ਰਜਨੀਕਾਂਤ : ਬੱਸ ਕੰਡਕਟਰ ਤੋਂ ਸਟਾਰ ਬਣੇ ਅਦਾਕਾਰ ਬਾਰੇ 11 ਖ਼ਾਸ ਗੱਲਾਂ

ਦੱਖਣੀ ਭਾਰਤ ਦੇ ਮਕਬੂਲ ਅਦਾਕਾਰ ਤੇ ਫ਼ਿਲਮ ਨਿਰਮਾਤਾ ਰਜਨੀਕਾਂਤ ਨੇ ਸਿਆਸਤ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਹ ਤਮਿਲਨਾਡੂ 'ਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਇਸ ਲਈ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।

ਰਜਨੀਕਾਂਤ ਨੇ ਕਿਹਾ, 'ਉਹ ਬੁਜ਼ਦਿਲ ਨਹੀਂ ਹਨ, ਇਸ ਲਈ ਪਿੱਛੇ ਨਹੀਂ ਹਟਣਗੇ।'

ਤਮਿਲਨਾਡੂ ਦੀ ਰਾਜਧਾਨੀ ਚੇਨੱਈ ਦੇ ਰਾਘਵੇਂਦਰ ਕਲਿਆਣ ਮੰਡਪ 'ਚ 67 ਸਾਲ ਦੇ ਰਜਨੀਕਾਂਤ ਨੇ ਕਿਹਾ, "ਸੂਬੇ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਨਵੀਂ ਪਾਰਟੀ ਬਣਾਉਣਾ ਵਕਤ ਦਾ ਤਕਾਜ਼ਾ ਹੈ। ਅਸੀਂ 2021 'ਚ ਤਮਿਲਨਾਡੂ ਦੀਆਂ ਸਾਰੀਆਂ 234 ਸੀਟਾਂ 'ਤੇ ਚੋਣ ਲੜਾਂਗੇ।"

ਰਜਨੀਕਾਂਤ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਤੋਂ ਇਲਾਵਾ ਪੂਰੀ ਦੁਨੀਆਂ ਤੋਂ ਸ਼ੁੱਭਇਛਾਵਾਂ ਮਿਲ ਰਹੀਆਂ ਹਨ। ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਰਜਨੀਕਾਂਤ ਟਰੈਂਡ ਕਰਨ ਲੱਗੇ।

ਉਨ੍ਹਾਂ ਨੂੰ ਟਵੀਟ ਕਰਕੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ''ਮੇਰੇ ਪਰਮ ਮਿੱਤਰ ਤੇ ਮੇਰੇ ਸਾਥੀ ਰਜਨੀਕਾਂਤ ਨੂੰ ਸ਼ੁਭਇੱਛਾਵਾਂ।''

ਰਜਨੀਕਾਂਤ ਬਾਰੇ ਜ਼ਰੂਰੀ ਗੱਲਾਂ

  • ਸੁਪਰਸਟਾਰ ਰਜਨੀਕਾਂਤ ਦਾ ਅਸਲ ਨਾਂ ਸ਼ਿਵਾਜੀ ਰਾਓ ਗਾਇਕਵਾਡ ਹੈ, ਉਨ੍ਹਾਂ ਦਾ ਜਨਮ 12 ਦਸਬੰਰ, 1950 ਨੂੰ ਬੰਗਲੌਰ 'ਚ ਹੋਇਆ।
  • ਉਨ੍ਹਾਂ ਦੇ ਮਾਪੇ ਮਹਾਰਾਸ਼ਟਰਾ ਤੋਂ ਸਨ।
  • ਉਨ੍ਹਾਂ ਕਰਨਾਟਕ ਟਰਾਂਸਪੋਰਟ ਕਾਰਪੋਰੇਸ਼ਨ 'ਚ ਬਤੌਰ ਬਸ ਕੰਡਕਟਰ ਨੌਕਰੀ ਕਰਨ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ।
  • 1973 ਵਿੱਚ ਆਪਣੇ ਮਿੱਤਰ ਤੋਂ ਆਰਥਿਕ ਸਹਾਇਤਾ ਦੇ ਨਾਲ ਉਨ੍ਹਾਂ ਮਦਰਾਸ ਫ਼ਿਲਮ ਇੰਸਟੀਚਿਉਟ 'ਚ ਦਾਖਲਾ ਲਿਆ।
  • 70 ਦੇ ਦਹਾਕੇ ਤਕ ਰਜਨੀਕਾਂਤ ਤਾਮਿਲ ਸਿਨੇਮਾ ਦੇ ਬਿਹਤਰੀਨ ਤੇ ਮਕਬੂਲ ਸਿਤਾਰਿਆਂ ਵਿੱਚੋਂ ਇੱਕ ਸਨ।
  • ਰਜਨੀਕਾਂਤ ਨੇ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ 'ਚ ਕੰਮ ਕੀਤਾ, ਜਿੰਨ੍ਹਾਂ ਵਿੱਚ ਤਾਮਿਲ, ਕੰਨੜ, ਤੇਲਗੂ, ਮਲਿਆਲਮ, ਹਿੰਦੀ, ਬੰਗਾਲੀ ਤੇ ਅੰਗਰੇਜ਼ੀ ਭਾਸ਼ਾਵਾਂ ਸ਼ਾਮਿਲ ਹਨ।
  • ਉਨ੍ਹਾਂ ਦਾ ਵਿਆਹ 26 ਫਰਵਰੀ, 1981 ਨੂੰ ਲਥਾ ਨਾਲ ਤਿਰੁਪਤੀ ਵਿਖੇ ਹੋਇਆ।
  • ਉਨ੍ਹਾਂ ਦੀਆਂ ਦੋ ਧੀਆਂ ਐਸ਼ਵਰਿਆ ਤੇ ਸੌਂਦਰਿਆ ਹਨ।
  • ਰਜਨੀਕਾਂਤ ਨੂੰ ਸਾਲ 2000 ਵਿੱਚ ਪਦਮ ਭੂਸ਼ਣ ਮਿਲ ਚੁੱਕਿਆ ਹੈ।
  • ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2016 ਵਿੱਚ ਪਦਮ ਵਿਭੂਸ਼ਣ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।
  • ਰਜਨੀਕਾਂਤ ਨੂੰ ਥਲਾਈਵਾ ਕਿਹਾ ਜਾਂਦਾ ਹੈ। ਥਲਾਈਵਾ ਦਾ ਮਤਲਬ ਹੈ ਲੀਡਰ ਜਾਂ ਬੌਸ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)