15 ਬੱਚਿਆ ਦੀਆਂ ਜਾਨਾਂ ਬਚਾਉਣ ਵਾਲਾ ਪੰਜਾਬੀ ਮੁੰਡਾ ਕਰਨਬੀਰ ਸਿੰਘ

26 ਜਨਵਰੀ ਮੌਕੇ ਕੌਮੀ ਬਾਲ ਬਹਾਦਰੀ ਇਨਾਮ ਲੈਣ ਦਿੱਲੀ ਪਹੁੰਚੇ ਕਰਨਬੀਰ ਸਿੰਘ ਨਾਲ ਬੀਬੀਸੀ ਪੰਜਾਬੀ ਦੇ ਨਿਊਜ਼ਰੂਮ ਵਿੱਚ ਆਏ ਅਤੇ ਆਪਣੇ ਤਜਰਬਾ ਸਾਂਝਾ ਕੀਤਾ।
ਕਰਨਬੀਰ ਸਿੰਘ ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਗੱਲੂਵਾਲ ਦੇ ਵਸਨੀਕ ਹਨ ਤੇ ਬ੍ਹਾਰਵੀਂ ਜਮਾਤ ਦੇ ਵਿਦਿਆਰਥੀ ਹਨ।
ਉਨ੍ਹਾਂ ਨੂੰ 18 ਹੋਰ ਮੁੰਡੇ-ਕੁੜੀਆਂ ਨਾਲ ਬਹਾਦਰੀ ਪੁਰਸਕਾਰਾ ਲਈ ਚੁਣਿਆ ਗਿਆ ਸੀ। ਉਨ੍ਹਾਂ ਨੂੰ ਸੰਜੇ ਚੋਪੜਾ ਬਹਾਦਰੀ ਇਨਾਮ ਮਿਲਿਆ ਹੈ।
2016 ਦੇ ਸਤੰਬਰ ਮਹੀਨੇ ਵਿੱਚ ਅਟਾਰੀ ਵਿਖੇ ਇੱਕ ਹਾਦਸੇ ਵਿੱਚ ਅੱਧੀ ਦਰਜਨ ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ।
ਕਰਨਬੀਰ ਸਿੰਘ ਨੇ ਤਕਰੀਬਨ 15 ਬੱਚਿਆਂ ਨੂੰ ਜ਼ਖਮੀ ਹੋਣ ਦੇ ਬਾਵਜੂਦ ਬਚਾਇਆ ਲਿਆ ਸੀ।
ਕੀ ਵਾਪਰਿਆ ਸੀ ਉਸ ਦਿਨ?
ਉਸ ਦਿਨ ਜਦੋਂ ਕਰਨਬੀਰ ਸਿੰਘ ਆਪਣੇ ਸਕੂਲ ਦੀ ਬੱਸ ਵਿੱਚ ਸਕੂਲੋਂ ਵਾਪਸ ਆ ਰਹੇ ਸਨ ਤਾਂ ਅਟਾਰੀ ਨੇੜਲੇ ਡਿਫੈਂਸ ਅਸਟੇਟ ਨੂੰ ਪਾਰ ਕਰ ਰਹੇ ਸਨ। ਉਸਦੀ ਰੇਲਿੰਗ ਟੁੱਟੀ ਹੋਈ ਸੀ ਅਤੇ ਅਚਾਨਕ ਬੱਸ ਪਲਟ ਗਈ।
ਕਰਨਬੀਰ ਸਿੰਘ ਬੱਸ ਵਿੱਚ ਬੈਠੇ ਸਾਰੇ ਬੱਚਿਆਂ ਤੋਂ ਵੱਡੇ ਸਨ। ਉਹ ਅਕਸਰ ਖਿੜਕੀ ਕੋਲ ਬੈਠਦੇ ਤੇ ਦੂਸਰੇ ਬੱਚਿਆਂ ਦੀ ਚੜ੍ਹਨ-ਉੱਤਰਨ ਵਿੱਚ ਸਹਾਇਤਾ ਵੀ ਕਰ ਦਿੰਦੇ ਹੁੰਦੇ ਸਨ।

