ਅਦਾਕਾਰ ਰਜਨੀਕਾਂਤ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ

ਦੱਖਣੀ ਭਾਰਤ ਦੇ ਪ੍ਰਸਿੱਧ ਅਦਾਕਾਰ ਰਜਨੀਕਾਂਤ ਨੇ ਰਾਜਨੀਤੀ ਵਿੱਚ ਆਉਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਤਮਿਲਨਾਡੂ 'ਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਇਸ ਲਈ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।

ਰਜਨੀਕਾਂਤ ਨੇ ਕਿਹਾ ਕਿ ਉਹ ਬੁਜ਼ਦਿਲ ਨਹੀਂ ਹਨ, ਇਸ ਲਈ ਪਿੱਛੇ ਨਹੀਂ ਹਟਣਗੇ।

ਰਜਨੀਕਾਂਤ ਨੇ ਸਾਲ 2017 ਦੇ ਅਖ਼ੀਰਲੇ ਦਿਨ ਇਹ ਐਲਾਨ ਕੀਤਾ ਹੈ।

ਸੂਬੇ ਦੀ ਮਨਪਸੰਦ ਮੁੱਖ ਮੰਤਰੀ ਜੈਲਲਿਤਾ ਦੇ ਦੇਹਾਂਤ ਤੋਂ ਬਾਅਦ ਤੋਂ ਹੀ ਰਜਨੀਕਾਂਤ ਦੇ ਸਿਆਸਤ ਵਿੱਚ ਉਤਰਨ ਦੇ ਕਿਆਸ ਲੱਗ ਰਹੇ ਸਨ।

ਜਯਾ ਦੀ ਮੌਤ ਤੋਂ ਬਾਅਦ ਤਮਿਲਨਾਡੂ ਦੀ ਸਿਆਸਤ ਵਿੱਚ ਖਾਲੀਪਨ ਆ ਗਿਆ ਸੀ। ਪਾਰਟੀ ਦੇ ਅੰਦਰ ਹੀ ਗਈ ਧੜੇ ਬਣ ਗਏ ਸਨ।

ਜੈਲਲਿਤਾ ਦੀ ਮੌਤ ਤੋਂ ਬਾਅਦ ਤਮਿਲਨਾਡੂ ਦੀ ਸਿਆਸਤ ਵਿੱਚ ਆਏ ਖਾਲੀਪਨ ਨੂੰ ਭਰਨਾ ਕਾਂਗਰਸ ਜਾਂ ਬੀਜੇਪੀ ਲਈ ਅਸਾਨ ਨਹੀਂ ਸੀ।

ਤਮਿਲਨਾਡੂ ਦੀ ਰਾਜਧਾਨੀ ਚੇਨੱਈ ਦੇ ਰਾਘਵੇਂਦਰ ਕਲਿਆਣ ਮੰਡਪ 'ਚ 67 ਸਾਲ ਦੇ ਰਜਨੀਕਾਂਤ ਨੇ ਕਿਹਾ, "ਸੂਬੇ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਨਵੀਂ ਪਾਰਟੀ ਬਣਾਉਣਾ ਵਕਤ ਦਾ ਤਕਾਜ਼ਾ ਹੈ। ਅਸੀਂ 2021 'ਚ ਤਮਿਲਨਾਡੂ ਦੀਆਂ ਸਾਰੀਆਂ 234 ਸੀਟਾਂ 'ਤੇ ਚੋਣ ਲੜਾਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)