ਟੋਰਾਂਟੋ: 'ਹਿਜਾਬ ਹਮਲੇ' ਤੋਂ ਕੈਨੇਡਾ ਪੁਲਿਸ ਦਾ ਇਨਕਾਰ

ਤਸਵੀਰ ਸਰੋਤ, Reuters
ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ 11 ਸਾਲਾ ਹਿਜਾਬ ਪਾਉਣ ਵਾਲੀ ਕੁੜੀ 'ਤੇ ਕਥਿਤ ਕੈਂਚੀ ਨਾਲ ਹਮਲਾ ਹੋਇਆ ਹੀ ਨਹੀਂ।
ਪਿਛਲੇ ਹਫ਼ਤੇ ਕੁੜੀ ਸੁਰਖ਼ੀਆਂ ਵਿੱਚ ਉਸ ਵੇਲੇ ਆਈ ਜਦੋਂ ਉਸਨੇ ਕਿਹਾ ਕਿ ਇੱਕ ਸ਼ਖਸ ਨੇ ਉਸ ਦਾ ਹਿਜਾਬ ਕੈਂਚੀ ਨਾਲ ਕੱਟਣ ਦੀ ਕੋਸ਼ਿਸ਼ ਕੀਤੀ।
ਮਾਮਲੇ ਦੀ ਜਾਂਚ ਕਰ ਰਹੀ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਘਟਨਾ ਦੀ ਉਹ 'ਹੇਟ ਕਰਾਈਮ' (ਨਸਲੀ ਹਮਲਾ) ਸਮਝ ਕੇ ਜਾਂਚ ਕਰ ਰਹੇ ਸਨ ਉਹ ਵਾਪਰਿਆ ਹੀ ਨਹੀਂ।
ਇਸ ਘਟਨਾ ਦੀ ਜਾਂਚ ਨੇ ਕੌਮੀ ਪੱਧਰ 'ਤੇ ਬਹਿਸ ਛੇੜ ਦਿੱਤੀ ਸੀ। ਕੈਨੇਡਾ ਦੇ ਪ੍ਰਧਾਨਮੰਤਰੀ ਨੂੰ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।
ਤਫ਼ਸੀਲ ਨਾਲ ਕੀਤੀ ਜਾਂਚ ਮਗਰੋਂ ਪੁਲਿਸ ਨੇ ਕਿਹਾ ਕਿ ਘਟਨਾ ਬਾਰੇ ਜੋ ਕੁਝ ਦੱਸਿਆ ਗਿਆ ਸੀ ਕਿ ਉਸ ਤਰ੍ਹਾਂ ਦਾ ਕੁਝ ਵਾਪਰਿਆ ਹੀ ਨਹੀਂ।

ਤਸਵੀਰ ਸਰੋਤ, Reuters
ਪਹਿਲਾਂ ਟੋਰਾਂਟੋ ਪੁਲਿਸ ਕਹਿ ਰਹੀ ਸੀ ਕਿ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ ਉਹ ਏਸ਼ੀਆਈ ਮੂਲ ਦਾ ਹੈ।
ਸੋਮਵਾਰ ਨੂੰ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜਾਂਚ ਬੰਦ ਕਰ ਦਿੱਤੀ ਗਈ ਹੈ। ਪੁਲਿਸ ਹੁਣ ਕਿਸੇ ਵੀ ਸ਼ੱਕੀ ਦੀ ਭਾਲ ਨਹੀਂ ਕਰ ਰਹੀ।
ਕੀ ਸੀ ਕੁੜੀ ਦਾ ਦਾਅਵਾ?
11 ਸਾਲਾ ਖਵਾਲਾ ਨੋਮਾਨ ਦਾ ਕਹਿਣਾ ਸੀ ਕਿ ਉਹ ਟੋਰਾਂਟੋ ਵਿੱਚ ਆਪਣੇ ਭਰਾ ਨਾਲ ਪੈਦਲ ਸਕੂਲ ਜਾ ਰਹੀ ਸੀ।
ਉਸ ਨੇ ਦੱਸਿਆ ਕਿ ਉਦੋਂ ਹੀ ਇੱਕ ਸ਼ਖ਼ਸ ਹੱਥ ਵਿੱਚ ਕੈਂਚੀ ਲੈ ਕੇ ਉਨ੍ਹਾਂ ਦੇ ਪਿੱਛੇ ਆਇਆ।
ਨੋਮਨ ਨੇ ਕਿਹਾ ਕਿ ਉਸ ਨੇ ਜ਼ੋਰ ਨਾਲ ਚੀਕ ਮਾਰੀ ਜਿਸ ਕਰਕੇ ਹਮਲਾਵਰ ਪਹਿਲਾਂ ਤਾਂ ਭੱਜ ਗਿਆ, ਪਰ ਉਹ ਵਾਪਸ ਆਇਆ ਅਤੇ ਫਿਰ ਉਸ ਨੇ ਹੁੱਡ ਹਟਾ ਕੇ ਉਨ੍ਹਾਂ ਦੇ ਹਿਜਾਬ ਨੂੰ ਕੱਟਣ ਦੀ ਕੋਸ਼ਿਸ਼ ਕੀਤੀ।
ਭੈਣ-ਭਰਾ ਨੇ ਦੱਸਿਆ ਕਿ ਕਥਿਤ ਹਮਲਾਵਰ ਨੇ ਕਾਲੇ ਰੰਗ ਦੀ ਹੁੱਡ ਵਾਲੀ ਸਵੈਟਰ, ਕਾਲੀ ਪੈਂਟ ਅਤੇ ਭੂਰੇ ਰੰਗ ਦੇ ਦਸਤਾਨੇ ਪਾਏ ਹੋਏ ਸਨ।