ਜਦੋਂ ਕਰਨਬੀਰ ਖਿੜਕੀ ਤੋੜ ਕੇ ਬਾਹਰ ਨਿਕਲੇ ਤਾਂ ਕੋਈ ਆਵਾਜ ਨਹੀਂ ਸੁਣਾਈ ਦੇ ਰਹੀ ਸੀ ਕਿਉਂਕਿ ਬੱਸ ਵਿੱਚ ਪਾਣੀ ਭਰ ਗਿਆ ਸੀ।
ਬੱਚੇ ਬੱਸ ਦੀਆਂ ਟੁੱਟੀਆਂ ਸੀਟਾਂ ਥੱਲੇ ਦੱਬੇ ਗਏ ਸਨ। ਬੱਚੇ ਆਪਣੇ ਬਸਤਿਆਂ ਕਾਰਨ ਵੀ ਫ਼ਸ ਗਏ ਸਨ।
ਇਸ ਡਰਾਉਣੇ ਸਮੇਂ ਵਿੱਚ ਕਰਨਬੀਰ ਨੇ ਪੰਦਰਾਂ ਦੇ ਕਰੀਬ ਬੱਚਿਆਂ ਨੂੰ ਬੱਸ ਵਿੱਚੋਂ ਬਚਾਇਆ।
ਇਸ ਦੌਰਾਨ ਕਰਨਬੀਰ ਦੇ ਆਪਣੇ ਵੀ ਕਾਫ਼ੀ ਸੱਟ ਲੱਗੀ ਸੀ।
ਉਨ੍ਹਾਂ ਦੀਆਂ ਕੋਸ਼ਿਸ਼ਾਂ, ਪਿੰਡ ਵਾਲਿਆਂ ਅਤੇ ਬਚਾਅ ਟੀਮ ਦੇ ਆਉਣ ਦੇ ਬਾਵਜੂਦ ਸੱਤ ਬੱਚੇ ਦਮ ਤੋੜ ਗਏ ਸਨ।
ਕਰਨਬੀਰ ਕਹਿੰਦੇ ਹਨ ਪੁਲ ਹਾਲਾਂਕਿ ਬਣ ਗਿਆ ਹੈ ਪਰ ਕੰਮ ਹਾਲੇ ਵੀ ਅਧੂਰਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ
ਕਰਨਬੀਰ ਜਿੱਥੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੂੰ ਮਿਲੇ ਹਨ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ।
ਕਰਨਬੀਰ ਨੇ ਉਨ੍ਹਾਂ ਨੂੰ ਉਹ ਅਧੂਰਾ ਪੁਲ ਜਲਦੀ ਤਿਆਰ ਕਰਵਾਉਣ ਲਈ ਬੇਨਤੀ ਵੀ ਕੀਤੀ ਹੈ।
ਇਸ ਬਾਰੇ ਉਹ ਲਿਖਤੀ ਅਰਜ਼ੀ ਵੀ ਦੇ ਆਏ ਹਨ।

ਉਨ੍ਹਾਂ ਨੂੰ ਵਾਲੀਬਾਲ ਦਾ ਸ਼ੌਂਕ ਸੀ ਤੇ ਹੁਣ ਪੜ੍ਹਾਈ ਤੋਂ ਵਿਹਲ ਮਿਲਣ 'ਤੇ ਸੋਸ਼ਲ ਮੀਡੀਏ ਦੀ ਵਰਤੋਂ ਕਰ ਲੈਂਦੇ ਹਨ।
ਹੋਰ ਕਿਸ ਇਨਾਮ ਜੇਤੂ ਤੋਂ ਪ੍ਰਭਾਵਿਤ ਹੋਏ?
