ਹਿੰਦੂਆਂ ਤੇ ਸਿੱਖਾਂ ਦੀ ਆਸਥਾ ਨਾਲ ਅਬਾਦ ਹਨ ਜੰਮੂ ਸ਼ਹਿਰ ਦੀਆਂ ਦਰਗਾਹਾਂ

- ਲੇਖਕ, ਆਲਿਆ ਨਾਜ਼ਕੀ
- ਰੋਲ, ਬੀਬੀਸੀ ਉਰਦੂ ਪੱਤਰਕਾਰ
ਭਾਰਤ ਸਾਸ਼ਿਤ ਜੰਮੂ-ਕਸ਼ਮੀਰ ਦੇ ਸ਼ਹਿਰ ਜੰਮੂ ਨੂੰ ਮੰਦਿਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਮੰਦਿਰਾਂ ਦੇ ਇਸ ਸ਼ਹਿਰ ਦੀ ਹਰ ਦੂਜੀ-ਤੀਜੀ ਗਲੀ 'ਚ ਕਿਸੇ ਨਾ ਕਿਸੇ ਪੀਰ-ਫ਼ਕੀਰ ਦੀ ਦਰਗਾਹ ਜ਼ਰੂਰ ਮਿਲਦੀ ਹੈ।
ਹਿੰਦੂਆਂ ਦੇ ਗੜ੍ਹ 'ਚ ਦਰਗਾਹਾਂ ਦੀ ਪ੍ਰਸਿੱਧੀ ਦੀ ਕੀ ਵਜ੍ਹਾ ਹੋ ਸਕਦੀ ਹੈ?
ਅਫ਼ਾਕ ਕਾਜ਼ਮੀ ਪੁਰਾਣੇ ਜੰਮੂ ਸ਼ਹਿਰ 'ਚ ਰਹਿੰਦੇ ਹਨ ਤੇ ਸਮਾਜਿਕ ਕਾਰਕੁੰਨ ਹਨ। ਉਨ੍ਹਾਂ ਨੂੰ ਅਸੀਂ ਪੀਰ ਮੀਠਾ ਦੀ ਮਜ਼ਾਰ 'ਤੇ ਮਿਲੇ।
ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਲੋਕਾਂ ਦੀ ਆਸਥਾ ਹੈ। ਦਰਗਾਹਾਂ ਤੇ ਮਜ਼ਾਰਾਂ 'ਤੇ ਜਾ ਕੇ ਉਨ੍ਹਾਂ ਦੀਆਂ ਮੰਨਤਾ, ਮੁਰਾਦਾਂ ਪੂਰੀਆਂ ਹੁੰਦੀਆਂ ਹਨ।
ਇਸ ਲਈ ਧਰਮ, ਜਾਤੀ ਜਾਂ ਫ਼ਿਰਕੇ ਦੀ ਪਰਵਾਹ ਕੀਤੇ ਬਿਨਾਂ ਲੋਕ ਇੱਥੇ ਆਉਂਦੇ ਹਨ ਅਤੇ ਮੁਰਾਦਾਂ ਮੰਗਦੇ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਜਿੰਨਾ ਵੀ ਕੰਮ ਹੋਇਆ ਹੈ, ਉਹ ਸਭ ਹਿੰਦੂਆਂ ਤੇ ਸਿੱਖਾਂ ਨੇ ਕਰਵਾਇਆ ਹੈ।

