ਕਿਵੇਂ ਬੰਬ ਮਾਹਿਰ ਬਣਿਆ ਅਹਿਮਦਾਬਾਦ ਸੀਰੀਅਲ ਬਲਾਸਟ ਦਾ ਸ਼ੱਕੀ ਅਬਦੁੱਲ ਸੁਬਹਾਨ?

ਤਸਵੀਰ ਸਰੋਤ, Getty Images
ਦਿੱਲੀ ਪੁਲਿਸ ਨੇ ਸਾਲ 2008 ਦੇ ਅਹਿਮਦਾਬਾਦ ਧਮਾਕਿਆਂ ਦੇ ਕਥਿਤ ਸ਼ੱਕੀ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਪੀਐੱਸ ਖੁਸ਼ਵਾਹਾ ਨੇ ਦੱਸਿਆ ਕਿ ਦੋਵਾਂ ਪਾਸਿਓਂ ਹੋਈ ਗੋਲੀਬਾਰੀ ਤੋਂ ਬਾਅਦ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਅਤੇ ਇੰਡੀਅਨ ਮੁਜਾਹੀਦੀਨ ਦੇ ਇੱਕ ਮੋਸਟ ਵਾਨਟੈਂਡ ਕੱਟੜਪੰਥੀ ਅਬਦੁੱਲ ਸੁਬਹਾਨ ਕੁਰੈਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੀਐੱਸ ਕੁਸ਼ਵਾਹਾ ਨੇ ਦਾਅਵਾ ਕੀਤਾ, "ਅਬਦੁੱਲ ਸੁਬਹਾਨ ਕੁਰੈਸ਼ੀ ਗੁਜਰਾਤ 'ਚ ਹੋਏ ਸਾਲ 2008 ਦੇ ਸਿਲਸਿਲੇਵਾਰ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਸੀ।"

ਤਸਵੀਰ ਸਰੋਤ, Getty Images
ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਐੱਨਆਈਏ ਨੇ ਕੁਰੈਸ਼ੀ 'ਤੇ 4 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਪੁਲਿਸ ਦਾ ਦਾਅਵਾ ਹੈ ਕਿ ਖੁਫੀਆ ਇਨਪੁਟ ਤੋਂ ਬਾਅਦ ਅਬਦੁੱਲ ਸੁਬਹਾਨ ਕੁਰੈਸ਼ੀ ਨੂੰ ਦਿੱਲੀ ਦੇ ਗਾਜੀਪੁਰ ਇਲਾਕੇ 'ਚੋਂ ਸ਼ਨੀਵਾਰ ਨੂੰ ਪਿਸਤੌਲ ਅਤੇ ਕਾਰਤੂਸ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਅਬਦੁੱਲ ਸੁਬਹਾਨ ਕੁਰੈਸ਼ੀ ਦੇ ਬਾਰੇ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਹ ਆਈਟੀ ਕੰਪਨੀ 'ਚ ਨੌਕਰੀ ਕਰ ਚੁੱਕਿਆ ਸੀ।
'ਇੰਜੀਨੀਅਰ ਸੀ'
ਡੀਸੀ ਕੁਸ਼ਵਾਹਾ ਨੇ ਕਿਹਾ ਕਿ ਕੁਰੈਸ਼ੀ ਪੇਸ਼ੇ ਤੋਂ ਇੰਜੀਨੀਅਰ ਸੀ। ਉਸ ਨੇ ਕਈ ਨਾਮੀ ਕੰਪਨੀਆਂ ਵਿੱਚ ਕੰਮ ਕੀਤਾ ਹੈ।
ਕੁਰੈਸ਼ੀ ਨੇ ਬਾਅਦ ਵਿੱਚ ਸਿਮੀ ਦੀ ਮਾਲੀ ਸਕੱਤਰ ਦੀ ਜ਼ਿੰਮੇਵਾਰੀ ਸਾਂਭੀ ਅਤੇ ਉਹ ਸਿਮੀ ਲਈ ਪੈਸਾ ਇਕੱਠਾ ਕਰਨ ਵਾਲਾ ਮੁੱਖ ਵਿਅਕਤੀ ਸੀ।
ਕੁਸ਼ਵਾਹਾ ਨੇ ਦੱਸਿਆ ਕਿ ਕੁਰੈਸ਼ੀ ਲੰਬੇ ਸਮੇਂ ਤੋਂ ਨੇਪਾਲ ਵਿੱਚ ਲੁਕਿਆ ਹੋਇਆ ਸੀ। ਉਹ ਆਪਣੇ ਇੱਕ ਸਾਥੀ ਨੂੰ ਮਿਲਣ ਦਿੱਲੀ ਆਇਆ ਸੀ।
ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਯੋਜਨਾ ਨੂੰ ਅੰਜ਼ਾਮ ਦੇਣ ਲਈ ਨਹੀਂ ਆਇਆ ਸੀ।
ਅਹਿਮਦਾਬਾਦ ਸੀਰੀਅਲ ਬਲਾਸਟ
26 ਜੁਲਾਈ 2008 ਨੂੰ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ 70 ਮਿੰਟਾਂ 'ਚ ਇੱਕ ਤੋਂ ਬਾਅਦ ਇੱਕ 21 ਧਮਾਕੇ ਹੋਏ ਸਨ।