ਕਰਨਬੀਰ ਗੁਜਰਾਤ ਦੀ ਸਮਰਿੱਧੀ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਹਨ।
ਸਮਰਿੱਧੀ ਆਪਣੇ ਘਰ ਵਿੱਚ ਇੱਕਲੀ ਸੀ ਜਦੋਂ ਇੱਕ ਹਮਲਾਵਰ ਉਨ੍ਹਾਂ ਦੇ ਘਰ ਆਇਆ।
ਉਸ ਨੇ ਪਾਣੀ ਮੰਗਿਆ ਜਿਸ ਤੋਂ ਸਮਰਿੱਧੀ ਨੇ ਇਨਕਾਰ ਕਰ ਦਿੱਤਾ।
ਇਸ ਮਗਰੋਂ ਹਮਲਾਵਰ ਨੇ ਸਮਰਿੱਧੀ ਦੀ ਧੌਣ 'ਤੇ ਚਾਕੂ ਰੱਖ ਦਿੱਤਾ। ਸਮਰਿੱਧੀ ਨੇ ਮੁਕਾਬਲਾ ਕੀਤਾ ਤੇ ਉਸਨੂੰ ਭਜਾ ਦਿੱਤਾ।
ਇਸ ਦੌਰਾਨ ਉਸਦਾ ਹੱਥ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਜੋ ਦੋ ਅਪਰੇਸ਼ਨਾਂ ਦੇ ਬਾਵਜ਼ੂਦ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ।
ਲੋਕਾਂ ਦੇ ਨਾਕਾਰਾਤਮਿਕ ਵਤੀਰੇ ਤੋਂ ਦੁਖੀ
ਕਰਨਬੀਰ ਜਦੋਂ ਇਨਾਮ ਲੈਣ ਦਿੱਲੀ ਆ ਰਹੇ ਸਨ ਤਾਂ ਕੁਝ ਲੋਕਾਂ ਨੇ ਅਫ਼ਵਾਹ ਫ਼ੈਲਾ ਦਿੱਤੀ ਕਿ ਉਹ ਡੀਜੇ ਪਾਰਟੀ ਕਰਨ ਜਾ ਰਹੇ ਹਨ।
ਜਦ ਕਿ ਕਰਨਬੀਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਹਾਂ ਉਹ ਇਹ ਸਭ ਸੁਣ ਕੇ ਬਹੁਤ ਦੁਖੀ ਹੋਏ ਹਨ।
ਉਨ੍ਹਾਂ ਦਾ ਕਹਿਣਾਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਅਧਾਰਹੀਨ ਹਨ ਅਤੇ ਜੋ ਬੱਚੇ ਨਹੀਂ ਰਹੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਹੈ।
ਬੱਚਿਆਂ ਲਈ ਕਰਨਬੀਰ ਦਾ ਸੰਦੇਸ਼
ਕਰਨਬੀਰ ਨੇ ਕਿਹਾ ਕਿ ਕੋਈ ਹਾਦਸਾ ਹੋਣ ਸਮੇਂ ਮੋਬਾਈਲ ਨਾਲ ਵੀਡੀਓ ਬਣਾਉਣ ਦੀ ਥਾਂ ਸਾਨੂੰ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਐਂਬੂਲੈਂਸ ਬੁਲਾਉਣੀ ਚਾਹੀਦੀ ਹੈ।
ਸਾਨੂੰ ਤਮਾਸ਼ਬੀਨ ਨਹੀਂ ਬਣਨਾ ਚਾਹੀਦਾ ਹੈ। ਇਸ ਨਾਲ ਵੱਖਰੀ ਪਛਾਣ ਵੀ ਬਣਦੀ ਹੈ।
ਕਰਨਬੀਰ ਨੂੰ ਵਧੀਆ ਲਗਦਾ ਹੈ ਜਦੋਂ ਉਨ੍ਹਾਂ ਨੂੰ ਪਛਾਣ ਮਿਲਦੀ ਹੈ ਪਰ ਸੱਤ ਬੱਚਿਆਂ ਨੂੰ ਨਾ ਬਚਾ ਸਕਣ ਬਾਰੇ ਦੁਖੀ ਵੀ ਹਨ।
ਉਹ ਅੱਗੇ ਵੀ ਇਹੋ-ਜਿਹੇ ਬਣੇ ਰਹਿਣਾ ਚਾਹੁੰਦੇ ਹਨ।
ਉਹ ਪੜ੍ਹ-ਲਿਖ ਕੇ ਪੁਲਿਸ ਅਫ਼ਸਰ ਬਣ ਕੇ ਪੰਜਾਬ ਦੀ ਸੇਵਾ ਕਰਨੀ ਚਾਹੁੰਦੇ ਹਨ।
ਉਹ ਦੁਖੀ ਹੁੰਦੇ ਹਨ ਕਿ ਲੋਕ ਜ਼ਮੀਨਾਂ ਵੇਚ ਕੇ ਨਸ਼ੇ ਕਰਦੇ ਹਨ। ਉਹ ਇਸ ਬਾਰੇ ਕੁਝ ਕਰਨਾ ਚਾਹੁੰਦੇ ਹਨ।













