ਕਸ਼ਮੀਰ: ਸੀਆਰਪੀਐੱਫ ਕੈਂਪ 'ਤੇ ਕੱਟੜਪੰਥੀ ਹਮਲਾ, 4 ਜਵਾਨਾਂ ਦੀ ਮੌਤ

ਤਸਵੀਰ ਸਰੋਤ, Getty Images
ਭਾਰਤ ਦੇ ਅਧਿਕਾਰ ਖੇਤਰ ਵਾਲੇ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਐਤਵਾਰ ਤੜਕੇ ਸੀਆਰਪੀਐੱਫ ਕੈਂਪ 'ਤੇ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ। ਹਮਲੇ 'ਚ ਚਾਰ ਜਵਾਨਾਂ ਮੌਤ ਦੀ ਖ਼ਬਰ ਹੈ।
ਮ੍ਰਿਤਕਾਂ ਵਿੱਚੋਂ ਤਿੰਨ ਦੀ ਮੌਤ ਗੋਲੀ ਲੱਗਣ ਕਾਰਨ ਤੇ ਇੱਕ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।
ਇਹ ਹਮਲਾ ਸ੍ਰੀਨਗਰ ਤੋਂ ਕਰੀਬ 32 ਕਿਲੋਮੀਟਰ ਦੂਰ ਲੇਥਪੁਰਾ 'ਚ ਸੀਆਰਪੀਐੱਫ ਦੀ 185 ਬਟਾਲੀਅਨ 'ਤੇ ਹੋਇਆ ਹੈ।
ਕਸ਼ਮੀਰ ਤੋਂ ਮਾਜਿਦ ਜਹਾਂਗੀਰ ਮੁਤਾਬਕ ਹਮਲੇ 'ਚ ਸ੍ਰੀਨਗਰ ਦੇ ਰਹਿਣ ਵਾਲੇ ਸੀਆਰਪੀਐੱਫ ਜਵਾਨ ਸੈਫੁੱਦੀਨ ਦੀ ਮੌਤ ਹੋਈ ਹੈ, ਜੋ ਸੀਆਰਪੀਐੱਫ ਕੈਂਪ 'ਚ ਤੈਨਾਤ ਸਨ।
ਹਮਲਾ ਰਾਤ ਦੇ ਕਰੀਬ ਦੋ ਵਜੇ ਹੋਇਆ। ਕੱਟੜਪੰਥੀਆਂ ਨੇ ਕੈਂਪ 'ਚ ਵੜਣ ਤੋਂ ਪਹਿਲਾਂ ਹੈਂਡਗ੍ਰੇਨੇਡ ਸੁੱਟੇ ਅਤੇ ਗੋਲਾਬਾਰੀ ਵੀ ਕੀਤੀ ਸੀ।
ਸਥਾਨਕ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੈਂਪ ਵਿੱਚ 2 ਤੋਂ 3 ਕੱਟੜਪੰਥੀ ਹੁਣ ਵੀ ਹਨ।
ਸੀਆਰਪੀਐੱਫ ਦੇ ਇੱਕ ਅਧਿਕਾਰੀ ਮੁਤਾਬਕ ਕੱਟੜਪੰਥੀ ਕੈਂਪ ਵਿੱਚ ਹੀ ਹਨ ਪਰ ਗੋਲੀਬਾਰੀ ਬੰਦ ਹੈ। ਸੁਰੱਖਿਆ ਬਲਾਂ ਦਾ ਮੰਨਣਾ ਹੈ ਕਿ ਕੱਟੜਪੰਥੀ ਕੈਂਪ ਦੇ ਅੰਦਰ ਹੀ ਕਿਤੇ ਲੁਕੇ ਹੋਏ ਹਨ।
ਇਸੇ ਸਾਲ ਅਗਸਤ ਮਹੀਨੇ ਵਿੱਚ ਪੁਲਵਾਮਾ 'ਚ ਹੀ ਆਤਮਘਾਤੀ ਹਮਲਾਵਰਾਂ ਨੇ ਪੁਲਿਸ ਲਾਇਨਸ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਹਮਲੇ 'ਚ ਸੁਰੱਖਿਆ ਬਲ ਦੇ 8 ਜਵਾਨ ਮਾਰੇ ਗਏ ਸਨ। ਜਵਾਬੀ ਕਾਰਵਾਈ ਵਿੱਚ ਤਿੰਨ ਕੱਟੜਪੰਥੀ ਵੀ ਮਾਰੇ ਗਏ ਸਨ।