ਹਿੰਦੂਆਂ ਅਤੇ ਸਿੱਖਾਂ ਦੀ ਆਸਥਾ
1947 ਦੀ ਵੰਡ ਤੋਂ ਪਹਿਲਾਂ ਜੰਮੂ `ਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਅਬਾਦੀ ਕਰੀਬ ਬਰਾਬਰ ਸੀ।
ਹੁਣ ਸ਼ਹਿਰ `ਚ ਤਕਰੀਬਨ ਦਸ ਫ਼ੀਸਦੀ ਮੁਸਲਮਾਨ ਹੀ ਰਹਿ ਗਏ ਹਨ। ਇਸ ਲਈ ਇਹ ਦਰਗਾਹਾਂ ਹਿੰਦੂਆਂ ਅਤੇ ਸਿੱਖਾਂ ਦੀ ਆਸਥਾ ਕਰਕੇ ਹੀ ਅਬਾਦ ਹਨ।
ਸਤਵਾਰੀ 'ਚ ਬਾਬਾ ਬੁੱਢਣ ਸ਼ਾਹ ਦੀ ਦਰਗਾਹ 'ਤੇ ਅਮਰਵੀਰ ਸਿੰਘ ਮਿਲੇ। ਉਹ ਇੱਕ ਗੁਰਦੁਆਰੇ ਦੇ ਰਾਗੀ ਹਨ।
"ਬਾਬਾ ਜੀ ਅੱਗੇ ਅਸੀਂ ਕੋਈ ਵੀ ਫ਼ਰਿਆਦ ਕਰਦੇ ਹਾਂ ਤਾਂ ਉਹ ਪੂਰੀ ਹੋ ਜਾਂਦੀ ਹੈ। ਮੇਰੀ ਬੱਚੀ ਦੀ ਬਾਂਹ `ਚ ਥੋੜੀ ਮੁਸ਼ਕਿਲ ਸੀ। ਮੈਂ ਕਈ ਡਾਕਟਰਾਂ ਕੋਲ ਗਿਆ, ਉਹ ਦਵਾਈ ਦੇ ਦਿੰਦੇ ਪਰ ਦਵਾਈ ਬੰਦ ਕਰਦਿਆਂ ਹੀ ਤਕਲੀਫ਼ ਫਿਰ ਹੋ ਜਾਂਦੀ ਸੀ। ਫਿਰ ਮੈਂ ਆਪਣੀ ਧੀ ਨੂੰ ਇੱਥੇ ਲੈ ਕੇ ਆਇਆ, ਇਸ ਦੇ ਬਾਅਦ ਕਿਸੇ ਦਵਾਈ ਦੀ ਲੋੜ ਨਹੀਂ ਪਈ।"
ਪੁਰਾਣੇ ਸ਼ਹਿਰ ਦੇ ਇਲਾਕੇ ਗੋਮਠ 'ਚ ਠੀਕ ਇੱਕ ਮੰਦਿਰ ਦੇ ਸਾਹਮਣੇ ਸਤਗਜ਼ੇ ਪੀਰ ਦੀ ਮਜ਼ਾਰ 'ਤੇ ਸ਼ਸ਼ੀ ਕੋਹਲੀ ਮਿਲੇ।

ਅਸੀਂ ਉਨ੍ਹਾਂ ਤੋਂ ਜਦੋਂ ਇਹ ਪੁੱਛਿਆ ਕਿ ਉਹ ਮਜ਼ਾਰ `ਤੇ ਕਿਉਂ ਆਉਂਦੇ ਹਨ, ਤਾਂ ਉਨ੍ਹਾਂ ਨੇ ਕਿਹਾ, "ਇੱਥੇ ਆਕੇ ਦਿਲ ਨੂੰ ਸਕੂਨ ਮਿਲਦਾ ਹੈ। ਮੇਰਾ ਭਰਾ ਬੇਰੁਜ਼ਗਾਰ ਸੀ, ਮੈਂ ਇੱਥੇ ਆਉਣ ਲੱਗੀ ਤਾਂ ਮੇਰਾ ਭਰਾ ਕੰਮ 'ਤੇ ਲੱਗ ਗਿਆ। ਬੱਸ ਉਸੇ ਦੀ ਮਿਹਰਬਾਨੀ ਹੈ।"
ਇੱਕ ਪਾਸੇ ਕੁਝ ਮਾਹਿਰ ਪੂਰੇ ਇਲਾਕੇ 'ਚ ਕੱਟੜਪੰਥੀ ਤਾਕਤਾਂ ਦੀ ਕਾਮਯਾਬੀ ਅਤੇ ਮੁਸਲਮਾਨਾਂ ਦੇ ਖਿਲਾਫ਼ ਬਣਨ ਵਾਲੇ ਮਾਹੌਲ `ਤੇ ਫ਼ਿਕਰ ਜ਼ਾਹਿਰ ਕਰਦੇ ਹਨ।
ਉੱਥੇ ਹੀ ਇੱਕ ਸਦੀਆਂ ਪੁਰਾਣੀ ਮਿਲੀ-ਜੁਲੀ ਤਹਿਜ਼ੀਬ ਦੇ ਤਾਣੇ-ਬਾਣੇ ਅੱਜ ਵੀ ਸਾਫ਼ ਨਜ਼ਰ ਆਉਂਦੇ ਹਨ।
1947 ਦੇ ਖ਼ੂਨ-ਖ਼ਰਾਬੇ ਨੇ ਜੰਮੂ ਸ਼ਹਿਰ ਨੂੰ ਬਦਲ ਕੇ ਰੱਖ ਦਿੱਤਾ ਹੈ। ਇੱਥੋਂ ਤੱਕ ਕਿ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਸਾਫ਼ ਤੌਰ 'ਤੇ ਇੱਕ ਡੂੰਘੀ ਖਾਈ ਪੈਦਾ ਕਰ ਦਿੱਤੀ ਹੈ।
ਪਰ ਜੰਮੂ ਦੀਆਂ ਦਰਗਾਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇੰਨ੍ਹਾਂ ਹਨੇਰਿਆਂ 'ਚ ਭਰੋਸੇ ਦੇ ਦੀਵੇ ਹਾਲੇ ਵੀ ਰੌਸ਼ਨ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)