ਤਸਵੀਰ ਸਰੋਤ, AFP
ਇਸ ਨਾਲ ਪੂਰਾ ਸ਼ਹਿਰ ਡਰ ਦੇ ਸਾਏ ਹੇਠ ਆ ਗਿਆ ਸੀ ਅਤੇ 56 ਲੋਕ ਮਾਰੇ ਗਏ ਸਨ, ਜਦਕਿ 200 ਤੋਂ ਵੱਧ ਜ਼ਖ਼ਮੀ ਹੋ ਗਏ ਸਨ।
ਇਨ੍ਹਾਂ ਧਮਾਕਿਆਂ ਦੀ ਜ਼ਿੰਮੇਦਾਰੀ ਇੰਡੀਅਨ ਮੁਜ਼ਾਹੀਦੀਨ ਅਤੇ ਹਰਕਤ-ਉਲ-ਜਿਹਾਦ-ਅਲ-ਇਸਲਾਮੀ ਨਾਂ ਦੇ ਕੱਟੜਪੰਥੀ ਜੱਥੇਬੰਦੀਆਂ ਨੇ ਲਈ ਸੀ।
ਗੁਜਰਾਤ ਏਟੀਐੱਸ (ਅੱਤਵਾਦ ਵਿਰੋਧੀ ਦਸਤਾ) ਨੇ ਧਮਾਕਿਆਂ ਦੇ ਸ਼ੱਕੀ ਮੁਫਤੀ ਅਬੂ ਬਸ਼ੀਰ ਦੇ ਨਾਲ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਸਾਲ 2016 ਵਿੱਚ ਕਰੀਬ ਅੱਠ ਸਾਲਾਂ ਬਾਅਦ ਧਮਾਕਿਆਂ ਦੇ ਇੱਕ ਹੋਰ ਦੋਸ਼ੀ ਨਾਸਿਰ ਰੰਗਰੇਜ਼ ਨੂੰ ਵੀ ਫੜਿਆ ਗਿਆ ਸੀ।
ਧਮਾਕਿਆਂ ਦੇ ਫੌਰਨ ਬਾਅਦ ਸੁਰਿੰਦਰ ਨਗਰ ਜ਼ਿਲ੍ਹੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਵਿੱਚ ਹੁਸੈਨ ਇਬਰਾਹਿਮ, ਹਾਸਿਲ ਮੁਹੰਮਦ ਅਤੇ ਅਬਦੁੱਲ ਕਾਦਿਰ ਸ਼ਾਮਿਲ ਹਨ।
ਇਨ੍ਹਾਂ ਧਮਾਕਿਆਂ ਲਈ ਦਾਇਰ ਕੀਤੀ ਗਈ ਚਾਰਜ਼ਸ਼ੀਟ ਵਿੱਚ ਸਿਮੀ ਦੇ ਮੁਫਤੀ ਬਸ਼ਰ, ਸਫਦਰ ਮੰਸੂਰੀ ਅਤੇ ਸਫਟਦਰ ਨਾਗੌਰੀ ਤੋਂ ਇਲਾਵਾ 50 ਹੋਰ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ।
ਧਮਾਕਿਆਂ ਦੇ ਸਿਲਸਿਲੇ ਵਿੱਚ ਗੁਜਰਾਤ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਕੁਲ 70 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦੇ ਆਰੋਪ ਪੱਤਰ ਮੁਤਾਬਕ 16 ਮੁਲਜ਼ਮ ਹੁਣ ਵੀ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ। ਇਨ੍ਹਾਂ ਧਮਾਕਿਆਂ ਦਾ ਮੁੱਖ ਦੋਸ਼ੀ ਅਬਦੁੱਲ ਸੁਬਹਾਨ ਵੀ ਸ਼ਾਮਲ ਸੀ।












