸੀ।
ਅਗਲੇ ਸਾਲ ਮੁਸਤਫ਼ਾ ਆਪਣੇ ਦੇਸ ਵਾਪਿਸ ਚਲਾ ਗਿਆ ਅਤੇ ਮੁੜ ਵਾਪਿਸ ਨਹੀਂ ਆਇਆ।
ਮੈਂ ਹੁਣ 29 ਸਾਲ ਦੀ ਹਾਂ ਅਤੇ ਮੇਰਾ ਪੁੱਤਰ 6 ਸਾਲ ਦਾ ਹੋਣ ਵਾਲਾ ਹੈ।
ਮੈਂ ਕਈ ਔਕੜਾਂ ਝੱਲੀਆਂ ਹਨ ਪਰ ਮੈਂ ਆਪਣੇ ਪੁੱਤਰ ਨੂੰ ਪਾਲਦੇ ਹੋਏ ਮਜ਼ਬੂਤ ਤੇ ਬੇਖੌਫ਼ ਹੋ ਗਈ ਹਾਂ।
ਮੈਨੂੰ ਕਿਸੇ ਨੂੰ ਵੀ ਦੱਸਣ ਵੇਲੇ ਝਿਜਕ ਨਹੀਂ ਹੁੰਦੀ ਕਿ ਮੈਂ ਕੁਆਰੀ ਹਾਂ ਤੇ ਮੇਰਾ ਪੁੱਤਰ ਲਿਵ-ਇਨ-ਰਿਲੇਸ਼ਨਸ਼ਿਪ ਤੋਂ ਪੈਦਾ ਹੋਇਆ ਹੈ।
ਮੈਂ ਆਪਣੇ ਪੁੱਤਰ ਨੂੰ ਵੀ ਉਤਸ਼ਾਹਿਤ ਕਰਦੀ ਹਾਂ ਕਿ ਜੇ ਕੋਈ ਪੁੱਛੇ ਤਾਂ ਉਹ ਆਪਣੇ ਪਿਤਾ ਮੁਸਤਫ਼ਾ ਦਾ ਨਾਮ ਲਵੇ।
ਮੈਨੂੰ ਆਪਣੇ ਫੈਸਲੇ 'ਤੇ ਪਛਤਾਵਾ ਨਹੀਂ ਹੈ ਤੇ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਹਾਂ।
ਮੈਂ ਆਪਣਾ ਕਰੀਅਰ ਬਿਹਤਰ ਬਣਾਉਣ ਲਈ ਮਿਹਨਤ ਕਰ ਰਹੀ ਹਾਂ ਤੇ ਮੇਰਾ ਪੁੱਤਰ ਮੇਰੇ ਮਾਂ ਨਾਲ ਰਹਿੰਦਾ ਹੈ।
ਹੁਣ ਮੈਂ ਪਾਰਟੀਆਂ ਵਿੱਚ ਗਾਉਂਦੀ ਹਾਂ। ਮੈਂ ਆਪਣੇ ਪੁੱਤਰ ਦੇ ਭਵਿੱਖ ਲਈ ਪੈਸੇ ਇਕੱਠੇ ਕਰ ਰਹੀ ਹਾਂ। ਉਹ ਚੰਗਾ ਤੇ ਖੁਸ਼ ਰਹਿੰਦਾ ਹੈ।
ਮੁਸਤਫ਼ਾ ਦੇ ਨਾਲ ਮੇਰਾ ਰਿਸ਼ਤਾ ਖ਼ਤਮ ਹੋ ਗਿਆ ਹੈ ਪਰ ਇਹ ਮੇਰੇ ਲਈ ਹਮੇਸ਼ਾਂ ਖਾਸ ਰਹੇਗਾ।
ਇਸ ਰਿਸ਼ਤੇ ਨੇ ਮੈਨੂੰ ਜ਼ਿੰਦਗੀ ਜਿਉਣ ਦੀ ਜਾਂਚ ਸਿਖਾ ਦਿੱਤੀ ਹੈ।
ਮੈਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਕਿ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਾਂ।
ਮੈਂ ਮੁੜ ਤੋਂ ਪਿਆਰ ਕਰਨਾ ਤੇ ਵਿਆਹ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਜਲਦੀ ਨਹੀਂ ਹੈ।
ਜੇ ਕਿਸਮਤ ਵਿੱਚ ਹੋਇਆ ਤਾਂ ਇਹ ਵੀ ਹੋਵੇਗਾ।
(ਇਹ ਉੱਤਰ-ਪੂਰਬੀ ਮਹਿਲਾ ਦੀ ਸੱਚੀ ਕਹਾਣੀ ਹੈ ਜੋ ਕਿ ਬੀਬੀਸੀ ਪੱਤਰਕਾਰ ਸਿੰਧੂਵਾਸਿਨੀ ਤ੍ਰਿਪਾਠੀ ਨਾਲ ਸਾਂਝੀ ਕੀਤੀ ਗਈ ਹੈ। ਦਿਵਿਆ ਆਰਿਆ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਮਹਿਲਾ ਦੀ ਪਛਾਣ ਗੁਪਤ ਰੱਖੀ ਗਈ ਹੈ ਤੇ ਮਰਦ ਦਾ ਨਾਮ ਬਦਲ ਦਿੱਤਾ ਗਿਆ ਹੈ।)












